India

ਕਸ਼ਮੀਰ ’ਚ ਸ਼ਾਂਤੀ ਬਹਾਲੀ ਦੇ ਯਤਨਾਂ ’ਚ ਖਲਲ ਪਾਉਣ ਲਈ ਪਾਕਿਸਤਾਨ ਪ੍ਰਸਤ ਅੱਤਵਾਦੀ ਨੇ ਹਿੰਦੂ ਬੈਂਕ ਮੈਨੇਜਰ ਦੀ ਕੀਤੀ ਹੱਤਿਆ

ਸ੍ਰੀਨਗਰ – ਕਸ਼ਮੀਰ ’ਚ ਸ਼ਾਂਤੀ ਬਹਾਲੀ ਦੇ ਯਤਨਾਂ ’ਚ ਖਲਲ ਪਾਉਣ ਲਈ ਪਾਕਿਸਤਾਨ ਪ੍ਰਸਤ ਅੱਤਵਾਦੀ ਨੇ ਕੁਲਗਾਮ ’ਚ ਦਿਹਾਤੀ ਬੈਂਕ ਦੇ ਮੈਨੇਜਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। 26 ਸਾਲਾ ਵਿਜੇ ਕੁਮਾਰ ਰਾਜਸਥਾਨ ਦੇ ਹਨੂੁਮਾਨਗੜ੍ਹ ’ਚ ਭਗਵਾਨਪੁਰਾ ਦੇ ਰਹਿਣ ਵਾਲੇ ਸਨ। ਅੱਤਵਾਦੀ ਨੇ ਉਨ੍ਹਾਂ ਨੂੰ ਉਸ ਸਮੇਂ ਗੋਲੀਆਂ ਮਾਰੀਆਂ ਜਦੋਂ ਉਹ ਬੈਂਕ ਸ਼ਾਖਾ ਵਿਚ ਡਿਊਟੀ ’ਤੇ ਸਨ। ਅੱਤਵਾਦੀ ਜਥੇਬੰਦੀ ਕਸ਼ਮੀਰ ਫ੍ਰੀਡਮ ਫਾਈਟਰਸ ਨੇ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਬੀਤੇ 72 ਘੰਟਿਆਂ ’ਚ ਦੱਖਣੀ ਕਸ਼ਮੀਰ ’ਚ ਕਿਸੇ ਹਿੰਦੂ ਦੀ ਟਾਰਗੈੱਟ ਕਿਲਿੰਗ ਦੀ ਇਹ ਦੂਸਰੀ ਵਾਰਦਾਤ ਹੈ। 31 ਮਈ ਨੂੰ ਹੀ ਅੱਤਵਾਦੀਆਂ ਨੇ ਕੁਲਗਾਮ ਦੇ ਗੋਪਾਲਪੋਰਾ ’ਚ ਹਿੰਦੂ ਅਧਿਆਪਕਾ ਰਜਨੀ ਬਾਲਾ ਦੀ ਹੱਤਿਆ ਕਰ ਦਿੱਤੀ ਸੀ। ਵਿਜੇ ਕੁਮਾਰ ਤਿੰਨ ਸਾਲ ਪਹਿਲਾਂ ਦੱਖਣੀ ਕਸ਼ਮੀਰ ’ਚ ਤਾਇਨਾਤ ਹੋਏ ਸਨ। ਉਹ ਅਨੰਤਨਾਗ ਦੇ ਡੁਰੂ ਅਤੇ ਲਾਰਨੂ ਸਥਿਤ ਇਲਾਕਾਈ ਦਿਹਾਤੀ ਬੈਂਕ ਦੀਆਂ ਸ਼ਾਖਾਵਾਂ ’ਚ ਤਾਇਨਾਤ ਰਹਿ ਚੁੱਕੇ ਸਨ। ਚਾਰ ਦਿਨ ਪਹਿਲਾਂ ਹੀ ਉਨ੍ਹਾਂ ਦਾ ਤਬਾਦਲਾ ਕੁਲਗਾਮ ’ਚ ਬੈਂਕ ਦੀ ਅਰੇਹ ਮੋਹਨਪੋਰਾ ਸ਼ਾਖਾ ਵਿਚ ਹੋਇਆ ਸੀ। ਇਸ ਸ਼ਾਖਾ ਵਿਚ ਵਿਜੇ ਕੁਮਾਰ ਸਮੇਤ ਤਿੰਨ ਹੀ ਕਰਮਚਾਰੀ ਸਨ। ਬੈਂਕ ਵਿਚ ਕੋਈ ਜ਼ਿਆਦਾ ਕੰਮ-ਕਾਜ ਨਹੀਂ ਹੁੰਦਾ ਹੈ, ਇਸ ਲਈ ਕੋਈ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਨਹੀਂ ਕੀਤਾ ਗਿਆ ਸੀ। ਵਿਜੇ ਕੁਮਾਰ ਵੀਰਵਾਰ ਸਵੇਰੇ ਡਿਊਟੀ ’ਤੇ ਪਹੁੰਚੇ ਸਨ। ਉਹ ਆਪਣੇ ਕੈਬਿਨ ’ਚ ਬੈਠ ਕੇ ਰੋਜ਼ਮਰ੍ਹਾ ਦਾ ਕੰਮ ਨਿਪਟਾਉਣ ਲੱਗੇ। ਉਸ ਸਮੇਂ ਬੈਂਕ ’ਚ ਕੋਈ ਗਾਹਕ ਨਹੀਂ ਸੀ। ਇਸੇ ਦੌਰਾਨ ਇਕ ਅੱਤਵਾਦੀ ਗਾਹਕ ਬਣ ਕੇ ਬੈਂਕ ’ਚ ਆਇਆ। ਉਸ ਦੇ ਹੱਥ ਵਿਚ ਬੈਗ ਸੀ। ਬੈਂਕ ਦੇ ਮੁੱਖ ਗੇਟ ਦੇ ਸਾਹਮਣੇ ਹੀ ਬੈਂਕ ਮੈਨੇਜਰ ਦਾ ਕੈਬਿਨ ਹੈ। ਅੱਤਵਾਦੀ ਨੇ ਬੈਂਕ ਮੈਨੇਜਰ ਵਿਜੇ ਕੁਮਾਰ ’ਤੇ ਪਿਸਤੌਲ ਤਾਣਿਆ ਅਤੇ ਉਨ੍ਹਾਂ ’ਤੇ ਦੋ ਫਾਇਰ ਕਰ ਦਿੱਤੇ। ਇਸ ਤੋਂ ਬਾਅਦ ਅੱਤਵਾਦੀ ਉਨ੍ਹਾਂ ਨੂੰ ਮਰਿਆ ਸਮਝ ਕੇ ਫ਼ਰਾਰ ਹੋ ਗਿਆ। ਗੋਲੀਆਂ ਦੀ ਆਵਾਜ਼ ਨਾਲ ਉਥੇ ਤਰਥੱਲੀ ਮਚ ਗਈ। ਨੇੜਲੇ ਇਲਾਕੇ ਵਿਚ ਗਸ਼ਤ ਕਰ ਰਹੇ ਸੁਰੱਖਿਆ ਬਲ ਵੀ ਮੌਕੇ ’ਤੇ ਪਹੁੰਚ ਗਏ ਅਤੇ ਵਿਜੇ ਕੁਮਾਰ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ।

ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਕਿਹਾ ਕਿ ਬੈਂਕ ਮੈਨੇਜਰ ਵਿਜੇ ਕੁਮਾਰ ਦੀ ਹੱਤਿਆ ’ਚ ਸ਼ਾਮਲ ਅੱਤਵਾਦੀ ਸਥਾਨਕ ਹੀ ਹੈ। ਉਸ ਦੀ ਪਛਾਣ ਕਰ ਲਈ ਗਈ ਹੈ। ਉਹ ਜਲਦ ਹੀ ਫੜਿਆ ਜਾਂ ਮਾਰਿਆ ਜਾਵੇਗਾ। ਘਟਨਾ ਦੇ ਸਮੇਂ ਬੈਂਕ ’ਚ ਮੌਜੂਦ ਮੁਲਾਜ਼ਮਾਂ ਤੋਂ ਪੁੱਛਗਿੱਛ ਦੇ ਨਾਲ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਬੈਂਕ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਅੱਤਵਾਦੀ ਸਾਫ਼ ਨਜ਼ਰ ਆਉਂਦਾ ਹੈ।

ਅੱਤਵਾਦੀ ਹਮਲੇ ਵਿਚ ਮਾਰੇ ਗਏ ਵਿਜੇ ਕੁਮਾਰ ਦਾ ਵਿਆਹ ਚਾਰ ਮਹੀਨੇ ਪਹਿਲਾਂ 10 ਫਰਵਰੀ ਨੂੰ ਹਨੂਮਾਨਗੜ੍ਹ ’ਚ ਹੋਇਆ ਸੀ। ਲਗਪਗ ਇਕ ਮਹੀਨੇ ਬਾਅਦ ਹੀ ਉਨ੍ਹਾਂ ਆਪਣੀ ਪਤਨੀ ਨੂੰ ਵੀ ਕਸ਼ਮੀਰ ਬੁਲਾ ਲਿਆ ਸੀ। ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਵਾਅਦਾ ਕੀਤਾ ਸੀ ਕਿ ਜੁਲਾਈ ’ਚ ਉਹ ਆਪਣੇ ਪਿੰਡ ਪਰਤਣਗੇ ਅਤੇ ਸਾਰੇ ਪਰਿਵਾਰਕ ਮੈਂਬਰ ਇਕੱਠੇ ਬੈਠ ਕੇ ਵਿਆਹ ਦਾ ਵੀਡੀਓ ਅਤੇ ਤਸਵੀਰਾਂ ਦੇਖਣਗੇ। ਹੁਣ ਉਨ੍ਹਾਂ ਦੀ ਪਤਨੀ ਉਨ੍ਹਾਂ ਦੀ ਦੇਹ ਲੈ ਕੇ ਘਰ ਪਰਤ ਰਹੀ ਹੈ।

ਕਸ਼ਮੀਰ ਫ੍ਰੀਡਮ ਫਾਈਟਰਸ ਨੇ ਇੰਟਰਨੈੱਟ ਮੀਡੀਆ ’ਤੇ ਆਪਣਾ ਬਿਆਨ ਜਾਰੀ ਕਰਕੇ ਬੈਂਕ ਮੈਨੇਜਰ ਵਿਜੇ ਕੁਮਾਰ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਅੱਤਵਾਦੀ ਜਥੇਬੰਦੀ ਨੇ ਗਿੱਦੜਭਬਕੀ ਦਿੱਤੀ ਹੈ ਕਿ ਜੋ ਵੀ ਕਸ਼ਮੀਰ ਦੇ ਬਹੁਗਿਣਤੀ ਚਰਿੱਤਰ ਨੂੰ ਬਦਲਣ ਵਿਚ ਸ਼ਾਮਲ ਹੋਵੇਗਾ, ਉਸ ਨੂੰ ਆਪਣੀ ਜਾਨ ਗੁਆਉਣੀ ਪੈ ਸਕਦੀ ਹੈ। ਇਹ ਹੱਤਿਆ ਉਨ੍ਹਾਂ ਗ਼ੈਰ-ਸਥਾਨਕ ਲੋਕਾਂ ਲਈ ਚਿਤਾਵਨੀ ਹੈ ਜੋ ਇਹ ਸੋਚਦੇ ਹਨ ਕਿ ਸਰਕਾਰ ਉਨ੍ਹਾਂ ਨੂੰ ਕਸ਼ਮੀਰ ’ਚ ਵਸਾਏਗੀ।

Related posts

ਕੇਰਲ ’ਚ ਡਾਕਟਰ ਨੇ ਬੱਚੇ ਦੀ ਉਂਗਲ ਦੀ ਥਾਂ ਕਰ ਦਿੱਤਾ ਜੀਭ ਦਾ ਆਪ੍ਰੇਸ਼ਨ, ਡਾਕਟਰ ਮੁਅੱਤਲ

editor

ਬੁਢਾਪੇ ਦਾ ਕਾਰਨ ਬਣਨ ਵਾਲੇ ‘ਜ਼ਾਂਬੀ ਸੈੱਲਜ਼’ ਨੂੰ ਮਾਰਨ ਵਾਲੀ ਦਵਾਈ ਵਿਕਸਿਤ

editor

ਮੁੰਬਈ: ਹੋਰਡਿੰਗ ਲਗਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਨੂੰ ਗਿ੍ਰਫ਼ਤਾਰ ਕਰਕੇ ਮੁੰਬਈ ਲਿਆਂਦਾ

editor