India

ਲੋਕ ਸਭਾ ਚੋਣਾਂ ਦੇ ਦੂਜੇ ਗੇੜ ’ਚ 13 ਸੂਬਿਆਂ ਦੀਆਂ 88 ਸੀਟਾਂ ’ਤੇ ਪਈਆਂ ਵੋਟਾਂ

ਨਵੀਂ ਦਿੱਲੀ -18ਵੀਂਆਂ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ’ਚ ਸ਼ੁੱਕਰਵਾਰ (26 ਅਪ੍ਰੈਲ) ਨੂੰ 13 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 88 ਸੀਟਾਂ ’ਤੇ ਵੋਟਿੰਗ ਹੋਈ। ਸਭ ਤੋਂ ਵੱਧ ਮਤਦਾਨ ਤਿ੍ਰਪੁਰਾ ਵਿੱਚ 77.93% ਰਿਹਾ। ਸਭ ਤੋਂ ਘੱਟ ਮਤਦਾਨ ਮਹਾਰਾਸ਼ਟਰ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਲਗਭਗ 53% ਰਿਹਾ। 2019 ਦੀਆਂ ਆਮ ਚੋਣਾਂ ’ਚ ਇਨ੍ਹਾਂ ਸੀਟਾਂ ’ਤੇ 70.05 ਫੀਸਦੀ ਵੋਟਿੰਗ ਹੋਈ ਸੀ।
ਵੋਟਿੰਗ ਤੋਂ ਬਾਅਦ ਇਸ ਬਾਰੇ ਪੀ.ਐਮ. ਨਰਿੰਦਰ ਮੋਦੀ ਦਾ ਟਵੀਟ ਵੀ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਨੇ ਸ਼ਾਮ ਕਰੀਬ 7 ਵਜੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਵੋਟਿੰਗ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਪੀ.ਐਮ. ਨੇ ਲਿਖਿਆ, ‘ਦੂਜਾ ਪੜਾਅ ਬਹੁਤ ਵਧੀਆ ਰਿਹਾ! ਭਾਰਤ ਭਰ ਦੇ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਵੋਟ ਪਾਈ। ਵੋਟਿੰਗ ਦੌਰਾਨ ਮਨੀਪੁਰ ਦੇ ਉਖਰੁਲ ਤੋਂ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਕੁਝ ਸ਼ੱਕੀ ਵਿਅਕਤੀ ਇੱਕ ਬੂਥ ਵਿੱਚ ਦਾਖ਼ਲ ਹੋਏ ਸਨ। ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਦੋਸ਼ ਲਾਇਆ ਕਿ ਲੋਕਤੰਤਰ ਨੂੰ ਹਾਈਜੈਕ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਛੱਤੀਸਗੜ੍ਹ ਦੇ ਗਰਿਆਬੰਦ ਜ਼ਿਲ੍ਹੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਬੂਥ ਡਿਊਟੀ ਦੌਰਾਨ ਆਪਣੇ ਆਪ ਨੂੰ ਗੋਲੀ ਮਾਰ ਲਈ। ਉਹ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ।
ਤਿ੍ਰਣਮੂਲ ਕਾਂਗਰਸ ਨੇ ਦੋਸ਼ ਲਾਇਆ ਕਿ ਕੇਂਦਰੀ ਬਲਾਂ ਨੇ ਬੰਗਾਲ ਦੀਆਂ ਦੋ ਲੋਕ ਸਭਾ ਸੀਟਾਂ ਬਲੂਰਘਾਟ ਅਤੇ ਰਾਏਗੰਜ ਵਿੱਚ ਔਰਤਾਂ ਨੂੰ ਵੋਟ ਪਾਉਣ ਤੋਂ ਰੋਕਿਆ। ਬਲੂਰਘਾਟ ’ਚ ਬੰਗਾਲ ਭਾਜਪਾ ਪ੍ਰਧਾਨ ਸੁਕਾਂਤ ਮਜੂਮਦਾਰ ਅਤੇ ਤਿ੍ਰਣਮੂਲ ਵਰਕਰਾਂ ਵਿਚਾਲੇ ਝੜਪ ਵੀ ਹੋਈ।

ਦੂਜੇ ਪੜਾਅ ਵਿੱਚ ਲੋਕ ਸਭਾ ਸਪੀਕਰ ਓਮ ਬਿਰਲਾ, 5 ਕੇਂਦਰੀ ਮੰਤਰੀ, 2 ਸਾਬਕਾ ਮੁੱਖ ਮੰਤਰੀ ਅਤੇ 3 ਫਿਲਮੀ ਸਿਤਾਰੇ ਚੋਣ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ ਰਾਹੁਲ ਗਾਂਧੀ, ਸ਼ਸ਼ੀ ਥਰੂਰ ਅਤੇ ਹੇਮਾ ਮਾਲਿਨੀ ਦੀਆਂ ਸੀਟਾਂ ’ਤੇ ਵੀ ਵੋਟਿੰਗ ਹੋਈ।
ਬਾਹਰੀ ਮਣੀਪੁਰ ਦੇ ਕੁਝ ਹਿੱਸਿਆਂ ਵਿੱਚ ਮੁੜ ਵੋਟਿੰਗ ਹੋਈ। ਚੋਣ ਕਮਿਸ਼ਨ ਨੇ ਇਸ ਸੀਟ ਲਈ ਦੋ ਪੜਾਵਾਂ ਵਿੱਚ ਚੋਣਾਂ ਦਾ ਐਲਾਨ ਕੀਤਾ ਸੀ।
ਚੋਣ ਕਮਿਸ਼ਨ ਮੁਤਾਬਕ ਦੂਜੇ ਪੜਾਅ ’ਚ 1,202 ਉਮੀਦਵਾਰ ਮੈਦਾਨ ’ਚ ਹਨ। ਇਨ੍ਹਾਂ ਵਿੱਚੋਂ 1,098 ਪੁਰਸ਼ ਅਤੇ 102 ਮਹਿਲਾ ਉਮੀਦਵਾਰ ਹਨ। ਦੋ ਉਮੀਦਵਾਰ ਤੀਜੇ ਲਿੰਗ ਦੇ ਹਨ।
ਅੱਜ ਕੇਰਲ ਦੀਆਂ ਸਾਰੀਆਂ 20, ਕਰਨਾਟਕ ਦੀਆਂ 14, ਰਾਜਸਥਾਨ ਦੀਆਂ 13, ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀਆਂ 8-8, ਮੱਧ ਪ੍ਰਦੇਸ਼ ਦੀਆਂ 6, ਅਸਾਮ ਅਤੇ ਬਿਹਾਰ ਦੀਆਂ 5-5, ਪੱਛਮੀ ਬੰਗਾਲ ਅਤੇ ਛੱਤੀਸਗੜ੍ਹ ਦੀਆਂ 3-3, ਤਿ੍ਰਪੁਰਾ ਦੀਆਂ 1-1 ਸੀਟਾਂ ’ਤੇ ਵੋਟਿੰਗ ਹੋ ਰਹੀ ਹੈ। ਜੰਮੂ-ਕਸ਼ਮੀਰ ਦੀਆਂ ਦੋਵੇਂ ਲੋਕ ਸਭਾ ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ।
18ਵੀਂ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਲਈ ਚੋਣ ਕਮਿਸ਼ਨ ਵੱਲੋਂ ਸੁਰੱਖਿਆ ਅਤੇ ਹੋਰ ਪ੍ਰਬੰਧ ਪੁਖਤਾ ਕੀਤੇ ਗਏ ਹਨ। ਕੁੱਲ 16 ਕਰੋੜ ਵੋਟਰਾਂ ਲਈ 1 ਲੱਖ 67 ਹਜ਼ਾਰ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਪਹਿਲੇ ਪੜਾਅ ਵਿੱਚ 19 ਅਪ੍ਰੈਲ ਨੂੰ 102 ਸੀਟਾਂ ’ਤੇ ਵੋਟਿੰਗ ਹੋਈ ਸੀ। ਸੱਤਵੇਂ ਅਤੇ ਆਖ਼ਰੀ ਪੜਾਅ ਵਿੱਚ 1 ਜੂਨ ਨੂੰ ਵੋਟਿੰਗ ਹੋਣੀ ਹੈ। ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਆਉਣਗੇ।

Related posts

ਮਾਓਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ ਰਾਹੁਲ:ਮੋਦੀ

editor

ਮੋਦੀ ਨੇ 22 ਲੋਕਾਂ ਨੂੰ ਅਰਬਪਤੀ ਬਣਾਇਆ, ਅਸੀਂ ਕਰੋੜਾਂ ਨੂੰ ਲੱਖਪਤੀ ਬਣਾਵਾਂਗੇ: ਰਾਹੁਲ

editor

ਜੰਮੂ-ਕਸ਼ਮੀਰ ’ਚ ਵੋਟਿੰਗ ਤੋਂ ਪਹਿਲਾਂ 2 ਅਤਿਵਾਦੀ ਹਮਲੇ, ਭਾਜਪਾ ਨੇਤਾ ਤੇ ਇਕ ਜੋੜੇ ’ਤੇ ਗੋਲੀਬਾਰੀ

editor