Articles

ਵਿਸਰ ਗਏ ਊਠਾਂ ਵਾਲੇ ਵੇਲੇ …

ਲੇਖਕ: ਮਾਸਟਰ ਸੰਜੀਵ ਧਰਮਾਣੀ,
ਸ੍ਰੀ ਅਨੰਦਪੁਰ ਸਾਹਿਬ

ਸਮੇਂ ਦੀ ਤੋਰ ਦੇ ਨਾਲ – ਨਾਲ ਅੱਜ ਊਠਾਂ ਦੀ ਤੋਰ ਕਿਤੇ ਪਿੱਛੇ ਰਹਿ ਗਈ ਜਾਪਦੀ ਹੈ। ਕਦੀ ਸਮਾਂ ਹੁੰਦਾ ਸੀ ਜਦੋਂ ਊਠਾਂ ਦੀ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਅਹਿਮ ਅਤੇ ਖਾਸ ਭੂਮਿਕਾ ਹੁੰਦੀ ਸੀ । ਊਠ ਸਾਡੇ ਖਿੱਤੇ ਦੇ ਲੋਕ – ਜੀਵਨ ਦਾ ਇੱਕ ਖਾਸ ਹਿੱਸਾ ਹੁੰਦੇ ਸਨ । ਜਿਸ ਤੋਂ ਬਿਨਾਂ ਸਮਾਜਿਕ ਤੇ ਘਰੇਲੂ ਤਾਣਾ  -ਬਾਣਾ ਊਣਾ ਜਾਪਦਾ ਸੀ। ਇਸ ਨੂੰ ਸ਼ੁਤਰ ਜਾਂ ਬੋਤਾ ਵੀ ਕਿਹਾ ਜਾਂਦਾ ਹੈ । ਆਮ ਤੌਰ ‘ਤੇ ਇਸ ਨੂੰ ਮਾਰੂਥਲ ਦਾ ਜਹਾਜ਼ ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ ਹੈ । ਊਠ ਰੇਤਲੇ ਟਿੱਬਿਆਂ ਅਤੇ ਤੱਤੀ ਰੇਤ ਉੱਪਰ ਆਸਾਨੀ ਨਾਲ  ਚੱਲ ਸਕਣ ਵਾਲਾ ਪਸ਼ੂ ਹੈ । ਊਠ ਦੀ ਸੁੰਘਣ ਸ਼ਕਤੀ ਕਾਫੀ ਤੇਜ਼ ਹੁੰਦੀ ਹੈ ਅਤੇ ਇਹ ਪਾਣੀ ਦੇ ਜ਼ਖੀਰੇ ਦੀ ਭਾਲ ਬੜੀ ਆਸਾਨੀ ਨਾਲ ਕਰ ਸਕਦਾ ਹੈ । ਇਹ ਗੁਸੈਲ ਸੁਭਾਅ ਦਾ ਜਾਨਵਰ ਹੁੰਦਾ ਹੈ। ਖੇਤਰਾਂ ਦੀ ਭਿੰਨਤਾ ਅਤੇ ਕਿਸਮਾਂ ਦੇ ਅਨੁਸਾਰ ਊਠ ਦੀ ਇੱਕ ਢੁੱਠ ਜਾਂ ਦੋ ਦੋ  ਢੁੱਠਾ ਹੁੰਦੀਆਂ ਹਨ । ਇਸ ਦੀ ਉਮਰ ਲੱਗਭੱਗ ਪੰਜਾਹ ਸਾਲ ਹੁੰਦੀ ਹੈ  । ਲੋਕ ਊਠ ਨੂੰ ਹੋਰ ਜਾਨਵਰਾਂ ਵਾਂਗ ਘਰਾਂ ਵਿੱਚ ਆਮ ਪਾਲਦੇ ਹੁੰਦੇ ਸਨ ਅਤੇ ਇਸ ਦੀ ਆਮ ਜ਼ਿੰਦਗੀ ਵਿੱਚ ਤੇ ਹਰ ਖੇਤਰ ਵਿੱਚ ਵਰਤੋਂ ਕਰਦੇ ਹੁੰਦੇ ਸਨ । ਮੂੰਗੀ , ਮੋਠ , ਮਾਂਹ , ਮੂੰਗਫਲੀ ਦਾ ਭੋਅ ਅਤੇ ਗੁਆਰੇ ਦੀਆਂ ਫਲੀਆਂ ਆਦਿ ਊਠ ਦਾ ਮਨਪਸੰਦ ਭੋਜਨ  ਹੈ । ਰੇਲ ਗੱਡੀ ਅਤੇ ਇੰਜਣ ਦੀ ਆਮਦ ਤੋਂ ਪਹਿਲਾਂ ਊਠਾਂ  ਦਾ ਹਰ ਖੇਤਰ ਤੇ ਹਰ ਕੰਮ ਵਿੱਚ ਬਹੁਤ ਯੋਗਦਾਨ ਹੁੰਦਾ ਸੀ। ਊਠ ਨੂੰ ਹਲ ਵਾਹੁਣ , ਖੇਤੀਬਾੜੀ ਦੇ ਕੰਮਾਂ , ਸਵਾਰੀ , ਭਾਰ ਢੋਣ ਲਈ , ਰਾਜਿਆਂ -ਮਹਾਰਾਜਿਆਂ ਦੇ ਸ਼ਾਹੀ ਸੁਨੇਹੇ ਭੇਜਣ , ਚਿੱਠੀਆਂ  ਭੇਜਣ , ਵਿਆਹਾਂ ਸ਼ਾਦੀਆਂ ਤੇ ਮੇਲਿਆਂ ਵਿੱਚ ਆਉਣ ਜਾਣ ਲਈ ,  ਵਪਾਰ ਕਰਨ ਦੇ ਲਈ , ਹਲਟ ਅਤੇ ਖਰਾਸ ਚਲਾਉਣ ਲਈ ਅਤੇ ਊਠ ਰੇਹੜੀ ਚਲਾਉਣ ਲਈ ਜਾਂ ਗੱਡੇ ਨਾਲ ਊਠ ਨੂੰਂ  ਬੇਡੀ ਵਜੋਂ ਜੋੜਨ ਲਈ ਆਮ ਹੀ ਇਸ ਦੀ ਵਰਤੋਂ ਕੀਤੀ ਜਾਂਦੀ ਹੁੰਦੀ ਸੀ । ਪੁਰਾਣੇ ਸਮੇਂ ਵਿੱਚ ਊਠ ਦੀ ਸਵਾਰੀ ਨੂੰ ਸ਼ਾਹੀ ਸਵਾਰੀ ਵਜੋਂ ਸਮਝਿਆ ਜਾਂਦਾ ਹੁੰਦਾ ਸੀ ਅਤੇ ਕਈ ਤਰ੍ਹਾਂ ਦੀਆਂ ਵੱਡੀਆਂ – ਵੱਡੀਆਂ ਇਮਾਰਤਾਂ ਬਣਾਉਣ ਅਤੇ ਨਹਿਰਾਂ ਆਦਿ ਦੀ ਖੁਦਾਈ ਸਮੇਂ ਊਠ ਦੀ ਵਰਤੋਂ ਕੀਤੀ ਜਾਂਦੀ ਹੁੰਦੀ ਸੀ । ਪੁਰਾਣੇ ਸਮਿਆਂ ਵਿੱਚ ਬਰਾਤਾਂ ਊਠਾਂ ਘੋੜਿਆਂ ਤੇ ਜਾਂਦੀਆਂ ਹੁੰਦੀਆਂ ਸਨ ਤੇ ਊਠ ਨੂੰ ਸੂਤ ਦੀ ਮੁਹਾਰ ਪਾ ਕੇ ਅਤੇ ਲੋਗੜੀ ਦੇ ਫੁੱਲਾਂ ਨਾਲ ਸਜਾ ਕੇ ਨਕੇਲਾਂ ਨਾਲ ਰੁਮਾਲ ਬੰਨ੍ਹੇ ਜਾਂਦੇ ਸਨ । ਊਠ ਦੇ ਵਾਲਾਂ ਦੀ ਵਰਤੋਂ ਚਿੱਤਰਕਾਰੀ ਕਰਨ ਵਾਲੇ ਬੁਰਸ਼ਾਂ ਨੂੰ ਬਣਾਉਣ ਵਿੱਚ ਕੀਤੀ ਜਾਂਦੀ ਹੈ । ਊਠਣੀ ਦੇ ਦੁੱਧ ਦੀ ਵਰਤੋਂ ਲੋਕ ਆਮ ਦੁੱਧ ਵਾਂਗ ਹੀ ਕਰਦੇ ਸਨ ਅਤੇ ਇਸ ਤੋਂ ਕਈ ਤਰ੍ਹਾਂ ਦੀਆਂ ਮਠਿਆਈਆਂ ਆਦਿ ਵੀ ਬਣਾਈਆਂ ਜਾਂਦੀਆਂ ਸਨ । ਇਸ ਦਾ ਦੁੱਧ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਵਿੱਚ ਵੀ ਵਰਤਿਆ ਜਾਂਦਾ ਸੀ  । ਊਠ ਦੇ ਲੇਡੇ ਅੱਗ ਬਾਲਣ ਅਤੇ ਮੱਛਰ ਭਜਾਉਣ ਦੇ ਕੰਮ ਆਉਂਦੇ ਸਨ  । ਪੁਰਾਣੇ ਸਮੇਂ ਵਿੱਚ ਮਿਲਟਰੀ ਵਿੱਚ ਊਠ ਰੈਜੀਮੈਂਟਾਂ ਹੁੰਦੀਆਂ ਸਨ , ਜੋ ਕਿ ਅੱਜ ਵੀ ਮੌਜੂਦ ਹਨ । ਪੰਜਾਬ ਵਿੱਚ ਊਠ ਨਾਲ ਸਬੰਧਤ ਕਈ ਮੁਹਾਵਰੇ , ਅਖਾਣ , ਕਹਾਵਤਾਂ , ਕਥਾ – ਕਹਾਣੀਆਂ ਜੁੜੀਆਂ ਹੋਈਆਂ ਹਨ । ਜਿਵੇਂ  :  ‘ਊਠ ਦੇ ਮੂੰਹ ਵਿੱਚ ਜੀਰਾ’,  ‘ਊਠਾਂ ਵਾਲਿਆਂ ਨਾਲ ਯਾਰੀ ਤੇ ਦਰ ਭੀੜੇ’ , ‘ਊਠ ਅੜਾਉਂਦੇ ਹੀ ਲੱਦੀਦੇ ਹਨ, ‘ਹੁਣ ਆਇਆ ਊਠ ਪਹਾੜ ਦੇ ਥੱਲੇ ।”  ਅਖਾਣ ਕਾਫੀ ਪ੍ਰਸਿੱਧ ਹਨ । ਊਠ ਨੂੰ ਪਵਿੱਤਰ ਪਸ਼ੂ ਮੰਨਿਆ ਗਿਆ ਹੈ । ਸਾਡੇ ਸੱਭਿਆਚਾਰ ਅਤੇ ਲੋਕ ਸਾਹਿਤ ਵਿੱਚ ਵੀ ਊਠ ਦਾ ਕਾਫ਼ੀ ਜ਼ਿਕਰ ਕੀਤਾ ਮਿਲਦਾ ਹੈ । ਜਿਵੇਂ ਕਿ :

“ਜਾਣਾ ਹੈਦਰ ਸ਼ੇਖ ਦੇ ਮੇਲੇ, ਬੋਤੇ ਨੂੰ ਸ਼ਿੰਗਾਰ ਮੁੰਡਿਆ ।”
     ਤੇ
“ਊਠਾਂ ਵਾਲਿਆਂ ਨੂੰ ਨਾ ਦੇਈਂ ਮੇਰੀ ਮਾਏ, ਤੜਕੇ ਉੱਠ ਕੇ ਲੱਦ ਜਾਣਗੇ।”
ਰਾਜਸਥਾਨ ਦੇ  ਅਜਮੇਰ ਜ਼ਿਲ੍ਹੇ ਤੋਂ ਲਗਪਗ 14 ਕਿਲੋਮੀਟਰ ਦੂਰ ਪੁਸ਼ਕਰ ਨਾਂ ਦੇ ਸਥਾਨ ‘ਤੇ ਪੰਜ ਦਿਨਾਂ ਦਾ ਊਠਾਂ ਦਾ ਮੇਲਾ ਲੱਗਦਾ ਹੈ । ਇੱਥੇ ਬ੍ਰਹਮਾ ਜੀ ਦਾ ਵਿਸ਼ਵ ਪ੍ਰਸਿੱਧ ਮੰਦਰ ਵੀ ਹੈ ।ਇਸ ਮੇਲੇ ਵਿੱਚ ਲੋਕ ਊਠਾਂ ਅਤੇ ਹੋਰ ਪਸ਼ੂਆਂ ਦੀ ਖਰੀਦੋ – ਫਰੋਖਤ ਅੱਜ ਵੀ ਬੜੇ ਚਾਅ ਨਾਲ ਕਰਦੇ ਹਨ ।
 ਮਸ਼ੀਨਰੀ ਅਤੇ ਰੇਲ ਗੱਡੀ ਦੀ ਆਮਦ ਦੇ ਨਾਲ ਊਠਾਂ ਦੀ ਬੁੱਕਤ ਘੱਟ ਗਈ । ਹੁਣ ਊਠਾਂ ਦੀ ਵਰਤੋਂ ਸਵਾਰੀ ਢੋਣ , ਭਾਰ ਢੋਣ , ਖੇਤੀਬਾੜੀ ਦੇ ਕੰਮਾਂ ਜਾਂ ਹੋਰ ਥਾਵਾਂ ‘ਤੇ ਨਹੀਂ ਕੀਤੀ ਜਾਂਦੀ । ਅੱਜ ਸੈਰ – ਸਪਾਟਾ ਖੇਤਰ ਵਿੱਚ ਊਠ ਦੀ ਸਵਾਰੀ ਸੈਲਾਨੀਆਂ  ਦੇ ਲਈ ਕਾਫੀ ਖਿੱਚ ਦਾ ਕੇਂਦਰ ਬਣ ਰਹੀ ਹੈ ।ਰੇਗਿਸਤਾਨ ਦੇ ਖੇਤਰਾਂ ਵਿੱਚ ਅਜੇ ਵੀ ਮਿਲਟਰੀ ਵਿੱਚ ਊਠਾਂ ਦੀਆਂ ਰੈਜਮੈਂਟਾਂ ਜ਼ਰੂਰ ਮੌਜੂਦ ਹਨ । ਪੰਜਾਬ ਵਿੱਚੋਂ ਅੱਜ ਊਠ ਲੱਗਭਗ ਅਲੋਪ ਹੋਣ ਦੇ ਕਿਨਾਰੇ ਹੀ ਹੈ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin