Articles

ਮਾਂ ਦਿਵਸ ‘ਤੇ ਵਿਸ਼ੇਸ਼: ਲਾਕਡਾਊਨ ਵਿਚ ਮਾਂ ਦਿਵਸ ਕਿਵੇਂ ਮਨਾਈਏ ?

ਲੇਖਕ: ਨਵਨੀਤ ਢਿਲੋਂ

ਉਂਝ ਤਾਂ ਮਾਂ ਨਾਲ ਬਿਤਾਇਆ ਹਰ ਦਿਨ ਅਹਿਮ ਹੈ ਤੇ ਮਾਂ ਦੇ ਲਈ ਕੋਈ ਖਾਸ ਦਿਨ ਨਹੀਂ ਬਣ ਸਕਦਾ ਪਰ ਸੰਸਾਰ ਦੇ ਬਹੁਤੇ ਦੇਸ਼ਾਂ ਵਿਚ ਮਾਂ ਦਿਵਸ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਾਂਵਾਂ ਦੇ ਸਨਮਾਨ ਵਿਚ ਮਨਾਇਆ ਜਾਂਦਾ ਹੈ । ਮਾਵਾਂ ਦੇ ਉਸ ਪਿਆਰ ਤੇ ਤਿਆਗ ਲਈ ਜੋ ਉਹ ਬਿਨਾਂ ਸ਼ਰਤ ਆਪਣੇ ਬੱਚਿਆਂ ਲਈ ਕਰਦੀਆਂ ਹਨ । ਮਾਂ ਆਦਿ ਕਾਲ ਤੋਂ ਹੀ ਪਿਆਰ ਤੇ ਤਿਆਗ ਦੀ ਮੂਰਤੀ ਰਹੀ ਹੈ । ਮਾਂ ਤੋਂ ਵੀ ਵਧੇਰੇ ਮਹਾਨ ਉਸਦੀ ਮਮਤਾ ਹੈ, ਜੋ ਉਮਰ ਭਰ ਆਪਣੇ ਬੱਚਿਆਂ ਲਈ ਖਤਮ ਨਹੀਂ ਹੁੰਦੀ । ਅੱਜ ਦੀ ਔਰਤ ਭਾਵੇਂ ਵਧੇਰੇ ਮਾਡਰਨ ਹੋ ਚੁੱਕੀ ਹੈ ਪਰ ਅੱਜ ਦੀ ਮਾਂ ਵਿਚ ਵੀ ਮਮਤਾ ਆਪਣੇ ਬੱਚਿਆਂ ਲਈ ਬਰਕਰਾਰ ਹੈ।

ਮਾਂ ਦਿਵਸ ‘ਤੇ ਬੱਚੇ ਆਪਣੀਆਂ ਮਾਵਾਂ ਲਈ ਗਿਫਟ ਖਰੀਦਦੇ ਹਨ ਤੇ ਕੇਕ ਕੱਟਦੇ ਹਨ । ਇਸਤੋਂ ਇਲਾਵਾ ਕਈ ਆਪਣੀ ਮਾਂ ਲਈ ਵਿਸ਼ੇਸ਼ ਪਕਵਾਨ ਬਣਾਉਂਦੇ ਹਨ । ਪਰ ਸਾਲ 2020 ਵਿਚ ਜਿੱਥੇ ਕਰੋਨਾ ਵਾਇਰਸ ਕਰਕੇ ਪੂਰੇ ਭਾਰਤ ਦੇਸ਼ ਵਿਚ ਲਾਕਡਾਊਨ ਹੈ ਤੇ ਬਹੁਤੇ ਬੱਚੇ ਆਪਣੀਆਂ ਮਾਵਾਂ ਤੋਂ ਦੂਰ ਹਨ । ਖਾਸ ਕਰ ਕੇ ਕੁੜੀਆਂ ਜੋ ਦੂਰ ਵਿਆਹੀਆਂ ਹੋਣ ਕਾਰਨ ਇਸ ਸਾਲ ਮਾਂ ਦਿਵਸ ਆਪਣੀ ਮਾਂ ਨਾਲ ਨਹੀਂ ਮਨਾ ਸਕਦੀਆਂ । ਉਨ੍ਹਾਂ ਨੂੰ ਇਸ ਦਿਨ ਨੂੰ ਮਨਾਉਣ ਲਈ ਇਸ ਵਾਰ ਵਧੇਰੇ ਸਿਰਜਨਾਤਮਕ ਹੋਣਾ ਪਵੇਗਾ । ਕਿਉਂਕਿ ਲਾਕਡਾਊਨ ਦਾ ਮਤਲਬ ਇਹ ਨਹੀਂ ਹੈ ਕਿ ਇਹ ਦਿਨ ਮਨਾਉਣ ‘ਤੇ ਪਾਬੰਦੀ ਹੈ ।

2020 ਵਿਚ, ਕੋਵਿਡ -19 ਸੰਕਟ ਦੇ ਮੱਦੇਨਜ਼ਰ, ਸਾਡੇ ਵਿਚੋਂ ਬਹੁਤ ਸਾਰੇ ਇਸ ਗੱਲ ‘ਤੇ ਵਿਚਾਰ ਕਰ ਰਹੇ ਹਨ ਕਿ ਕਿਵੇਂ ਮਾਂਵਾਂ ਨੂੰ ਵਧੇਰੇ ਮਾਨਤਾ ਦਿੱਤੀ ਜਾਵੇ । ਸਭ ਤੋਂ ਅਹਿਮ ਚੀਜ਼ ਜੋ ਤੁਸੀਂ ਆਪਣੀ ਮਾਂ ਨੂੰ ਦੇ ਸਕਦੇ ਹੋ ਉਹ ਹੈ ਸਮਾਂ । ਕਿਉਂਕਿ ਲਾਕਡਾਊਨ ਕਾਰਨ ਬਹੁਤੇ ਲੋਕ ਆਪਣੇ ਘਰ ਵਿਚ ਹੀ ਹਨ ਤੇ ਜੇਕਰ ਤੁਹਾਡੇ ਮਾਪੇ ਤੁਹਾਡੇ ਨਾਲ ਰਹਿੰਦੇ ਹਨ ਤਾਂ ਇਹ ਬਹੁਤ ਵਧੀਆ ਮੌਕਾ ਹੈ ਉਨ੍ਹਾਂ ਨਾਲ ਗੱਲਾਂ ਕਰਕੇ ਉਨ੍ਹਾਂ ਦਾ ਮਨ ਖੁਸ਼ ਰੱਖਣ ਦਾ । ਕਿਉਂਕਿ ਅੱਜ ਦੀ ਦੌੜ ਭੱਜ ਵਾਲੀ ਜ਼ਿੰਦਗੀ ‘ਚ ਅਸੀਂ ਆਪਣੇ ਮਾਪਿਆਂ ਨਾਲ ਬੈਠ ਕੇ ਲੰਮੀ ਗੱਲ ਹੀ ਨਹੀਂ ਕਰ ਪਾਉਂਦੇ ਹਾਂ । ਜੇਕਰ ਤੁਹਾਡੀ ਮਾਂ ਤੁਹਾਡੇ ਤੋਂ ਦੂਰ ਰਹਿੰਦੀ ਹੈ ਤਾਂ ਤੁਸੀਂ ਉਸ ਨਾਲ ਫੋਨ ਤੇ ਜਾਂ ਵੀਡੀਓ ਕਾਲ ਰਾਹੀਂ ਲੰਮੀ ਗੱਲਬਾਤ ਕਰਦਿਆਂ ਮਾਂ ਦਿਵਸ ਮਨਾ ਸਕਦੇ ਹੋ ।

ਇਸ ਮੌਕੇ ਸਾਰੇ ਭੈਣ ਭਰਾ ਇਕੱਠੇ ਰੂਪ ਵਿਚ ਆਪਣੀਆਂ ਤੇ ਮਾਂ ਦੀਆਂ ਫੋਟੋਆਂ ਨੂੰ ਲੈ ਕੇ ਵੀਡੀਓ ਵੀ ਬਣਾ ਸਕਦੇ ਹਨ ਜਿਸ ਨੂੰ ਦੇਖਕੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਣ ਤੇ ਤੁਹਾਡੀ ਮਾਂ ਨੂੰ ਬਹੁਤ ਵਧੀਆ ਲੱਗੇ । ਤੁਸੀਂ ਆਪਣੀ ਮਾਂ ਲਈ ਵਿਸ਼ੇਸ਼ ਕਾਰਡ ਬਣਾ ਕੇ ਵੀ ਭੇਜ ਸਕਦੇ ਹੋ । ਇਸ ਤੋਂ ਇਲਾਵਾ ਤੁਸੀਂ ਆਪਣੀ ਮਾਂ ਦੇ ਪਸੰਦੀਦਾ ਗੀਤ ਜਾਂ ਫਿਲਮਾਂ ਦੇ ਲਿੰਕ ਵਟਸਐਪ ‘ਤੇ ਭੇਜ ਸਕਦੇ ਹੋ । ਜਿਸ ਨਾਲ ਤੁਹਾਡੀ ਮਾਂ ਨੂੰ ਬਹੁਤ ਚੰਗਾ ਲੱਗੇਗਾ ।

ਇਸ ਮੌਕੇ ਵਧੇਰੀ ਉਮਰ ਦੇ ਮਾਪਿਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਰੋਨਾ ਵਾਇਰਸ ਨੇ ਵੱਡੀ ਉਮਰ ਦੇ ਲੋਕਾਂ ਨੂੰ ਹੀ ਵਧੇਰੇ ਆਪਣਾ ਸ਼ਿਕਾਰ ਬਣਾਇਆ ਹੈ । ਜੇਕਰ ਤੁਹਾਡੇ ਮਾਪਿਆਂ ਦੀ ਕੋਈ ਦਵਾਈ ਚੱਲਦੀ ਹੈ ਤਾਂ ਉਸ ਦਵਾਈ ਦਾ ਨਿਰੰਤਰ ਇਸਤੇਮਾਲ ਕੀਤਾ ਜਾਵੇ ਅਤੇ ਆਪਣੇ ਮਾਪਿਆਂ ਨੂੰ ਕਿਸੇ ਵੀ ਫਲੂ ਤੋਂ ਬਚਾਉਣ ਲਈ ਸਮਾਜਿਕ ਦੂਰੀ ਦੀ ਵਰਤੋਂ ਲਾਜ਼ਮੀ ਕਰਨੀ ਯਕੀਨੀ ਬਣਾਈ ਜਾਵੇ ਅਤੇ ਕਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਵਲੋਂ ਜਾਰੀ ਸਾਰੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ।

ਵੈਸੇ ਤਾਂ ਮਾਂ ਦੀ ਸਿਫਤ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਮਾਂ ਦੇ ਮਾਣ ਸਤਿਕਾਰ ਲਈ ਕੁਝ ਅੱਖਰ ਲਿਖਣ ਦੀ ਕੋਸ਼ਿਸ਼ ਕੀਤੀ ਹੈ । ਮੇਰੇ ਵਲੋਂ ਬੇਨਤੀ ਹੈ ਕਿ ਇਸ ਵਾਰ ਸਭ ਕੁਝ ਬੰਦ ਹੋਣ ਕਾਰਨ ਆਪਾਂ ਆਪਣੀਆਂ ਮਾਵਾਂ ਨੂੰ ਕੋਈ ਗਿਫਟ ਤਾਂ ਨਹੀਂ ਦੇ ਸਕਦੇ ਪਰ ਇਸ ਵਾਰ ਕੋਸ਼ਿਸ਼ ਕਰੋ ਕਿ ਜੇਕਰ ਮਾਂ ਦੇ ਮਨ ‘ਚ ਕੋਈ ਗੱਲ ਹੈ ਜੋ ਉਹ ਤੁਹਾਨੂੰ ਕਹਿਣਾ ਚਾਹੁੰਦੀ ਹੈ ਉਸਨੂੰ ਬੁੱਝਿਆ ਜਾਵੇ ਤੇ ਇਸ ਦੌਰ ਵਿਚ ਉਸਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿਉਂਕਿ ਕੁਲਦੀਪ ਮਾਣਕ ਜੀ ਨੇ ਵੀ ਗਾਇਆ ਕਿ

“ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ, ਮਾਂ ਹੈ ਠੰਢੜੀ ਛਾਂ ਓ ਦੁਨੀਆਂ ਵਾਲਿਓ”

*****

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin