Articles

ਮਹਾਂਮਾਰੀ ਕਾਰਣ ਔਰਤਾਂ ਨੂੰ ਮਾਨਸਿਕ ਤਨਾਓ ਤੇ ਦਬਾਅ

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਕੋਰੋਨਾ ਦੂਜੀ ਲਹਿਰ ਦੇ ਵਿਸ਼ਾਣੂ ਦੀ ਫੈਲਾਈ ਮਹਾਮਾਰੀ ਨੇ ਸਮਾਜ ਦੇ ਵੱਖ-ਵੱਖ ਤਬਕਿਆਂ ਲਈ ਵੱਖ-ਵੱਖ ਤਰ੍ਹਾਂ ਦੀਆਂ ਮਾਨਸਿਕ ਗੁੰਝਲਾਂ, ਸਮੱਸਿਆਵਾਂ ਅਤੇ ਔਕੜਾਂ ਪੈਦਾ ਕੀਤੀਆਂ ਹਨ। ਸਮਾਜ ਦੇ ਪਹਿਲਾਂ ਤੋਂ ਹੀ ਸੌਖਿਆ ਹੀ ਮਾਰ ਹੇਠ ਆ ਸਕਣ ਵਾਲੇ ਤਬਕਿਆਂ ਲਈ ਮਹਾਮਾਰੀ ਦੀਆਂ ਪੈਦਾ ਕੀਤੀਆਂ ਗੁੰਝਲਾਂ ਤੇ ਔਕੜਾਂ ਨਿਵੇਕਲੀਆਂ ਉਨ੍ਹਾਂ ਦੀਆਂ ਹੀ ਹਨ। ਇਸੇ ਲਈ ਕੋਵਿਡ-19 ਮਹਾਮਾਰੀ ਦੀ ਮਚਾਈ ਤਬਾਹੀ ਦੀਆਂ ਵੰਨਗੀਆਂ ਬਾਬਤ ਵੱਖ-ਵੱਖ ਸਰਵੇਖਣ ਅਤੇ ਰਿਪੋਰਟਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜੋ ਵਰਗ ਵਿਸ਼ੇਸ਼ ਦੀਆਂ ਸਮੱਸਿਆਵਾਂ ਨੂੰ ਕੇਂਦਰ ’ਚ ਲਿਆਉਂਦੀਆਂ ਹਨ। ਮਹਾਮਾਰੀ ਦੀ ਭਾਰੀ ਮਾਰ ਹੇਠ ਆਇਆ ਇਕ ਵਰਗ ਵਿਸ਼ੇਸ਼ ਔਰਤਾਂ ਦਾ ਵਰਗ ਹੈ ਜਿਸ ਨੂੰ ਕੋਰੋਨਾ ਕਾਲ ਦੀਆਂ ਮਾਰਾਂ ਮੂਹਰੇ ਹੋ ਕੇ ਸਹਿਣੀਆਂ ਪਈਆਂ ਹਨ। ਇਸੇ ਵਿਸ਼ੇਸ਼ ਵਰਗ ਦਾ ਇਕ ਹਿੱਸਾ ਕੰਮਕਾਜੀ ਔਰਤਾਂ ਹਨ ਜਿਨ੍ਹਾਂ ਲਈ ਮਹਾਮਾਰੀ ਨੇ ਜ਼ਿੰਦਗੀ ਹੋਰ ਵੀ ਔਖੀ ਬਣਾ ਦਿੱਤੀ ਹੈ। ਕੰਮਕਾਜੀ ਔਰਤਾਂ ਦੀਆਂ ਸਮੱਸਿਆਵਾਂ, ਕੋਵਿਡ-19 ਕਾਲ ਤੋਂ ਪਹਿਲਾਂ ਹੀ ਵਿਸ਼ੇਸ਼ ਰਹੀਆਂ ਹਨ। ਦਫ਼ਤਰ, ਸਕੂਲ ਜਾਂ ਫੀਲਡ ਦਾ ਕੰਮ ਕਰਨ ਵਾਲੀਆਂ ਔਰਤਾਂ ਨੂੰ ਘਰ ਅਤੇ ਬਾਹਰ ਦੇ ਕੰਮ ਦਾ ਦੂਹਰਾ ਬੋਝ ਝੱਲਣਾ ਪੈਂਦਾ ਹੈ ਜਿਸ ਨੂੰ ਆਮ ਪਰਿਵਾਰਾਂ ’ਚ ਬਹੁਤ ਵਾਰ ਹਮਦਰਦੀ ਨਾਲ ਸਮਝਿਆ ਨਹੀਂ ਜਾਂਦਾ, ਅਗਾਂਹ ਹੋ ਕੇ ਹੱਥ ਵੰਡਾਉਣਾ ਤਾਂ ਦੂਰ ਦੀ ਗੱਲ ਹੈ।

ਚਲੰਤ ਮਹਾਮਾਰੀ ਦੌਰਾਨ ਕੰਮਕਾਜੀ ਔਰਤਾਂ ਦਾ ਇਹ ਦੂਹਰਾ ਭਾਰ ਕੁਝ ਖਾਸ ਕਾਰਨਾਂ ਕਰਕੇ ਉਨ੍ਹਾਂ ਨੂੰ ਜ਼ਿਆਦਾ ਮਹਿਸੂਸ ਹੋਣ ਲੱਗਾ ਹੈ ਜਿਸ ਨੇ ਕੰਮਕਾਜੀ ਔਰਤਾਂ ਦੇ ਵੱਡੇ ਹਿੱਸੇ ਲਈ ਮਾਨਸਿਕ ਤਨਾਓ ਅਤੇ ਦਬਾਅ ਦਾ ਨਤੀਜਾ ਕੱਢਿਆ ਹੈ। ਪੇਸ਼ਾਵਰ ਔਰਤਾਂ ਦੇ ਆਪਣੇ ਆਪਣੇ ਖੇਤਰ ਵਿਚ ਵੱਧਦੇ ਕਾਰਨਾਂ ਤੇ ਤਰੱਕੀਆਂ ’ਤੇ ਧਿਆਨ ਦੇਣ ਵਾਲੀ ਜਥੇਬੰਦੀ, ਪਿੰਕ ਲੈਡਰ, ਦੁਆਰਾ ਕੀਤੇ ਅਧਿਅਨ ਤੋਂ ਸਾਹਮਣੇ ਆਇਆ ਹੈ ਕਿ ਭਾਰਤ ਵਿਚ ਮਹਾਮਾਰੀ ਦੀ ਹਾਲਤ ਵਿਚ ‘ਘਰੋ ਕੰਮ ਕਰਨ ਦੇ ਚਲਨ’ (ਵਰਕ ਫਰਾਮ ਹੋਮ) ਨੇ ਕੰਮਕਾਜੀ ਔਰਤਾਂ ਲਈ ਘਰੇਲੂ-ਪਰਿਵਾਰ ਲਈ-ਕੰਮ ਅਤੇ ਦਫ਼ਤਰੀ ਕੰਮ ਦੇ ਦੂਹਰੇ ਭਾਰ ਨੇ ਮਾਨਸਿਕ ਦਬਾਅ ਬਹੁਤ ਵਧਾ ਦਿੱਤਾ ਹੈ ਅਤੇ ਹੁਣ 10 ਵਿਚੋਂ 4 ਕੰਮਕਾਜੀ ਔਰਤਾਂ ਯਾਨੀ 40 ਪ੍ਰਤੀਸ਼ਤ ਕੰਮਕਾਜੀ ਔਰਤਾਂ ਬੇਚੈਨੀ, ਭੈਅ ਅਤੇ ਅਵਸਾਦ ਦਾ ਸ਼ਿਕਾਰ ਹੋ ਚੁੱਕੀਆਂ ਹਨ। ਅਸਲ ’ਚ ਔਰਤਾਂ ਲਈ ਘਰੇਲੂ ਕੰਮ ਅਤੇ ਦਫ਼ਤਰੀ ਕੰਮ ਨੂੰ ਸਪਸ਼ਟ ਵੰਡਦੀ ਲਕੀਰ ਘਰੋਂ ਕੰਮ ਕਰਨ ਦੀ ਸਥਿਤੀ ਨੇ ਮਿਟਾ ਹੀ ਦਿੱਤੀ ਹੈ। ਇਕ ਵੱਖਰੇ ਮਾਹੌਲ ਵਿਚ ਖਾਸ ਤਿਆਰੀ ਕਰਕੇ ਕੰਮ ਲਈ ਜਾਣਾ, ਜਿਥੇ ਕੰਮ ਕਾਰਨ ਔਰਤ ਦਾ ਸਤਕਾਰ ਵੀ ਬਣਿਆ ਹੁੰਦਾ ਹੈ, ਜੋ ਮਨੁੱਖੀ ਮਨ ਨੂੰ ਵੱਖਰੀ ਪ੍ਰਕਾਰ ਦੀ ਤਸੱਲੀ ਵੀ ਪ੍ਰਦਾਨ ਕਰਦਾ ਹੈ, ਅਤੇ ਸਿਰਫ ਉਸ ਸਮੇਂ ਦੇ ਕੰਮ ਲਈ ਸਮਰਪਿਤ ਰਹਿਣਾ ਤੇ ਕੰਮ ਸਥਾਨ ’ਤੇ ਆਪਸੀ ਸਹਿਯੋਗ ਆਦਿ ਦੇ ਖਤਮ ਹੋ ਜਾਣ ਕਾਰਨ ਕੰਮਕਾਜੀ ਔਰਤਾਂ ਲਈ ਦਿਮਾਗੀ ਸੰਤੁਸ਼ਟੀ ਦਾ ਬੂਹਾ ਬੰਦ ਹੋ ਗਿਆ ਹੈ। ਘਰੇਲੂ ਅਤੇ ਦਫ਼ਤਰੀ ਕੰਮ ਦਰਮਿਆਨ ਦਾ ਵਖਰੇਵਾਂ ਸਮਾਪਤ ਹੋਣ ਨਾਲ ਕੰਮਕਾਜੀ ਔਰਤਾਂ ਲਈ ਚੁਣੌਤੀਪੂਰਨ ਹਾਲਾਤ ਬਣ ਗਏ ਹਨ। ਇਹ ਸਿਰਫ ਭਾਰਤ ਦੀਆਂ ਹੀ ਨਹੀਂ ਸੰਸਾਰ ਭਰ ਦੀਆਂ ਕੰਮਕਾਜੀ ਔਰਤਾਂ ਲਈ ਸੱਚ ਹੈ। ਇਸ ਕਾਰਨ ਹੀ ਅਮਰੀਕਾ ’ਚ ਘਰ ਤੋਂ ਕੰਮ ਦੇ ਚਲਨ ਕਾਰਨ ਔਰਤਾਂ ਵਧੇਰੇ ਥਕਾਨ ਤੇ ਸਾਹਸਤਹੀਣਤਾ ਮਹਿਸੂਸ ਕਰ ਰਹੀਆਂ ਹਨ। ਇਥੇ 25 ਪ੍ਰਤੀਸ਼ਤ ਕੰਮਕਾਜੀ ਔਰਤਾਂ ਆਪਣਾ ਕੰਮ ਘਟਾਉਣ ਜਾਂ ਕੰਮ ਨੂੰ ਅਲਵਿਦਾ ਕਹਿਣ ਲਈ ਸੋਚ ਰਹੀਆਂ ਹਨ।
ਬਹਰਹਾਲ, ਮਹਾਮਾਰੀ ਦੀ ਸਥਿਤੀ ਨੇ ਘਰੇਲੂ ਕੰਮ, ਟੱਬਰ ਦੀ ਸੰਭਾਲ ਤੇ ਦਫ਼ਤਰੀ ਕੰਮ ਦੇ ਦਬਾਅ ਨੂੰ ਕੰਮਕਾਜੀ ਔਰਤਾਂ ਵੱਲੋਂ ਨਜਿੱਠਣ ਦੀ ਪ੍ਰਕਿਰਿਆ ਨੂੰ ਵੀ ਉਭਾਰਿਆ ਹੈ। ਟੱਬਰਾਂ ਨੂੰ ਵੀ ਇਸ ਤੱਥ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਔਰਤ ਟੱਬਰ ਦੇ ਸਹਿਯੋਗ ਤੇ ਸਹਾਇਤਾ ਬਗੈਰ ਦੋਨੋਂ ਕੰਮ ਢੰਗ ਨਾਲ ਸਿਰੇ ਨਹੀਂ ਲਾ ਸਕਦੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin