Articles

ਲੋਕ ਨਿੱਜੀ ਜੀਵਨ ਵਿਚ ਵੀ ਅਸੰਤੁਸ਼ਟ 

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਜੇ ਮਨ ਪ੍ਰਸੰਨ ਹੋਵੇ ਤਾਂ ਆਪਣੇ ਕੋਲ ਜੋ ਵੀ ਥੋੜ੍ਹਾ-ਬਹੁਤਾ ਹੁੰਦਾ ਹੈ, ਉਹੀ ਕਾਫ਼ੀ ਹੁੰਦਾ ਹੈ ਪਰ ਅੱਜ ਦੇ ਹਾਲਾਤ ਵਿਚ ਸਾਡਾ ਮਨ ਚੰਗਾ ਨਹੀਂ ਹੋ ਪਾ ਰਿਹਾ ਹੈ ਅਤੇ ਸਿਹਤ ਤੇ ਖ਼ੁਸ਼ਹਾਲੀ ਦੀ ਜਗ੍ਹਾ ਰੋਗਾਂ-ਸਾੜਿਆਂ ਕਾਰਨ ਲੋਕਾਂ ਦਾ ਜੀਵਨ ਅਸਤ-ਵਿਅਸਤ ਹੁੰਦਾ ਜਾ ਰਿਹਾ ਹੈ। ਲੋਕ ਨਿੱਜੀ ਜੀਵਨ ਵਿਚ ਵੀ ਅਸੰਤੁਸ਼ਟ ਹਨ। ਸੰਸਥਾ ਅਤੇ ਸਮੁਦਾਇ ਲਈ ਵੀ ਉਨ੍ਹਾਂ ਦਾ ਯੋਗਦਾਨ ਘੱਟ ਹੁੰਦਾ ਜਾ ਰਿਹਾ ਹੈ। ਸਮਾਜ ਦੇ ਪੱਧਰ ‘ਤੇ ਜੀਵਨ ਦੀ ਗੁਣਵੱਤਾ ਘੱਟ ਰਹੀ ਹੈ ਅਤੇ ਹਿੰਸਾ, ਭ੍ਰਿਸ਼ਟਾਚਾਰ, ਜਬਰ-ਜਨਾਹ, ਅਪਰਾਧ ਅਤੇ ਸਮਾਜਿਕ ਪੱਖਪਾਤ ਵਰਗੀਆਂ ਘਟਨਾਵਾਂ ਵੱਧ ਰਹੀਆਂ ਹਨ। ਚਿੰਤਾ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਘਟਨਾਵਾਂ ਪ੍ਰਤੀ ਸੰਵੇਦਨਸ਼ੀਲਤਾ ਵੀ ਘੱਟ ਰਹੀ ਹੈ। ਇਸ ਤਰ੍ਹਾਂ ਦੇ ਬਦਲਾਅ ਦਾ ਇਕ ਵੱਡਾ ਕਾਰਨ ਸਾਡੀ ਵਿਸ਼ਵ ਦ੍ਰਿਸ਼ਟੀ ਵੀ ਹੈ। ਅਸੀਂ ਇਕ ਨਵੇਂ ਤਰੀਕੇ ਦਾ ਭੌਤਿਕ ਆਤਮ-ਬੋਧ ਵਿਕਸਤ ਕਰ ਰਹੇ ਹਾਂ ਜੋ ਸਭ ਕੁਝ ਤਤਕਾਲੀ ਪ੍ਰਤੱਖ ਤਕ ਸੀਮਤ ਰੱਖਦਾ ਹੈ। ਕਦੇ ਅਸੀਂ ਸਾਰੇ ਪੂਰੀ ਸ੍ਰਿਸ਼ਟੀ ਨੂੰ ਈਸ਼ਵਰ ਦੇ ਕਰੀਬ ਦੇਖਦੇ ਸਾਂ ਅਤੇ ਸਭ ਵਿਚਾਲੇ ਨੇੜਤਾ ਵੀ ਸੀ। ਆਦਮੀ ਧਨ-ਦੌਲਤ ਹੀ ਨਹੀਂ ਸਗੋਂ ਧਰਮ, ਅਰਥ, ਕਾਮ ਅਤੇ ਮੁਕਤੀ ਚਾਰਾਂ ਟੀਚਿਆਂ ਦੀ ਉਪਲਬਧੀ ਲਈ ਯਤਨਸ਼ੀਲ ਰਹਿੰਦਾ ਸੀ ਪਰ ਆਧੁਨਿਕ ਚੇਤਨਾ ਨੇ ਧਰਮ-ਯੁਕਤ ਸਮਾਜ ਦੀ ਕਲਪਨਾ ਕੀਤੀ ਹੈ ਅਤੇ ਮਨੁੱਖ ਦੀ ਬੁੱਧੀ ਨੂੰ ਰੱਬ ਦੇ ਭਾਵ ਤੋਂ ਮੁਕਤ ਕਰ ਦਿੱਤਾ ਹੈ। ਇਸ ਨੇ ਸਭ ਨੂੰ ਭੌਤਿਕ ਸੁੱਖ ਦੇ ਸਾਧਨ ਜੁਟਾਉਣ ਲਗਾ ਦਿੱਤਾ ਹੈ ਜਿਸ ਦੇ ਨਸ਼ੇ ਵਿਚ ਸਾਰੇ ਦੌੜ ਰਹੇ ਹਨ ਪਰ ਦੌੜ ਪੂਰੀ ਨਹੀਂ ਹੋ ਰਹੀ। ਇਸੇ ਕਾਰਨ ਇਨਸਾਨ ਅਤ੍ਰਿਪਤ ਵੇਦਨਾ ਤੋਂ ਵੀ ਦੁਖੀ ਹਨ। ਇਸੇ ਮ੍ਰਿਗਤ੍ਰਿਸ਼ਨਾ ਦੇ ਨਾ ਸਹਿਣ ਯੋਗ ਹੋਣ ‘ਤੇ ਲੋਕ ਖ਼ੁਦਕੁਸ਼ੀਆਂ ਵੀ ਕਰਨ ਲੱਗੇ ਹਨ। ਜੀਵਨ ਦਾ ਗਣਿਤ ਹੁਣ ਵਿਗਿਆਨ ਦੇ ਈਸ਼ਵਰ ਰਹਿਤ ਹੁੰਦੇ ਦੌਰ ਵਿਚ ਲੜਖੜਾਉਣ ਲੱਗਾ ਹੈ। ਇਸ ਦੇ ਮਾੜੇ ਨਤੀਜੇ ਸਾਹਮਣੇ ਹਨ। ਆਪਣੇ ਅਤੇ ਪਰਾਏ, ਮੈਂ ਅਤੇ ਤੂੰ ਅਤੇ ਅਸੀਂ ਅਤੇ ਉਹ ਵਿਚਾਲੇ ਖੱਪਾ ਵੱਧਦਾ ਹੀ ਜਾ ਰਿਹਾ ਹੈ। ਸਾਰੇ ਆਪੋ-ਆਪਣੇ ‘ਮੈਂ’ ਅਰਥਾਤ ਸਵਾਰਥ ਲਈ ਯਤਨਸ਼ੀਲ ਹਨ। ਅਜਿਹੇ ਵਿਚ ਸ਼ਾਂਤੀ, ਆਨੰਦ, ਸੁੱਖ, ਮਸਤੀ, ਪ੍ਰਸੰਨਤਾ, ਖ਼ੁਸ਼ੀਆਂ-ਖੇੜੇ ਆਦਿ ਸ਼ਬਦ ਹੁਣ ਲੋਕਾਂ ਦੀ ਆਮ ਗੱਲਬਾਤ ਤੋਂ ਬਾਹਰ ਹੋ ਰਹੇ ਹਨ। ਅੱਜ ਸਰੀਰ ਨੂੰ ਭੋਗ ਦੀ ਵਸਤੂ ਬਣਾ ਕੇ ਉਸ ਨੂੰ ਸਾਡੀ ਚੇਤਨਾ ਦਾ ਇਕ ਖ਼ਾਸ ਹਿੱਸਾ ਬਣਾ ਦਿੱਤਾ ਗਿਆ ਹੈ। ਸਰੀਰ ਦਾ ਰੱਖ-ਰਖਾਅ ਅਤੇ ਪੇਸ਼ਕਾਰੀ ਅੱਜ ਇਕ ਜ਼ਰੂਰੀ ਅਤੇ ਪੇਚੀਦਾ ਕੰਮ ਹੋ ਗਿਆ ਹੈ। ਤੇਜ਼ ਸਮਾਜਿਕ ਬਦਲਾਅ ਦੇ ਦੌਰ ‘ਚ ਅੱਜ ਮਨੋਰੋਗੀਆਂ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਕੋਵਿਡ-19 ਮਹਾਮਾਰੀ ਦੌਰਾਨ ਆਰਥਿਕ ਸੰਕਟ ਅਤੇ ਉਜਾੜੇ ਵਰਗੀਆਂ ਮੁਸ਼ਕਲਾਂ ਨੇ ਮਾਨਸਿਕ ਰੋਗਾਂ ਜਿਹੀਆਂ ਚੁਣੌਤੀਆਂ ਹੋਰ ਵਧਾ ਦਿੱਤੀਆਂ ਹਨ। ਸਰੀਰਕ ਕੰਮ ਦੀ ਅਣਹੋਂਦ ਕਾਰਨ ਮੋਟਾਪਾ, ਸ਼ੂਗਰ ਅਤੇ ਦਿਲ ਦੇ ਰੋਗ ਵੱਧ ਰਹੇ ਹਨ। ਇਸ ਸਭ ਦੇ ਪਿੱਛੇ ਸਾਡੇ ਵੱਲੋਂ ਜ਼ਰੂਰਤ ਅਤੇ ਲੋਭ ਵਿਚਾਲੇ ਫ਼ਰਕ ਨੂੰ ਨਾ ਸਮਝ ਸਕਣਾ ਇਕ ਵੱਡਾ ਕਾਰਨ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin