Story

—ਸ਼ਗਨਾ ਵਾਲੀ ਚੁੰਨੀ—

ਅਦਬ ਨੇ ਚੌਥੀ ਜਮਾਤ ਦੇ ਸਾਲਾਨਾ ਪੇਪਰ ਦੇ ਦਿੱਤੇ ਸਨ। ਸਾਰੇ ਬੱਚੇ ਪੇਪਰ ਦੇਣ ਤੋਂ ਬਾਅਦ ਛੁੱਟੀਆਂ ਹੋਣ ਕਰਕੇ ਖੁਸ਼ ਸਨ ਉਨ੍ਹਾਂ ਦੀ ਹੋਮ ਵਰਕ ਵਾਲੀ ਕਾਪੀ ਉੱਪਰ ਸਕੂਲ ਵਾਲਿਆਂ ਨੇ ਦਸ ਦਿਨ ਬਾਅਦ ਨੰਬਰ ਕਾਰਡ ਮਿਲਣ ਦੀ ਤਰੀਕ ਪਾ ਦਿੱਤੀ ਸੀ ਬੱਚੇ ਆਪਸ ਵਿੱਚ ਇਹ ਸਲਾਹਾਂ ਕਰਦੇ ਘਰਾਂ ਨੂੰ ਚਲੇ ਗਏ ਕਿ ਮੈਂ ਵਧੀਆ ਕੱਪੜੇ ਪਾ ਕੇ ਮੰਮੀ ਪਾਪਾ ਨਾਲ ਕਾਰ ਵਿੱਚ ਨੰਬਰ ਕਾਰਡ ਲੈਣ ਆਵਾਂਗਾ।
          ਅਦਬ ਘਰ ਜਾ ਕੇ ਸਕੂਲ ਤੋਂ ਵਿਹਲਾ ਹੋਣ ਦੀ ਖੁਸ਼ੀ ਵਿੱਚ ਮੰਮੀ (ਰਮਤੀ) ਨਾਲ ਚਿਬੜਕੇ ਕਹਿਣ ਲੱਗਾ,” ਮੰਮੀ ਇਸ ਵਾਰ ਮੈਂ ਮੰਮੀ ਪਾਪਾ ਦੋਹਾਂ ਨਾਲ  ਨਵੇਂ ਕੱਪੜੇ ਪਾ ਕੇ ਕਾਰ ਵਿੱਚ ਬੈਠ ਕੇ ਸਕੂਲ ਤੋਂ ਨੰਬਰ ਕਾਰਡ ਲੈਣ ਜਾਣਾ ਹੈ।” ਮੰਮੀ ਨੇ ਕਿਹਾ, “ਦੇਖ ਬੇਟਾ! ਤੇਰੇ ਨਵੇਂ ਕੱਪੜੇ ਪਾਉਣ ਦੀ ਮੰਗ ਤਾਂ ਮੈਂ ਪਹਿਲਾਂ ਹੀ ਪੂਰੀ ਕਰ ਦਿੱਤੀ ਹੈ ਮੈਂ ਨਵਾਂ ਸੂਟ ਤੇਰੇ ਵਾਸਤੇ ਸਵਾ ਕੇ ਰੱਖ ਦਿੱਤਾ ਹੈ ਜਿਹੜੀ ਪਾਪਾ ਨੂੰ ਨਾਲ ਲੈ ਕੇ ਜਾਣ ਵਾਲੀ ਗੱਲ ਹੈ ਉਹ ਮੈਥੋਂ ਪੂਰੀ ਨਹੀਂ ਹੋਣੀ ਉਹ ਘਰ ਵਿੱਚ ਨਹੀਂ।” ਅਦਬ ਨੇ ਕਿਹਾ, “ਮੰਮੀ ਤੂੰ ਇਸ ਵਾਰ ਪਾਪੇ ਨੂੰ ਬੁਲਾ ਲੈ ?” ਮੰਮੀ ਨੇ ਕਿਹਾ, “ਤੇਰੇ ਪਾਪਾ ਦੂਰ ਨੌਕਰੀ ਕਰਦੇ ਹਨ ਮੈਂ ਅਗਲੀ ਵਾਰ ਬੁਲਾ ਲਵਾਂਗੇ ਤੂੰ ਇਸ ਵਾਰ ਮੇਰੇ ਨਾਲ ਵਧੀਆ ਕੱਪੜੇ ਪਾ ਕੇ ਰਿਕਸ਼ੇ ਤੇ ਚੱਲੀ।
          ਰਿਜ਼ਲਟ ਦਾ ਦਿਨ ਆ ਗਿਆ ਰਮਤੀ ਅਤੇ ਅਦਬ ਸਕੂਲ ਵਿੱਚ ਪਹੁੰਚ ਗੲੇ ਸਕੂਲ ਵਾਲਿਆਂ ਨੇ ਰਿਜ਼ਾਲਟ ਬੋਲਣ ਵਾਸਤੇ ਪੰਡਾਲ ਬਣਾਇਆ ਹੋਇਆ ਸੀ। ਦੋਨੋ ਜਾਣੇ ੳੁਸ ਵਿੱਚ ਬੈਠ ਗੲੇ। ਅਦਬ ਪਹਿਲੇ ਨੰਬਰ ਤੇ ਆਇਆ ਉਸ ਨੂੰ ਅਤੇ ਉਸ ਨਾਲ ਅਾੲੇ  ਪਰਿਵਾਰਕ ਮੈਂਬਰ ਨੂੰ ਸਟੇਜ ਤੇ ਬੁਲਾ ਕੇ ਬਾਹਰੋਂ ਬੁਲਾਏ ਮੁੱਖ ਮਹਿਮਾਨ ਹੱਥੋਂ ਅਦਬ ਨੂੰ ਸਨਮਾਨ- ਚ੍ਹਿੰਨ ਦਿੱਤਾ ਗਿਆ।
           ਅਦਬ ਪੰਜਵੀਂ ਕਲਾਸ ਵਿੱਚ ਹੋ ਗਿਆ ਸੀ। ਜਿਸ ਦਿਨ ਪਹਿਲੀ ਵਾਰ ਸਕੂਲ ਗਿਆ ਤਾਂ ਉਸ ਦੀ ਪ੍ਰਿੰਸੀਪਲ ਮੈਡਮ ਨੇ  ਆਪਣੇ ਦਫ਼ਤਰ ਵਿੱਚ ਬੁਲਾ ਕੇ ਪਿਆਰ ਸਤਿਕਾਰ ਦਿੱਤਾ ਪ੍ਰਿੰਸੀਪਲ ਨੇ ਕਿਹਾ, “ਤੇਰੇ ਮੰਮੀ ਪਾਪਾ ਕੀ ਕਰਦੇ ਹਨ?” ਅਦਬ ਨੇ ਕਿਹਾ, “ਮੈਡਮ ਜੀ ਮੰਮੀ ਤਾਂ ਘਰ ਵਿੱਚ ਹੀ ਹੁੰਦੇ ਹਨ ਮੈਨੂੰ ਤਿਆਰ ਕਰਕੇ ਸਕੂਲ ਭੇਜ ਦਿੰਦੇ ਹਨ ਪਾਪਾ ਤਾਂ ਮੈਂ ਹੁਣ ਤੱਕ ਵੇਖੇ ਨਹੀਂ ਮੰਮੀ ਕਹਿੰਦੀ ਉਹ ਦੂਰ ਨੌਕਰੀ ਕਰਦੇ ਹਨ ਮੈਡਮ ਜੀ ਮੈਨੂੰ ਪਤਾ ਸੀ ਇਸ ਵਾਰ ਮੈਂ ਕਲਾਸ ਵਿੱਚੋਂ ਫਸਟ ਅਾ ਜਾਣਾ ਹੈ ਮੈਂ ਮੰਮੀ ਨੂੰ ਕਿਹਾ ਸੀ ਤੂੰ ਪਾਪਾਂ ਨੂੰ ਬੁਲਾ ਲੈ ਆਪਾਂ ਇਕੱਠੇ ਹੀ ਸਕੂਲ ਵਿੱਚੋਂ ਨੰਬਰ ਕਾਰਡ ਲੈਣ ਚੱਲਾਂਗੇ ਪਰ ਮੈਡਮ ਜੀ, ਮੰਮੀ ਨੇ ਮੇਰੀ ਗੱਲ ਨਹੀਂ ਮੰਨੀ।” ਅਦਬ ਦੀ ਰੁਚੀ ਵੇਖ ਕੇ ਪ੍ਰਿੰਸੀਪਲ ਨੇ ਅਦਬ   ਦੀ ਮੰਮੀ ਨੂੰ ੲਿੱਕ ਦਿਨ ਸਕੂਲ ਬੁਲਾ ਲਿਆ।
         ਪ੍ਰਿੰਸੀਪਲ ਨੇ ਰਮਤੀ ਨੂੰ ਕਿਹਾ, “ਤੁਸੀਂ ਬੱਚੇ ਦੀਆਂ ਰੁਚੀਆਂ ਭਾਵਨਾਵਾਂ ਦਾ ਪੂਰਾ ਧਿਆਨ ਰੱਖਿਆ ਕਰੋ। ਆਖਰ ਸਾਡੀ ੲਿਹ ਜ਼ਿੰਮੇਵਾਰੀ ਹੈ। ਬੱਚੇ ਦੇ ਵਿਕਾਸ ਲੲੀ ੲਿਹ ਬਹੁਤ ਜਰੂਰੀ ਹੈ ਮੈਡਮ ਨੇ ਫਿਰ ਕਿਹਾ, “ਅਦਬ ਮਹਿਸੂਸ ਕਰ ਰਿਹਾ ਸੀ ਮੇਰੇ ਪਾਪਾ ਮੇਰੇ ਨਾਲ ਸਕੂਲ ਵਿੱਚ ਨੰਬਰ ਕਾਰਡ ਕਿਉਂ ਨਹੀਂ ਲੈਣ ਆਏ? ਜੇ ਘਰੋਂ ਬਾਹਰ ਨੌਕਰੀ ਕਰਦੇ ਹਨ ਤਾਂ ੳੁਹਨਾਂ ਨੂੰ ਅਜਿਹੇ ਟਾਈਮ ਬੁਲਾ ਲੈਣਾ ਸੀ।”
         ਰਮਤੀ ਨੇ ਕਿਹਾ, “ਮੈਡਮ ਜੀ ਇਹਦੇ ਪਾਪਾ ਦੁਨੀਆਂ ਤੇ ਹੈ ਨਹੀਂ ਮੈਂ ਕਿੱਥੋਂ ਹਾਜ਼ਰ ਕਰ ਦੇਵਾਂ?” ਪ੍ਰਿੰਸੀਪਲ ਮੈਡਮ ਨੂੰ ੲਿੱਕ ਦਮ ਝਟਕਾ ਜਿਹਾ ਲੱਗਾ ਕਹਿੰਦੀ, “ਕਿਉਂ? ਕੀ ਗੱਲ ਹੋ ਗਈ!” ਰਮਤੀ ਨੇ ਅੱਖਾਂ ਭਰ ਕੇ ਕਹਿਣਾ ਸ਼ੁਰੂ ਕੀਤਾ, “ਅਦਬ ਦੇ ਪਾਪਾ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਫੈਕਟਰੀ ਦੇ ਵਧੀਆ ਅਹੁਦੇ ਤੇ ਕੰਮ ਕਰਦੇ ਸਨ। ੳੁਹ  ਫੈਕਟਰੀ ਦੇ ਕੰਮ ਕਾਰ ਨੂੰ ਦੇਖਣ ਲਈ ਚੱਕਰ ਲਗਾ ਰਹੇ ਸਨ ਉੱਥੇ ਅੰਦਰ ਹੀ ਕੋਈ ਗੰਭੀਰ ਹਾਦਸਾ ਵਾਪਰ ਗਿਅਾ। ਅਚਾਨਕ ੳੁਹਨਾਂ ਦੀ ਮੌਤ ਹੋ ਗਈ।” ਰਮਤੀ ਨੇ ਫਿਰ ਕਿਹਾ, “ਜਿੰਨਾਂ ਚਿਰ ਪਤੀ ਨਾਲ ਹੈ ਉਨ੍ਹਾਂ ਚਿਰ ਹੀ ਪਰੀਵਾਰ ਦੇ ਮੈਂਬਰ ਨਾਲ ਹਨ ਨਹੀਂ ਤਾਂ ਫਿਰ ਉਸ ਦੀ ਗੈਰ ਹਾਜ਼ਰੀ ਵਿੱਚ ਆਪੋ ਆਪਣੀਆਂ ਆਵਾਜ਼ਾਂ ਕੱਢਣ ਲੱਗ ਜਾਂਦੇ ਹਨ।” ਪਰੀਵਾਰ ਨੇ ਫੈਕਟਰੀ ਮਾਲਕ ਤੱਕ ਪਹੁੰਚ ਕੀਤੀ ਉਨ੍ਹਾਂ ਨੇ ਫੈਕਟਰੀ ਮਾਲਕ ਨੂੰ ਕਿਹਾ, “ਰਮਤੀ ਨੇ ਇੱਥੇ ਰਹਿਣਾ ਨਹੀ ਇਸ ਦਾ ਇੱਕ ਸਾਲ ਦਾ ਬੱਚਾ ਹੈ ਉਹ ਇਸ ਨੂੰ ਇੱਥੇ ਸੁੱਟ ਕੇ ਅਗਲੇ ਘਰ ਚਲੀ ਜਾਵੇਗੀ ਉਸ ਦੇ ਜੋ ਫੈਕਟਰੀ ਵਿੱਚ ਫ਼ੰਡ ਪਏ ਹਨ ਜੋ ਰਾਸ਼ੀ ਤੁਸੀਂ ਤਰਸ ਦੇ ਆਧਾਰ ਤੇ ਦੇਣਾ ਚਾਹੁੰਦੇ ਹੋ ੳੁਹ ਸਾਨੂੰ ਦੇ ਦੇਵੋ।”
         ਮੈਡਮ, ਰਮਤੀ ਦੀਅਾਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੀ ਸੀ ਰਮਤੀ ਨੇ ਫਿਰ ਕਿਹਾ,  “ਫੈਕਟਰੀ ਦਾ ਮਾਲਕ ਮੇਰੇ ਬਿਆਨ ਲੈਣ ਲੲੀ ਘਰ ਆ ਗਿਆ ਪਰੀਵਾਰ ਮੈਨੂੰ ੳੁਸ ਤੋਂ ਪਰ੍ਹੇ ਰੱਖ ਕੇ ਆਪ ਗੱਲ ਕਰਨੀ ਚਾਹੁੰਦਾ ਸੀ ਪਰ ਫੈਕਟਰੀ ਮਾਲਕ ਮੇਰੇ ਮੂੰਹ ਦੀ ਆਵਾਜ਼ ਸੁਣਨਾ ਚਾਹੁੰਦਾ ਸੀ। ਮੈਂ ਫੈਕਟਰੀ ਮਾਲਕ ਨੂੰ ਕਿਹਾ ਮੇਰਾ ਇਹ ਸੋਨੇ ਵਰਗਾ ਮੁੰਡਾ ਹੈ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਮੇਰੇ ਪਿੱਛੋਂ ਇਹ ਰੁਲ ਜਾਵੇਗਾ ਤਾਂ ਫੈਕਟਰੀ ਮਾਲਕ ਨੇ ਵਿਸ਼ਵਾਸ ਵਿਚ ਆ ਕੇ ਮੇਰੀ ਮਾਲੀ ਮਦਦ ਕਰ ਦਿੱਤੀ ਹੁਣ ਮੈਂ ਕੰਮ ਕਰਕੇ ਕੁਝ ਪੈਸੇ ਕਮਾ ਲੈਂਦੀ ਹਾਂ ਮੇਰੇ ਮਨ ਦੀ ਮੁਰਾਦ ੲਿਹ ਹੀ ਹੈ ਅਦਬ ਪੜ੍ਹ ਲਿਖ ਜਾਵੇ ਮੈ ੲਿਸ ਦੇ ਸਿਰ ਤੇ ਜ਼ਿੰਦਗੀ ਕੱਟ ਲਵਾਂਗੀ।”
        ਪ੍ਰਿੰਸੀਪਲ ਰਮਤੀ ਦੀਅਾਂ ਗੱਲਾਂ ਸੁਣ ਸੁਣ ਕੇ ਹੈਰਾਨ ਹੋ ਰਹੀ ਸੀ ਉਸ ਨੇ ਫਿਰ ਰਮਤੀ ਨੂੰ ਸਵਾਲ ਕੀਤਾ, “ਉਸ ਦੀ ਮੌਤ ਨੂੰ ਅਦਬ ਕੋਲੋਂ ਕਿਉਂ ਲੋਕੋ ਕੇ ਰੱਖਿਆ ਹੈ।” ਰਮਤੀ ਨੇ ਕਿਹਾ, “ਮੈਂ ਤਾਂ ਦੁੱਖ ਕੱਟ ਰਹੀ ਹਾਂ ਅਦਬ ਨੂੰ ੲਿਸ ਗੱਲ ਦਾ ਅਹਿਸਾਸ ਕਿਉਂ ਕਰਵਾਉਣਾ ਹੈ ਕਿ ਤੇਰਾ ਪਾਪਾ ਇਸ ਦੁਨੀਆਂ ਤੇ ਹੈ ਨਹੀਂ ਇਹ ਅਜੇ ਬੱਚਾ ਹੈ। ਬੱਚੇ ਜੋ ਸਕੂਲ ਵਿਚ ਆਪੋ ਆਪਣੇ ਪਾਪੇ ਦੀਆਂ ਗੱਲਾਂ ਕਰਦੇ ਹਨ ਤਾਂ ਉਨ੍ਹਾਂ ਦੀਆਂ ਗੱਲਾਂ ਘਰ ਆ ਕੇ ਸੁਣਾਉਂਦਾ ਹੈ ਮੈਂ ਕਹਿ ਦਿੰਦੀਆਂ ਤੇਰਾ ਪਾਪਾ ਵੀ ਆਊਗਾ ਆ ਕੇ ਤੇਰੀਆਂ ਰੀਝਾਂ ਪੂਰੀਆਂ ਕਰੂਗਾ।” ਪ੍ਰਿੰਸੀਪਲ ਨੇ ਕਿਹਾ ਤੂੰ ਇਸ ਨੂੰ ਦੱਸਦੇ ਫਿਰ ਵੱਡਾ ਹੋ ਜਾਵੇਗਾ ਦੱਸਣਾ ਔਖਾ ਹੋ ਜਾਵੇਗਾ।
          ਰਮਤੀ ਨੇ ਇੱਕ ਦਿਨ ਹੌਂਸਲਾ ਜਿਹਾ ਕਰਕੇ ਅਦਬ ਨੂੰ ਦੱਸ ਹੀ ਦਿੱਤਾ। ਹੁਣ ਅਦਬ ਪਾਪੇ ਬਾਰੇ ਕੋਈ ਗੱਲ ਨਾ ਕਰਦਾ ਅੰਦਰੋਂ ਅੰਦਰੀ ਮਹਿਸੂਸ ਕਰਦਾ ਰਹਿੰਦਾ। ਰਮਤੀ ਨੇ ਕਦੇ ਵੀ ਅਦਬ ਨੂੰ ਪੜ੍ਹਾਈ ਕਰਨ ਵਿੱਚ ਜਾਂ ਕਿਸੇ ਹੋਰ ਕੰਮ ਵਿਚ ਕਮੀ ਨਹੀਂ ਆਉਣ ਦਿੱਤੀ ਸੀ ਹਰੇਕ ਸਾਲ ੳੁਸ ਦਾ ਜਨਮ ਦਿਨ ਵਧੀਆ ਢੰਗ ਤਰੀਕੇ ਨਾਲ ਮਨਾਉਂਦੀ।
          ਸਮਾਂ ਲੰਘਦਾ ਗਿਆ ਅਦਬ ਸੰਜੀਦਾ ਸਾੳੂ ਅਤੇ ਜੁੰਮੇਵਾਰ ਜਵਾਨ ਬਣ ਗਿਆ ਤੇ ਨੌਕਰੀ ਤੇ ਵੀ ਲੱਗ ਗਿਆ। ਰਮਤੀ ਨੂੰ ਅਦਬ ਦਾ ਵਿਆਹ ਕਰਨ ਦਾ ਬਹੁਤ ਚਾਅ ਸੀ ਕਹਿੰਦੀ ਅਦਬ ਦਾ ਵਿਆਹ ਹੋਵੇਗਾ ਮੇਰੇ ਪਰੀਵਾਰ ਵਿੱਚ ਵਾਧਾ ਹੋਵੇਗਾ। ਰਮਤੀ ਕਈ ਵਾਰ ਕਹਿ ਦਿੰਦੀ ਮੈਂ ਤਾਂ ਸਾਰੀ ਉਮਰ ਵਿਧਵਾ ਰਹਿ ਕੇ ਅੌਖ ਸੌਖ  ਕੱਟ ਕੇ ਆਹ ਲੋਕਾਂ ਦੀਆਂ ਗੱਲਾਂ ਅਤੇ ਭੈੜੀਆਂ ਨਜ਼ਰਾਂ ਤੋਂ ਬੱਚ ਬੱਚ ਕੇ ਬੇੇਟੇ ਲੲੀ  ਕੱਢ ਲਈ ਹੁਣ ਕੋਈ ਵਧੀਆ ਰਿਸ਼ਤਾ ਲੱਭ ਜਾਵੇ ਮੈਂ ਪਰੀਵਾਰ ਚੋਂ ਬਹਿ ਕੇ ਬਾਕੀ ਦੇ ਦਿਨ ਚੈਨ ਨਾਲ  ਕੱਟ ਲਵਾਂ। ਅਦਬ ਖਾਤਰ ੲਿਕ ਵਧੀਆ ਘਰ ਦਾ ਰਿਸ਼ਤਾ ਆ ਗਿਆ ਜਿੱਥੇ ੲਿਸਦਾ ਦਾ ਵਿਆਹ ਕਰਨਾ ਤੈਅ ਹੋ ਗਿਆ।
          ਵਿਆਹ ਤੋਂ ਵੀਹ ਕੁ ਦਿਨ ਪਹਿਲਾਂ ਅਦਬ ਦੀ ਭੂਆ ਅਾਪਦੇ ਸਹੁਰੇ ਪਿੰਡ ਤੋਂ ਪੇਕੇ ਪਿੰਡ ਅਦਬ ਦੇ ਵਿਆਹ ਦੇ ਕੱਪੜੇ ਖਰੀਦ ਕਰਵਾਉਣ ਆਈ। ਅਦਬ ਦੀ ਮੰਮੀ, ਭੂਆ ਤੇ ਦਾਦੀ ਜੋ ਅਦਬ ਦੇ ਚਾਚੇ ਨਾਲ ਰਹਿੰਦੀ ਸੀ ਨਾਲ ਬਾਜ਼ਾਰ ਵਿੱਚ ਕੱਪੜੇ ਖੀ੍ਦਣ ਚੱਲੀਆਂ ਗਈਆਂ।
          ਪਹਿਲਾਂ ਭੂਆ ਨੇ ਵਧੀਆ ਤਿੱਲੇਦਾਰ ਕਢਾਈ ਵਾਲਾ ਮਹਿੰਗਾ ਸੂਟ ਆਪਣੇ ਵਾਸਤੇ ਖਰੀਦ ਕਰ ਲਿਆ। ਅਦਬ ਦੇ ਫੁਫੜ ਵਾਸਤੇ ਵਧੀਆ ਕੋਟ ਪਿੰਡ ਦਾ ਕੱਪੜਾ ਲੈ ਲਿਆ ਕਹਿੰਦੀ ਮੇਰੇ ਭਰਾ ਦਾ ਘਰ ਹੈ ਭਤੀਜੇ ਦਾ ਵਿਆਹ ਕਿਹੜਾ ਰੋਜ਼ ਰੋਜ਼ ਆਉਣਾ ਹੈ ਫਿਰ ਅਦਬ ਦੀ ਦਾਦੀ ਵਾਸਤੇ ਭੂਆ ਨੇ ਦਾਦੀ ਦੇ ਪਸੰਦ ਦਾ ਵਧੀਆ ਚਮਕਦਾਰ ਸੂਟ ਲੈ  ਦਿੱਤਾ। ਫਿਰ ਵਾਰੀ ਰਮਤੀ ਦੀ ਆਈ।
           ਅਦਬ ਦੀ ਭੂਆ ਨੇ ੳੁਸ ਦੀ ਮੰਮੀ ਨੂੰ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ  ਤੈਨੂੰ ਪਤਾ ਹੀ ਹੈ ਅਦਬ ਦਾ ਪਾਪਾ ਤਾਂ ਹੈ ਨਹੀਂ ਤੇਰਾ ਵਿਆਹ ਵਿੱਚ ਕੀਤਾ ਹੋਇਆ ਹਾਰ ਸ਼ਿਗਾਰ ਤੇ ਚਮਕ ਦਮਕ ਵਾਲੇ ਕੱਪੜੇ ਚੰਗੇ ਨਹੀ ਲਗਣੇ ਲੋਕ ਸੌ ਸੌ ਗੱਲਾਂ ਕਰਨਗੇ ਵਿਆਹ ਵਿੱਚ ਹਰੇਕ ਤਰ੍ਹਾਂ ਦਾ ਬੰਦਾ ਅਾੳੁਣਾ ਹੈ ਇਸ ਕਰ ਕੇ ਸਾਦਾ ਪਹਿਰਾਵਾ ਹੀ ਠੀਕ ਹੈ। ੳੁਸ ਨੇ ਰਮਤੀ ਦੀ ਰਾੲੇ ਲੲੇ ਬਿਨਾਂ ਹੀ ਆਪਣੀ ਮਰਜ਼ੀ ਨਾਲ ਨੀਲਾ ਸੂਟ ਵਿਚ ਚਿੱਟੀ ਡੱਬੀ ਵਾਲਾ ਲੈਅ ਦਿੱਤਾ ਸਿਰ ਉੱਪਰ ਨੂੰ ਚਿੱਟੀ ਚੁੰਨੀ ਲੈਅ ਦਿੱਤੀ ਜੋ ਰਮਤੀ ਨੇ ਚੁੱਪ ਕਰਕੇ ਸਵੀਕਾਰ ਕਰ ਲਿਆ।
         ਅਦਬ ਦੇ ਵਿਆਹ ਵਿੱਚ ਕੋਈ ਵੀ ਚਾਚਾ, ਤਾਇਆ ਸਿੱਧੇ ਮੂੰਹ ਆਉਣ ਨੂੰ ਤਿਆਰ ਨਹੀਂ ਸੀ ਰਮਤੀ ਨੇ ਮਸਾਂ ਮਿੰਨਤਾਂ ਤਰਲੇ ਕਰਕੇ ਉਨ੍ਹਾਂ ਨੂੰ ਵਿਆਹ ਵਿੱਚ ਬੁਲਾਇਆ। ਵਿਆਹ ਤੋਂ ਇੱਕ ਦਿਨ ਪਹਿਲਾਂ ਅਦਬ ਦੇ ਚਾਚੇ, ਤਾਏ ਦਾਦੀ ਅਤੇ ਭੂਆ ਨੇ ਰਲ ਕੇ ਫ਼ੈਸਲਾ ਕਰਕੇ ਰਮਤੀ ਨੂੰ ਬਿਠਾ ਕੇ ਕਹਿ ਦਿੱਤਾ ਕੱਲ੍ਹ ਨੂੰ ਵਿਆਹ ਵਿੱਚ ਤੂੰ ਕੋਈ ਸ਼ਗਨ ਨਹੀਂ ਕਰਨਾ ਵਿਧਵਾ ਹੋਣ ਕਰਕੇ ਕੀਤੇ ਸ਼ਗਨ ਬਦਸ਼ਗਨੀ ਵਿੱਚ ਬਦਲ ਜਾਣਗੇ ਇਸ ਕਰਕੇ ਵਿਆਹ ਦੇ ਸ਼ਗਨ ਅਦਬ ਦੀ ਭੂਆ ਅਤੇ ਫੁੱਫੜ ਹੀ ਕਰਨਗੇ।
           ਦੂਸਰੇ ਦਿਨ ਸਵੇਰੇ ਹੀ ਵਿਆਹ ਦੇ ਪ੍ਰੋਗਰਾਮ ਅਨੁਸਾਰ ਬਰਾਤ ਚੜ੍ਹਨ ਵਲੇ ਸ਼ਗਨ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਰਸਮਾਂ ਨੂੰ  ਭੂਆ ਅਤੇ ਫੁੱਫੜ ਬੜੇ ਖੁਸ਼ ਚਿਹਰੇ ਨਾਲ ਨਿਭਾ ਰਹੇ ਸਨ। ਪਰ ਅਦਬ ਦੇ ਚੇਹਰੇ ਤੇ ਕੁਝ ਹੋਰ ਹਾਵ ਭਾਵ ਆ ਰਹੇ ਸਨ ਜਿਵੇਂ ਉਹ ਆਪਣੇ ਅੰਦਰ ਸੰਜਮ ਨਾਲ  ਕੁਝ ਦਿਬਾ ਰਿਹਾ ਹੋਵੇ।
           ਅਨੰਦ ਕਾਰਜਾਂ ਦੀ ਰਸਮ ਤੋਂ ਬਾਅਦ ਪੈਲਸ ਵਿਚ ਸ਼ਗਨ ਦੀ ਰਸਮ ਸਟੇਜ ਤੇ ਸ਼ੁਰੂ ਹੋਣ ਵਾਲੀ ਸੀ ਅਦਬ ਦੀ ਭੂਆ ਲੱਡੂਆਂ ਵਾਲਾ ਥਾਲ ਹੱਥ ਵਿੱਚ ਚੁੱਕੀ ਸਟੇਜ ਤੇ  ਅਦਬ ਦੇ ਪਿੱਛੇ ਖੜ੍ਹੀ ਸੀ ਅਦਬ ਦੀ ਮੰਮੀ ਸਟੇਜ ਤੋਂ ਥੱਲੇ ਤੀਜੀ ਲਾਈਨ ਵਿੱਚ ਆਏ ਮਹਿਮਾਨਾਂ ਵਿੱਚ ਬੈਠ ਕੇ ਪ੍ਰੋਗਰਾਮ ਦੇਖ ਰਹੀ ਸੀ ਉਸ ਦੇ ਚਿਹਰੇ ਤੋਂ ਖ਼ੁਸ਼ੀ ਗ਼ਮੀ ਦੇ ਹਾਵ ਭਾਵ ਅਰਾਮ ਨਾਲ ਹੀ ਪੜ੍ਹੇ ਜਾ ਸਕਦੇ ਸਨ।
          ਜਦ ਅਦਬ ਦੀ ਭੂਆ ਨੇ ਲੱਡੂਆਂ ਦਾ ਸ਼ਗਨ ਦੇਣ ਲਈ ੳੁਸ ਦੇ ਮੂੰਹ ਵੱਲ ਹੱਥ ਵਧਾਇਆ ਤਾਂ ਅਦਬ ਸਹਿਣ ਤੋਂ ਬਾਹਰ ਹੋ ਗਿਆ ਉਸ ਨੇ ਭੂਆ ਦਾ ਹੱਥ ਇੱਕ ਦਮ ਪਿੱਛੇ ਨੂੰ ਧੱਕ ਕੇ ਕਿਹਾ, “ਪਹਿਲਾਂ ਮੰਮੀ ਨੂੰ ਤਾਂ ਹਾਕ ਮਾਰ ਲਵੋ।”  ੳੁਸ ਦੀ ਭੂਆ ਨੇ ਅਦਬ ਨੂੰ ਸਮਝਾਇਆ,  “ਵਿਧਵਾ ਸ਼ਗਨ ਨਹੀਂ ਕਰਦੀਆਂ ਹੁੰਦੀਆਂ ਇਸ ਨੂੰ ਬਦਸ਼ਗਨੀ ਸਮਝਿਆ ਜਾਂਦਾ ਹੈ। ਮੈਂ ਤਾਂ ਉਸਦਾ ਹੱਥ ਆ ਲੱਡੂਆਂ ਵਾਲੇ ਡੱਬੇ ਨੂੰ ਵੀ ਨਹੀਂ ਲੱਗਣ ਦਿੱਤਾ ਉਹ ਚਿੱਟੀ ਚੁੰਨੀ ਨਾਲ ਸ਼ਗਨ ਕਰਦੀ ਚੰਗੀ ਲੱਗੂ ਲੋਕ ਕੀ ਕਹਿਣਗੇ?”
            ਅਦਬ ਨੇ ਕਿਹਾ,  “ਕੌਣ ਕਹਿੰਦਾ ਹੈ ਇਹ ਚਿੱਟੀ ਚੁੰਨੀ ਹੈ ਮੇਰੀ ਨਜ਼ਰ ਨਾਲ ਵੇਖੋ ਇਸ ਚਿੱਟੀ ਪਕੀਜ਼ਗੀ ਵਿੱਚ ਸਬਰ, ਸੰਤੋਖ, ਸਿਰੜ, ਕਿਰਤ  ਮਰਿਆਦਾ ਅਤੇ ਸਖਤ ਮਿਹਨਤ ਦਾ ਰੰਗ ਹੈ ੲਿਸ ਚਿੱਟੀ ਚੁੰਨੀ ਦੇ ਸੰਘਰਸ਼ ਨੇ ਅੱਜ ਮੇਰੀ ਜ਼ਿੰਦਗੀ ਵਿੱਚ ੲਿਹ ਰੰਗ ਭਰੇ ਹਨ ਇਹ ਚਿੱਟੀ ਨਹੀ ੲਿਹ ਜੀਵਨ ਦੇ ਰੰਗਾ ਚੋਂ ਰੰਗੀ ਹੋੲੀ ਰੰਗ ਬਰੰਗੀ ਸ਼ਗਨਾਂ ਵਾਲੀ ਚੁੰਨੀ ਹੈ।” ੳੁਸ ਨੇ ਸਟੇਜ ਤੋਂ ਥੱਲੇ ਜਾ ਕੇ ਬੜੇ ਅਾਦਰ ਨਾਲ ਮਾਂ ਦਾ ਹੱਥ ਫੜਿਅਾ ਕਹਿੰਦਾ, “ਅਾਹ ਨੀ ਮੇਰੀੲੇ ਪਿਅਾਰੀੲੇ ਅੰਮੀੲੇ ਮੈਂ ਤੈਨੂੰ ਪਿਛਾਹ ਨਹੀ ਕਰ ਸਕਦਾ ਤੂੰ ਹੀ ਤਾਂ ਮੇਰੇ ਸ਼ਗਨਾਂ ਦੀ ਦਾਤੀ ਹੈ।ਇਹ ਸ਼ਗਨ ਤੂੰ ਹੀ ਕਰ ਤੇ ਸਟੇਜ ਵੱਲ ਲੈ ਤੁਰਿਆ ਸਟੇਜ ਤੇ ਪਹੁੰਚ ਕੇ ਕਿਹਾ ਮਾਂ ਸਾਡੇ ਦੋਵਾਂ ਦੇ ਸਿਰ ਤੇ ਹੱਥ ਰੱਖ ਅਸ਼ੀਰਵਾਦ ਦੇ ਅਤੇ ਸ਼ਗਨ ਕਰ ਤੇਰੇ ਸ਼ਗਨਾਂ ਤੋਂ ਬਿਨਾਂ ਅਸੀਂ ਬੇਸ਼ਗਨੇ ਹਾਂ ਰਮਤੀ ਪਹਿਲਾਂ ਤਾਂ ਕੁਝ ਝਿਜਕੀ ਫਿਰ ਆਪਣੀਆਂ ਨਾਮ ਅੱਖਾਂ ਨੂੰ ਚੁੰਨੀ ਦੇ ਪੱਲੇ ਨਾਲ ਪੂੰਝ  ਨੂੰਹ ਪੁੱਤ ਨੂੰ ਲੱਡੂਆਂ ਦਾ ਸ਼ਗਨ ਦੇ ਉਨ੍ਹਾਂ ਦੇ ਸਿਰ ਤੇ ਹੱਥ ਰੱਖਿਆ। ਅਦਬ ਦੀਅਾਂ ਅੱਖਾਂ ਚੋਂ ਵੀ ਕੁੱਝ ਨਮੀ ਉੱਭਰੀ।
       ੳੁਧਰ ਭੂਆ ਫ਼ੁੱਫ਼ੜ ਪਤਾ ਹੀ ਨਹੀਂ ਲੱਗਾ ਕਦੋਂ ਕਿੱਧਰ ਨੂੰ ਚਲੇ ਗਏ।

-ਲੇਖਕ: ਸੁਖਵਿੰਦਰ ਸਿੱਘ ਮੁੱਲਾਂਪੁਰ

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin