Punjab

ਸਿਬਿਨ ਸੀ ਵੱਲੋਂ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਵੋਟਰਾਂ ਨੂੰ ਦਿੱਤਾ ਜਾਵੇਗਾ ‘ਚੋਣ ਸੱਦਾ’

ਚੰਡੀਗੜ੍ਹ – ਲੋਕ ਸਭਾ ਚੋਣਾਂ-2024 ’ਚ ‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਹਾਸਲ ਕਰਨ ਦੀ ਮੁਹਿੰਮ ਤਹਿਤ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਇਕ ਹੋਰ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ। ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਸ ਵਾਰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਵੱਲੋਂ ਬੀਐਲਓਜ਼ (ਬੂਥ ਪੱਧਰੀ ਅਧਿਕਾਰੀ) ਰਾਹੀਂ ਵੋਟਰਾਂ ਨੂੰ ਘਰ-ਘਰ ‘ਚੋਣ ਸੱਦਾ’ ਕਾਰਡ ਭੇਜੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਵਾਸਤੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਵੋਟਰਾਂ ਨੂੰ ‘ਚੋਣ ਸੱਦਾ’ ਦਿੱਤਾ ਜਾਵੇਗਾ, ਜਿਸ ਵਿੱਚ ਵੋਟਰਾਂ ਨੂੰ 1 ਜੂਨ 2024 ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਕਾਰਡ ਬੀਐਲਓਜ਼ ਵੱਲੋਂ ਘਰ-ਘਰ ਦਿੱਤੇ ਜਾਣਗੇ।
ਸਿਬਿਨ ਸੀ ਨੇ ਅੱਗੇ ਦੱਸਿਆ ਕਿ ਸੂਬੇ ਦੇ ਹਰੇਕ ਜ਼ਿਲ੍ਹੇ ’ਚ ਵੱਡੇ ਪੱਧਰ ’ਤੇ ਪਹਿਲਾਂ ਹੀ ਸਵੀਪ (ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਤੇ ਇਲੈਕਟੋਰਲ ਪਾਰਟੀਸੀਪੇਸ਼ਨ) ਗਤੀਵਿਧੀਆਂ ਤਹਿਤ ਚੋਣ ਜਾਗਰੂਕਤਾ ਸਬੰਧੀ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਤੇ ਇਸ ਪਹਿਲਕਦਮੀ ਦਾ ਮਕਸਦ ਵੀ ‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਹਾਸਲ ਕਰਨਾ ਤੇ ਵੋਟਿੰਗ ਪ੍ਰਕਿਰਿਆ ਦੌਰਾਨ ਵੋਟਰਾਂ ਦੇ ਸਮੁੱਚੇ ਤਜ਼ਰਬੇ ਨੂੰ ਅਨੰਦਦਾਇਕ ਤੇ ਤਸੱਲੀਬਖਸ਼ ਬਣਾਉਣਾ ਹੈ।
ਉਨ੍ਹਾਂ ਦੱਸਿਆ ਕਿ ਕਾਰਡ ਵਿਚ ਇਕ ਕਿਊ ਆਰ ਕੋਡ ਵੀ ਦਿੱਤਾ ਗਿਆ ਹੈ, ਜਿਸ ਨੂੰ ਸਕੈਨ ਕਰਕੇ ਵੋਟਰ ਆਪਣੇ ਪੋਲਿੰਗ ਬੂਥ ਬਾਬਤ ਵੀ ਜਾਣਕਾਰੀ ਹਾਸਲ ਕਰ ਸਕਦੇ ਹਨ। ਸਿਬਿਨ ਸੀ ਨੇ ਦੱਸਿਆ ਕਿ ਵੋਟਿੰਗ ਵਾਲੇ ਦਿਨ ਹਰੇਕ ਬੂਥ ਉੱਤੇ ਵੋਟਰਾਂ ਦੀ ਸਹੂਲਤ ਲਈ ਢੁੱਕਵੇਂ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ, ਜਿਸ ਵਿੱਚ ਪੀਣ ਵਾਲਾ ਪਾਣੀ, ਵੇਟਿੰਗ ਏਰੀਆ, ਪੁਰਸ਼ਾਂ ਤੇ ਮਹਿਲਾਵਾਂ ਲਈ ਸਾਫ਼-ਸੁਥਰੇ ਪਖਾਨੇ ਤੇ ਸ਼ੈੱਡ ਆਦਿ ਸ਼ਾਮਲ ਹਨ। ਮੁੱਖ ਚੋਣ ਅਧਿਕਾਰੀ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ-ਚੜ੍ਹ ਕੇ ਲੋਕ ਸਭਾ ਚੋਣਾਂ-2024 ਵਿੱਚ ਹਿੱਸਾ ਲੈਣ ਅਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

 

Related posts

ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਮੀਤ ਖੁੱਡੀਆਂ ਲਈ ਕੀਤਾ ਪ੍ਰਚਾਰ, ਬਠਿੰਡਾ ‘ਚ ਕੀਤੀ ਵਿਸ਼ਾਲ ਜਨਸਭਾ, ਲੋਕਾਂ ਨੂੰ ਗੁਰਮੀਤ ਖੁੱਡੀਆਂ ਨੂੰ ਜਿਤਾਉਣ ਦੀ ਕੀਤੀ ਅਪੀਲ

editor

ਭਗਵੰਤ ਮਾਨ ਨੇ ਲੋਕਾਂ ਨੂੰ ‘ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਬੀਰ ਦੀ’ ਸੁਣਾ ਕੇ ਸੁਖਬੀਰ ‘ਤੇ ਲਈ ਚੁਟਕੀ 

editor

ਚੰਡੀਗੜ੍ਹ ਲਈ ਕਾਂਗਰਸ-ਆਪ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਕੀਤਾ: ਸੁਖਬੀਰ ਸਿੰਘ ਬਾਦਲ

editor