Articles

ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਨੇ ‘ਆਪ’ ਦੀ ਜਿੱਤ ਦੀ ਖੁਸ਼ੀ ਨਿਵੇਕਲੇ ਢੰਗ ਨਾਲ ਮਨਾਈ !

ਲੇਖਕ: ਮੁਹੰਮਦ ਜਮੀਲ ਜੌੜਾ ਐਡਵੋਕੇਟ, ਕਿਲਾ ਰਹਿਮਤਗੜ੍ਹ, ਸੰਗਰੂਰ

ਜਦੋਂ ਵੀ ਕਿਤੇ ਬਦਲਾਅ (ਤਬਦੀਲੀ) ਆਉਂਦਾ ਹੈ ਤਾਂ ਉਸ ਦੇ ਕੁਝ ਕਾਰਣ ਸਪਸ਼ਟ ਦਿਖਦੇ ਹਨ ਅਤੇ ਕੁਝ ਲੁਕਵੇਂ ਵੀ ਹੁੰਦੇ ਹਨ ਇਸੇ ਤਰ੍ਹਾ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਮਜ਼ਬੂਤ ਹੋਣ ਅਤੇ ਸਰਕਾਰ ਬਣਾਉਣ ਵਿੱਚ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦਾ ਬਹੁਤ ਅਹਿਮ ਰੋਲ ਰਿਹਾ ਹੈ । ਪੰਜਾਬ ਅੰਦਰ ‘ਆਪ’ ਦੀ ਬਣੀ ਸਰਕਾਰ ਦੀ ਖੁਸ਼ੀ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਬਹੁਤ ਹੀ ਨਿਵੇਕਲੇ ਢੰਗ ਨਾਲ ਮਨਾਈ ਹੈ ਜਿਸ ਨੂੰ ਪਾਠਕਾਂ ਨਾਲ ਸਾਂਝਾ ਕਰਨ ਲਈ ਮੈਂ ਅਮਰੀਕਾ ਦੇ ਪ੍ਰਸਿੱਧ ਵਿਦਵਾਨ ਸੁਖਦੇਵ ਸਿੰਘ ਝੰਡ ਦਾ ਲੇਖ ਸਾਂਝਾ ਕਰ ਰਿਹਾ ਹਾਂ । ਪੰਜਾਬ ਵਿਧਾਨ ਸਭਾ ਲਈ 20 ਫ਼ਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਚਾਰ ਹੋਰ ਰਾਜਾਂ ਉੱਤਰ ਪ੍ਰਦੇਸ਼, ਉੱਤਰਾ ਖੰਡ, ਗੋਆ ਅਤੇ ਮਨੀਪੁਰ ਦੇ ਨਾਲ 10 ਮਾਰਚ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 8.00 ਵਜੇ ਸ਼ੁਰੂ ਹੋਈ ਅਤੇ ਕੈਨੇਡਾ ਦੇ ਟੋਰਾਂਟੋ ਏਰੀਏ ਵਿਚ ਉਦੋਂ 9 ਮਾਰਚ ਦੀ ਰਾਤ ਦੇ 9.30 ਵੱਜੇ ਸਨ। ਬਰੈਂਪਟਨ ਵਿਚ ਆਮ ਆਦਮੀ ਪਾਰਟੀ ਦੇ ਸਮੱਰਥਕਾਂ ਵੱਲੋਂ 125 ਕਰਾਈਸਲਰ ਰੋਡ ਸਥਿਤ ‘ਚਾਂਦਨੀ ਬੈਂਕੁਇਟ ਹਾਲ’ ਵਿਚ ਇਹ ਚੋਣ-ਨਤੀਜੇ ਸਮੂਹਿਕ ਰੂਪ ਵਿਚ ਵੇਖਣ ਦਾ ਪ੍ਰੋਗਰਾਮ ਉਲੀਕਿਆ ਗਿਆ। ਪ੍ਰਬੰਧਕੀ ਟੀਮ ਦੀ ਅਗਵਾਈ ਸੁਦੀਪ ਸਿੰਗਲਾ ਕਰ ਰਹੇ ਸਨ ਜਿਸ ਵਿਚ ਗੁਰਦੀਪ ਢਿੱਲੋਂ, ਰਾਣੀ ਕੋਹੇਨੂਰ ਅਤੇ ਅਨੁਰਾਗ ਸ੍ਰੀਵਾਸਤਵਾ ਸ਼ਾਮਲ ਸਨ। ਦਰਅਸਲ, 7 ਮਾਰਚ ਦੀ ਰਾਤ ਨੂੰ ਵੱਖ-ਵੱਖ ਟੀ.ਵੀ. ਚੈਨਲਾਂ ਉੱਪਰ ਆਏ ‘ਐਗਜ਼ਿਟ-ਪੋਲ ਸਰਵਿਆਂ’ ਤੋਂ ‘ਆਪ’ ਦੇ ਵੱਲੋਂ ਬਹੁ-ਮੱਤ ਲਿਜਾਣ ਦੀ ਆਪ ਦੇ ਇਨ੍ਹਾਂ ਸਮੱਰਥਕਾਂ ਨੂੰ ਪੂਰੀ ਆਸ ਸੀ ਜਿਨ੍ਹਾਂ ਵਿਚ ਇਸ ਪਾਰਟੀ ਨੂੰ 65 ਤੋਂੇ 100 ਸੀਟਾਂ ਤੱਕ ਲਿਜਾਣ ਦੀ ਗੱਲ ਕੀਤੀ ਗਈ ਸੀ। ਚੋਣ ਨਤੀਜੇ ਵੇਖਣ ਲਈ ਲੋਕ ਸਾਢੇ ਨੌਂ ਵਜੇ ਹੀ ਇਸ ਬੈਂਕੁਇਟ ਹਾਲ ਵਿਚ ਆਉਣੇ ਸ਼ੁਰੂ ਹੋ ਗਏ ਅਤੇ 10 ਕੁ ਵਜੇ ਤੱਕ ਹਾਲ ਲੱਗਭੱਗ ਪੂਰਾ ਭਰ ਚੁੱਕਾ ਸੀ। ਹਾਲ ਵਿਚ ਬੀਬੀਆਂ ਦੀ ਗਿਣਤੀ ਵੀ ਚੋਖੀ ਸੀ ਅਤੇ ਉਨ੍ਹਾਂ ਦੇ ਨਾਲ ਬੱਚੇ ਵੀ ਵੱਡੀ ਣਿਤੀ ਵਿਚ ਆਏ ਹੋਏ ਸਨ।
ਹਾਲ ਵਿਚ ਪ੍ਰਬੰਧਕਾਂ ਵੱਲੋਂ ਦੋ ਵੱਡੀਆਂ ਸਕਰੀਨਾਂ ਉੱਪਰ ਇਹ ਚੋਣ-ਨਤੀਜੇ ਵਿਖਾਉਣ ਦਾ ਬਹੁਤ ਵਧੀਆ ਇੰਤਜ਼ਾਂਮ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਚਾਹ-ਪਾਣੀ ਤੇ ਖਾਣ-ਪੀਣ ਦਾ ਵੀ ਸੁਚੱਜਾ ਪ੍ਰਬੰਧ ਵੀ ਸੀ। ਗਰਮਾ-ਗਰਮ ਚਾਹ ਅਤੇ ਸਨੈਕਸ ਸਵੇਰ ਦੇ ਤਿੰਨ ਵਜੇ ਤੀਕ ਚੱਲਦੇ ਰਹੇ। ਜਿਉਂ ਹੀ ਚੋਣ-ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋਏ, ਸੱਭਨਾਂ ਦੇ ਦਿਲਾਂ ਦੀਆਂ ਧੜਕਣਾ ਤੇਜ਼ ਹੋਣ ਲੱਗ ਪਈਆਂ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ‘ਐਗਜ਼ਿਟ-ਪੋਲ ਸਰਵਿਆਂ’ ਉੱਪਰ ਪੂਰਾ ਵਿਸ਼ਵਾਸ ਨਹੀ ਸੀ ਅਤੇ 2017 ਦੀਆਂ ਅਸੈਂਬਲੀ ਚੋਣਾਂ ਵਿਚ ਇਸ ਪਾਰਟੀ ਨਾਲ ਇਹ ‘ਭਾਣਾ’ ਵਾਪਰ ਵੀ ਚੁੱਕਾ ਸੀ। ਜਿਵੇਂ-ਜਿਵੇਂ ‘ਆਪ’ ਦੇ ਉਮੀਦਵਾਰਾਂ ਦੇ ਹੋਰਨਾਂ ਦੇ ਨਾਲੋਂ ਅੱਗੇ ਹੋਣ ਦੇ ਰੁਝਾਨ ਵੱਧਦੇ ਗਏ, ਹਾਲ ਵਿਚ ਤਾੜੀਆਂ ਦੀ ਗੂੰਜ ਵੀ ਨਾਲੋ-ਨਾਲ ਉੱਚੀ ਹੁੰਦੀ ਗਈ। ਲੋਕਾਂ ਨੇ ਜਦੋਂ ਵੇਖਿਆ ਕਿ “ਉੱਤਰ ਕਾਂਟੋ ਮੈਂ ਚੜ੍ਹਾਂ” ਵਾਂਲੀਆਂ ਪਾਰਟੀਆਂ ਦਾ ਸਮਾਂ ਸਮਾਪਤੀ ਦੇ ਕੰਢੇ ‘ਤੇ ਆ ਗਿਆ ਹੈ ਤਾਂ ਤਾੜੀਆਂ ਦੀ ਇਹ ਗੜਗੜਾਹਟ ਹੋਰ ਉਚੇਰੀ ਹੋ ਗਈ।
ਇਸ ਦੇ ਨਾਲ ਹੀ ਬਰੈਂਪਟਨ ਦੇ ਸੁਰੀਲੇ ਗਾਇਕ ਜਿੰਦ ਧਾਲੀਵਾਲ ਨੇ ਮਾਈਕ ਫੜ੍ਹ ਕੇ ਪੰਜਾਬ ਦਾ ਪਿਛਲੇ 15 ਸਾਲਾਂ ਦਾ ‘ਰਾਜਨੀਤਕ ਹਾਲ’, ਖ਼ਾਸ ਕਰਕੇ ‘ਪੰਜਾਬ ਨੂੰ ਕੈਲੇਫ਼ੋਰਨੀਆ ਬਨਾਉਣ ਵਾਲਾ ਅਧਿਆਇ’ ਅਤੇ ਇੱਥੇ ’25 ਸਾਲ ਰਾਜ ਕਰਨ ਦਾ ਵੱਡਾ ਸੁਪਨਾ’ ਖ਼ੂਬਸੂਰਤ ਗੀਤਾਂ ਦੇ ਰੂਪ ਵਿਚ ਬਿਆਨਣਾ ਆਰੰਭ ਕਰ ਦਿੱਤਾ ਜਿਸ ਨਾਲ ਸਾਰਾ ਹਾਲ ਇਕ ਵਾਰ ਫਿਰ ਤਾੜੀਆਂ ਨਾਲ ਗੂੰਜ ਉੱਠਿਆ। ਇਸ ਦੇ ਨਾਲ ਹੀ ਜਦੋਂ ਉਸ ਨੇ ਗੁਰਬਾਣੀ ਦਾ ਪਵਿੱਤਰ ਗੁਟਕਾ ਸਾਹਿਬ ਹੱਥ ਵਿਚ ਫੜ੍ਹ ਕੇ ਝੂਠੀਆਂ ਸਹੁੰਆਂ ਖਾਣ ਵਾਲਿਆਂ ਅਤੇ ਪੰਜਾਬ ਵਿਚ ‘ਰਬੜ ਦੀਆਂ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਸੜਕਾਂ’ ਬਨਾਉਣ ਵਾਲਿਆਂ ਦੀ ਗੱਲ ਕੀਤੀ ਤਾਂ ਦਰਸ਼ਕਾਂ ਦੀਆਂ ਇਹ ਤਾੜੀਆਂ ਹੋਰ ਵੀ ਉੱਚੀਆਂ ਸੁਣਾਈ ਦੇਣ ਲੱਗ ਪਈਆਂ।
ਦੋਹਾਂ ਸਕਰੀਨਾਂ ਉੱਪਰ ਜਦੋਂ “ਪਟੇ” ਵਾਲੇ ਪਟਿਆਲੇ ਦੇ ਮਹਾਰਾਜੇ ਦਾ ਸੂਰਜ ਡੁੱਬਦਾ ਵਿਖਾਈ ਦਿੱਤਾ ਤਾਂ ‘ਆਪ’ ਦੇ ਸਰਗ਼ਰਮ ਸਮੱਰਥਕ ਕੈਪਟਨ ਇਕਬਾਲ ਸਿੰਘ ਵਿਰਕ ਜਿਨ੍ਹਾਂ ਨੇ ਦੇਸ਼ ਦੇ ਲਈ ਚਾਰ ਜੰਗਾਂ ਲੜੀਆਂ ਅਤੇ 81 ਸਾਲ ਦੀ ਉਮਰ ਵਿਚ ਅਜੇ ਵੀ ਹਰ ਤਰ੍ਹਾਂ ਦੀ ਲੜਾਈ ਲੜਨ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ, ਨੇ ਸਟੇਜ ‘ਤੇ ਆ ਕੇ ਮਾਈਕ ਸੰਭਾਲ ਲਿਆ। ਉਨ੍ਹਾਂ ਸੰਖੇਪ ਵਿਚ 1762 ਵਿਚ ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਉੱਪਰ ਹਮਲੇ ਸਮੇਂ ਪਟਿਆਲਾ ਰਿਆਸਤ ਵੱਲੋਂ ਉਸ ਦੇ ਕੋਲ ਨਜ਼ਰਾਨੇ ਲੈ ਕੇ ਜਾਣ ਅਤੇ ਮਾਝੇ ਤੇ ਦੁਆਬੇ ਦੇ 40,000 ਜਰਨੈਲਾਂ ਨੂੰ ਅਬਦਾਲੀ ਕੋਲ ਚੁਗਲੀ ਕਰਕੇ ‘ਰਹੀੜੇ’ ਪਿੰਡ ਵਿਚ ਮਰਵਾਉਣ ਅਤੇ ਅਬਦਾਲੀ ਕੋਲੋਂ ਇਨਾਮ ਲੈਣ ਦਾ ਹਾਲ ਬੜੇ ਭਾਵਪੂਰਤ ਸ਼ਬਦਾਂ ਵਿਚ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਵੱਲੋਂ ਕੀਤੀ ਗਈ ‘ਤੁਕ-ਬੰਦੀ’ ਵੀ ਸੁਣਾਈ ਜਿਸ ਨੂੰ ਦਰਸ਼ਕਾਂ ਵੱਲੋਂ ਬੇਹੱਦ ਸਲਾਹਿਆ ਗਿਆ।
“ਲੋਕੋ! ਮੇਰਾ ਸਹੁਰਾ ਹਾਰ ਗਿਆ ਨਾਲੇ ਪਿਆਰਾ ਭਾਈ,
ਹਾਰ ਗਿਆ ‘ਸਿਰ ਦਾ ਸਾਈਂ’, ਨਾਲੇ ਸਹੁਰੇ ਦਾ ਜਵਾਈ।
ਸਰੀਕੇ ‘ੱਚੋਂ ‘ਦਿਉਰ’ ਹਾਰਿਆ, ਦੁੱਖ ਨਾ ਉਸ ਦਾ ਕਾਈ,
ਹਾਰ ਗਏ ਪੰਜੇ ਹੀ ਲੀਡਰ, ਜਿਨ੍ਹਾਂ ਡਾਹਡੀ ਲੁੱਟ ਮਚਾਈ।
ਜਦੋਂ ਸਕਰੀਨਾਂ ‘ਤੇ 92 ਸੀਟਾਂ ਉੱਪਰ ‘ਆਪ’ ਦੇ ਅੱਗੇ ਚੱਲਣ ਦੀ ਖ਼ਬਰ ਆਈ ਤਾਂ ਜਾਲ ਵਿਚ ਢੋਲ ਵੱਜਣੇ ਅਤੇ ਭੰਗੜੇ ਪੈਣੇ ਸ਼ੁਰੂ ਹੋ ਗਏ। ਹਾਲ ਵਿਚ ਬੈਠੇ ਲੋਕਾਂ ਨੂੰ ਪਤਾ ਈ ਨਾ ਲੱਗਾ ਕਿ ਇਹ ਢੋਲਚੀ ਇਕਦੰਮ ਕਿੱਥੋਂ ਆ ਗਏ। ਢੋਲ ਦੇ ਡੱਗਿਆਂ ਉੱਪਰ ਬੀਬੀਆਂ ਨੇ ਵੀ ਨੱਚ ਕੇ ਖ਼ੂਬ ਧਮਾਲਾਂ ਪਾਈਆਂ ਅਤੇ ਉਨ੍ਹਾਂ ਦੇ ਨਾਲ ਬੱਚੇ ਵੀ ਪੂਰੇ ਰੌਂਅ ‘ਚ ਨੱਚ ਨੱਚ ਕੇ ਧਮੱਚੜਾ ਪਾ ਰਹੇ ਸਨ। ਇਸ ਭੰਗੜੇ ਤੇ ਨਾਚ ਦੀਆਂ ਵੀਡੀਓਜ਼ ਲੋਕ ਫ਼ੋਨਾਂ ਰਾਹੀ ਆਪਣੇ ਸਨੇਹੀਆਂ ਤੇ ਦੋਸਤਾਂ-ਮਿੱਤਰਾਂ ਨਾਲ ਸ਼ੇਅਰ ਕਰ ਰਹੇ ਸਨ। ਹਾਲ ਵਿਚ “ਭਾਰਤ ਮਾਤਾ ਕੀ ਜੈ”, “ਆਮ ਆਦਮੀ ਪਾਰਟੀ ਜ਼ਿੰਦਾਬਾਦ”, “ਭਗਵੰਤ ਮਾਨ ਜ਼ਿੰਦਾਬਾਦ” ਅਤੇ ਕੇਜਰੀਵਾਲ ਜ਼ਿੰਦਾਬਾਦ”, “ਪੰਜਾਬੀ ਵੋਟਰ ਜ਼ਿੰਦਾਬਾਦ”ਦੇ ਨਾਅਰੇ ਲੱਗ ਰਹੇ ਸਨ। ਇਹ ਸਿਲਸਿਲਾ ਤੜਕੇ 2.30 ਵਜੇ ਤੀਕ ਚੱਲਦਾ ਰਿਹਾ ਅਤੇ ਇਕ ਵੱਡਾ ਸਾਰਾ ਕੇਕ ਕੱਟ ਕੇ ਲੱਗਭੱਗ ਤਿੰਨ ਵਜੇ ਇਸ ਜਸ਼ਨ ਦੀ ਸਮਾਪਤੀ ਕੀਤੀ ਗਈ। ਸੁਦੀਪ ਸਿੰਗਲਾ ਨੇ ਆਏ ਹੋਏ ਸਮੂਹ ਸਮੱਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਬੜੀ ਵੱਡੀ ਗੱਲ ਹੈ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਏਨਡ ਵੱਡੇ ਬਹੁ-ਮੱਤ ਨਾਲ ਜਿਤਾਇਆ ਹੈ। ਉਨ੍ਹਾਂ ਪੰਜਾਬ ਦੇ ਬਣਨ ਵਾਲੇ ਨਵੇਂ ਮੁੱਖ-ਮੰਤਰੀ ਭਗਵੰਤ ਮਾਨ, ‘ਆਪ’ ਦੇ ‘ਸੁਪਰੀਮੋ’ ਅਰਵਿੰਦ ਕੇਜਰੀਵਾਲ ਅਤੇ ਸਮੂਹ ਜੇਤੂ ਐੱਮ.ਐੱਲ.ਏਜ਼. ਨੂੰ ਹਾਰਦਿਕ ਵਧਾਈ ਦਿੱਤੀ ਗਈ। ਉਨ੍ਹਾਂ ਵੱਲੋਂ ਇਸ ਜਿੱਤ ਜਸ਼ਨ ਦੀ ਕੱਵਰੇਜ ਕਰਨ ਵਾਲੇ ਮੀਡੀਆ ਦਾ ਧੰਨਵਾਦ ਕੀਤਾ ਗਿਆ। ਜਿੱਤ ਦਾ ਜਸ਼ਨ ਮਨਾਉਣ ਵਾਲੇ 2013 ਤੋਂ ਆਮ ਆਦਮੀ ਪਾਰਟੀ ਦੇ ਸਪੋਰਟਰ ਰਹੇ ਕੈਪਟਨ ਇਕਬਾਲ ਸਿੰਘ ਵਿਰਕ ਨੇ ਐਨ.ਆਰ.ਆਈ ਵੀਰਾਂ ਵੱਲੋਂ ਪ੍ਰੈਸ ਦੇ ਮਾਧਿਅਮ ਰਾਹੀਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਪਾਰਟੀਬਾਜ਼ੀ ਤੋਂ ਉਪਰ ਉੱਠਕੇ ਜਾਤੀ ਰੰਜ਼ਿਸ਼ਾਂ ਭੁਲਾਕੇ ਕੰਮ ਕਰਨ, ਡੁਬਦੇ ਹੋਏ ਪੰਜਾਬ ਨੂੰ ਬਚਾਉਣ, ਭ੍ਰਿਸ਼ਟਾਚਾਰ ਖਤਮ ਕਰਕੇ ਇੱਕ ਨਰੋਏ ਸਮਾਜ ਅਤੇ ਨਵੇਂ ਪੰਜਾਬ ਦੀ ਸਿਰਜਣਾ ਕਰਨ । ਇਸ ਜਿੱਤ ਜਸ਼ਨ ਦੇ ਸਹਿਯੋਗੀਆਂ ਵਿਚ ਬਲਜਿੰਦਰ ਕੌਰ, ਰਵਿੰਦਰ ਕੌਰ, ਕੁਲਵੰਤ ਸਿੰਘ ‘ਐਤੀਆਨਾ’, ਰਾਣਾ ਸ਼ੇਰ ਜੰਗ, ਰਾਜੇਸ ਆਦਿ ਸ਼ਾਮਲ ਸਨ ।

ਧੰਨਵਾਦ ਸਹਿਤ
ਬਰੈਂਪਟਨ ਤੋਂ ਡਾ. ਸੁਖਦੇਵ ਸਿੰਘ ‘ਝੰਡ’ ਦੀ ਰਿਪੋਰਟ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin