Articles

ਦਰਵੇਸ਼ ਸਿਆਸਤਦਾਨ ਡਾ. ਮੁਹੰਮਦ ਜਮੀਲ ਉਰ ਰਹਿਮਾਨ !

ਲੇਖਕ: ਮੁਹੰਮਦ ਜਮੀਲ ਜੌੜਾ ਐਡਵੋਕੇਟ, ਕਿਲਾ ਰਹਿਮਤਗੜ੍ਹ, ਸੰਗਰੂਰ

‘ਹਾਅ ਦਾ ਨਾਅਰਾ ਦੀ ਧਰਤੀ’ ਦੇ ਜੰਮਪਲ ਮੁਹੰਮਦ ਜਮੀਲ ਉਰ ਰਹਿਮਾਨ ਇੱਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ, ਉਨਾਂ ਦੇ ਪਿਤਾ ਦਾ ਨਾਮ ਹਾਜੀ ਅਬਦੁਲ ਅਜ਼ੀਜ਼ ਅਤੇ ਮਾਤਾ ਦਾ ਨਾਮ ਸਦੀਕਾ ਖਾਤੂਨ ਹੈ । ਦਾਦਾ ਜੀ ਨਾਮ ਅਲੀ ਮੁਹੰਮਦ ਨਾਲ ਡਾ. ਜਮੀਲ ਦਾ ਬੇਹੱਦ ਲਗਾਓ ਸੀ । ਮਰਹੂਮ ਅਬਦੁਲ ਰਸ਼ੀਦ, ਮੁਹੰਮਦ ਰਫੀਕ, ਅਬਦੁਲ ਲਤੀਫ (ਪੱਪੂ), ਇਰਸ਼ਾਦ ਅਹਿਮਦ ਸਮੇਤ ਭਰਾਵਾਂ ਅਤੇ ਪੰਜ ਭੈਣਾਂ ਵਾਲੇ ਪਰਿਵਾਰ ਦਾ ਹਿੱਸਾ ਮੁਹੰਮਦ ਜਮੀਲ ਉਰ ਰਹਿਮਾਨ ਨੇ ਮੁੱਢਲੀ ਸਿੱਖਿਆ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ ਵਿਖੇ ਹਾਸਲ ਕੀਤੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਚੱਲ ਰਹੇ ਸਰਕਾਰੀ ਕਾਲਜ ਮਲੇਰਕੋਟਲਾ ਤੋਂ ਬੀ.ਏ. ਅਤੇ ਐਮ.ਏ. ਅਤੇ ਬੀ.ਐਡ. ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਹਰਿਆਣਾ ਤੋਂ ਪਾਸ ਕੀਤੀ । ਸ੍ਰੀ ਗੁਰੁ ਨਾਨਕ ਦੇ ਦੇਵ ਜੀ ਦੀ ਸੋਲਵੀਂ ਪੀੜ੍ਹੀ ਕੰਵਰ ਮਹਿੰਦਰ ਸਿੰਘ ਬੇਦੀ ਦੇ ਵਿਸ਼ੇ ‘ਤੇ ਖੋਜ ਕਰਕੇ ਪੀ.ਐਚ.ਡੀ. ਦੀ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਹਾਸਲ ਕਰਨ ਦਾ ਮਾਣ ਪ੍ਰਾਪਤ ਕਰ ਚੁੱਕੇ ਹਨ । ਸੰਨ 1982 ਤੋਂ ਮਲੇਰਕੋਟਲਾ ਵਿਖੇ ਉਨਾਂ ਵੱਲੋਂ ਰਹਿਮਾਨ ਪਬਲਿਕ ਸਕੂਲ ਵੀ ਚਲਾਇਆ ਜਾ ਰਿਹਾ ਹੈ । ਇਸ ਤੋਂ ਪਹਿਲਾਂ ਉਹ ਪੰਜਾਬ ਵਕਫ ਬੋਰਡ ਦੇ ਪ੍ਰਬੰਧ ਅਧੀਨ ਚੱਲ ਰਹੇ ਇਸਲਾਮੀਆ ਸਕੂਲ ਰੋਹੀੜਾ ਵਿੱਚ ਬਤੌਰ ਅਧਿਆਪਕ ਸੇਵਾਵਾਂ ਵੀ ਨਿਭਾ ਚੁੱਕੇ ਹਨ । ਅਦਾਰਾ ਅਖਬਾਰ ‘ਗਰੀਬਾਂ ਦੀ ਦੁਨੀਆ’ ਅਤੇ ‘ਫਾਰਾਨ’ ਦੇ ਚੀਫ ਐਡੀਟਰ ਹਨ । ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਪੜਦਿਆਂ ਸਟੂਡੈਂਟ ਯੂਨੀਅਨ ਦੇ ਸਕੱਤਰ ਵੀ ਰਹਿ ਚੁੱਕੇ ਹਨ । ਭਾਰਤ ਦੇ ਰਾਸ਼ਟਰਪਤੀ ਡਾ. ਏ.ਪੀ.ਜੇ. ਅਬੁਲ ਕਲਾਮ ਆਜ਼ਾਦ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੂੰ ਵਿਸ਼ੇਸ ਤੌਰ ‘ਤੇ ਡਿਨਰ ਦਾ ਸੱਦਾ ਪੱਤਰ ਦਿੱਤਾ ਗਿਆ ਅਤੇ ਸਾਊਦੀ ਅਰਬ ਦੇ ਬਾਦਸ਼ਾਹ ਵੱਲੋਂ ਪਵਿੱਤਰ ਹੱਜ ਯਾਤਰਾ ਵੀ ਕਰਵਾਈ ਗਈ ।

ਜਮੀਲ ਉਰ ਰਹਿਮਾਨ ਦਾ ਵਿਆਹ ਫਰਿਆਲ ਰਹਿਮਾਨ ਨਾਲ 1994 ‘ਚ ਹੋਇਆ । ਅੱਲ੍ਹਾ ਪਾਕ ਨੇ ਉਨਾਂ ਨੂੰ ਤਿੰਨ ਬੇਟੀਆਂ ਫਰੀਹਾ ਰਹਿਮਾਨ, ਨੌਸ਼ਾਬਾ ਰਹਿਮਾਨ, ਫਾਤਿਮਾ ਰਹਿਮਾਨ, ਇੱਕ ਬੇਟਾ ਆਕੀ ਮੂਨਿਸ ਰਹਿਮਾਨ ਦੀ ਦਾਤ ਬਖਸ਼ੀ ਅਤੇ ਖੁਸ਼ਹਾਲ ਪਰਿਵਾਰਕ ਜੀਵਨ ਗੁਜਾਰ ਰਹੇ ਹਨ । ਛੋਟੀ ਉਮਰ ਤੋਂ ਹੀ ਸਮਾਜ ਸੇਵਾ ਦਾ ਜ਼ਜ਼ਬਾ ਹੈ, 46 ਸਾਲਾਂ ਤੋਂ ਸਿਆਸਤ ਵਿੱਚ ਲਗਾਤਾਰ ਸਰਗਰਮ ਹਨ ਅਤੇ ਇੱਕ ਦਰਵੇਸ਼ ਅਤੇ ਬੇਦਾਗ ਸਿਆਸਤਦਾਨ ਵਜੋਂ ਜਾਣੇ ਜਾਂਦੇ ਹਨ, ਉਨਾਂ ਦੀ ਇਹ ਵਿਲੱਖਣ ਖੂਬੀ ਹੈ ਕਿ ਉਹ 24 ਘੰਟੇ ਬਾਵਜ਼ੂ ਰਹਿੰਦੇ ਹਨ । ਮਲੇਰਕੋਟਲਾ ਤੋਂ ਕਈ ਵਾਰ ਵਿਧਾਨ ਸਭਾ ਅਤੇ 2009 ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਹਲਕਾ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਵੀ ਲੜ ਚੁੱਕੇ ਹਨ । 2013 ਤੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਅਤੇ ਸੂਬਾ ਕੋਰ ਕਮੇਟੀ ਦੇ ਮੈਂਬਰ ਬਣੇ, ਘੱਟ ਗਿਣਤੀ ਸੈੱਲ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ । ਅਥਾਹ ਸਿਆਸੀ ਅਨੁਭਵ ਹੋਣ ਕਾਰਣ ਹੀ ਵਿਧਾਨ ਸਭਾ ਚੋਣਾਂ 2022 ਵਿੱਚ ਮਲੇਰਕੋਟਲਾ ਤੋਂ ਇਤਿਹਾਸਕ ਜਿੱਤ ਪ੍ਰਾਪਤ ਕਰਕੇ ਵਿਧਾਇਕ ਚੁਣੇ ਗਏ ।

ਡਾ. ਮੁਹੰਮਦ ਜਮੀਲ ਉਰ ਰਹਿਮਾਨ ਦੀ ਵਿਧਾਇਕ ਬਨਣ ਤੋਂ ਬਾਦ ਹਲਕੇ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਗਿਆ ਹੈ ਕਿ ਹਲਕੇ ਦੇ ਵਿਕਾਸ ਲਈ ਸਕੂਲਾਂ ਨੂੰ ਬਿਹਤਰ ਬਣਾ ਕੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ, ਹਸਪਤਾਲ ਅੰਦਰ ਪਾਈਆਂ ਜਾਂਦੀਆਂ ਕਮੀਆਂ ਨੂੰ ਪੂਰਾ ਕਰਕੇ ਇਲਾਜ ਬਿਲਕੁਲ ਮੁਫਤ ਕੀਤਾ ਜਾਵੇਗਾ । ਨਸ਼ੇ ਦੇ ਖਾਤਮੇ ਲਈ ਪੂਰੀ ਸਖਤੀ ਨਾਲ ਕਦਮ ਚੁੱਕੇ ਜਾਣਗੇ । ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇਗਾ । ਆਮ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ । ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਅਤੇ ਮਲੇਰਕੋਟਲਾ ਨੂੰ ਫਿਰ ਤੋਂ ਅਮਨ ਦਾ ਗੁਲਦਸਤਾ ਬਣਾਇਆ ਜਾਵੇਗਾ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin