Articles

ਸੋਸ਼ਲ ਮੀਡੀਆ ਦਾ ਖਤਰਨਾਕ ਨਸ਼ਾ ਨੌਜਵਾਨਾਂ ਨੂੰ ਚਿੰਬੜ ਰਿਹਾ !

ਲੇਖਕ: ਵਿਜੈ ਗਰਗ ਸਾਬਕਾ ਪਿ੍ੰਸੀਪਲ, ਮਲੋਟ

ਅੱਜ-ਕੱਲ੍ਹ ਤਾਂ ਸਿਰਫ ਕੈਮੀਕਲ ਨਸ਼ੇ ਜਿਵੇਂ ਕਿ ਚਿੱਟਾ, ਹੈਰੋਇਨ, ਕੋਕੀਨ ਆਦਿ ਹੀ ਨਸ਼ਿਆਂ ਵਾਲੀ ਸੂਚੀ ਵਿੱਚ ਸ਼ਾਮਿਲ ਰਹਿ ਗਏ ਹਨ। ਇਨ੍ਹਾਂ ਨਸ਼ਿਆਂ ਨੇ ਵੀ ਪਿਛਲੇ ਥੋੜ੍ਹੇ ਹੀ ਸਮੇਂ ਵਿੱਚ ਤਬਾਹੀ ਦਾ ਇਹੋ ਜਿਹਾ ਮੰਜ਼ਰ ਪੇਸ਼ ਕੀਤਾ ਹੈ ਕਿ ਹਜ਼ਾਰਾਂ ਹੀ ਪਰਿਵਾਰ ਇਸ ਵਿੱਚ ਬਰਬਾਦ ਹੋ ਗਏ ਹਨ, ਪਰ ਸਮੇਂ ਦੀਆਂ ਸਰਕਾਰਾਂ ਬਿਆਨ ਦੇਣ ਜਾਂ ਸੌਂਹਾਂ ਖਾਣ ਤੋਂ ਇਲਾਵਾ ਹੋਰ ਕੋਈ ਵੀ ਸਥਾਈ ਹੱਲ ਕਰਨ ਵਿੱਚ ਬੇਬਸ ਹੀ ਨਜ਼ਰ ਆਈਆਂ ਹਨ।

ਇਨ੍ਹਾਂ ਨਸ਼ਿਆਂ ਤੋਂ ਇਲਾਵਾ ਇਕ ਹੋਰ ਖਤਰਨਾਕ ਨਸ਼ਾ ਜੋ ਅੱਜ ਦੀ ਜਵਾਨੀ ਨੂੰ ਜੋਕ ਵਾਂਗ ਚਿੰਬੜਿਆ ਹੈ, ਉਹ ਹੈ ਸੋਸ਼ਲ ਮੀਡੀਏ ਦਾ ਜਾਂ ਮੋਬਾਈਲ ਫੋਨ ਦਾ ਨਸ਼ਾ। ਇਸ ਅਲਾਮਤ ਲਈ ਵੀ ਅਸੀਂ ਇਕੱਲੇ ਨੌਜਵਾਨਾਂ ਨੂੰ ਦੋਸ਼ ਨਹੀਂ ਦੇ ਸਕਦੇ ਸਗੋਂ ਪੂਰਾ ਸਮਾਜ ਤੇ ਸਰਕਾਰਾਂ ਇਸ ਲਈ ਬਰਾਬਰ ਦੀਆਂ ਜ਼ਿੰਮੇਵਾਰ ਹਨ। ਸਭ ਤੋਂ ਪਹਿਲਾਂ ਤਾਂ ਮਾਪੇ ਖੁਦ ਜਾਣੇ-ਅਣਜਾਣੇ ਵਿਚ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਅਣਭੋਲ ਬਚਪਨ ਵਿੱਚ ਹੀ ਇਸ ਨਸ਼ੇ ਵਿੱਚ ਪਾਉਣਾ ਸ਼ੁਰੂ ਕਰ ਦਿੰਦੇ ਹਨ। ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਮੋਬਾਈਲਾਂ ਦੇ ਮਾੜੇ ਪ੍ਰਭਾਵਾਂ ਤੋਂ ਅਣਜਾਣ ਮਾਪੇ ਖੁਦ ਹੀ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ’ਤੇ ਮਸ਼ਰੂਫ ਕਰੀ ਰੱਖਦੇ ਹਨ। ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਤੇ ਫੇਸਬੁੱਕ, ਵਟਸਐਪ ਜਾਂ ਟਿਕ-ਟੌਕ ਵਗੈਰਾ ਚਲਾਉਂਦਿਆਂ ਨੂੰ ਦੇਖ ਕੇ ਬਹੁਤ ਹੀ ਮਾਣ ਮਹਿਸੂਸ ਕਰਦੇ ਹਨ ਅਤੇ ਆਪਣੇ ਰਿਸ਼ਤੇਦਾਰਾਂ ’ਚ ਇਸ ਗੱਲ ਲਈ ਠੁੱਕ ਬਣਾਉਂਦੇ ਹਨ। ਇਸ ਤਰ੍ਹਾਂ ਬੱਚਿਆਂ ਨੂੰ ਬਚਪਨ ਵਿੱਚ ਮਾਪਿਆਂ ਵੱਲੋਂ ਲਗਾਇਆ ਹੋਇਆ ਇਹ ਨਸ਼ਾ ਬਹੁਤ ਹੀ ਗੰਭੀਰ ਰੂਪ ਧਾਰ ਲੈਂਦਾ ਹੈ। ਕਹਿੰਦੇ ਹਨ ਕਿ ਮਾਪੇ ਹੀ ਬੱਚਿਆਂ ਦੇ ਪਹਿਲੇ ਅਧਿਆਪਕ ਹੁੰਦੇ ਹਨ, ਜੋ ਆਪਣੇ ਬੱਚਿਆਂ ਨੂੰ ਸਹੀ ਅਤੇ ਗਲਤ ਦੀ ਪਛਾਣ ਕਰਾਉਂਦੇ ਹਨ, ਪਰ ਇਸ ਕੇਸ ਵਿੱਚ ਤਾਂ ਮਾਪੇ ਖੁਦ ਹੀ ਬੁਰੀ ਤਰ੍ਹਾਂ ਭਟਕੇ ਹੋਏ ਹਨ। ਇਸ ਗੱਲ ਨਾਲ ਰਲ਼ਦਾ ਇਕ ਕਿੱਸਾ ਸਾਂਝਾ ਕਰਦਾ ਹਾਂ ਕਿ ਕਿਸੇ ਪ੍ਰੋਗਰਾਮ ਵਿੱਚ ਪੰਜ-ਸੱਤ ਸਹੇਲੀਆਂ ਇਕੱਠੀਆਂ ਹੋਈਆਂ। ਉਨ੍ਹਾਂ ਵਿੱਚੋਂ ਸਭ ਦੇ ਬੱਚੇ ਫੋਨਾਂ ਨਾਲ ਖੇਡ  ਰਹੇ ਸੀ ਪਰ ਇਕ ਬੱਚਾ ਕਿਤਾਬ ਪੜ੍ਹ ਰਿਹਾ ਸੀ। ਬਾਕੀ ਸਾਰੀਆਂ ਨੇ ਕਿਤਾਬ ਪੜ੍ਹਨ ਵਾਲੇ ਬੱਚੇ ਦੀ ਮਾਂ ਨੂੰ ਬੱਚਿਆਂ ਨੂੰ ਕਿਤਾਬਾਂ ਦੀ ਆਦਤ ਪਾਉਣ ਦੇ ਤਰੀਕੇ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਬੱਚੇ ਨੂੰ ਕਦੇ ਵੀ ਕਿਤਾਬਾਂ ਪੜ੍ਹਨ ਦੇ ਲੈਕਚਰ ਨਹੀਂ ਦਿੰਦੀ ਬਲਕਿ ਖੁਦ ਕਿਤਾਬਾਂ ਪੜ੍ਹਦੀ ਹੈ, ਜਿਸ ਨੂੰ ਦੇਖ ਕੇ ਬੱਚੇ ਨੂੰ ਵੀ ਉਹੀ ਆਦਤ ਪੈ ਗਈ ਹੈ। ਮਤਲਬ ਸਾਫ ਹੈ ਕਿ ਬੱਚੇ ਸੁਣਨ ਨਾਲ ਨਹੀਂ, ਦੇਖਣ ਨਾਲ ਸਮਝਦੇ ਹਨ। ਬੱਚੇ ਵੀ ਉਹੀ ਕੁਝ ਕਰਨਗੇ ਜੋ ਉਨ੍ਹਾਂ ਦੇ ਮਾਂ-ਬਾਪ ਕਰਦੇ ਹਨ। ਸਾਡੀ ਸੋਚ ਵਿੱਚ ਫੋਨ ਇਕ ਨਿੱਕੇ ਜਿਹੇ ਕਿਣਕੇ ਵਾਂਗ ਹੌਲਾ ਲੱਗਦਾ ਹੈ ਤੇ ਕਿਤਾਬ ਇਕ ਵਿਸ਼ਾਲ ਪਹਾੜ ਵਾਂਗ ਭਾਰੀ ਜਾਪਦੀ ਹੈ। ਪਰ ਇਹ ਗੱਲ ਕਦੇ ਵਿਸਾਰੀ ਨਹੀਂ ਜਾ ਸਕਦੀ ਕਿ ਕਿਣਕਾ ਅੱਖ ’ਚ ਪੈ ਕੇ ਹਮੇਸ਼ਾ ਰੜਕ ਪਾਉਂਦਾ ਹੈ ਅਤੇ ਪਹਾੜ ਤੇ ਵਿਲੱਖਣ ਕਿਸਮ ਦੀਆਂ ਜੜ੍ਹੀ-ਬੂਟੀਆਂ ਦਵਾਈ ਅਤੇ ਮੱਲ੍ਹਮ ਬਣ ਜਾਂਦੀਆਂ ਨੇ। ਕਈ ਵਾਰ ਮੇਰੇ ਤੋਂ ਹਿੰਮਤ ਨਹੀਂ ਹੁੰਦੀ ਆਪਣੀ ਸਰਾਹਣੇ ਪਈ ਕਿਤਾਬ ਚੁੱਕਣ ਦੀ ਤੇ ਡਰਾਇੰਗ ਰੂਮ ਚਾਰਜਿੰਗ ’ਤੇ ਲੱਗਿਆ ਫੋਨ ਮੈਂ ਰਜਾਈ ’ਚੋਂ ਨਿਕਲ ਕੇ ਨੰਗੇ ਪੈਰੀਂ ਚੁੱਕ ਲਿਆਉਂਦਾ ਹਾਂ। ਇਸ ਸਮੱਸਿਆ ਦੇ ਇੰਨੇ ਵਧ ਜਾਣ ਲਈ ਸਰਕਾਰਾਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹਨ। ਇੰਟਰਨੈੱਟ ਚਲਾਉਣ ਲਈ ਮਿਲਦਾ ਮੁਫਤ ਜਾਂ ਬਹੁਤ ਹੀ ਸਸਤੇ ਰੇਟਾਂ ’ਤੇ ਡੇਟਾ ਇਸ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਹੈ। ਹਾਲਾਤ ਇਹ ਹੋ ਚੁੱਕੇ ਹਨ ਕਿ ਨੌਜਵਾਨੀ ਦੀ ਇਸ ਕਮਜ਼ੋਰੀ ਦਾ ਲਾਹਾ ਲੈਦਿਆਂ ਸਿਆਸਤਦਾਨ ਵੀ ਹੋਰ ਵਿਕਾਸ ਕਾਰਜਾਂ ਦੇ ਵਾਅਦੇ ਕਰਨ ਦੀ ਥਾਂ ਸਮਾਰਟ ਫੋਨ ਦੇਣ ਦੇ ਵਾਅਦੇ ਕਰ ਕੇ ਵੋਟਾਂ ਬਟੋਰ ਤੇ ਸਰਕਾਰਾਂ ਬਣਾ ਰਹੇ ਹਨ। ਸਮੱਸਿਆ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਦੇ ਨੌਜਵਾਨ ਕੋਲ ਸਮਾਜ ਦੇ ਗੰਭੀਰ ਮੁੱਦਿਆਂ ’ਤੇ ਵਿਚਾਰ ਕਰਨ ਲਈ ਕੋਈ ਸਮਾਂ ਹੀ ਨਹੀਂ ਬਚਿਆ ਹੈ। ਸੋਸ਼ਲ ਮੀਡੀਆ ਦੇ ਹੜ੍ਹ ਵਿੱਚ ਨੌਜਵਾਨ ਇਸ ਪੱਧਰ ਤੱਕ ਡੁੱਬ ਗਏ ਹਨ ਕਿ ਪੜ੍ਹ-ਲਿਖ ਕੇ ਬੇਰੁਜ਼ਗਾਰ ਬੈਠੇ ਨੌਜਵਾਨਾਂ ਨੂੰ ਆਪਣੀ ਬੇਰੁਜ਼ਗਾਰੀ ਤੱਕ ਦਾ ਅੰਦਾਜ਼ਾ ਨਹੀਂ ਲੱਗ ਰਿਹਾ। ਇਹ ਨੌਜਵਾਨ ਕਿਤਾਬ ਪੜ੍ਹਨ ਜਾਂ ਵਿਦਵਾਨਾਂ ਦੀਆਂ ਗੱਲਾਂ ਸੁਣਨ ਨਾਲੋਂ ਫੋਨ ਉੱਤੇ ਟਿਕ-ਟੌਕ ਦੇਖਣ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਪਰ ਜਿਵੇਂ ਹਰ ਸਿੱਕੇ ਦੇ ਦੋ ਪਾਸੇ ਹੁੰਦੇ ਹਨ ਉਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਵੀ ਦੋ ਪਹਿਲੂ ਹਨ। ਜੇ ਮੋਬਾਈਲ ਫੋਨ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ ਤਾਂ ਇਹ ਸਮਾਜ ਲਈ ਇਕ ਵਰਦਾਨ ਵੀ ਸਾਬਤ ਹੋ ਸਕਦਾ ਹੈ। ਵਿਦਿਆਰਥੀਆਂ ਲਈ ਮੋਬਾਈਲ ਫੋਨ ਪੜ੍ਹਾਈ ਦਾ ਬਹੁਤ ਵਧੀਆ ਸਾਧਨ ਸਾਬਤ ਹੋ ਸਕਦੇ ਹਨ। ਬਹੁਤੇ ਨੌਜਵਾਨ ਮੋਬਾਈਲ ਦੀ ਸਹੀ ਵਰਤੋਂ ਕਰਦੇ ਹੋਏ ਸਮਾਜ ਲਈ ਚੰਗੇ ਕੰਮ ਵੀ ਕਰ ਰਹੇ ਹਨ ਜਿਵੇਂ ਕਿ ਲੋਕਾਂ ਨੂੰ ਸੇਧ ਦੇਣ ਅਤੇ ਸਮਾਜ ਦਾ ਸ਼ੀਸ਼ਾ ਦਿਖਾਉਣ ਲਈ ਲੇਖ, ਕਵਿਤਾ ਅਤੇ ਗੀਤ ਲਿਖਦੇ ਨੇ ਅਤੇ ਸੋਸ਼ਲ ਮੀਡੀਆ ’ਤੇ ਚੰਗੇ ਪੱਧਰ ਦੀ ਬਹਿਸ ਕਰਦੇ ਨੇ। ਇਸੇ ਤਰ੍ਹਾਂ ਸੋਸ਼ਲ ਮੀਡੀਆ ’ਤੇ ਕਿਸੇ ਵੀ ਤਰ੍ਹਾਂ ਦੇ ਕਾਰੋਬਾਰ ਬਾਰੇ ਬਹੁਤ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਇਸ ਤਰ੍ਹਾਂ ਸੋਸ਼ਲ ਮੀਡੀਆ ਦੀ ਵਰਤੋਂ ਚੰਗੇ ਸਮਾਜ ਦੀ ਸਿਰਜਣਾ ਲਈ ਵੀ ਕੀਤੀ ਜਾ ਰਹੀ ਹੈ। ਬਸ ਲੋੜ ਹੈ ਕਿ ਮਾਪੇ ਖੁਦ ਸੋਸ਼ਲ ਮੀਡੀਆ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਹੋਣ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਵਾਸਤੇ ਪ੍ਰੇਰਿਤ ਕਰਨ। ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਆਪ ਨੂੰ ਮੋਬਾਈਲ ਫੋਨ ਦੇ ਜੰਜਾਲ ਤੋਂ ਮੁਕਤ ਕਰ ਕੇ ਇਸ ਅਲਾਮਤ ਨੂੰ ਵਰਦਾਨ ਸਾਬਤ ਕਰ ਦੇਣ। ਆਓ ਆਪਣੇ ਅੰਦਰ ਵੱਲ ਦੀ ਉਹ ਦੀਵੇ ਦੀ ਲੋਅ ਜਗਾਈਏ, ਜੋ ਗਵਾਹੀ ਹੈ ਹਨੇਰੇ ਦੇ ਖਿਲਾਫ ਬਲਣ ਦੀ, ਜੋ ਆਪਣੇ ਮਗਰੋਂ ਇਸ ਹਨੇਰੇ ਵਿੱਚ ਚਾਨਣ ਦੀ ਹੋਂਦ ਨੂੰ ਬਰਕਰਾਰ ਰੱਖੇਗੀ। ਆਓ ਆਪਾਂ ਸੰਕਲਪ ਕਰੀਏ, ਆਓ ਆਪਾਂ ਕੋਸ਼ਿਸ਼ ਕਰੀਏ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin