Articles

ਕਰੋਨਾਵਾਇਰਸ ਮਹਾਂਮਾਰੀ ਅਤੇ ਫਲੂਅ ਦਾ ਟੀਕਾ

ਲੇਖਕ: ਹਰਪਾਲ ਸਿੰਘ ਸੰਧੂ, ਮੈਲਬੌਰਨ

ਆਖਰੀ ਖਬਰਾਂ ਆਉਣ ਤੱਕ ਦੁਨੀਆਂ ਭਰ ਵਿੱਚ ਕਰੋਨਾਵਾਇਰਸ ਸਵਾ ਦੋ ਲੱਖ ਤੋਂ ਵੀ ਵੱਧ ਇਨਸਾਨਾਂ ਦੀ ਜਾਨ ਲੈ ਚੁੱਕਿਆ ਹੈ। ਇਸ ਵਾਇਰਸ ਦੇ ਨਾਲ ਤੇਤੀ ਲੱਖ ਤੋਂ ਜ਼ਿਆਦਾ ਲੋਕ ਪੀੜਤ ਹਨ। ਇਸ ਦੇ ਨਾਲ ਚੰਗੀ ਖਬਰ ਇਹ ਵੀ ਹੈ ਕਿ ਦਸ ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਹ ਕਿਵੇਂ ਸ਼ੁਰੂ ਹੋਇਆ ਇਸ ਦੀ ਪੁਸ਼ਟੀ ਅਗਲੇ ਕੁਝ ਮਹੀਨਿਆਂ ਵਿੱਚ ਹੋ ਜਾਣ ਦੀ ਆਸ ਹੈ।
ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਵਾਇਰਸ ਫੇਫੜਿਆਂ ਅਤੇ ਸਾਰੀ ਸਾਹ ਪ੍ਰਣਾਲੀ ਉਪਰ ਬੁਰਾ ਅਸਰ ਪਾਉਂਦਾ ਹੈ। ਪਰ ਸਾਡੇ ਵਿਚਾਰ ਦਾ ਵਿਸ਼ਾ ਇਸ ਵਾਰੀ ਕਰੋਨਾਵਾਇਰਸ ਨਹੀਂ ਸਗੋਂ ਫਲੂਅ ਦਾ ਵਾਇਰਸ ਹੈ। ਫਲੂਅ ਵੀ ਇਨਸਾਨਾਂ ਦੀ ਸਾਹ ਪ੍ਰਣਾਲੀ ਉੱਤੇ ਹੀ ਅਸਰ ਕਰਦਾ ਹੈ। ਆਸਟ੍ਰੇਲੀਆ ਵਿੱਚ ਸਰਦੀਆਂ ਦਾ ਮੌਸਮ ਆ ਰਿਹਾ ਹੈ ਅਤੇ ਕੁਝ ਖੇਤਰਾਂ ਵਿੱਚ ਸਰਦੀ ਸ਼ੁਰੂ ਵੀ ਹੋ ਗਈ ਹੈ।
ਪ੍ਰਾਪਤ ਅੰਕੜਿਆਂ ਦੇ ਅਨੁਸਾਰ ਆਸਟ੍ਰੇਲੀਆ ਵਿੱਚ ਫਲੂਅ ਨਾਲ ਹਰ ਸਾਲ 3000 ਲੋਕੀਂ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਲੱਗਭੱਗ 18,000 ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪੈਂਦਾ ਹੈ ਅਤੇ ਲੱਗਭੱਗ 300,000 ਨੂੰ ਆਪਣੇ ਡਾਕਟਰ ਕੋਲ ਦਵਾਈ ਲੈਣ ਲਈ ਜਾਣਾ ਪੈਂਦਾ ਹੈ। ਇਹਨਾਂ ਸਰਦੀਆਂ ਵਿੱਚ ਆਪਣੇ ਆਪ ਨੂੰ ਫਲੂਅ ਤੋਂ ਬਚਾਉਣ ਅਤੇ ਹਰ ਕਿਸੇ ਨੂੰ ਆਪਣਾ ਫਲੂਅ ਦਾ ਟੀਕਾ ਲਵਾਉਣ ਦੀ ਅਪੀਲ ਕੀਤੀ ਜਾਂਦੀ ਹੈ।
ਫਲੂਅ ਆਮ ਜ਼ੁਕਾਮ ਵਰਗਾ ਨਹੀਂ ਹੁੰਦਾ ਹੈ, ਇਹ ਬੜੀ ਜਲਦੀ ਹਮਲਾ ਕਰ ਸਕਦਾ ਹੈ ਅਤੇ ਕੁਝ ਹਫ਼ਤਿਆਂ ਲਈ ਰਹਿ ਸਕਦਾ ਹੈ, ਜਿਸ ਦਾ ਮਤਲਬ ਕੰਮ ਅਤੇ ਸਕੂਲ ਤੋਂ ਛੁੱਟੀ ਅਤੇ ਪਰਿਵਾਰ ਤੇ ਦੋਸਤਾਂ ਤੋਂ ਦੂਰ ਰਹਿਣਾ ਪੈਂਦਾ ਹੈ। ਇਹ ਜ਼ਰੂਰੀ ਹੈ ਕਿ ਸਾਰੇ ਆਸਟ੍ਰੇਲੀਆ ਵਾਸੀਆਂ ਨੂੰ ਪਤਾ ਹੋਵੇ ਕਿ ਉਹ ਫਲੂਅ ਨਾਲ ਬਿਮਾਰ ਹੋਣ ਤੇ ਇਸ ਨੂੰ ਅੱਗੇ ਫੈਲਾਉਣ ਤੋਂ ਬਚਾਅ ਲਈ ਕੀ ਕਰ ਸਕਦੇ ਹਨ।
ਫਲੂਅ ਦੇ ਸਭ ਤੋਂ ਜ਼ਿਆਦਾ ਆਮ ਲੱਛਣਾਂ ਵਿੱਚ ਅਚਾਨਕ ਬਹੁਤ ਤੇਜ਼ ਬੁਖਾਰ ਦਾ ਹੋਣਾ (38ੰ ਸੈਂਟੀਗਰੇਡ ਜਾਂ ਵੱਧ), ਸੁੱਕੀ ਖੰਘ, ਸਰੀਰ ਦਾ ਦੁੱਖਣਾ, ਖਾਸ ਤੌਰ ਤੇ ਸਿਰ, ਹੇਠਲੀ ਪਿੱਠ ਤੇ ਲੱਤਾਂ ਅਤੇ ਬਹੁਤ ਜ਼ਿਆਦਾ ਕਮਜ਼ੋਰ ਅਤੇ ਥੱਕਿਆ ਮਹਿਸੂਸ ਕਰਨਾ।
ਫਲੂਅ ਵਾਇਰਸ ਥੁੱਕ, ਛਿੱਕਾਂ, ਖੰਘ ਅਤੇ ਵਗਦੇ ਨੱਕ ਦੀਆਂ ਲੱਗਭੱਗ ਨਾ ਦਿਸਣ ਵਾਲੀਆਂ ਬਰੀਕ ਛੋਟੀਆਂ ਬੂੰਦਾਂ ਵਿੱਚ ਹੁੰਦਾ ਹੈ। ਇਹ ਵਾਇਰਸ ਦੋ ਮੀਟਰ ਤੱਕ ਸਫਰ ਕਰ ਸਕਦਾ ਹੈ ਅਤੇ ਤਲਾਂ ਉਪਰ 48 ਘੰਟਿਆਂ ਤੱਕ ਜਿਊਂਦਾ ਰਹਿ ਸਕਦਾ ਹੈ। ਇਹ ਉਦੋਂ ਫੈਲਦਾ ਹੈ ਜਦੋਂ ਲੋਕ ਲਾਗ ਲੱਗੇ ਕਿਸੇ ਤਲ ਨੂੰ ਛੂੰਹਦੇ ਹਨ, ਜਿਵੇਂ ਦਰਵਾਜ਼ਿਆਂ ਦੇ ਮੁੱਠੇ, ਟੂਟੀਆਂ, ਹੱਥ ਪਾਉਣ ਵਾਲੇ ਡੰਡੇ ਆਦਿ। ਇਸੇ ਕਾਰਣ ਫਲੂਅ ਕਿਸੇ ਨੂੰ ਵੀ ਲੱਗ ਸਕਦਾ ਹੈ – ਭਾਂਵੇਂ ਕਿ ਤੁਸੀਂ ਚੰਗੇ ਭਲੇ ਅਤੇ ਤੰਦਰੁਸਤ ਹੋਵੋ।
ਫਲੂਅ ਤੋਂ ਰੱਖਿਆ ਦਾ ਸਭ ਤੋਂ ਵਧੀਆ ਤਰੀਕਾ ਫਲੂਅ ਦਾ ਟੀਕਾ ਹੈ। ਕਮਜ਼ੋਰ ਲੋਕਾਂ, ਜਿਵੇਂ ਬੱਚਿਆਂ, ਬਜ਼ੁਰਗਾਂ ਅਤੇ ਪੁਰਾਣੀ ਲੰਮੀ ਬਿਮਾਰੀ ਵਾਲੇ ਲੋਕਾਂ ਜਾਂ ਕੀਟਾਣੂਆਂ ਨਾਲ ਲੜਨ ਵਾਲੀ ਕਮਜ਼ੋਰ ਪ੍ਰਣਾਲੀ ਵਾਲੇ ਲੋਕਾਂ ਵਾਸਤੇ, ਫਲੂਅ ਦੇ ਨਾਲ ਗੰਭੀਰ ਅਤੇ ਤਬਾਹਕੁਨ ਨਤੀਜੇ ਨਿਕਲ ਸਕਦੇ ਹਨ। ਗਰਭਵਤੀ ਔਰਤਾਂ ਵਿੱਚ ਇਹ ਬੱਚੇ ਨੂੰ ਜਨਮ ਤੋਂ ਕਈ ਮਹੀਨੇ ਬਾਅਦ ਤੱਕ ਵੀ ਬਚਾਈ ਰੱਖਦਾ ਹੈ, ਜਦ ਤੱਕ ਬੱਚੇ ਨੂੰ ਟੀਕਾ ਲੱਗ ਨਹੀਂ ਜਾਂਦਾ।
ਇਸੇ ਕਰਕੇ ਸੁਨੇਹਾ ਬਿਲਕੁਲ ਸਾਦਾ ਹੈ – ਕਿ ਆਪਣੇ ਫਲੂਅ ਦੇ ਟੀਕੇ ਨੂੰ ਕਦੇ ਨਾ ਭੁੱਲੋ। ਫਲੂਅ ਦਾ ਟੀਕਾ ਲਗਵਾ ਕੇ ਤੁਸੀਂ ਇਕੱਲੇ ਆਪਣੇ ਆਪ ਨੂੰ ਨਹੀਂ ਬਚਾਅ ਰਹੇ, ਤੁਸੀਂ ਉਹਨਾਂ ਕਮਜ਼ੋਰ ਲੋਕਾਂ ਦਾ ਵੀ ਬਚਾਅ ਕਰ ਰਹੇ ਹੋ ਜੋ ਆਪਣੇ ਆਪ ਟੀਕਾ ਨਹੀਂ ਲਗਵਾ ਸਕਦੇ ਜਿਵੇਂ ਕਿ ਛੇ ਮਹੀਨਿਆਂ ਤੋਂ ਛੋਟੇ ਬੱਚੇ ਜਿੰਨ੍ਹਾਂ ਦੀ ਕੀਟਾਣੂਆਂ ਨਾਲ ਲੜਨ ਵਾਲੀ ਪ੍ਰਣਾਲੀ ਕਮਜ਼ੋਰ ਹੈ।
ਫਲੂਅ ਦੀ ਸਿਖਰ ਵਾਲੀ ਰੁੱਤ ਵਾਸਤੇ, ਜੋ ਕਿ ਆਮ ਤੌਰ ਤੇ ਜੂਨ ਤੋਂ ਸਤੰਬਰ ਤੱਕ ਹੁੰਦੀ ਹੈ, ਸੋ ਹਰ ਕਿਸੇ ਨੂੰ ਹੁਣ ਆਪਣਾ ਸਾਲਾਨਾ ਫਲੂਅ ਦਾ ਟੀਕਾ ਲਗਵਾ ਲੈਣਾ ਚਾਹੀਦਾ ਹੈ। ਪਰੰਤੂ, ਟੀਕਾਕਰਨ ਵਾਸਤੇ ਕਦੇ ਵੀ ਦੇਰ ਨਹੀਂ ਹੁੰਦੀ ਕਿਉਂਕਿ ਫਲੂਅ ਸਾਰੇ ਸਾਲ ਦੇ ਦੌਰਾਨ ਫੈਲ ਸਕਦਾ ਹੈ। ਫਲੂਅ ਦਾ ਟੀਕਾ ਹੁਣ ਡਾਕਟਰਾਂ, ਭਾਈਚਾਰੇ ਦੇ ਟੀਕਾਕਰਨ ਸੈਸ਼ਨਾਂ ਅਤੇ ਬਹੁਤ ਸਾਰੇ ਦਵਾਈਆਂ ਵੇਚਣ ਵਾਲਿਆਂ ਕੋਲ ਉਪਲਬਧ ਹੈ। ਕਈ ਦਵਾਈਆਂ ਵੇਚਣ ਵਾਲੇ 16 ਸਾਲ ਦੀ ਉਮਰ ਤੋਂ ਵੱਡੇ ਲੋਕਾਂ ਨੂੰ ਫਲੂਅ ਦਾ ਟੀਕਾ ਲਗਾਉਣ ਦੇ ਯੋਗ ਹਨ।
ਸਾਰੇ 65 ਸਾਲ ਤੋਂ ਵੱਡੀ ਉਮਰ ਦੇ ਲੋਕਾਂ, ਛੇ ਮਹੀਨੇ ਤੋਂ ਲੈ ਕੇ ਪੰਜ ਸਾਲ ਤੋਂ ਛੋਟੀ ਉਮਰ ਦੇ ਬੱਚਿਆਂ, ਗਰਭਵਤੀ ਔਰਤਾਂ, ਮੂਲਵਾਸੀਆਂ ਤੇ ਟੌਰੈਸ ਸਟਰੇਟ ਟਾਪੂ ਦੇ ਲੋਕਾਂ ਅਤੇ ਲੰਮੀ ਬਿਮਾਰੀ ਦੀ ਅਵਸਥਾ ਵਾਲੇ ਕੋਈ ਜਾਂ ਕੀਟਾਣੂਆਂ ਨਾਲ ਲੜਨ ਵਾਲੀ ਕਮਜ਼ੋਰ ਪ੍ਰਣਾਲੀ ਵਾਲੇ ਲੋਕ ਮੁਫ਼ਤ ਫਲੂਅ ਦਾ ਟੀਕਾ ਲਗਵਾਉਣ ਦੇ ਯੋਗ ਹਨ।
ਇੱਥੇ ਕੁਝ ਹੋਰ ਵੀ ਸੌਖੇ ਕਦਮ ਹਨ ਜੋ ਕਰੋਨਾਵਾਇਰਸ ਵਾਂਗ ਫਲੂਅ ਦੇ ਵਾਇਰਸ ਤੋਂ ਬਚਾਅ ਅਤੇ ਇਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਲੈ ਜਾ ਸਕਦੇ ਹਨ, ਜਿਵੇਂ ਕਿ ਆਪਣੀ ਕੂਹਣੀ ਵਿੱਚ ਖੰਘਣਾ ਜਾਂ ਛਿੱਕਣਾ ਅਤੇ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ। ਜੇਕਰ ਤੁਸੀਂ ਬਿਮਾਰ ਹੋ, ਕੰਮ ਅਤੇ ਹੋਰ ਜਗ੍ਹਾਵਾਂ ਤੋਂ ਦੂਰ ਰਹੋ ਜਿੱਥੇ ਤੁਸੀਂ ਫਲੂਅ ਨੂੰ ਫੈਲਾਓਗੇ।
ਸੰਸਾਰ ਪੱਧਰ ਤੇ ਹੁਣ ਤੱਕ ਹੋਈਆਂ ਖੋਜਾਂ ਦੇ ਅਨੁਸਾਰ, ਫਲੂਅ ਵੈਕਸੀਨ ਸੁਰੱਖਿਅਤ ਅਤੇ ਪ੍ਰਭਾਵੀ ਹੈ ਅਤੇ ਇਸ ਵਿੱਚ ਕੋਈ ਜਿਊਂਦਾ ਵਾਇਰਸ ਨਹੀਂ ਹੁੰਦਾ, ਸੋ ਇਹ ਤੁਹਾਨੂੰ ਫਲੂਅ ਨਹੀਂ ਕਰਵਾਏਗਾ। ਕਈ ਵਾਰੀ ਸਵਾਲ ਉੱਠਦਾ ਹੈ ਕਿ ਮੈਂ ਪਿਛਲੇ ਸਾਲ ਫਲੂਅ ਦਾ ਟੀਕਾ ਲਗਵਾਇਆ ਸੀ, ਸੋ ਇਸ ਵਾਰ ਦੋਬਾਰਾ ਲਗਵਾਉਣ ਦੀ ਕੀ ਲੋੜ ਹੈ। ਇਸ ਦਾ ਡਾਕਟਰੀ ਜਵਾਬ ਇਹ ਹੈ ਕਿ ਫਲੂਅ ਦੇ ਰੋਗਾਣੂਆਂ ਦੀਆਂ ਕਿਸਮਾਂ ਲਗਾਤਾਰ ਬਦਲ ਜਾਂਦੀਆਂ ਹਨ। ਇਸ ਵਾਸਤੇ ਆਪਣੇ ਬਚਾਅ ਲਈ ਫਲੂਅ ਦਾ ਟੀਕਾ ਹਰ ਸਾਲ ਲਗਵਾਉਣਾ ਜ਼ਰੂਰੀ ਹੈ।
ਫਲੂਅ ਦਾ ਵਾਇਰਸ ਕਰੋਨਾਵਾਇਰਸ ਵਾਂਗ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਕੋਈ ਵੀ ਇਸ ਦੇ ਪ੍ਰਭਾਵ ਥੱਲੇ ਆ ਸਕਦਾ ਹੈ, ਇਸ ਕਾਰਣ ਹਰ ਕਿਸੇ ਲਈ ਇਹ ਮਹੱਤਵਪੂਰਣ ਹੈ ਕਿ ਫਲੂਅ ਦੀ ਇਸ ਰੁੱਤੇ ਭਾਈਚਾਰੇ ਦਾ ਹਰ ਕੋਈ ਵਿਅਕਤੀ ਆਪਣੇ ਆਪ ਨੂੰ ਬਚਾਵੇ। ਜਦੋਂ ਜ਼ਿਆਦਾ ਲੋਕਾਂ ਨੂੰ ਟੀਕਾ ਲੱਗਿਆ ਹੋਇਆ ਹੁੰਦਾ ਹੈ, ਥੋੜ੍ਹੇ ਲੋਕ ਬਿਮਾਰ ਹੁੰਦੇ ਹਨ ਜਾਂ ਫਲੂਅ ਤੋਂ ਜਿੰਦਗੀ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਘੱਟ ਪੇਚੀਦਗੀਆਂ ਨੂੰ ਭੁਗਤਦੇ ਹਨ।
ਇਸ ਕਾਰਣ ਆਪਣੇ ਫਲੂਅ ਦੇ ਸਾਲਾਨਾ ਟੀਕੇ ਨੂੰ ਅੱਜ ਹੀ ਲਗਵਾਉਣਾ ਬਹੁਤ ਅਹਿਮ ਹੈ। ਮੀਡੀਏ ਵਿੱਚ ਆਈਆਂ ਖਬਰਾਂ ਅਨੁਸਾਰ ਕੁਝ ਇਲਾਕਿਆਂ ਵਿੱਚ ਫਲੂਅ ਦੇ ਟੀਕਿਆਂ ਦੀ ਥੋੜ੍ਹ ਚੱਲ ਰਹੀ ਹੈ। ਇਸ ਵਾਸਤੇ ਬੇਨਤੀ ਹੈ ਕਿ ਆਪ ਜੀ ਆਪਣਾ ਨਾਮ ਡਾਕਟਰ ਜਾਂ ਟੀਕਾ ਲਗਾਉਣ ਵਾਲੇ ਕੋਲ ਲਿਖਵਾ ਦਿਓ। ਜਦੋਂ ਵੀ ਉਹਨਾਂ ਕੋਲ ਟੀਕੇ ਆਉਣਗੇ ਤਾਂ ਉਹ ਆਪ ਜੀ ਨੂੰ ਬੁਲਾ ਲੈਣਗੇ।
ਜੇਕਰ ਤੁਹਾਨੂੰ ਫਲੂਅ ਹੋ ਜਾਂਦਾ ਹੈ, ਆਪਣੇ ਆਪ ਦਾ ਧਿਆਨ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਆਰਾਮ ਕਰਨਾ, ਘਰੇ ਰਹੋ ਅਤੇ ਬਹੁਤ ਤਰਲ ਪਦਾਰਥ ਪੀਓ। ਜੇਕਰ ਤੁਹਾਨੂੰ ਆਪਣੇ ਲੱਛਣਾਂ ਕਰਕੇ ਡਾਕਟਰ ਕੋਲ ਜਾਣ ਦੀ ਲੋੜ ਹੈ, ਤੁਸੀਂ ਪਹਿਲਾਂ ਫੋਨ ਕਰਕੇ ਇਹ ਯਕੀਨੀ ਬਣਾਓ ਕਿ ਜਦੋਂ ਤੁਹਾਡੀ ਮੁਲਾਕਾਤ ਦਾ ਸਮਾਂ ਹੋਵੇ ਤਾਂ ਉਹ ਯਕੀਨੀ ਬਨਾਉਣ ਕਿ ਉਸ ਸਮੇਂ ਖਤਰੇ ਵਾਲੇ ਸਮੂਹ ਦਾ ਕੋਈ ਵੀ ਵਿਅਕਤੀ ਉੱਥੇ ਨਾ ਹੋਵੇ।
ਤੁਸੀਂ ਫਲੂਅ ਨਾਲ ਬਿਮਾਰ ਹੋਣ ਦੇ ਬਾਅਦ ਸੱਤ ਦਿਨਾਂ ਤੱਕ ਦੂਸਰੇ ਵਿਅਕਤੀ ਨੂੰ ਲਾਗ ਲਗਾ ਸਕਦੇ ਹੋ, ਸੋ ਫਲੂਅ ਨੂੰ ਫੈਲਣ ਤੋਂ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਜਦੋਂ ਤੁਸੀਂ ਠੀਕ ਨਹੀਂ ਹੋ, ਤਾਂ ਘਰ ਹੀ ਰਹੋ। ਹੋਰ ਜ਼ਿਆਦਾ ਜਾਣਕਾਰੀ ਲੈਣ ਵਾਸਤੇ ਆਪ ਜੀ ਮੇਰੇ ਨਾਲ 0425 853 086 ਉਪਰ ਸੰਪਰਕ ਕਰ ਸਕਦੇ ਹੋ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin