Story

ਰੱਬ ਦੀ ਚੋਰੀ

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਇੱਕ ਧਾਰਮਿਕ ਸਥਾਨ ਵਿੱਚ ਚੋਰੀ ਹੋ ਗਈ। ਚੋਰਾਂ ਨੇ ਗੋਲਕ ਸਮੇਤ ਸਾਰੇ ਕੀਮਤੀ ਸਮਾਨ ਨੂੰ ਝਾੜੂ ਫੇਰ ਦਿੱਤਾ। ਧਰਮ ਸਥਾਨ ਦੇ ਠੇਕੇਦਾਰ ਨੇ ਹਾਏ ਤੋਬਾ ਮਚਾ ਦਿੱਤੀ। ਦੰਗੇ ਹੋਣ ਦੇ ਡਰੋਂ ਪੁਲਿਸ ਵੀ ਮਿੰਟੋ ਮਿੰਟੀ ਪਹੁੰਚ ਗਈ। ਮੌਕੇ ‘ਤੇ ਪਹੁੰਚਿਆ ਥਾਣੇਦਾਰ ਕੁਝ ਤਰਕਸ਼ੀਲ ਕਿਸਮ ਦਾ ਬੰਦਾ ਸੀ। ਉਸ ਨੇ ਠੇਕੇਦਾਰ ਪੁੱਛਿਆ, “ਕੀ ਗੱਲ ਹੋ ਗਈ ਮਹਾਰਾਜ? ਕਿਉਂ ਐਨਾ ਬ੍ਰਹਮ ਕ੍ਰੋਧ ਪ੍ਰਗਟਾ ਰਹੇ ਹੋ?” ਠੇਕੇਦਾਰ ਨੇ ਦੋਹੱਥੜ ਮਾਰੇ, “ਥਾਣੇਦਾਰ ਸਾਹਿਬ, ਘੋਰ ਕਲਯੁੱਗ ਆ ਗਿਆ ਹੈ, ਰੱਬ ਦਾ ਘਰ ਵੀ ਨਹੀਂ ਬਖਸ਼ਿਆ ਪਾਪੀਆਂ ਨੇ। ਜੇ ਭਗਤ ਭੜਕ ਪਏ ਤਾਂ ਥਾਣੇ ਨੂੰ ਅੱਗ ਵੀ ਲੱਗ ਸਕਦੀ ਹੈ।” ਥਾਣੇਦਾਰ ਨੇ ਠਰੰਮੇ ਨਾਲ ਕਿਹਾ, “ਮਹਾਰਾਜ, ਪੈਸੇ ਤਾਂ ਰੱਬ ਦੇ ਚੋਰੀ ਹੋਏ ਨੇ, ਤੁਸੀਂ ਕਿਉਂ ਥਾਣੇ ਨੂੰ ਅੱਗ ਲਗਾਉਣ ਤੁਰ ਪਏ ਉ?  ਆਪਣਾ ਕੰਮ ਰੱਬ ਆਪੇ ਵੇਖ ਲਵੇਗਾ।” ਠੇਕੇਦਾਰ ਨੇ ਭੂਤਰੇ ਸਾਹਣ ਵਾਂਗ ਥਾਣੇਦਾਰ ਵੱਲ ਵੇਖਿਆ, “ਚੋਰਾਂ ਨੇ ਗਲਤ ਕੰਮ ਕੀਤਾ ਆ। ਰੱਬ ਦਾ ਘਰ ਹੀ ਅਪਵਿੱਤਰ ਕਰ ਦਿੱਤਾ ਹੈ।” ਥਾਣੇਦਾਰ ਫਿਰ ਅਰਾਮ ਨਾਲ ਬੋਲਿਆ, “ਜੋ ਕਰੇਗਾ, ਸੋ ਭਰੇਗਾ। ਚੋਰਾਂ ਨੇ ਸਹੀ ਕੀਤਾ ਹੈ ਜਾਂ ਗਲਤ, ਇਸ ਦਾ ਫੈਸਲਾ ਰੱਬ ਆਪ ਕਰੇਗਾ।”
ਠੇਕੇਦਾਰ ਥਾਣੇਦਾਰ ਦੇ ਗਲ ਪੈਣ ਵਾਲਾ ਹੋ ਗਿਆ, “ਤੂੰ ਆਪਣਾ ਗਿਆਨ ਆਪਣੇ ਕੋਲ ਰੱਖ। ਚੋਰੀ ਕਰਨਾ ਪਾਪ ਹੈ, ਇਹ ਰੱਬ ਦਾ ਅਪਮਾਨ ਹੈ।” ਥਾਣੇਦਾਰ ਸ਼ਾਂਤੀ ਦੀ ਮੂਰਤ ਬਣਿਆ ਠੇਕੇਦਾਰ ਦੀ ਹਾਲਤ ਦਾ ਸਵਾਦ ਲੈ ਰਿਹਾ ਸੀ, “ਇਹ ਕੰੰਮ ਰੱਬ ਨੇ ਹੀ ਕਰਵਾਇਆ ਹੈ। ਉਸ ਦੀ ਮਰਜ਼ੀ ਬਗੈਰ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ।” ਠੇਕੇਦਾਰ ਦਾ ਬਲੱਡ ਪਰੈਸ਼ਰ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ, “ਪਰ ਇਸ ਘੋਰ ਪਾਪ ਲਈ ਚੋਰਾਂ ਨੂੰ ਦੰਡ ਮਿਲਣਾ ਜਰੂਰੀ ਹੈ, ਨਹੀਂ ਰੱਬ ਨਰਾਜ਼ ਹੋ ਜਾਵੇਗਾ।” ਥਾਣੇਦਾਰ ਨੇ ਫਿਰ ਗਿਆਨ ਝਾੜਿਆ, “ਮਹਾਰਾਜ ਜੀ, ਅਸੀਂ ਕੀ ਲੈ ਕੇ ਆਏ ਸੀ ਤੇ ਕੀ ਲੈ ਕੇ ਜਾਵਾਂਗੇ? ਅਸੀਂ ਕੌਣ ਹੁੰਦੇ ਹਾਂ ਕਿਸੇ ਨੂੰ ਦੰਡ ਦੇਣ ਵਾਲੇ। ਰੱਬ ਆਪੇ ਦੰਡ ਦੇਵੇਗਾ ਇਨ੍ਹਾਂ ਪਾਪੀ ਚੋਰਾਂ ਨੂੰ।” ਜੇ ਕਿਤੇ ਥਾਣੇਦਾਰ ਨੇ ਵਰਦੀ ਨਾ ਪਾਈ ਹੁੰਦੀ ਤਾਂ ਠੇਕੇਦਾਰ ਨੇ ਉਸ ਨੂੰ ਢਾਹ ਲੈਣਾ ਸੀ, “ਤੂੰ ਬਹੁਤਾ ਸਿਆਣਾ ਨਾ ਬਣ, ਮੈਨੂੰ ਤਾਂ ਆਪਣਾ ਪੈਸਾ ਚਾਹੀਦਾ ਬੱਸ। ਚੋਰ ਪਕੜੋ ਤੇ ਮੇਰਾ ਪੈਸਾ ਮੇਰੇ ਹਵਾਲੇ ਕਰੋ।” ਥਾਣੇਦਾਰ ਦਾ ਦਿਲ ਕਰੇ ਕਿ ਕੱਸ ਕੇ ਇੱਕ ਚਪੇੜ ਠੇਕੇਦਾਰ ਦੇ ਕੰਨ ‘ਤੇ ਰਸੀਦ ਕਰੇ। ਪਰ ਧਰਮ ਅੰਧਾਂ ਦੀ ਭੀੜ ਵੇਖ ਕੇ ਆਪਣਾ ਗੁੱਸਾ ਵਿੱਚੇ ਵਿੱਚ ਪੀ ਗਿਆ। ਪਰ ਫਿਰ ਵੀ ਠੇਕੇਦਾਰ ਨੂੰ ਸ਼ਰਮਿੰਦਾ ਕਰਨ ਲਈ ਬੋਲਿਆ, “ਤਾਂ ਫਿਰ ਇਹ ਕਹਿ ਨਾ ਕਿ ਪੈਸਾ ਤੇਰਾ ਹੈ, ਰੱਬ ਨੂੰ ਕਿਉਂ ਬਦਨਾਮ ਕਰ ਰਿਹਾਂ ਆਪਣੇ ਇਸ ਗੋਰਖ ਧੰਦੇ ਖਾਤਰ?”

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin