Articles

ਨਸ਼ੱਈਆਂ ਦੇ ਕਾਰਨਾਮੇ

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਨਸ਼ੱਈਆਂ ਨੇ ਲੋਕਾਂ ਦਾ ਜਿਊਣਾ ਹਰਾਮ ਕਰ ਰੱਖਿਆ ਹੈ। ਨਸ਼ੇ ਦੀ ਪੂਰਤੀ ਵਾਸਤੇ ਇੱਕ ਨਸ਼ੱਈ ਨੂੰ ਔਸਤਨ 500 ਰੁਪਏ ਰੋਜ਼ਾਨਾ ਦੀ ਜਰੂੁਰਤ ਹੁੰਦੀ ਹੈ। ਉਸ ਪੈਸੇ ਦੀ ਪੂਰਤੀ ਲਈ ਚਾਹੇ ਉਹ ਆਪਣੇ ਘਰ ਦੇ ਭਾਂਡੇ ਵੇਚਣ ਜਾਂ ਲੱੁਟ ਖੋਹ ਕਰਨ, ਉਨ੍ਹਾਂ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਮਹੀਨੇ ਦੋ ਮਹੀਨੇ ਬਾਅਦ ਅਜਿਹੀ ਦਰਦਨਾਕ ਖਬਰ ਆ ਹੀ ਜਾਂਦੀ ਹੈ ਕਿ ਕਿਸੇ ਨਸ਼ੱਈ ਨੇ ਨਸ਼ੇ ਲਈ ਪੈਸੇ ਨਾ ਮਿਲਣ ਕਾਰਨ ਆਪਣੇ ਬਾਪ ਜਾਂ ਮਾਂ ਦਾ ਕਤਲ ਕਰ ਦਿੱਤਾ ਹੈ। ਕਈ ਜ਼ੁਰਮ, ਜ਼ੁਰਮ ਦੀ ਸ਼ਰੇਣੀ ਵਿੱਚ ਆਉਂਦੇ ਹਨ ਤੇ ਕਈ ਪਾਪ ਦੀ ਸ਼ਰੇਣੀ ਵਿੱਚ। ਜੇ ਕੋਈ ਕਿਸੇ ਦਾ ਕਤਲ ਕਰਦਾ ਹੈ ਜਾਂ ਸੱਟ ਫੇਟ ਮਾਰਦਾ ਹੈ ਤਾਂ ਇਹ ਕਾਨੂੰਨ ਦੀਆਂ ਨਜ਼ਰਾਂ ਵਿੱਚ ਜ਼ੁਰਮ ਹੈ ਤੇ ਇਸ ਦੀ ਸਜ਼ਾ ਉਸ ਨੂੰ ਅਦਾਲਤ ਦੇਂਦੀ ਹੈ। ਪਰ ਜੇ ਕੋਈ ਕਿਸੇ ਦੀ ਔਲਾਦ ਨੂੰ ਨਸ਼ੇ ‘ਤੇ ਲਗਾਉਂਦਾ ਹੈ ਤਾਂ ਇਹ ਕਾਨੂੰਨ ਮੁਤਾਬਕ ਜ਼ੁਰਮ ਤਾਂ ਹੈ ਹੀ, ਪਰ ਰੱਬ ਦੀਆਂ ਨਜ਼ਰਾਂ ਵਿੱਚ ਪਾਪ ਹੈ। ਇਸ ਦੀ ਸਜ਼ਾ ਅਦਾਲਤ ਦੇ ਨਾਲ ਨਾਲ ਰੱਬ ਵੀ ਦੇਂਦਾ ਹੈ। ਅਨੇਕਾਂ ਨਸ਼ੇ ਦੇ ਸੌਦਾਗਰ ਬੁਢਾਪੇ ਵਿੱਚ ਕੀੜੇ ਪੈ ਕੇ ਮਰਦੇ ਵੇਖੇ ਗਏ ਹਨ।
ਪੁਰਾਣੇ ਸਮੇਂ ਦੀ ਗੱਲ ਹੈ ਕਿ ਤਰਨ ਤਾਰਨ ਜਿਲ੍ਹੇ ਦੇ ਇੱਕ ਪਿੰਡ ਵਿੱਚ ਅਫੀਮ ਦਾ ਇੱਕ ਬਦਨਾਮ ਸਮੱਗਲਰ ਰਹਿੰਦਾ ਸੀ। ਉਸ ਨੇ ਇਲਾਕੇ ਦੇ ਨਾਲ ਨਾਲ ਆਪਣੇ ਹੀ ਪਿੰਡ ਦੇ ਅਨੇਕਾਂ ਨੌਜਵਾਨਾਂ ਨੂੰ ਮੁਨਾਫੇ ਦੀ ਖਾਤਰ ਨਸ਼ੇ ‘ਤੇ ਲਗਾ ਦਿੱਤਾ ਸੀ। ਪਿੰਡ ਵਾਸੀਆਂ ਨੇ ਉਸ ਨੂੰ ਕਈ ਵਾਰ ਸਮਝਾਇਆ ਕਿ ਇਹ ਕੰਮ ਠੀਕ ਨਹੀਂ ਹੈ। ਪਰ ਪੈਸਾ ਕਮਾਉਣ ਦੀ ਹਿਰਸ ਵਿੱਚ ਅੰਨ੍ਹੇ ਹੋਏ ਸਮੱਗਲਰ ਨੇ ਸਭ ਨੂੰ ਠੋਕ ਕੇ ਜਵਾਬ ਦਿੱਤਾ ਕਿ ਮੈਂ ਕਿਹੜਾ ਕਿਸੇ ਨੂੰ ਘਰੋਂ ਬੁਲਾਉਣ ਜਾਂਦਾ ਹਾਂ, ਤੁਸੀਂ ਆਪਣੇ ਮੁੰਡੇ ਸੰਭਾਲ ਕੇ ਰੱਖੋ। ਦੁਖੀ ਹੋਏ ਪਿੰਡ ਵਾਲਿਆਂ ਨੇ ਮਤਾ ਪਕਾਇਆ ਤੇ ਉਸ ਦੇ ਲੜਕੇ ਨੂੰ ਹੀ ਅਫੀਮ ‘ਤੇ ਲਗਾ ਦਿੱਤਾ। ਜਦੋਂ ਆਪਣੇ ਘਰ ਨੂੰ ਅੱਗ ਲੱਗੀ ਤਾਂ ਸਮੱਗਲਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਮੁੰਡੇ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾ ਟਲਿਆ। ਹਾਰ ਕੇ ਉਸ ਨੇ ਇਹ ਸੋਚ ਕੇ ਮੁੰਡੇ ਨੂੰ ਚੁਬਾਰੇ ਵਿੱਚ ਵਿੱਚ ਬੰਦ ਕਰ ਦਿੱਤਾ ਕਿ ਹੁਣ ਇਹ ਅਫੀਮ ਕਿੱਥੋਂ ਲਏਗਾ? ਪਰ ਪਿੰਡ ਵਾਲਿਆਂ ਨੇ ਪੱਕੀ ਧਾਰੀ ਹੋਈ ਕਿ ਜੇ ਤੂੰ ਸਾਡੇ ਮੁੰਡੇ ਨਹੀਂ ਬਖਸ਼ੇ ਤਾਂ ਬਖਸ਼ਣਾ ਅਸੀਂ ਤੇਰਾ ਵੀ ਨਹੀਂ। ਉਹ ਸਮੱਗਲਰ ਕੋਲੋਂ ਅਫੀਮ ਖਰੀਦ ਕੇ ਤੇ ਡਾਂਗ ਦੇ ਅੱਗੇ ਚਿਪਕਾ ਕੇ ਮੁੰਡੇ ਨੂੰ ਚੁਬਾਰੇ ਤੱਕ ਪਹੁੰਚਾ ਦੇਂਦੇ। ਜਦੋਂ ਉਸ ਦੀਆਂ ਆਪਣੀਆਂ ਆਂਦਰਾਂ ਨੂੰ ਹੱਥ ਪਿਆ ਤਾਂ ਕਿਤੇ ਜਾ ਕੇ ਉਸ ਨੇ ਪੰਚਾਇਤ ਵਿੱਚ ਮਾਫੀ ਮੰਗ ਕੇ ਅਫੀਮ ਵੇਚਣ ਦੇ ਧੰਦੇ ਤੋਂ ਤੌਬਾ ਕੀਤੀ।
ਨਸ਼ੱਈਆਂ ਹੱਥੋਂ ਅੱਜ ਪਿੰਡਾਂ ਸ਼ਹਿਰਾਂ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਹੈ। ਟਰਾਂਸਫਾਰਮਰ, ਮੋਟਰਾਂ ਦੇ ਸਟਾਰਟਰ, ਟਰੈਕਟਰਾਂ ਦੇ ਹਲ, ਤਵੀਆਂ, ਇਥੋਂ ਤੱਕ ਕਿ ਸੜਕਾਂ ਦਰਮਿਆਨ ਲੱਗੀਆਂ ਲੋਹੇ ਦੀਆਂ ਗਰਿੱਲਾਂ ਵੀ ਪੁੱਟ ਕੇ ਵੇਚ ਦਿੱਤੀਆਂ ਗਈਆਂ ਹਨ। ਦਿਨ ਦਿਹਾੜੇ ਔਰਤਾਂ ਦੀਆਂ ਵਾਲੀਆਂ ਤੇ ਚੇਨਾਂ ਝਪਟ ਲਈਆਂ ਜਾਂਦੀਆਂ ਹਨ। ਰਿਕਸ਼ਿਆਂ ਅਤੇ ਥਰੀ ਵੀਲਰਾਂ ਵਿੱਚ ਬੈਠੀਆਂ ਜਨਾਨੀਆਂ ਇਨ੍ਹਾਂ ਦਾ ਅਸਾਨ ਸ਼ਿਕਾਰ ਬਣਦੀਆਂ ਹਨ। ਕਈ ਔਰਤਾਂ ਇਸ ਛੀਨਾ ਝਪਟੀ ਦੌਰਾਨ ਸੜਕ ‘ਤੇ ਡਿੱਗ ਕੇ ਮੌਤ ਦੇ ਮੂੰਹ ਵਿੱਚ ਜਾ ਚੁੱਕੀਆਂ ਹਨ। ਸਾਡੇ ਨਜ਼ਦੀਕੀ ਪਿੰਡ ਵਿੱਚ ਇੱਕ ਕਿਸਾਨ ਦੀ ਮੋਟਰ ਦਾ ਸਟਾਰਟਰ ਕਿਸੇ ਨੇ ਚੋਰੀ ਕਰ ਲਿਆ। ਜਦੋਂ ਸੂਹ ਕੱਢੀ ਗਈ ਤਾਂ ਪਤਾ ਲੱਗਾ ਕਿ ਇਹ ਫਲਾਣੇ ਨਸ਼ੱਈ ਦੀ ਕਰਤੂਤ ਹੈ। ਜਦੋਂ ਉਹ ਸਵੇਰੇ ਨਸ਼ੱਈ ਦੇ ਘਰ ਪਹੁੰਚਿਆ ਅੱਗੋਂ ਉਸ ਦਾ ਨਸ਼ਾ ਟੁੱਟਾ ਹੋਇਆ ਸੀ। ਬਹੁਤ ਮੁਸ਼ਕਿਲ ਨਾਲ ਘਰ ਵਾਲਿਆਂ ਨੇ ਉਸ ਨੂੰ ਖੜਾ ਕੀਤਾ। ਉਹ ਮੰਨ ਗਿਆ ਕਿ ਸਟਾਰਟਰ ਉਸ ਨੇ ਚੋਰੀ ਕੀਤਾ ਹੈ ਪਰ ਸ਼ਰਮ ਮੰਨਣ ਦੀ ਥਾਂ ਉਲਟਾ ਕਿਸਾਨ ਦੇ ਗਲ ਪੈ ਗਿਆ, “ਤੈਨੂੰ ਸਟਾਰਟਰ ਦੀ ਪਈ ਆ, ਇਥੇ ਮੇਰਾ ਆਪਣਾ ਨੁਕਸਾਨ ਹੋ ਗਿਆ। ਮੈਨੂੰ ਹੁਣ ਚੇਤਾ ਨਹੀਂ ਆ ਰਿਹਾ ਕਿ ਰਾਤ ਮੈਂ ਤੇਰੇ ਸਟਾਰਟਰ ਦੇ ਨਾਲ ਆਪਣੇ ਨਸ਼ੇ ਦੀ ਪੁੜੀ ਕਿੱਥੇ ਰੱਖ ਬੈਠਾ ਆਂ।” ਵਿਚਾਰੇ ਕਿਸਾਨ ਨੇ ਤਰਲੇ ਮਿੰਨਤਾਂ ਕਰ ਕੇ ਤੇ ਉਸ ਨੂੰ 500 ਰੁਪਏ ਨਸ਼ੇ ਵਾਸਤੇ ਦੇ ਕੇ ਆਪਣਾ ਸਟਾਰਟਰ ਵਾਪਸ ਲਿਆ
ਜਿਆਦਾਤਰ ਨਸ਼ੱਈਆਂ ਦੀ ਸਰੀਰਕ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਹੈ। ਟੀਕੇ ਲਗਾ ਲਗਾ ਕੇ ਸਰੀਰ ਵਿੰਨਿਆਂ ਪਿਆ ਹੈ। ਪੁਲਿਸ ਵੀ ਡਰਦੀ ਮਾਰੀ ਅਜਿਹੇ ਨਸ਼ੱਈਆਂ ਨੂੰ ਹੱਥ ਨਹੀਂ ਪਾਉਂਦੀ ਕਿ ਕਿਤੇ ਨਸ਼ੇ ਦੀ ਤੋਟ ਕਾਰਨ ਹਵਾਲਾਤ ਵਿੱਚ ਹੀ ਨਾ ਮਰ ਜਾਣ। ਜੇ ਕਿਸੇ ਥਾਂ ਅਜਿਹਾ ਹਾਦਸਾ ਵਾਪਰ ਜਾਵੇ ਤਾਂ ਪਰਿਵਾਰ ਵਾਲੇ ਝੱਟ ਥਾਣੇ ਦਾ ਘਿਰਾਉ ਕਰ ਦੇਂਦੇ ਹਨ ਕਿ ਸਾਡਾ ਮੁੰਡਾ ਤਾਂ ਨਸ਼ੇ ਨੂੰ ਹੱਥ ਵੀ ਨਹੀਂ ਸੀ ਲਗਾਉਂਦਾ। ਉਸ ਨੇ ਤਾਂ ਫਲਾਣੇ ਬਾਬੇ ਦਾ ਨਾਮ ਲਿਆ ਹੋਇਆ ਸੀ, ਲੈਣੇ ਦੇ ਦੇਣ ਪੈ ਜਾਂਦੇ ਹਨ। ਪੰਜਾਬ ਵਿੱਚ ਕਰੋਨਾ ਕਾਰਨ ਵੱਧ ਮੌਤਾਂ ਹੋਣ ਦਾ ਇੱਕ ਕਾਰਨ ਨਸ਼ੇ ਵੀ ਹਨ। ਨਸ਼ਿਆਂ ਕਾਰਨ ਸਰੀਰ ਦੀ ਇਮਿਊਨਿਟੀ ਘਟ ਜਾਂਦੀ ਹੈ ਤੇ ਕਰੋਨਾ ਜਿਆਦਾ ਮਾਰੂ ਅਸਰ ਕਰਦਾ ਹੈ। ਨਾਲੇ ਜਿਸ ਬੰਦੇ ਦਾ ਸਾਰਾ ਦਿਨ ਧਿਆਨ ਨਸ਼ੇ ਦਾ ਪ੍ਰਬੰਧ ਕਰਨ ਵੱਲ ਲੱਗਾ ਰਹਿੰਦਾ ਹੋਵੇ, ਉਸ ਨੇ ਕੀ ਦੋ ਗਜ਼ ਦਾ ਫਾਸਲਾ ਰੱਖਣਾ ਹੈ ਤੇ ਕੀ ਮੂੰਹ ਤੇ ਮਾਸਕ ਲਗਾਉਣਾ ਹੈ? ਪੰਜਾਬ ਨੂੰ ਲੱਗੇ ਇਸ ਕੋਹੜ ਦਾ ਖਾਤਮਾ ਕਰਨ ਲਈ ਪਰਿਵਾਰਾਂ, ਸਮਾਜਿਕ ਸੰਸਥਾਵਾਂ ਅਤੇ ਪੁਲਿਸ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin