Articles

ਓਲਿੰਪਿਕ ਖੇਡਾਂ ਦਾ ਮੁੱਖ ਉਦੇਸ਼ ‘ਸਪੋਰਟਸ ਫਾਰ ਆਲ’: ਰਫਿਊਜੀ ਓਲੰਪਿਕ ਟੀਮ

ਲੇਖਕ: ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਜੀ. ਐਚ. ਜੀ ਖਾਲਸਾ ਕਾਲਜ, ਗੁਰੂਸਰ ਸਧਾਰ

ਟੋਕੀਓ ਓਲਿੰਪਿਕ ਖੇਡਾਂ ਦੇ ਮਹਾਕੁੰਭ ਵਿੱਚ 206 ਦੇਸ਼ਾਂ ਦੇ ਤਕਰੀਬਨ 11000 ਖ਼ਿਡਾਰੀ ਹਿੱਸਾ ਲੈ ਰਹੇ ਹਨ। ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਸ ਓਲੰਪਿਕਸ ਵਿੱਚ ਇੱਕ ਅਜਿਹੀ ਟੀਮ ਵੀ ਹਿੱਸਾ ਲੈ ਰਹੀ ਹੈ ਜਿਸ ਦੇ ਮੈਂਬਰ ਖਿਡਾਰੀਆਂ ਨੂੰ ਕਿਸੇ ਨਾ ਕਿਸੇ ਮਜਬੂਰੀ ਕਰਕੇ ਆਪਣਾ ਮੁਲਕ ਛੱਡਣਾ ਪਿਆ ਹੈ। ਇਹ ਲੋਕ ਰਿਫਊਜੀ ਜਾਂ ਸ਼ਰਨਾਰਥੀ ਵਜੋਂ ਜਾਣੇ ਜਾਂਦੇ ਹਨ। ਇਹ ਰਿਫਊਜੀ ਵੀਜੇਆਂ ਉੱਪਰ ਕਿਸੇ ਹੋਰ ਦੇਸ਼ ਦੀ ਭੋਂਏ ਉੱਤੇ ਆਪਣਾ ਜੀਵਨ ਬਸਰ ਕਰ ਰਹੇ ਹਨ।

ਰਿਫਊਜੀ ਜਾਂ ਸ਼ਰਨਾਰਥੀ ਓਹ ਹੁੰਦਾ ਹੈ ਜੋ ਆਪਣੇ ਦੇਸ਼ ਵਿੱਚ ਚੱਲ ਰਹੇ ਗ੍ਰਹਿ ਯੁੱਧ, ਜਾਂ ਧਾਰਮਿਕ ਅਤੇ ਰਾਜਨੀਤਿਕ ਕਾਰਨਾਂ ਕਰਕੇ ਓਥੋਂ ਭੱਜਣ ਲਈ ਮਜਬੂਰ ਹੋਇਆ ਹੋਵੇ ਅਤੇ ਉਸਨੇ ਕਿਸੇ ਵੱਖਰੇ ਦੇਸ਼ ਵਿੱਚ ਪਨਾਹ ਲਈ ਹੋਵੇ। ਇਹ ਆਪਣੇ ਦੇਸ਼ ਦੇ ਬਿਗੜੇ ਹੋਏ ਰਾਜਨੀਤਿਕ ਅਤੇ ਸਮਾਜਿਕ ਤਾਣੇ ਬਾਣੇ ਦੇ ਚਲਦਿਆਂ ਆਪਣੇ ਮੁਲਕ ਵਾਪਿਸ ਵੀ ਨਹੀਂ ਜਾਣਾ ਚਾਹੁੰਦੇ ਹੁੰਦੇ।

ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਹਾਈ ਕਮਿਸ਼ਨਰ (ਯੂ.ਐੱਨ.ਐੱਚ.ਸੀ.ਆਰ.) ਦੇ ਅਨੁਸਾਰ ਦੁਨੀਆਂ ਦੇ ਕੁੱਲ ਸ਼ਰਨਾਰਥੀਆਂ ਵਿਚੋਂ 68% ਤੋਂ ਵੱਧ ਇਕੱਲੇ ਪੰਜ ਦੇਸ਼ਾ- ਸੀਰੀਆ, ਵੈਨਜ਼ੂਏਲਾ, ਅਫਗਾਨਿਸਤਾਨ, ਦੱਖਣੀ ਸੁਡਾਨ ਅਤੇ ਮਿਆਂਮਾਰ ਦੇ ਨਾਗਰਿਕਾਂ ਨੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਸ਼ਰਨ ਲਈ ਹੈ।

ਪਰ ਇਹ ਦੇਖਣ ਵਿੱਚ ਆਉਂਦਾ ਹੈ ਕਿ ਕਈ ਮੁਲਕਾਂ ਵਿੱਚ ਸ਼ਰਨਾਰਥੀ ਆਮ ਤੌਰ ‘ਤੇ ਮੁਢਲੀਆਂ ਜ਼ਰੂਰਤਾਂ ਤੋਂ ਵਾਂਝੇ ਹੁੰਦੇ ਹਨ ਜਿਵੇਂ ਕਿ ਸਹੀ ਸਿਹਤ ਸੰਭਾਲ, ਸਾਫ਼ ਪਾਣੀ ਦੀ ਪਹੁੰਚ, ਮੁੱਢਲੀ ਸਿੱਖਿਆ ਆਦਿ। ਉਹ ਅਣਮਨੁੱਖੀ ਸਥਿਤੀ ਵਿੱਚ ਰਹਿੰਦੇ ਹਨ। ਇਸ ਤੋਂ ਇਲਾਵਾ, ਉਹ ਵਿਤਕਰੇ, ਜਿਨਸੀ ਹਿੰਸਾ ਅਤੇ ਮਨੁੱਖੀ ਤਸਕਰੀ ਦੇ ਵੀ ਸ਼ਿਕਾਰ ਹੋ ਜਾਂਦੇ ਹਨ। ਇਹਨਾਂ ਦਾ ਰੈਣ ਬਸੇਰਾ ਆਮ ਤੌਰ ਤੇ ਸ਼ਰਨਾਰਥੀ ਕੈੰਪਾਂ ਵਿੱਚ ਹੁੰਦਾ ਹੈ।

ਜਿਵੇੰ ਅਸੀਂ ਜਾਣਦੇ ਹਾਂ ਓਲਿੰਪਿਕ ਖੇਡਾਂ ਵਿੱਚ ਭਾਗ ਲੈਣ ਲਈ ਕਿਸੇ ਦੇਸ਼ ਦਾ ਨਾਗਰਿਕ ਹੋਣਾ ਜ਼ਰੂਰੀ ਹੁੰਦਾ ਹੈ, ਜੋ ਓਸ ਦੇਸ਼ ਦੀ ਓਲਿੰਪਿਕ ਕਮੇਟੀ ਵਜੋਂ ਤਸਦੀਕ ਕਰ ਓਲਿੰਪਿਕ ਖੇਡਾਂ ਵਿੱਚ ਭੇਜਿਆ ਜਾਂਦਾ ਹੈ। ਪਰ ਜੇਕਰ ਕੋਈ ਖ਼ਿਡਾਰੀ ਸ਼ਰਨਾਰਥੀ ਬਣਦਾ ਹੈ ਤਾਂ ਉਸਦੇ ਓਲਿੰਪਿਕ ਖੇਡਾਂ ਵਿੱਚ ਹਿੱਸਾ ਲੈਣ ਦੇ ਸਾਰੇ ਦਰਵਾਜੇ ਬੰਦ ਹੋ ਜਾਂਦੇ ਹਨ ਜੋ ਮਨੁੱਖੀ ਅਧਿਕਾਰਾਂ ਓਲੰਘਣਾ ਹੈ।

ਅਕਤੂਬਰ 2015 ਵਿੱਚ ਸੰਯੁਕਤ ਰਾਸ਼ਟਰ (ਯੂ. ਐਨ.) ਦੀ ਮਹਾਂਸਭਾ ਦੌਰਾਨ ਵਿਸ਼ਵ-ਵਿਆਪੀ ਸ਼ਰਨਾਰਥੀ ਸੰਕਟ ਅਤੇ ਉਹਨਾਂ ਦੇ ਅਧਿਕਾਰਾਂ ਦੀ ਰਾਖੀ ਦੀ ਚਰਚਾ ਹੋਈ। ਇਸ ਮੀਟਿੰਗ ਤੋਂ ਬਾਅਦ ਸ਼ਰਨਾਰਥੀਆਂ ਦੇ ਖੇਡ ਹਿੱਤਾਂ ਦੀ ਰਾਖੀ ਲਈ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੇ ਪ੍ਰਧਾਨ ਥਾਮਸ ਬਾਚ ਨੇ ਰਫਿਊਜੀ ਓਲੰਪਿਕ ਟੀਮ ਬਣਾਉਣ ਦੀ ਘੋਸ਼ਣਾ ਕੀਤੀ। ਇਹਨਾਂ ਸ਼ਰਨਾਰਥੀਆਂ ਵਿੱਚੋ ਓਲਿੰਪਿਕ ਪੱਧਰ ਦੇ ਖਿਡਾਰੀਆਂ ਦੀ ਪਛਾਣ ਕਰਨ ਅਤੇ ਉਹਨਾਂ ਦੀ ਯੋਗ ਟ੍ਰੇਨਿੰਗ  ਦੇਣ ਲਈ 2 ਮਿਲੀਅਨ ਅਮਰੀਕੀ ਡਾਲਰ ਖਰਚ ਕਰਨ ਦੀ ਤਜਵੀਜ ਰੱਖੀ ਗਈ। ਇਹ ਆਪਣੀ ਕਿਸਮ ਦੀ ਪਹਿਲੀ ਟੀਮ ਸੀ ਜਿਸ ਨੂੰ ਰਿਫਊਜ਼ੀ ਓਲਿੰਪਿਕ ਟੀਮ ਦੇ ਝੰਡੇ ਹੇਠਾਂ ਰੀਓ ਡੀ ਜੇਨੇਰੀਓ ਓਲਿੰਪਿਕ 2016 ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਇਸ ਟੀਮ ਵਿੱਚ ਈਥੋਪੀਆ, ਦੱਖਣੀ ਸੁਡਾਨ, ਸੀਰੀਆ ਅਤੇ ਡੈਮੋਕਰੇਟਿਕ ਰੀਪਬਿਲਕ ਆਫ ਕਾਂਗੋ ਵਰਗੇ ਦੇਸ਼ਾਂ ਦੇ ਦਸ ਸ਼ਰਨਾਰਥੀ ਅਥਲੀਟਾਂ ਨੇ ਹਿੱਸਾ ਲਿਆ।

ਹਾਲਾਂਕਿ ਦਸਾਂ ਵਿੱਚੋਂ ਕੋਈ ਵੀ ਅਥਲੀਟ ਰੀਓ ਓਲੰਪਿਕਸ ਵਿੱਚ ਤਮਗਾ ਨਹੀਂ ਸੀ ਜਿੱਤ ਸਕਿਆ ਪਰ ਆਈ.ਓ.ਸੀ ਦੁਆਰਾ ਚੁੱਕੇ ਇਸ ਉਪਰਾਲੇ ਦੀ ਵਿਸ਼ਵ ਦੇ ਵੱਖ ਵੱਖ ਹਿੱਸਿਆਂ ਵਿੱਚ ਪ੍ਰਸੰਸਾ ਕੀਤੀ ਗਈ। ਇਸ ਉਪਰਾਲੇ ਨੇ ਪੂਰੀ ਦੁਨੀਆਂ ਦੇ ਸ਼ਰਨਾਰਥੀਆਂ ਲਈ ਨਵੀਂ ਉਮੀਦ ਦਾ ਸੁਨੇਹਾ ਦਿੱਤਾ। ਇਹ ਅੰਤਰਰਾਸ਼ਟਰੀ ਭਾਈਚਾਰੇ ਲਈ ਇੱਕ ਸੰਕੇਤ ਵੀ ਸੀ ਕਿ ਸ਼ਰਨਾਰਥੀਆਂ ਨੂੰ ਵੀ ਬਰਾਬਰ ਅਧਿਕਾਰ ਮਿਲਣੇ ਚਾਹੀਦੇ ਹਨ ਕਿਉਂਕਿ ਓਹ ਵੀ ਆਪਣੇ ਵਾਂਗ ਇਨਸਾਨ ਹਨ।

ਰੀਓ ਓਲੰਪਿਕਸ ਵਿੱਚ ਦਸ ਸ਼ਰਨਾਰਥੀ ਖਿਡਾਰੀਆਂ ਦੀ ਸਫਲ ਭਾਗੀਦਾਰੀ ਤੋਂ ਬਾਅਦ, ਸਾਲ 2018 ਵਿਚ ਆਈ.ਓ.ਸੀ ਨੇ ਐਲਾਨ ਕੀਤਾ ਕਿ ਸਾਲ 2016 ਦੀਆਂ ਓਲੰਪਿਕ ਖੇਡਾਂ ਦੀ ਤਰਜ਼ ਤੇ 2020 ਟੋਕੀਓ ਓਲੰਪਿਕਸ ਵਿੱਚ ਵੀ ਸ਼ਰਨਾਰਥੀ ਖ਼ਿਡਾਰੀ ਹਿੱਸਾ ਲੈਣਗੇ, ਜੋ ਰਫਿਊਜੀ ਓਲੰਪਿਕ ਟੀਮ ਦੇ ਝੰਡੇ ਹੇਠ ਮੁਕਾਬਲਾ ਕਰਨਗੇ। ਟੋਕੀਓ ਓਲੰਪਿਕਸ ਲਈ ਰਫਿਊਜੀ ਓਲੰਪਿਕ ਟੀਮ ਦੇ ਵਧੇਰੇ ਮਜ਼ਬੂਤ ​​ਹੋਣ ਦੀ ਉਮੀਦ ਕੀਤੀ ਜਾ ਰਹੀ ਹੈ, ਜਿਸ ਦੀ ਗਿਣਤੀ ਹੁਣ 10 ਤੋਂ ਵਧਕੇ 29 ਹੋ ਗਈ ਹੈ!

ਇਹ ਖਿਡਾਰੀ ਤੇਰ੍ਹਾਂ ਮੇਜ਼ਬਾਨ ਨੈਸ਼ਨਲ ਓਲੰਪਿਕ ਕਮੇਟੀਆਂ (ਐਨ.ਓ.ਸੀਜ਼) ਨਾਲ ਸਬੰਧਤ ਹਨ ਅਤੇ ਉਹ ਬਾਰ੍ਹਾਂ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈਂਦੇ ਵੇਖੇ ਜਾਣਗੇ। ਇਹ ਪ੍ਰਕ੍ਰਿਆ ਸੰਯੁਕਤ ਰਾਸ਼ਟਰ ਰਫਿਊਜੀ ਏਜੰਸੀ (ਯੂ.ਐੱਨ.ਐੱਚ.ਸੀ.ਆਰ.), ਨੈਸ਼ਨਲ ਓਲੰਪਿਕ ਕਮੇਟੀਆਂ, ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਅਤੇ ਟੋਕਿਓ ਉਲੰਪਿਕਸ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ।

ਟੋਕਿਓ ਵਿਖੇ ਰਫਿਊਜੀ ਓਲੰਪਿਕ ਟੀਮ ਦਾ ਅਧਿਕਾਰਤ ਕੋਡ  ਈ.ਓ.ਆਰ ਹੋਵੇਗਾ, ਜੋ ਕਿ ਫਰੈਂਚ ਭਾਸ਼ਾ ਦੇ ਸੰਖੇਪ “ਇਕਿਉਪ ਉਲੰਪਿਕ ਡਿਸ ਰਫਿਊਜੀ” ਤੋਂ ਲਿਆ ਗਿਆ ਹੈ, ਜਿਸਦਾ ਅੰਗਰੇਜ਼ੀ ਅਨੁਵਾਦ ਰਫਿਊਜੀ ਓਲੰਪਿਕ ਟੀਮ ਹੈ। ਰਫਿਊਜੀ ਓਲੰਪਿਕ ਟੀਮ ਦੇ ਉਦਘਾਟਨ ਸਮਾਰੋਹ ਵਿੱਚ ਯੂਨਾਨ ਤੋਂ ਬਾਅਦ ਦੂਜੇ ਨੰਬਰ ਤੇ ਮਾਰਚ ਪਾਸਟ ਵਿੱਚ ਦਿਖਣ ਦੀ ਉਮੀਦ ਕੀਤੀ ਜਾਂਦੀ ਹੈ।

ਰਫਿਊਜੀ ਓਲੰਪਿਕ ਟੀਮ ਦੀ ਨੁਮਾਇੰਦਗੀ ਤਾਈਕਵਾਂਡੋ ਦੀ ਖਿਡਾਰਨ ਕਿਮੀਆ ਅਲੀਜ਼ਾਦੇਹ ਕਰੇਗੀ, ਜਿਸ ਨੇ ਸਾਲ 2016 ਦੇ ਰੀਓ ਓਲੰਪਿਕ ਦੇ ਦੌਰਾਨ ਤਾਈਕਵਾਂਡੋ ਵਿੱਚ ਈਰਾਨ ਲਈ ਕਾਂਸੀ ਦਾ ਤਗਮਾ ਜਿੱਤਿਆ ਸੀ।

ਇਨਸਾਨੀਅਤ ਦੇ ਨਾਤੇ ਇਹ ਸਾਡੇ ਸਾਰਿਆਂ ਦਾ ਇਖ਼ਲਾਖੀ ਫਰਜ਼ ਬਣਦਾ ਕਿ ਅਸੀਂ ਸਾਰੇ ਆਪਣੇ ਦੇਸ਼ ਦੇ ਖਿਡਾਰੀਆਂ ਦੇ ਨਾਲ ਘਰੋਂ-ਬੇਘਰ ਹੋਏ ਰਫਿਊਜੀ ਓਲੰਪਿਕ ਟੀਮ ਦੇ ਖਿਡਾਰੀਆਂ ਦੀ ਵੀ ਹੌਂਸਲਾ ਹਫ਼ਜ਼ਾਈ ਕਰੀਏ ਤਾਂਕਿ ਓਲਿੰਪਿਕ ਖੇਡਾਂ ਦੇ ਮੁੱਖ ਉਦੇਸ਼ ‘ਸਪੋਰਟਸ ਫਾਰ ਆਲ’ ਅਤੇ ਸਾਰੀ ਦੁਨੀਆਂ ਵਿੱਚ ਭਾਈਚਾਰਕ ਸਾਂਝੀ ਵਾਲਤਾ ਦੇ ਸੁਨੇਹੇ ਉੱਪਰ ਪਹਿਰਾ ਦਿੱਤਾ ਜਾ ਸਕੇ ।

ਚੀਅਰ ਫ਼ਾਰ ਇੰਡੀਆ ਐਂਡ ਚੀਅਰ ਫ਼ਾਰ ਰਫਿਊਜੀ ਓਲੰਪਿਕ ਟੀਮ !

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin