Articles Culture

ਸਾਵਣ ਆਇਆ ਹੇ ਸਖੀ…

ਲੇਖਕ: ਗੁਰਜੀਤ ਕੌਰ “ਮੋਗਾ”

ਮੁੱਢ-ਕਦੀਮ ਤੋਂ ਰੁਤਾਂ ਦਾ ਸਾਡੇ ਜੀਵਨ ਨਾਲ ਬੜਾ ਗੂੜਾ ਰਿਸ਼ਤਾ ਹੈ। ਰੁੱਤਾਂ ਦਾ ਬਦਲਣਾ ਕੁਦਰਤ ਦਾ ਨਿਯਮ ਹੈ ।

ਰੁੱਤਾਂ ਦੇ ਬਦਲਣ ਨਾਲ ਜਿੱਥੇ ਮੋਸਮ ਦਾ ਮਿਜਾਜ ਬਦਲਦਾ ਹੈ ਉੱਥੇ ਮਨੁਖੀ ਜੀਵਨ ਤੇ ਵੀ ਇਸਦਾ ਗਹਿਰਾ ਅਸਰ ਪੈਂਦਾ ਹੈ। ਅੱਤ ਦੀ ਗਰਮੀ ਜਾਂ ਸਰਦੀ ਅਨੇਕਾਂ ਜਾਨਾਂ ਆਪਣੇ ਨਾਲ ਲੈ ਜਾਂਦੀ ਹੈ। ਵੱਧ ਰਹੀ ਤਪਸ਼ ਦਾ ਕਾਰਣ ਕੁਦਰਤ ਨਾਲ ਖਿਲਵਾੜ ਦਾ ਨਤੀਜਾ ਹੈ।
ਕੁਦਰਤ ਦੀ ਮਿਹਰ ਦਾ ਸਦਕਾ ਹੀ ਵਰਖਾ ਰੁੱਤ ਵੀ ਆਪਣੇ ਜੀਵਨ ਦਾ ਅਹਿਮ ਹਿੱਸਾ ਹੈ। ਜੇਠ ਹਾੜ ਦੀ ਕੜਕਦੀ ਧੁੱਪ, ਤਪਦੀ ਧਰਤੀ, ਸੁੱਕ ਚੁੱਕੇ ਵੇਲ ਬੂਟੇ, ਸੜ ਚੁੱਕੀ ਬਨਸਪਤੀ, ਝੁਲਸ ਚੁੱਕੀ ਚਮੜੀ ਨੂੰ ਠਾਰਣ ਲਈ ਤੇ ਨਵੀਂ ਸ਼ਕਤੀ ਪ੍ਰਦਾਨ ਕਰਨ ਲਈ ਸਾਵਣ ਦਾ ਮਹੀਨਾ ਦਸਤਕ ਦਿੰਦਾ ਹੈ। ਸਾਵਣ ਮਹੀਨੇ ਦੀ ਆਮਦ ਹੁੰਦਿਆਂ ਹੀ ਬੱਚੇ, ਬੁੱਢੇ, ਜਵਾਨ ਸਭ ਨੂੰ ਬਰਵੀਂ ਬਾਰਿਸ਼ ਦੀ ਬੜੀ ਬੇਸਬਰੀ ਨਾਲ ਉਡੀਕ ਹੁੰਦੀ ਹੈ। ਗੁਰਬਾਣੀ ਵਿੱਚ ਵੀ ਸਾਵਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ।
ਸਾਵਣ ਆਇਆਂ ਹੇ ਸਖੀ ਕੰਤਹਿ ਚਿਤ ਕਰੇਇ ਅਤੇ
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ
ਸਾਵਣ ਮਹੀਨੇ ਦੀਆਂ ਅਸਮਾਨੀ ਚੜੀਆਂ ਕਾਲੀਆਂ ਘਟਾਵਾਂ ਜੋਬਨ ਵਿਖਾਉਂਦੀਆਂ ਹਨ ਤਾਂ ਭਰਪੂਰ ਵਰਖਾਂ ਨਾਲ ਸਾਰਾ ਆਲਮ ਹੀ ਨਸ਼ਇਆ ਜਾਂਦਾ ਹੈ। ਅਸਮਾਨ ‘ਚ ਚੜੀ ਧੂੜ ਮਿੱਟੀ ਨੂੰ ਸਮੇਟਦੀਆਂ ਵਰਖਾਂ ਦੀਆਂ ਬੁਛਾੜਾਂ, ਧਰਤੀ ਦਾ
ਸੀਨਾ ਠਾਰਦੀਆਂ ਸਭ ਦਾ ਮਨ ਮੋਹ ਲੈਂਦੀਆਂ ਹਨ । ਵਰਖਾ ਰੁੱਤ ਵਿੱਚ ਬਨਸਪਤੀ ਵਿੱਚ ਆਇਆ ਵਿਖਾਰ ਕਿਸੇ ਸਜ ਵਿਆਹੀ ਦੁਲਹਨ ਤੋਂ ਘੱਟ ਨਹੀਂ ਹੁੰਦਾ। ਹਵਾਂ ਵਿੱਚ ਝੂਮਦੇ ਫੁੱਲ ਬੂਟੇ ਸਾਰੇ ਵਾਤਾਵਰਣ ਨੂੰ ਸੁਗੰਧਿਤ ਕਰ ਦਿੰਦੇ ਹਨ।  ਦਰਖਤਾਂ ਦੇ ਪਤਿਆਂ ਤੋਂ ਜਦੋਂ ਮਿੱਟੀ ਝੜਦੀ ਹੈ ਤਾਂ ਹਰੇ ਕਚੂਰ ਪਤੇ ਇੱਕ ਦੂਜੇ ਨੂੰ ਛੇੜਦੇ ਪ੍ਰਤੀਤ ਹੁੰਦੇ ਹਨ। ਪਸ਼ੂ ਪੰਛੀ ਖਿੱਲ
ਉਠਦੇ ਹਨ, ਮੋਰ ਪੈਲਾਂ ਪਾਉਂਦੇ, ਕੋਇਲਾਂ ਕੂਕਦੀਆਂ, ਕਲੋਲਾਂ ਕਰਦੇ ਪੰਛੀ, ਤਿਤਲੀਆਂ, ਭੰਵਰੇ ਖੁਸ਼ੀ ਨਾਲ ਝੂਮਦੇ ਨਜ਼ਰ ਆਉਂਦੇ ਹਨ । ਅਸਮਾਨ ਵਿੱਚ ਪੰਛੀਆਂ ਦੀਆਂ ਉਡਾਰੀਆਂ ਚੀਂ-ਚੀਂ ਕਰਦੀਆਂ ਮੀਂਹ ਦਾ ਪੈਗਾਮ ਦਿੰਦੀਆਂ ਹਨ। ਇਸ ਮਹੀਨੇ ਦਾ ਖੁਸ਼ਗਵਾਰ ਮੌਸਮ, ਮੋਹਲੇਧਾਰ ਵਰਖਾ ਸਭ ਦਾ ਮਨ ਮੋਹ ਲੈਂਦੀਆਂ ਹਨ। ਨਿੱਕੇ ਨਿੱਕੇ ਬੱਚੇ ਮੀਹ ਦੇ ਪਾਣੀ ਵਿੱਚ ਨੱਚਦੇ ਟੱਪਦੇ ਮਸਤੀ ਕਰਦੇ ਦਿਖਾਈ ਦਿੰਦੇ ਹਨ। ਕਾਗਜਾਂ ਦੀਆਂ ਕਿਸ਼ਤੀਆਂ ਬਣਾ ਬਣਾ ਕੇ ਪਾਣੀ ਵਿਚ ਛਡਦੇ ਸਭ ਦਾ ਮਨ ਮੋਹ ਲੈਂਦੇ ਹਨ ।
ਇਸ ਮਹੀਨੇ ਦੀ ਵਰਖਾ ਨਾਲ ਜਿਥੇ ਜਲ-ਥਲ ਹੋ ਜਾਂਦਾ ਹੈ ਉੱਥੇ ਧਰਤੀ ਦਾ ਹਰੇਕ ਜੀਵ-ਜੰਤੂ ਇਸ ਦਾ ਲੁਤਫ
ਉਠਾਉਂਦਾ ਹੈ, ਨੀਲੇ, ਗੁਲਾਬੀ ਤੇ ਸਫੈਦ ਕਮਲ ਦੇ ਫੁੱਲ ਖਿਲ ਉਠਦੇ ਹਨ । ਚਾਰੇ ਪਾਸੇ, ਹਰਿਆਵਲ ਦੀ ਪਸਰੀ ਚਾਦਰ ਹਰ ਇਕ ਦਾ ਮਨ ਮੋਹ ਲੈਂਦੀ ਹੈ। ਤਾਜਗੀ ਭਰੇ ਇਸ ਵਾਤਾਵਰਣ ਵਿੱਚ ਹਰ ਇਕ ਜੀਵ ਸੁੱਖ ਦਾ ਸਾਹ ਲੈਂਦਾ ਹੈ ।
ਸਾਵਣ ਮਹੀਨੇ ਦੀ ਭਰਵੀਂ ਬਾਰਿਸ਼ ਵਾਲੇ ਦਿਨ ਹੀ ਘਰਾਂ ਵਿੱਚ ਖੀਰ ਪੂੜੇ, ਗੁਲਗੁਲੇ ਸ਼ੁਰੂ ਹੋ ਜਾਂਦੇ ਹਨ । ਗੁੜ ਦੀ ਮਿਠਾਸ ਸਾਰੀ ਹਵਾ ਵਿੱਚ ਘੁਲ ਮਿਲ ਜਾਂਦੀ ਹੈ ਮਹਿਕਦੀਆਂ ਫਿਜ਼ਾਵਾਂ ਨਾਲ ਸਾਰਾ ਵਾਤਾਵਰਣ ਹੀ ਮਹਿਕ ਜਾਂਦਾ ਹੈ । ਇਕ ਦੂਸਰੇ ਦੇ ਘਰ ਪੂੜਿਆਂ ਦਾ ਲੈਣ ਦੇਣ ਵੀ ਹੁੰਦਾ ਹੈ । ਖੀਰ-ਪੂੜੇ ਤਾਂ ਇਸ ਮਹੀਨੇ ਨਾਲ ਜੁੜਿਆ ਖਾਸ ਪਕਵਾਨ ਹੈ । ਸਾਵਨ ਮਹੀਨੇ ਦੀ ਮਸਿਆ ਤੋਂ ਬਾਦ ਜਦੋਂ ਚਾਨਣੀਆਂ ਰਾਤਾਂ ਦਾ ਅਗਾਜ ਹੁੰਦਾ ਹੈ ਤਾਂ ਤੀਸਰੇ ਦਿਨ ਨੂੰ ਤੀਜ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਇਥੋਂ ਹੀ ਤੀਆਂ ਤੀਜ ਦਾ ਤਿਉਹਾਰ ਆਰੰਭ ਹੁੰਦਾ ਹੈ। ਮੁਟਿਆਰਾਂ ਲਈ ਇਹ ਤਿਉਹਾਰ ਖਾਸ ਉਤਸ਼ਾਹ
ਅਤੇ ਉਮੰਗਾਂ ਵਾਲਾ ਹੁੰਦਾ ਹੈ।ਇਸ ਮਹੀਨੇ ਵਿੱਚ ਮਹਿੰਦੀ ਚੂੜੀਆਂ ਦਾ ਵੀ ਮੁਟਿਆਰਾਂ ਲਈ ਸ਼ੁੱਭ  ਸਗਨ ਮੰਨਿਆ ਜਾਂਦਾ ਹੈ।ਨਵ-ਵਿਆਹੀਆਂ ਨਨਦਾਂ ਤੇ ਭਰਜਾਈਆਂ ਸਾਰੀਆਂ ਇਕੱਠੀਆਂ ਹੋ ਕੇ ਪਿਪਲਾਂ ਜਾਂ ਬੋਹੜਾਂ ਦੀ ਛਾਵੇਂ ਪੀਘਾਂ ਝੂਟਦੀਆਂ ਨੱਚਦੀਆਂ, ਟੱਪਦੀਆਂ ਇਸ ਤਿਉਹਾਰ ਨੂੰ ਬੜੀਆਂ ਰੀਝਾਂ ਨਾਲ ਮਨਾਉਦੀਆਂ ਹਨ ।
ਨਦੀਆਂ ਨਾਲੇ, ਸੂਏ ਮਿੱਟੀ ਰੰਗੇ ਪਾਣੀ ਨਾਲ ਡੁੱਲ-ਡੁੱਲ ਪੈਂਦੇ ਹਨ । ਪਸ਼ੂ-ਪੰਛੀ ਤਾਰੀਆਂ ਲਾਂਉਦੇ, ਕਲੋਲਾਂ
ਕਰਦੇ ਇਸ ਮਿਜਾਜੀ ਮੌਸਮ ਦੇ ਨਜ਼ਾਰੇ ਲੈਂਦੇ ਹਨ । ਰੱਖੜੀ, ਸੰਧਾਰਾ, ਗੁੱਗਾ, ਇਹ ਸਾਰੇ ਤਿਉਹਾਰ ਸਾਵਨ ਮਹੀਨੇ ਨਾਲ ਜੁੜੇ ਹੋਣ ਕਰਕੇ ਇਸਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ । ਭੈਣਾਂ ਚਾਂਈ-ਚਾਂਈ ਰੱਖੜੀਆਂ ਲੈ ਕੇ ਭਰਾਵਾਂ ਦੇ ਘਰ ਪਹੁੰਚਦੀਆਂ ਹਨ । ਸ਼ਗਨਾ, ਵਿਹਾਰਾਂ ਨਾਲ ਭਰਾ ਦੇ ਰੱਖੜੀ ਬੰਨ ਕੇ ਢੇਰ ਸਾਰੀਆਂ ਦੁਆਵਾਂ ਨਾਲ ਪੇਕਿਆਂ ਘਰੋਂ ਵਿਦਾ ਲੈਦੀਆਂ ਹਨ । ਸਹੁਰੇ ਘਰ ਭੈਣ ਵੀ ਭਰਾ ਦੇ ਸੰਧਾਰਾ ਲੈ ਕੇ ਆਉਣ ਦੀ ਉਡੀਕ ਕਰਦੀ ਹੈ । ਆਟੇ ਵਾਲੇ ਬਿਸਕੁੱਟ,
ਸੇਂਵੀਆਂ, ਕੱਪੜਾ ਲੀੜਾ ਲੈ ਕੇ ਜਦੋਂ ਵੀਰ ਸੰਧਾਰਾ ਲੈ ਕੇ ਭੈਣ ਦੇ ਘਰ ਪਹੁੰਚਦਾ ਹੈ ਤਾਂ ਭੈਣ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ…
ਸਾਉਣ ਚੜਿਆ ਤੀਆਂ ਦੇ ਦਿਨ ਆਏ
ਭੇਜੀ ਮਾਏ ਚੰਨ ਵੀਰ ਨੂੰ
ਇਹ ਸਤਰਾਂ ਗੁਣਗੁਣਾਉਦੀ ਨੂੰ ਜਦੋਂ ਵੀਰ ਵਿਹੜੇ ਆ ਖੜਦਾ ਹੈ ਉਸਨੂੰ ਵਿਹੜੇ ਚੰਨ ਚੜਿਆ ਪ੍ਰਤੀਤ ਹੁੰਦਾ ਹੈ।
ਇਸੇ ਮਹੀਨੇ ਵਿੱਚ ਵਣ-ਮਹਾਂਉਤਸਵ ਵੀ ਮਨਾਇਆ ਜਾਂਦਾ ਹੈ । ਬਰਸਾਤ ਰੁੱਤ ਨੂੰ ਰੁੱਖ ਲਾਉਣ ਦੀ ਰੁੱਤ ਵੀ
ਕਿਹਾ ਜਾਂਦਾ ਹੈ । ਇਸ ਮਹੀਨੇ ਨੂੰ ਨਵੇਂ ਰੁੱਖ ਲਗਾਉਣ ਲਈ ਖਾਸ ਮੰਨਿਆ ਜਾਂਦਾ ਹੈ । ਰੁੱਖਾਂ ਦਾ ਮਨੁੱਖ ਨਾਲ ਨਹੁੰ
ਮਾਸ ਦਾ ਰਿਸ਼ਤਾ ਹੈ । ਅੱਜ ਅਸੀਂ ਵਿਕਾਸ ਦੇ ਨਾਂ ਤੇ ਰੁੱਖਾਂ ਦੀ ਅੰਨੇਵਾਹ ਕਟਾਈ ਕਰ ਰਹੇ ਹਾਂ । ਛਾਂਦਾਰ ਰੁੱਖਾਂ ਤੋਂ ਮਿਲਣ ਵਾਲੀ ਆਕਸੀਜਨ ਤੇ ਸ਼ੁੱਧ ਹਵਾ ਤੋਂ ਵਾਂਝੇ ਜਾ ਰਹੇ ਹਾਂ । ਕੁਦਰਤ ਨਾਲ ਖਿਲਵਾੜ ਮਨੁੱਖ ਲਈ ਮਹਿੰਗਾ ਸਾਬਤ ਹੋ ਰਿਹਾ ਹੈ । ਦਿਨੋਂ ਦਿਨ ਵਧਦਾ ਤਾਪਮਾਨ ਘੱਟ ਰਿਹਾ ਪਾਣੀ, ਮੌਨਸੂਨ ਵਿਚ ਗਿਰਾਵਟ ਕੁਦਰਤ ਨਾਲ ਛੇੜਛਾੜ ਦੀ ਗਵਾਹੀ ਭਰਦਾ ਹੈ।
ਆਉ ਸਾਰੇ ਰਲ ਮਿਲ ਕੇ ਬਰਸਾਤੀ ਪਾਣੀ ਸੰਭਾਲਣ ਦਾ ਉਦਮ ਕਰੀਏ, ਰੁੱਖ ਲਗਾਈਏ, ਪਾਣੀ ਦਾ ਸਦ-ਉਪਯੋਗ ਕਰੀਏ । ਕੁਦਰਤ ਦੀਆਂ ਬਖਸ਼ੀਆਂ ਨਿਆਮਤਾਂ ਨੂੰ ਸੰਭਾਲਣ ਦਾ ਅਹਿਦ ਲਈਏ ਤੇ ਧਰਤੀ ‘ਤੇ ਜੀਵਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਕੁਦਰਤ ਨਾਲ ਇਕ-ਮਿਕ ਹੋਈਏ । ਕੁਦਰਤ ਦੇ ਦਿੱਤੇ ਤੋਹਫਿਆਂ ਨੂੰ ਸੰਭਾਲਣ ਦਾ ਪ੍ਰਣ ਕਰਏ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin