Story

ਕਹਾਣੀ –  ਸਜ਼ਾ

ਲੇਖ਼ਕ: ਭਾਰਤ ਭੂਸ਼ਨ ਆਜ਼ਾਦ, ਕੋਟਕਪੂਰਾ

ਮਕਾਨ ਦੀ ਦੂਜੀ ਮੰਜ਼ਲ ‘ਤੇ ਵਰਾਂਡੇ ਦੇ ਕੌਲ ਨਾਲ ਲੱਗਿਆ ਬੈਠਾ ਜੀਤ ਸਿੰਘ ਸਿੱਧੂ ਉਦਾਸੀ ਦੇ ਆਲਮ ‘ਚ ਬੈਠਾ ਦੂਰ ਬਨੇਰਿਆਂ ਤੋਂ ਹੇਠਾਂ ਤਿਲਕ ਰਹੇ ਸੂਰਜ ਵੱਲ ਟਿਕ-ਟਿਕੀ ਲਗਾ ਕੇ ਬੈਠਾ ਹੋਇਆ ਸੀ। ਜਾਪਦਾ ਸੀ ਕਿ ਸ਼ਾਇਦ ਜੀਤ ਸਿੰਘ ਦੀ ਇਸੇ ਹਾਲਤ ਨੂੰ ਵੇਖ ਕੇ ਕਿਸੇ ਨੇ ਇਹ ਕਿਹਾ ਹੋਵੇਗਾ ‘ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ’। ਪਰ ਮੱਘਰ ਸੰਘ ਬੀਤੀਆਂ ਨੂੰ ਪੂਰਾ ਜੱਗ ਜਾਣਦਾ ਸੀ। ਜਿਸਦੀ ਜ਼ਿੰਦਗੀ ਦਾ ਸੂਰਜ ਗੁਰਬਤ ਦੇ ਸੰਘਣੇ ਹਨ੍ਹੇਰੇ ਵਿੱਚੋਂ ਉਦੇ ਹੋਇਆ, ਦੌਲਤਾਂ ਦੀ ਦੁਪਹਿਰ ਖਿਲਾਰਦਿਆਂ ਆਖ਼ਰ ਫੇਰ ਹੁਣ ਗੁਰਬਤ ਅਤੇ ਗ਼ਮਾਂ ਦਾ ਹਨ੍ਹੇਰਾ ਛੱਡਦਾ ਹੋਇਆ ਅਸਤ ਹੋ ਰਿਹਾ ਸੀ।
ਜੀਤ ਸਿੰਘ ਸਿੱਧੂ ਉਰਫ ਜੀਤੇ ਦਾ ਜਨਮ ਬਠਿੰਡੇ ਜ਼ਿਲ੍ਹੇ ਦੀ ਵੱਖੀ ‘ਚ ਘੁੱਗ ਵਸਦੇ ਇਕ ਛੋਟੇ ਜਿਹੇ ਪਿੰਡ ਵਿੱਚ ਬਟਵਾਰੇ ਤੋਂ ਕੋਈ ਚਾਰ ਕੁ ਵਰ੍ਹੇ ਬਾਅਦ ਹੋਇਆ। ਅਤਿ ਦੀ ਗ਼ਰੀਬੀ। ਪਿਓ ਪਿੰਡ ‘ਚ ਤੁਰ-ਫਿਰ ਕੇ ਸਬਜ਼ੀ ਵੇਚਦਾ। ਜੀਤਾ ਅਕਸਰ ਸੋਚਦਾ ਕਿ ਸਾਡੀ ਇਹ ਗ਼ਰੀਬੀ ਆਖਰ ਕਿਸ ਗੁਨਾਹ ਦੀ ਸਜ਼ਾ ਹੈ। ਮਾਂ-ਪਿਓ ਨੂੰ ਤੰਗੀ-ਤੁਰਸ਼ੀ =ਨਾਲ ਘੁਲਦਿਆਂ ਜੀਤੇ ਨੇ ਪੜ੍ਹ – ਲਿਖ ਕੇ ਸਾਰੇ ਧੋਣੇ ਧੋਣ ਦੀ ਠਾਣ ਲਈ ਸੀ। ਮਾਂ-ਪਿਓ ਨੇ ਵੀ ਭੁੱਖਾਂ-ਤੇਹਾਂ ਝੱਲ ਕੇ ਜੀਤੇ ਦੇ ਹਰ ਮੰਗ ਪੂਰੀ ਕੀਤੀ। ਸਕੂਲ, ਕਾਲਜ ਤੇ ਫਿਰ ਯੂਨੀਵਰਸਿਟੀ ਦੀ ਪੜ੍ਹਾਈ ਕਰਨ ਮਗਰੋਂ ਜੀਤਾ ਪੁਲਿਸ ਮਹਿਕਮੇ ਵੱਡਾ ਅਫਸਰ ਭਰਤੀ ਹੋ ਗਿਆ। ਚੰਗੀ ਤਨਖ਼ਾਹ, ਉੱਚਾ ਕੱਦ ਤੇ ਚੰਗਾ ਰੋਹਬ। ਸਾਡੇ ਪਿੰਡ ‘ਚੋਂ ਪਹਿਲਾਂ ਏਨਾਂ ਪੜ੍ਹਿਆ-ਲਿਖਿਆ ਤੇ ਪਹਿਲਾ ਹੀ ਵੱਡਾ ਪੁਲਸ ਅਫਸਰ। ਪੂਰੇ ਪਿੰਡ ਨੂੰ ਮਾਣ ਸੀ ਜੀਤੇ ‘ਤੇ। ਜੀਤਾ ਹੁਣ ਜੀਤਾ ਨਹੀ, ਡੀਐਸਪੀ ਜੀਤ ਸਿੰਘ ਸਿੱਧੂ ਜੋ ਬਣ ਗਿਆ ਸੀ। ਘਰ ਦੀ ਗ਼ਰੀਬੀ ਚੱਕੀ ਗਈ ਸੀ।
ਆਪਣੇ ਦਫਤਰ ‘ਚ ਬੈਠਾ ਜੀਤ ਸਿੰਘ ਸਿੱਧੂ ਹਰ ਫ਼ਰਿਆਦੀ ਦੀ ਗੱਲ ਬੜੇ ਗੌਰ ਨਾਲ ਸੁਦਦਾ। ਗ਼ਰੀਬ ਬੰਦੇ ਦੀ ਮਦਦ ਪਹਿਲ ਦੇ ਅਧਾਰ ‘ਤੇ ਕਰਦਾ। ਕਈ ਵਾਰ ਆਪਣੇ ਪੱਲਿਓ ਪੈਸੇ ਖਰਚ ਕੇ ਵੀ ਗ਼ਰੀਬ ਬੰਦੇ ਦੀ ਮਦਦ ਕਰਦਾ। ਅਤੀਤ ਨੂੰ ਯਾਦ ਰੱਖਦਾ ਜੀਤ ਸਿੰਘ ਸਿੱਧੂ ਵਾਹ ਲੱਗਦੀ ਕਿਨੇ ਗੁਰਬਤ ਦੇ ਮਾਰੇ ਬੰਦੇ ਨਾਲ ਬੇਇਨਸਾਫੀ ਨਹੀਂ ਹੋਣ ਦਿੰਦਾ। ਪਰ ਸਮਾਂ ਆਪਣੇ ਗਰਭ ‘ਚ ਕੀ ਕੁਝ ਲਕੋਈ ਬੈਠਾ ਹੁੰਦੈ, ਇਹ ਕੌਣ ਜਾਣ ਸਕਿਆ ਹੈ? ਉਂਜ ਵੀ ਸਾਡੇ ਸਮਾਜ ‘ਚ ਇਹ ਕਹਾਵਤ ਬੜੀ ਪ੍ਰਸਿੱਧ ਹੈ ਕਿ ਹਰ ਮਹਿਕਮੇ ਵਿਚ ਕੁਝ ਕਾਲ਼ੀਆਂ ਭੇਡਾਂ ਜਰੂਰ ਹੁੰਦੀਆਂ ਨੇ। ਤੇ ਇੰਨ੍ਹਾਂ ਕੁਝ ਕੁ ਕਾਲ਼ੀਆਂ ਭੇਡਾਂ ਨੇ ਜੀਤ ਸਿੰਘ ਸਿੱਧੂ ‘ਤੇ ਵੀ ਆਪਣਾ ਕਾਲਾ ਪਰਛਾਵਾਂ ਪਾ ਦਿੱਤਾ ਸੇ।
ਮੁਫ਼ਤ ਦੀ ਦਾਰੂ ਪੀਣ ਲੱਗਿਆ ਜੀਤ ਸਿੰਘ ਹੌਲੀ-ਹੌਲੀ ਆਪਣਾ ਅਤੀਤ ਵੀ ਭੁੱਲ ਗਿਆ। ਤਰੱਕੀ ਹੋਣ ਕਰਕੇ ਉੱਚੇ ਅਹੁਦੇ ‘ਤੇ ਪਹੁੰਚ ਗਿਆ। ਜਿਸ ਕਾਰਨ ਮੋਟੀ ਰਿਸ਼ਵਤ ਲੈ ਕੇ ਸਰਮਾਏਦਾਰਾਂ ਦਾ ਪੱਖ ਪੂਰਨਾ ਹੀ ਉਹਦਾ ਨੇਮ ਬਣ ਗਿਆ। ਕਿਸੇ ਸਾਧਾਰਨ ਬੰਦੇ ਨਾਲ ਗੱਲ ਕਰਨੀ ਵੀ ਆਪਣੀ  ਹੱਤਕ ਸਮਝਦਾ। ਉਹਦੇ ਇਨਸਾਫ ਦੀ ਤੱਕੜੀ ਦਾ ਪੱਲਾ ਵੱਧ ਪੈਸੇ ਵਾਲੇ ਪਾਸੇ ਵਲ ਝੁਕਦਾ। ਹੌਲੀ-ਹੌਲੀ ਉਹਦੇ ਅੰਦਰ ਪੈਸੇ ਦੀ ਭੁੱਖ ਏਨੀ ਵੱਧ ਗਈ ਕਿ ਪੈਸਿਆਂ ਲਏ ਤੋਂ ਬਿਨਾਂ ਹੁਣ ਕੋਈ ਕੇਸ ਹੀ ਨਾ ਫੜ੍ਹਦਾ। ਜੀਤ ਸਿੰਘ ਦੇ ਮਾਂ-ਪਿਓ ਬਥੇਰਾ ਸਮਝਾਉਂਦੇ ਕਿ ਪੁੱਤ ਆਪਣੀ ਔਕਾਤ ਨਹੀਂ ਭੁੱਲਦੀ, ਅਤੀਤ ਨਹੀਂ ਭੁੱਲੀਦਾ। ਪਰ ਜੀਤ ਸਿੰਘ ਉਹਨਾਂ ਨੂੰ ਵੀ ਅਵਾ-ਤਵਾ ਬੋਲਦਾ। ਤੇ ਉਹ ਵਿਚਾਰੇ ਚੁੱਪ ਕਰਕੇ ਆਪਣਾ ਬੁਢਾਪਾ ਕੱਟਦੇ ਜੀਤ ਦੀਆਂ ਕਾਲ਼ੀਆਂ ਕਮਾਈਆਂ ਨਾਲ ਫੈਲਦੇ ਕਾਰੋਬਾਰ ਨੂੰ ਵੇਖਦੇ ਰਹਿੰਦੇ ਤੇ ਆਪਣੇ ਪੋਤਰੇ ਹਰਜਿੰਦਰ ਸਿੰਘ ਉਰਫ ਹੈਰੀ ਨਾਲ ਖੇਡਣ ਦੇ ਲਾਲਚ ਲੱਗੇ ਰਹਿੰਦੇ। ਹੈਰੀ ਹੌਲੀ-ਹੌਲੀ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਕਾਲਜ ਪੜ੍ਹਨ ਲੱਗ ਪਿਆ। ਲਾਡਾਂ ਨਾਲ ਪਾਲਿਆ ਹੈਰੀ ਹੁਣ ਆਪਣੇ ਪਿਉ ਦੀ ਕਾਲ਼ੀ ਕਮਾਈ ਨੂੰ ਪਾਣੀ ਵਾਂਗ ਵਹਾਉਣ ਲੱਗ ਪਿਆ। ਹੈਰੀ ਦੇ ਦਾਦਾ-ਦਾਦੀ ਵੀ ਵਾਰੋ-ਵਾਰੀ ਇਸ ਜ਼ਹਾਨ ਤੋਂ ਰੁਖ਼ਸਤ ਹੋ ਗਏ। ਹੁਣ ਨਾ ਤਾਂ ਜੀਤ ਸਿੰਘ ਨੂੰ ਟੋਕਣ ਵਾਲਾ ਕੋਈ ਸੀ ਤੇ ਨਾ ਹੀ ਉਹਦੇ ‘ਫਰਜ਼ੰਦ’ ਹੈਰੀ ਨੂੰ ਇਨ੍ਹਾਂ ਸੋਚਾਂ ‘ਚ ਗੁਆਚੇ ਜੀਤ ਸਿੰਘ ਨੂੰ ਉਸਦੀ ਪਤਨੀ ਇਕ ਦਿਨ ਜੀਤ ਸਿੰਘ ਸਿੱਧੂ ਕੋਲ ਇੱਕ ਗਰੀਬ ਆਦਮੀ ਫ਼ਰਿਆਦ ਲੈ ਕੇ ਆਇਆ ਉਸ ਵਿਚਾਰੇ ਦੀ ਫੁੱਲਾਂ ਵਰਗੀ ਮਾਸੂਮ ਧੀ ਨੂੰ ਜ਼ੈਲਦਾਰਾਂ ਦੇ ‘ਕਾਕੇ’ ਨੇ ਨੋਚ ਲਿਆ ਸੀ ਤੇ ਥਾਣੇ ਵਾਲਿਆਂ ਨੇ ਵੀ ਕੋਈ ਗੱਲ ਨਹੀਂ ਸੀ ਸੁਣੀ। ਜੀਤ ਸਿੰਘ ਦੇ ਕਹਿਣ ‘ਤੇ ਉਹ ਆਪਣੀ ਧੀ ਨੂੰ ਸਿਵਲ ਹਸਪਤਾਲ ਲੈ ਗਏ। ਹਸਪਤਾਲ ਕੁੜੀ ਦਾ ਇਲਾਜ ਸ਼ੁਰੂ ਕਰਵਾਉਣ ਮਗਰੋਂ ਉਹ ਜੀਤ ਸਿੰਘ ਕੋਲ ਆਏ। ਜੀਤ ਸਿੰਘ ਨੇ ਕੁੜੀ ਦੇ ਮਾਂ -ਪਿਓ ਨੂੰ ਇਨਸਾਫ ਦਿਵਾਉਣ ਦੀ ਗੱਲ ਕਹਿ ਕੇ ਤੋਰ ਦਿੱਤਾ। ਅਗਲੇ ਦਿਨ ਉਸ ਨੇ ਦੂਜੀ ਧਿਰ ਨੂੰ ਬੁਲਾਇਆ। ਉਹਨਾਂ ਕੋਲ ਚੰਗੀ ਜ਼ਮੀਨ-ਜਾਇਦਾਦ ਦਾ ਪਤਾ ਲੱਗਣ ‘ਤੇ ਜੀਤ ਸਿੰਘ ਦੇ ਮੂੰਹ ਵਿੱਚ ਸਮਝੋ ਪਾਣੀ ਆ ਗਿਆ। ਉਸ ਨੇ ਦੋਸ਼ੀ  ਨੂੰ ਫਾਂਸੀ ਦੀ ਸਜ਼ਾ ਮਿਲਣ ਦੀ ਡਰਾਵਾ ਦੇ ਕੇ ਮੋਟੀ ਰਕਮ ਵਸੂਲਣ ਤੇ ਉਲਟਾ ਕੁੜੀ ਦੇ ਪਿਓ ਸਿਰ ਨਿੱਕਾ ਜਿਹਾ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ।
ਹੁਣ ‘ਹੈਰੀ’ ਘਰ ਬੈਠਾ ਵੀ ਨਸ਼ਿਆਂ ‘ਚ ਗੜੁੱਚ ਰਹਿੰਦਾ। ਬਾਹਰ ਮਹਿੰਗੇ-ਮਹਿੰਗੇ ਪੱਬਾਂ ‘ਚ ਘੁੰਮਦਾ। ਅੱਧੀ-ਅੱਧੀ ਰਾਤ ਵੇਲੇ ਕਿਸੇ ਕੁੜੀ ਨਾਲ ਘਰ ਵੜਦਾ ਤੇ ਅਯਾਸ਼ੀ ਕਰਦਾ। ਜੀਤ ਸਿੰਘ ਤੇ ਉਹਦੀ ਘਰ ਵਾਲੀ ਪੁੱਤਰ ਦੀਆਂ ਇੰਨ੍ਹਾਂ ਕਰਤੂਤਾਂ ਤੋਂ ਡਾਹਢੇ ਨਿਰਾਸ਼ ਹੋ ਗਏ ਉਹਨਾਂ ਹੈਰੀ ਨੂੰ ਪਹਿਲਾਂ ਪੰਜਾਬ ਤੇ ਫਿਰ ਦਿੱਲੀ ਦੇ ਕਈ ਹਸਪਤਾਲਾਂ, ਨਸ਼ਾ ਛੁਡਾਊ ਕੇਂਦਰਾਂ ਵਿੱਚੋਂ ਨਸ਼ਾ ਛੁਡਾਉਣ ਦੀ ਦਵਾਈ ਦੁਆਈ ਲੱਖਾਂ ਰੁਪਏ ਇਲਾਜ ‘ਤੇ ਖਰਚ ਦਿੱਤੇ। ਇਨ੍ਹਾਂ ਦਿਨਾਂ ‘ਚ ਜੀਤ ਸਿੰਘ ਸਿੱਧੂ ਵੀ ਰਿਟਾਇਰ ਹੋ ਗਿਆ। ਕਰੋੜਾਂ ਰੁਪਏ ਨਸ਼ਿਆਂ ਤੇ ਅਯਾਸ਼ੀ ਉੱਪਰ ਖਰਚਣ ਵਾਲੇ ਪੁੱਤ ਨੂੰ ਲੱਖਾਂ ਰੁਪਏ ਦਾ ਇਲਾਜ ਕਰਵਾ ਕੇ ਵੀ ਕੋਈ ਫਰਕ ਨਾ ਪਿਆ। ਕੋਠੀ ਤੇ ਬਾਕੀ ਜਾਇਦਾਦ ਵੀ ਵਿਕ ਗਈ। ਬੈਂਕਾਂ ‘ਚ ਰੱਖੀ ਪੂੰਜੀ ਵੀ ਖਤਮ ਹੋ ਗਈ। ਬਚੀ ਤਾਂ ਸਿਰਫ ਜੀਤ ਸਿੰਘ ਦੀ ਪੈਨਸ਼ਨ । ਆਖਿਰ ਹੈਰੀ ਜ਼ਿੰਦਗੀ ਤੋਂ ਹਾਰ ਗਿਆ ਤੇ ਪਿਛੇ ਜੀਤ ਤੇ ਉਸਦੀ ਘਰਵਾਲੀ ਰੋਂਦੇ-ਕੁਰਲਾਉਂਦੇ ਰਹਿ ਗਏ।
ਅੱਜ ਅਤੀਤ ਦੀਆਂ ਇਨ੍ਹਾਂ ਸੋਚਾਂ ‘ਚ ਗੁਆਚੇ ਜੀਤ ਸਿੰਘ ਅਚਾਨਕ ਬਲਾਤਕਾਰ ਦਾ ਸ਼ਿਕਾਰ ਹੋਈ ਧੀ ਦੇ ਗਰੀਬ ਪਿਓ ਨਾਲ ਬੇਇਨਸਾਫ਼ੀ ਮਣਾ-ਮੂੰਹੀ ਰਿਸ਼ਵਤਖੋਰੀ, ਆਪਣੇ ਮਾਂ-ਪਿਓ ਨੂੰ ਮਾਰੀਆਂ ਠੋਕਰਾਂ ਤੇ ਭੁੱਲਿਆ ਅਤੀਤ ਵਾਰੀ-ਵਾਰੀ ਯਾਦ ਆਉਣ ਲੱਗੇ। ਕੁਦਰਤ ਤੋਂ ਮਿਲੀ ਆਪਣੇ ਗੁਨਾਹਾਂ ਦੀ ਸਜ਼ਾ ਉਹਨੂੰ ਹੁਣ ਸਮਝ ਆ ਗਈ ।
ਸੂਰਜ ਦੂਰ ਦਿਸਹੱਦਿਆਂ ਪਾਰ ਕਿਧਰੇ ਡੁੱਬ ਚੁੱਕਾ ਸੀ ਤੇ ਪਿਛੇ ਚਾਰੇ ਪਾਸੇ ਫੈਲਿਆ ਕਾਲਾ ਹਨ੍ਹੇਰਾ ਛੱਡ ਗਿਆ ਸੀ। ਇਨ੍ਹਾਂ ਸੋਚਾਂ ‘ਚ ਗੁਆਚੇ ਜੀਤ ਸਿੰਘ ਨੂੰ ਉਸਦੀ ਪਤਨੀ ਨੇ ਹਲੂਣ ਕੇ ਜਗਾਇਆ ਤੇ ਆਖਣ ਲੱਗੀ ”  ਕਿਉਂ ਐਵੇਂ  ਸਾਰਾ ਦਿਨ ਕੰਧਾਂ ਨਾਲ ਢੋ ਲਾ ਕੇ ਬੈਠੇ ਰਹਿੰਦਓਂ। ਸਾਡੀ ਕਿਸਮਤ ਹੀ ਐਸੀ ਸੀ। ਲਿਖੀਆਂ ਨੂੰ ਕੌਣ ਮਿਟਾ ਸਕਦੈ।” ਪਰ ਸਿਰ ਫੜੀ ਬੈਠਾ ਜੀਤ ਸਿੰਘ ਕਿਧਰੇ ਫੇਰ ਡੂੰਘੇ ਵਹਿਣਾ ‘ਚ ਵਹਿ ਕੇ ਮਿਲੀਆਂ ਸਜ਼ਾਵਾਂ ਬਾਰੇ ਸੋਚਣ ਲੱਗ ਪਿਆ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin