Articles

ਸੁਚੱਜੀ ਅਗਵਾਈ ਦੀ ਉਡੀਕ ਵਿੱਚ ਪੰਜਾਬ !

Harkirat Kaur Sabhara
ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਕੁਦਰਤ ਦੀ ਅਪਾਰ ਪ੍ਰਸੰਨਤਾ ਬਟੋਰੀ ਬੈਠੀ ਪੰਜਾਬ ਦੀ ਧਰਤੀ ਵਰਗੀ ਜੰਨਤ ਇਸ ਸੰਸਾਰ ਵਿੱਚ ਕਿਧਰੇ ਵੀ ਵੇਖਣ ਨੂੰ ਨਹੀਂ ਮਿਲਦੀ। ਉਹ ਧਰਤੀ ਜੋ ਬਲੀਦਾਨਾਂ ਦੀ ਸਰਜਮੀਂ ਹੈ, ਅਣਖ ਸਾਹਸ ਦੀ ਜਨਮਦਾਤੀ ਇਹ ਧਰਤ ਹਮੇਸ਼ਾ ਸਰਦਾਰੀ ਪਾਲਦੀ ਰਹੀ ਹੈ। ਜਿਸ ਵੀ ਕਿਸੇ ਨੇ ਇਸ ਦੀ ਪਵਿੱਤਰਤਾ ਤੇ ਸ਼ਾਨ ਵੱਲ ਅੱਖ ਭਰਕੇ ਵੇਖਿਆ ਇਸ ਧਰਤੀ ਦੇ ਜੰਮਿਆ ਉਹਨਾਂ ਅੱਖਾਂ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਅਤੇ ਇਸ ਕਦਰ ਨੀਵੀਂਆਂ ਪਵਾਈਆਂ ਕਿ ਮੁੜ ਉਹ ਅੱਖਾਂ ਉੱਪਰ ਨਹੀਂ ਉੱਠ ਸਕੀਆਂ। ਪੰਜਾਬ ਦੀ ਧਰਤੀ ਵੀ ਭਾਗਾਂ ਵਾਲੀ ਹੈ ਕਿ ਇਸਦੀ ਕੁੱਖੋਂ ਸਰਵਣ ਪੁੱਤ ਜਨਮ ਲੈਂਦੇ ਰਹੇ। ਉਹ ਪੁੱਤਰ ਜਿੰਨਾ ਨੂੰ ਇਸ ਧਰਤੀ ਦੀ ਆਣ ਸ਼ਾਨ ਦੀ ਫਿਕਰ ਰਹਿੰਦੀ ਸੀ ਅਤੇ ਉਸਦੀ ਰਾਖੀ ਲਈ ਉਹ ਆਪਣਾ ਆਪ ਵੀ ਵਾਰ ਦਿੰਦੇ ਸਨ। ਪੰਜਾਬ ਦੇ ਕੋਲ ਮਹਾਰਾਜਾ ਰਣਜੀਤ ਸਿੰਘ, ਸਰਦਾਰ ਹਰੀ ਸਿੰਘ ਨਲੂਆ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਨਵਾਬ ਕਪੂਰ ਸਿੰਘ ਹੋਣਾ ਵਰਗੇ ਉੱਘੇ ਜਰਨੈਲ ਅਤੇ ਸਿਆਸਤਦਾਨ ਸਨ। ਜਿੰਨਾ ਦੀ ਅਗਵਾਈ ਵਿੱਚ ਪੰਜਾਬ ਰਾਜ ਦਰਬਾਰ ਦੀ ਸੋਭਾ ਮੁਗਲਾਂ, ਅੰਗਰੇਜ਼ਾਂ ਹਰੇਕ ਦੇ ਕੰਨਾਂ ਵਿੱਚ ਪਈ ਸੀ। ਪਰ ਉਸ ਸਮੇਂ ਜਦੋਂ ਸਿੱਖ ਰਾਜ ਦੀ ਸ਼ਾਨ ਨੂੰ ਖਤਰਾ ਹੋਇਆ ਤਾਂ ਉਹ ਘਰ ਦੇ ਭੇਤੀਂਆ ਕੋਲੋ ਹੋਇਆ।

ਗਿਆਨੀ ਸੋਹਣ ਸਿੰਘ ਸ਼ੀਤਲ ਜੀ ਆਪਣੀ ਕਿਤਾਬ ” ਸਿੱਖ ਰਾਜ ਕਿਵੇਂ ਗਿਆ? ” ਵਿੱਚ ਬੜੇ ਹੀ ਦਰਦ ਭਰੇ ਬੋਲਾਂ ਨਾਲ ਲਿਖਦੇ ਹਨ ਕਿ
ਕੋਈ ਦੂਰ ਦੀ ਗੱਲ ਨਹੀਂ, ਦੇਸ਼ ਅੰਦਰ
ਕਦੇ ਅਸੀਂ ਵੀ ਹੁੰਦੇ ਸੀ ਸ਼ਾਨ ਵਾਲੇ
ਅਸੀਂ ਪੰਜ ਦਰਿਆਵਾਂ ਦੇ ਬਾਦਸ਼ਾਹ ਸਾਂ
ਤਾਜ ਤਖਤ ਵਾਲੇ ਅਣਖ ਆਣ ਵਾਲੇ।
ਸਾਡੇ ਖ਼ਾਲਸਾਈ ਕੌਮੀ ਨਿਸ਼ਾਨ ਅੱਗੇ
ਪਾਣੀ ਭਰਦੇ ਸਨ ਕਈ ਨਸ਼ਾਨ ਵਾਲੇ।
ਇਸ ਦੇ ਨਾਲ ਹੀ ਉਹ ਬਿਆਨ ਕਰਦੇ ਹਨ
ਕਿ ਅਸੀਂ ਕੀ ਸੀ! ਤੇ ਕੀ ਹੋ ਗਏ? ਇਹ ਕੋਈ ਅਣਹੋਣੀ ਗੱਲ ਨਹੀਂ ਕੌਮਾਂ ਉੱਭਰਦੀਆਂ ਵੀ ਆਈਆਂ ਹਨ ਅਤੇ ਡਿੱਗਦੀਆਂ ਵੀ! ਪਰ ਜਿਸ ਤਰ੍ਹਾਂ ਅਸੀਂ ਗੁਲਾਮ ਹੋਏ ਸਾਂ ਇਹ ਜਰੂਰ ਸੋਚਣ ਵਾਲੀ ਗੱਲ ਹੈ। ੧੪੫੦੦ ਮਰੁੱਬਾ ਮੀਲ ਦੀ ਏਨੀ ਤੱਕੜੀ ਬਾਦਸ਼ਾਹੀ, ਜਿਸ ਕੋਲ ਬੇਅੰਤ ਸਮਾਨ – ਜੰਗ ਤੇ ਬੇਸ਼ੁਮਾਰ ਮਰ ਮਿਟਣ ਵਾਲੇ ਦੇਸ਼ ਭਗਤ ਯੋਧੇ ਹੋਣ ਉਸਦਾ ਦਿਨਾਂ ਵਿੱਚ ਗੁਲਾਮ ਹੋਣਾ… ਇੱਕ ਜਾਦੂ ਸੀ। ਅਸੀਂ ਇੱਕ ਵਾਰ ਉਸ ਸਮੇਂ ਇਸ ਕਦਰ ਗੁਲਾਮ ਹੋਏ ਕਿ ਦੁਬਾਰਾ ਪੱਬਾਂ ਭਾਰ ਉੱਠ ਨਾ ਸਕੇ। ਜੇ ਦੇਸ਼ ਨੂੰ ਅਜ਼ਾਦ ਕਰਵਾਇਆ ਵੀ ਗਿਆ ਤਾਂ ਸਾਡੇ ਦੇਸ਼ ਦੇ ਭ੍ਰਿਸ਼ਟ ਨੇਤਾਵਾਂ ਨੇ ਇਸ ਦੇਸ਼ ਦਾ ਬੇੜਾ ਗਰਕ ਕਰ ਦਿੱਤਾ ਜੇਕਰ ਪੰਜਾਬ ਦੀ ਮੌਜੂਦਾ ਰਾਜਨੀਤੀ ਵੱਲ ਧਿਆਨ ਮਾਰੀਏ ਤਾਂ ਇਸ ਵਿੱਚ ਕੋਈ ਦੋਰਾਏ ਨਹੀਂ ਹੋਵੇਗੀ ਕਿ ਅੱਜ ਪੰਜਾਬ ਦੇ ਕੋਲ ਕੋਈ ਵੀ ਸੁਚੱਜਾ, ਸੂਝਵਾਨ ਰਾਜਨੇਤਾ ਨਹੀਂ ਹੈ। ਕੋਈ ਵੀ ਅਜਿਹਾ ਆਗੂ ਨਹੀਂ ਜਿਸ ਨੂੰ ਪੰਥ ਦੇਸ਼ ਦਰਦੀ ਕਿਹਾ ਜਾ ਸਕੇ। ਪੰਜਾਬ ਦੀ ਰਾਜਨੀਤੀ ਦੀ ਹਾਲਤ ਬਹੁਤ ਹਾਸੋਹੀਣੀ ਹੋਈ ਪਈ ਹੈ। ਮੈਂ ਹੈਰਾਨ ਹੁੰਦੀ ਹਾਂ ਪੰਜਾਬ ਦੀਆਂ ਸਿਆਸੀ ਰੈਲੀਆਂ ਵਿੱਚ ਬੁਲਾਰਿਆਂ ਨੂੰ ਸੁਣ ਕੇ, ਜਿੰਨਾ ਦੇ ਭਾਸ਼ਣ ਸੁਣ ਕੇ ਪੰਥ ਪ੍ਰਤੀ ਦਰਦ ਘੱਟ ਤੇ ਕਾਮੇਡੀ, ਮਾਖੌਲ ਟਕੋਂਚੀਆਂ ਜਿਆਦਾ ਕੰਨਾਂ ਵਿੱਚ ਪੈਂਦੀਆਂ ਹਨ। ਸਿਆਸੀ ਲੀਡਰਾਂ ਵਿੱਚ ਉਹਨਾਂ ਦੀ ਉਮਰ, ਅਹੁਦੇ ਅਤੇ ਜਿੰਮੇਵਾਰੀ ਦੇ ਅਨੁਸਾਰ ਕੋਈ ਸਿਆਣਪ ਝਲਕਦੀ ਹੀ ਨਹੀਂ ਹੈ, ਬਸ ਵਿਰੋਧੀ ਧਿਰ ਦੀ ਖਿੱਲੀ ਕਿਵੇਂ ਉਡਾਈ ਜਾ ਸਕੇ ਇਹੀ ਜ਼ਨੂੰਨ ਸਵਾਰ ਹੋਇਆ ਹੈ।ਜਿੰਨਾ ਸ਼ਖਸੀਅਤਾਂ ਨੇ ਦੇਸ਼ ਦੀ ਅਗਵਾਈ ਕਰਨੀ ਹੈ ਉਹ ਇੱਕ ਦੂਸਰੇ ਨੂੰ ਮਸ਼ਕਰੀਆਂ ਕਰਨ ਵਿੱਚ ਰੁੱਝੇ ਹੋਏ ਹਨ। ਉਸ ਤੋਂ ਵੀ ਵੱਡੇ ਦੁਖਾਂਤ ਦੀ ਗੱਲ ਇਹ ਹੈ ਕਿ ਅਸੀਂ ਲੋਕ ਇਹੋ ਜਿਹੀਆਂ ਹਾਸੋਹੀਣੀਆਂ ਗੱਲਾਂ ਉੱਪਰ ਚਿੰਤਾ ਪ੍ਰਗਟ ਕਰਨ ਦੀ ਬਜਾਇ ਤਾੜੀਆਂ ਮਾਰ ਰਹੇ ਹੁੰਦੇ ਹਾਂ।
ਪੰਜਾਬ ਵਿੱਚ ਦੋ ਮਹੀਨਿਆਂ ਤੱਕ ਵਿਧਾਨ ਸਭਾ ਚੋਣਾਂ ਹਨ। ਸਾਰੇ ਪੰਜਾਬ ਵਾਸੀਆਂ ਕੋਲ ਅਗਲੇ ਪੰਜਾਂ ਸਾਲਾਂ ਲਈ ਪੰਜਾਬ ਦਾ ਭਵਿੱਖ ਤਹਿ ਕਰਨ ਦਾ ਇੱਕ ਨਵਾਂ ਮੌਕਾ ਹੈ । ਪੰਜਾਬ ਵਾਸੀਓ ਜਾਗੋ ਤੇ ਅੱਖਾਂ ਖੋਲ੍ਹ ਕੇ ਵੇਖੋ ਕਿ ਇਹਨਾਂ ਸਿਆਸਤਦਾਨਾਂ ਨੇ ਸਾਨੂੰ ਕਿਥੋਂ ਕਿੱਥੇ ਲਿਆ ਕੇ ਖੜਾ ਕੀਤਾ ਹੈ। ਤੁਹਾਡੇ ਕੋਲ ਤਾਕਤ ਹੈ, ਹੁਣ ਵੋਟ ਦੀ ਸ਼ਕਤੀ ਤੁਹਾਡੇ ਹੱਥ ਵਿੱਚ ਹੈ। ਪੰਜ ਸਾਲ ਆਪਣੀਆਂ ਦਰਖਾਸ੍ਤਾਂ ਹੱਥ ਵਿੱਚ ਫੜ ਮੰਤਰੀਆਂ ਤੇ ਸਰਕਾਰੀ ਦਫਤਰਾਂ ਮੂਹਰੇ ਡਾਂਗਾਂ ਖਾਣ ਤੋਂ ਚੰਗਾ ਹੈ ਕਿ ਹੁਣ ਪੂਰੀ ਸੂਝ ਬੂਝ ਨਾਲ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਜਾਵੇ ।ਜ਼ਰਾ ਸੋਚੋ ਅਤੇ ਆਪਣੀ ਕੀਮਤ ਸਮਝੋ ਤੁਸੀ ਆਮ ਇਨਸਾਨ ਨਹੀਂ ਬਲਕਿ ਤੁਹਾਡੇ ਵਿੱਚੋਂ ਕਿਸੇ ਇੱਕ ਦੀ ਸਹੀ ਜਾਂ ਗਲਤ ਚੋਣ ਪੰਜਾਬ ਦੇ ਭਵਿੱਖ ਨੂੰ ਉੱਜਲਾ ਕਰਨ ਤੇ ਉਜਾੜਨ ਵਿੱਚ ਸਹਾਈ ਹੋਵੇਗੀ।
ਪੰਜਾਬ ਦੀ ਰਾਜਨੀਤੀ ਨੂੰ ਤਮਾਸ਼ਾ ਨਾ ਬਣਾਈਏ। ਸਾਡੇ ਸਿਆਸਤਦਾਨ ਵੀ ਇਸ ਗੱਲ ਨੂੰ ਸਮਝਣ ਕਿ ਉਹ ਇੱਕ ਬਹੁਤ ਹੀ ਵੱਡੀ ਜਿੰਮੇਵਾਰੀ ਵਾਲੇ ਅਹੁੱਦੇ ਲਈ ਹੱਥ ਪੱਲਾ ਮਾਰ ਰਹੇ ਹਨ, ਤਾਂ ਫ਼ਿਰ ਉਸ ਜਿੰਮੇਵਾਰੀ ਦੇ ਅਨੁਸਾਰ ਉਹਨਾਂ ਦਾ ਵਿਵਹਾਰ ਵੀ ਹੋਣਾ ਬਹੁਤ ਜਰੂਰੀ ਹੈ।ਪੂਰੇ ਦੇਸ਼ ਦੇ ਮੂਹਰੇ ਇੱਕ ਦੂਸਰੇ ਦਾ ਮਜ਼ਾਕ ਉਡਾਉਂਣਾ ਸੂਝਵਾਨ ਬੰਦਿਆਂ ਨੂੰ ਸੋਭਾ ਨਹੀਂ ਦਿੰਦਾ।
ਜੇਕਰ ਤੁਸੀਂ ਸੱਚਮੁੱਚ ਪੰਜਾਬ ਦੇ ਹਿਤੈਸ਼ੀ ਹੋਵੋ ਤੇ ਤੁਹਾਨੂੰ ਪੰਜਾਬ ਦਾ ਦਰਦ ਹੋਵੇ ਤਾਂ ਸਾਡੇ ਪੰਜਾਬ ਦੇ ਬਹੁਤ ਮਸਲੇ ਹਨ, ਜੇਕਰ ਉਹਨਾਂ ਵੱਲ ਸੁਚੱਜੇ ਢੰਗ ਤੇ ਪੂਰੀ ਸ਼ਿੱਦਤ ਨਾਲ ਸੋਚਿਆ ਜਾਵੇ ਤਾਂ ਤੁਸੀਂ ਉਹਨਾਂ ਮਸਲਿਆਂ ਨੂੰ ਹੱਲ ਕੀਤੇ ਬਿਨਾਂ ਮੁਸਕਰਾਉਣਾ ਵੀ ਸਹੀ ਨਾ ਸਮਝੋ। ਪੰਜਾਬ ਤੇ ਪੰਜਾਬੀਅਤ ਤਾਂ ਹੀ ਬਚ ਸਕਦੀ ਹੈ ਜੇਕਰ ਸਾਡੇ ਕੋਲ ਸੁਚੱਜੇ ਆਗੂ ਹੋਣ ਤੇ ਸੁਚੱਜੇ ਆਗੂ ਚੁਣਨ ਦੀ ਜਿੰਮੇਵਾਰੀ ਜਨਤਾ ਦੀ ਹੈ। ਆਉਣ ਵਾਲੇ ਪੰਜਾਂ ਸਾਲਾਂ ਵਿੱਚ ਪੰਜਾਬ ਦਾ ਜੋ ਵੀ ਹਾਲ ਹੋਵੇਗਾ ਉਸਦੀ ਸਭ ਤੋਂ ਵੱਡੀ ਜਿੰਮੇਵਾਰ ਜਨਤਾਂ ਦੀ ਹੋਵੇਗੀ ਭਾਵੇਂ ਉਹ ਚੰਗੇ ਹੋਣ ਜਾਂ ਮਾੜੇ। ਕਿਉਂਕਿ ਅੱਜ ਤੁਹਾਡਾ ਲਿਆ ਫੈਸਲਾ ਹੀ ਪੰਜਾਬ ਦਾ ਭਵਿੱਖ ਤੈਅ ਕਰੇਗਾ। ਉਡੀਕ ਰਿਹਾ ਹੈ ਪੰਜਾਬ ਕਿਸੇ ਸੁਚੱਜੇ ਜਿਹੇ ਆਗੂ ਨੂੰ ਜਿਸ ਨੂੰ ਪੰਜਾਬ ਦਾ ਦਰਦ ਹੋਵੇ, ਇੱਕ ਅਜਿਹੇ ਆਗੂ ਦੀ ਉਡੀਕ ਹੈ ਪੰਜਾਬ ਨੂੰ ਜੋ ਪੰਜਾਬ ਨੂੰ ਖੁਸ਼ਹਾਲ ਬਣਾਵੇ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin