Story

ਮੰਤਰੀ ਦਾ ਦਿਮਾਗ !

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਮੰਤਰੀ ਜੀ ਨੂੰ ਕਿਸੇ ਬਹੁਤ ਹੀ ਜਰੂਰੀ ਕੰਮ ਲਈ ਖੁਦ ਬੈਂਕ ਵਿੱਚ ਪਧਾਰਨਾ ਪਿਆ। ਜਦੋਂ ਉਸ ਨੇ ਕਲਰਕ ਨੂੰ ਆਪਣੇ ਮਕਸਦ ਬਾਰੇ ਦੱਸਿਆ ਤਾਂ ਕਾਨੂੰਨ ਦੇ ਕੀੜੇ ਕਲਰਕ ਨੇ ਆਈ.ਡੀ. ਪਰੂਫ ਮੰਗ ਲਿਆ। ਮੰਤਰੀ ਦਾ ਪਾਰਾ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ, “ਉਏ ਤੂੰ ਮੈਨੂੰ ਨਈਂ ਜਾਣਦਾ? ਮੈਂ ਮੰਤਰੀ ਘੁਟਾਲਾ ਚੰਦ ਆਂ। ਮੈਨੂੰ ਵੇਖ ਕੇ ਤਾਂ ਮੁੱਖ ਮੰਤਰੀ ਦੀਆਂ ਟੰਗਾਂ ਕੰਬਣ ਲੱਗ ਪੈਂਦੀਆਂ ਨੇ।” ਕਲਰਕ ਬਾਦਸ਼ਾਹ ਵੀ ਬੈਂਕ ਦੇ ਅੰਦਰ ਆਪਣੇ ਆਪ ਨੂੰ ਰੱਬ ਤੋਂ ਘੱਟ ਨਹੀਂ ਸਮਝਦੇ ਹੁੰਦੇ, “ਜਰੂਰ ਹੋਵੋਗੇ ਤੁਸੀਂ ਮੰਤਰੀ, ਪਰ ਨਿਯਮ ਸਭ ਲਈ ਬਰਾਬਰ ਹਨ।” ਜਦੋਂ ਧਮਕੀਆਂ ਨਾਲ ਕੰਮ ਨਾ ਬਣਿਆ ਤਾਂ ਮੰਤਰੀ ਨੇ ਬਟੂਆ ਖੋਲ੍ਹ ਕੇ ਆਈਡੈਂਟੀ ਕਾਰਡ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਉਸ ਨੂੰ ਮੰਤਰੀਪੁਣੇ ਅਤੇ ਗੰਨਮੈਨਾਂ ਦੀ ਹੈਂਕੜਬਾਜ਼ੀ ਕਾਰਨ ਆਈਡੈਂਟੀ ਕਾਰਡ ਦੀ ਕਦੇ ਜਰੂਰਤ ਹੀ ਨਹੀਂ ਸੀ ਪਈ। ਥੱਕ ਹਾਰ ਕੇ ਆਖਰ ਉਸ ਨੂੰ ਅੱਕ ਚੱਬਣਾ ਪਿਆ, “ਯਾਰ ਮੇਰੇ ਕੋਲ ਤਾਂ ਕੋਈ ਆਈ.ਡੀ. ਪਰੂਫ ਨਈਂ ਹੈ, ਹੁਣ ਮੈਂ ਕੀ ਕਰਾਂ? ਮੇਰਾ ਤਾਂ ਕੰਮ ਬਹੁਤ ਜਰੂਰੀ ਸੀ, ਖਾਤਾ ਬਲਾਕ ਹੋਇਆ ਪਿਆ ਆ।”

ਅੰਦਰੇ ਅੰਦਰ ਹੱਸਦੇ ਹੋਏ ਕਲਰਕ ਨੇ ਸੋਚਿਆ ਬੱਚੂ ਹੁਣ ਆਇਆ ਕਾਬੂ, ਤੂੰ ਤਾਂ ਬੰਦੇ ਨੂੰ ਬੰਦਾ ਨਹੀਂ ਸੀ ਸਮਝਦਾ, “ਵੇਖੋ ਜੀ ਆਈ.ਡੀ. ਪਰੂਫ ਤਾਂ ਵਿਖਾਉਣਾ ਪਊ। ਜੇ ਨਹੀਂ ਹੈਗਾ ਤਾਂ ਆਪਣੇ ਮੰਤਰਾਲੇ ਬਾਰੇ ਕੋਈ ਅਜਿਹੀ ਗੱਲ ਦੱਸੋ ਕਿ ਅਸੀਂ ਮੰਨ ਲਈਏ ਕਿ ਤੁਸੀਂ ਸੱਚੀਂ ਮੰਤਰੀ ਉ। ਕੱਲ੍ਹ ਕਰਤਾਰ ਭਲਵਾਨ ਆਇਆ ਸੀ, ਉਸ ਨੇ ਸਾਡੇ ਗਾਰਡ ਨਾਲ ਕੁਸ਼ਤੀ ਲੜ ਕੇ ਵਿਖਾਈ। ਪਰਸੋਂ ਮਹਿੰਦਰ ਸਿੰਘ ਧੋਨੀ ਆਇਆ ਸੀ, ਉਸ ਨੇ ਬੈਟਿੰਗ ਕਰ ਕੇ ਵਿਖਾਈ। ਇੱਕ ਦਿਨ ਸਲਮਾਨ ਖਾਨ ਵੀ ਆਇਆ ਸੀ, ਉਸ ਨੇ ਮੁੰਨੀ ਬਦਨਾਮ ਹੂਈ ਗਾਣੇ ‘ਤੇ ਡਾਂਸ ਕਰ ਕੇ ਵਿਖਾਇਆ। ਅਸੀਂ ਉਨ੍ਹਾਂ ਕੋਲ ਆਈ.ਡੀ. ਪਰੂਫ ਨਾ ਹੋਣ ਦੇ ਬਾਵਜੂਦ ਵੀ ਸਮਝ ਗਏ ਕਿ ਇਹ ਸਹੀ ਆਦਮੀ ਨੇ।”  ਮੰਤਰੀ ਘਬਰਾ ਗਿਆ, “ਯਾਰ ਮੈਨੂੰ ਤਾਂ ਆਪਣੇ ਮੰਤਰਾਲੇ ਬਾਰੇ ਕੁਝ ਵੀ ਪਤਾ ਨਈਂ। ਮੇਰੀ ਖੋਪੜੀ ਵਿੱਚ ਕੁਝ ਨਹੀਂ ਆ ਰਿਹਾ, ਦਿਮਾਗ ਈ ਖਾਲੀ ਹੋਇਆ ਪਿਆ ਆ। ਮੈਂ ਤਾਂ ਕਰਦਾ ਈ ਕੁਝ ਨਈਂ, ਸਾਰਾ ਕੰਮ ਕਾਜ ਅਫਸਰ ਈ ਚਲਾਈ ਜਾਂਦੇ ਨੇ। ਹੁਣ ਮੈਂ ਕੀ ਕਰਾਂ?”  ਕਲਰਕ ਹੱਸ ਪਿਆ, “ਬੱਸ ਹਜ਼ੂਰ ਬੱਸ, ਹੁਣ ਕਿਸੇ ਆਈ.ਡੀ. ਪਰੂਫ ਦੀ ਜਰੂਰਤ ਨਈਂ। ਮੈਂ ਸਮਝ ਗਿਆ, ਤੁਸੀਂ ਵਾਕਿਆ ਈ ਮੰਤਰੀ ਉ।”

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin