Articles

ਸ. ਸਿਮਰਨਜੀਤ ਸਿੰਘ ਮਾਨ ਬੇਹੂਦਾ ਬਿਆਨਬਾਜੀ ਕਰਨ ਦੀ ਬਜਾਏ ਲੋਕ ਫ਼ਤਵੇ ਦੇ ਮਕਸਦ ਦੀ ਕਦਰ ਕਰਨ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਇਹ ਸਵਾਲ ਵੈਸੇ ਕਿਸੇ ਤਰਾਂ ਵੀ ਬਣਦਾ ਨਹੀਂ, ਪਰ ਸੰਗਰੂਰ ਜ਼ਿਮਨੀ ਚੋਣ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤਕੇ ਦੇਸ਼ ਦੀ ਲੋਕ ਸਭਾ ਚ ਪਹੁੰਚਣ ਵਾਲੇ ਅਕਾਲੀ ਦਲ ਅੰਮਿ੍ਰਤਸਰ ਦੇ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਨੇ ਲੋਕ ਸਭਾ ਚ ਪਰਵੇਸ਼ ਕਰਨ ਤੋ ਪਹਿਲਾ ਹੀ ਇਹ ਬੇਤੁਕਾ ਬਿਆਨ ਦੇ ਕੇ ਜਿੱਥੇ ਆਪਣੀ ਅਕਲ ਦਾ ਤਕਾਜ਼ਾ ਦੇ ਦਿੱਤਾ ਹੈ, ਉੱਥੇ ਇਹ ਸੰਕੇਤ ਵੀ ਦੇ ਦਿੱਤਾ ਹੈ ਮੁਲਕ ਦੀ ਆਨ ਤੇ ਸ਼ਾਨ ਬਹਾਲ ਕਰਨ ਵਾਲੇ ਸ ਭਗਤ ਸਿੰਘ ਹੀ ਨਹੀਂ ਬਲਕਿ ਇਸ ਮਕਸਦ ਵਾਸਤੇ 80 ਤੋਂ 90 ਫੀਸਦੀ ਤੱਕ ਆਪਣੀਆ ਜਾਨਾਂ ਦੀ ਆਹੂਤੀ ਦੇਣ ਵਾਲੇ ਬਾਰੀ ਪੰਜਾਬੀ ਵੀ ਅੱਤਵਾਦੀ ਹੀ ਸਨ । ਸ ਸਿਮਰਨਜੀਤ ਸਿੰਘ ਮਾਨ ਇਸ ਤਰਾਂ ਦੇ ਬੇਥਵੇ ਬਿਆਨ ਦੇ ਕੀ ਸਾਬਤ ਕਰਨਾ ਚਾਹੁੰਦੇ ਹਨ ਜਾਂ ਫਿਰ ਕਿਹੜਾ ਮਨੋਰਥ ਹੱਲ ਕਰਨਾ ਚਾਹੁੰਦੇ ਹਨ, ਇਸ ਬਾਰੇ ਤਾਂ ਸਿਰਫ ਉਹ ਹੀ ਦੱਸ ਸਕਦੇ ਹਨ, ਪਰ ਦੇਸ਼ ਦੀ ਲੋਕ ਸਭਾ ਚ ਪਰਵੇਸ਼ ਕਰਨ ਤੋਂ ਪਹਿਲਾ ਉਕਤ ਬਿਆਨ ਦੇਂਦੇ ਸਮੇਂ ਉਹ ਇਹ ਭੁੱਲ ਗਏ ਕਿ ਜਿਸ ਭਗਤ ਸਿੰਘ ਨੂੰ ਉਹ ਅੱਤਵਾਦੀ ਦੱਸ ਰਹੇ ਹਨ , ਉਸ ਦੀ ਕੁਰਬਾਨੀ ਦਾ ਦੇਸ਼ ਦੀ ਅਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੇ ਏਹੀ ਕਾਰਨ ਹੈ ਕਿ ਉਸ ਦਾ ਬੁੱਤ ਵੀ ਹੋਰ ਬਹੁਤ ਸਾਰੀਆਂ ਸ਼ਖਸ਼ੀਅਤਾ ਦੇ ਨਾਲ ਉਸੇ ਲੋਕ ਸਭਾ ਵਿੱਚ ਲੱਗਾ ਹੋਇਆ ਹੈ, ਜਿੱਥੇ ਜਾ ਕੇ ਸ ਸਿਮਰਨਜੀਤ ਸਿੰਘ ਮਾਨ ਨੇ ਸੰਹੁ ਚੁੱਕਣੀ ਹੈ ਤੇ ਪੰਜਾਬ ਦੇ ਲੋਕਾਂ ਦੇ ਮਸਲੇ ਉਠਾਉਣੇ ਹਨ ।
ਜੇਕਰ ਇਸ ਤਰਾਂ ਦੀਆ ਬੇਥਵੀਆਂ ਹੀ ਮਾਰਨੀਆਂ ਹਨ ਤਾਂ ਸ ਮਾਨ ਨੂੰ ਆਪਣੇ ਨਿਸ਼ਾਨੇ ਤੋਂ ਭਟਕਿਆ ਹੋਇਆ ਲੋਕ ਸਭਾ ਮੈਂਬਰ ਸਮਝਿਆਂ ਜਾਵੇਗਾ ਜੋ ਲੋਕਾਂ ਦੇ ਮੁੱਦੇ, ਮੌਕੇ ਦੀ ਭਾਰਤ ਸਰਕਾਰ ਸਾਹਮਣੇ ਰੱਖਣ ਦੀ ਬਜਾਏ, ਉਹ ਨਵੇਂ ਬਿਖੇੜੇ ਖੜੇ ਕਰਨ ਵਿੱਚ ਆਪਣਾ ਸਮਾਂ ਬਰਬਾਦ ਕਰਨ ਵੱਲ ਵਧੇਰੇ ਧਿਆਨ ਦੇਂਦਾ ਹੋਵੇ ਜਿਹਨਾ ਵਿੱਚੋਂ ਹਰ ਰਾਲਤ ਚ ਪ੍ਰਾਪਤੀ ਮਾਈਨਸ ਜੀਰੋ ਹੋਵੇਗੀ ।
ਸ਼ਹੀਦ ਏ ਆਜਮ ਭਗਤ ਸਿੰਘ ਦੀ ਨਾ ਹੀ ਸਾਂਡਰਸ ਨਾਲ ਤੇ ਨਾ ਦੇਸ਼ ਦੀ ਪਾਰਲੀਮੈਂਟ ਜਾਂ ਕਿਸੇ ਹੋਰ ਨਾਲ ਕੋਈ ਨਿੱਜੀ ਦੁਸ਼ਮਣੀ ਸੀ ਤੇ ਨਾ ਹੀ ਉਸ ਨੇ ਉਹਨਾ ਨਾਲ ਕੋਈ ਵੱਟ ਬੰਨਾ ਵੰਡਣਾ ਸੀ । ਉਹਨਾਂ ਨੇ ਜੋ ਵੀ ਕੀਤਾ ਮੌਕੇ ਦੇ ਹਾਲਾਤਾਂ ਮੁਕਾਬਿਕ ਭਾਰਤੀ ਲੋਕਾਂ ਦੇ ਹਿਤ ਵਾਸਤੇ ਕੀਤਾ ਤੇ ਅੰਗਰੇਜ਼ਾਂ ਨੂੰ ਇਹ ਦੱਸਣ ਵਾਸਤੇ ਕੀਤਾ ਕਿ ਉਹਨਾ ਦੁਆਰਾ ਕੀਤਾ ਜਾ ਰਿਹਾ ਦਮਨ ਸ਼ੋਸ਼ਣ ਦੇਸ਼ ਦੇ ਲੋਕਾਂ ਵੱਲੋਂ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਹਨਾਂ ਨੇ ਆਪਣੇ ਤਰੀਕੇ ਨਾਲ ਅੰਗਰੇਜ ਨੂੰ ਖ਼ਬਰਦਾਰ ਕੀਤਾ ਕਿ ਲੋਕ ਹੁਣ ਜਾਗ ਪਏ ਹਨ, ਉਹਨਾਂ ਦੇ ਹੱਕ ਦੇ ਦਿੱਤੇ ਜਾਣ ਨਹੀਂ ਤਾਂ ਉਹ ਆਪਣੇ ਹੱਕ ਖੋਹ ਕੇ ਲੈ ਲੈਣਗੇ ।
ਸ ਸਿਮਰਨਜੀਤ ਸਿੰਘ ਮਾਨ ਸਾਬਕਾ ਪੁਲਿਸ ਅਫਸਰ ਰਹਿ ਚੁੱਕੇ ਹਨ । ਸ ਭਗਤ ਸਿੰਘ ਵੱਲੋਂ ਕੀਤੀ ਕਾਰਵਾਈ ਨੂੰ ਤਾਂ ਉਹ ਅੱਤਵਾਦੀ ਕਾਰਵਾਈ ਦੱਸ ਰਹੇ ਹਨ, ਕੀ ਉਹ ਜਲਿਆਂ ਵਾਲੇ ਬਾਗ ਵਿੱਚ ਜਨਰਲ ਡਾਇਰ ਵਲੋ ਕੀਤੀ ਕਾਰਵਾਈ ਬਾਰੇ ਤੇ ਇਸ ਦੇ ਨਾਲ ਹੀ ਨਨਕਾਣਾ ਸਾਹਿਬ ਸਾਕੇ ਬਾਰੇ ਆਪਣਾ ਪੱਖ ਸ਼ਪੱਸ਼ਟ ਕਰ ਸਕਦੇ ਹਨ ਜੋ ਕਿ ਅਸਲ ਰੂਪ ਚ ਅੱਤਵਾਦੀ ਕਾਰਨਾਈਆ ਸਨ ।
ਸ ਭਗਤ ਸਿੰਘ ਨੂੰ ਅੱਤਵਾਦੀ ਦੱਸਣ ਵਾਲਾ ਇਹ ਸ਼ਖਸ਼ ਕਿੱਡੀ ਕੁ ਵੱਡੀ ਤੇ ਪਾਏਦਾਰ ਸੋਚ ਦਾ ਮਾਲਿਕ ਹੋਵੇਗਾ, ਇਸ ਦਾ ਅੰਦਾਜ਼ਾ ਲਾਉਣਾ ਕੋਈ ਬਹੁਤਾ ਔਖਾ ਨਹੀਂ ਬੱਸ ਇਸ ਦੁਆਰਾ ਪਿਛਲੇ ਸਮੇਂ ਚ ਦਿੱਤੇ ਜਾਂਦੇ ਬਿਆਨਾਂ ਨੂੰ ਦੇਖ ਲਓ, ਸਾਫ ਪਤਾ ਲੱਗ ਜਾਵੇਗਾ ਕਿ ਮਾਨ ਸਾਹਿਬ ਹੁਣ ਉਹ ਪਹਿਲਾਂ ਮਾਨ ਨਹੀਂ ਰਹੇ ਸਗੋਂ ਮਾਨ + ਸਿਕ ਤਵਾਜ਼ਨ ਗੁਆ ਚੁੱਕੇ ਹਨ ।
ਉਹਨਾਂ ਨੂੰ ਲੋਕਾਂ ਨੇ ਦੂਸਰੀ ਵਾਰ ਮੌਕਾ ਦਿੱਤਾ ਹੈ, ਪਹਿਲੀ ਵਾਰ 1999 ਚ ਦਿੱਤਾ ਗਿਆ ਮੌਕਾ ਉਹਨਾਂ ਨੇ ਸ਼ੋਕ ਸਭਾ ਦੀ ਡਿਓਢੀ ਵਿੱਚ ਕਿਰਪਾਨ ਫਸਾ ਕੇ ਗੁਆ ਲਿਆ ਸੀ ਹੁਣਵੇ ਮੌਕੇ ਬਾਰੇ ਵੀ ਉਹਨਾ ਦੇ ਨਿੱਤ ਦੇ ਬਿਆਨਾਂ ਨੂੰ ਸੁਣ ਦੇਖ ਕੇ ਇੰਜ ਹੀ ਲਗਦਾ ਹੈ ਕਿ ਇਸ ਵਾਰ ਵੀ ਲੋਕਾਂ ਦੇ ਹੱਕਾ ਦੀ ਅਵਾਜ ਦੇਸ਼ ਦੀ ਲੋਕ ਸਭਾ ਚ ਉਠਾਉਣ ਦੀ ਬਜਾਏ ਕੋਈ ਏਹੋ ਜਿਹਾ ਹੀ ਬਿਖੇੜਾ ਖੜ੍ਹਾ ਕਰਨਗੇ ਜਿਸ ਨਾਲ ਉਹ ਲੋਕ ਭਾਵਨਾਵਾਂ ਦਾ ਸਤਿਕਾਰ ਕਰਨ ਤੋ ਸ਼ਾਇਦ ਪਹਿਲਾਂ ਵਾਂਗ ਹੀ ਕੋਰੇ ਰਹਿ ਜਾਣ ।
ਦਿਸ ਉਮਰ ਵਿੱਚ ਇਸ ਵੇਲੇ ਮਾਨ ਸਾਹਿਬ ਹਨ, ਇਸ ਉਮਰ ਚ ਉਹਨਾਂ ਨੂੰ ਅਪਲ ਟਪਲੀਆ ਮਾਰਨ ਦੀ ਬਜਾਏ ਅਮਲੀ ਤੌਰ ਦੇਸ਼ ਦੀ ਲੋਕ ਸਭਾ ਅੰਦਰ ਜਾ ਕੇ ਕੁੱਜ ਅਜਿਹਾ ਕਰਨਾ ਚਾਹੀਦਾ ਹੈ ਕਿ ਉਹ ਲੋਕਾਂ ਦਾ ਮਨ ਪੱਕੀ ਤਰਾਂ ਜਿੱਤ ਲੈਣ । ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ਼ ਭਗਤ ਸਿੰਘ ਬਾਰੇ ਕੀਤੀ ਬੇਹੂਦਾ ਟਿੱਪਣੀ ਉਹਨਾਂ ਦੀ ਆਪਣੀ ਹੀ ਖੁੰਢੀ ਤੇ ਇਤਿਹਾਸਕ ਤੱਥਾਂ ਤੋ ਬਿਰਵੀ ਹੋ ਚੁੱਕੀ ਸੋਚ ਜਾ ਨਤੀਜਾ ਹੈ ਤੇ ਕਿਰਪਾਨ ਤੇ ਖਾਲਿਸਤਾਨ ਦੇ ਮੁੱਦੇ ਛੇੜਕੇ ਉਹ ਇਕੱਲੇ ਕੁੱਜ ਵੀ ਹਾਸਿਲ ਨਹੀਂ ਕਰ ਸਕਣਗੇ । ਬਾਕੀ ਰਹੀ ਗੱਲ ਸ ਭਗਤ ਸਿੰਘ ਬਾਰੇ ਕੀਤੀ ਗਈ ਉਹਨਾਂ ਦੀ ਟਿੱਪਣੀ ਦੀ, ਦੇਸ਼ ਦੇ ਲੋਕ ਚੰਗੀ ਤਰਾਂ ਜਾਣਦੇ ਹਨ ਕਿ ਸ ਭਗਤ ਸਿੰਘ ਕੌਣ ਤੇ ਕੀ ਸਨ ਤੇ ਹਨ, ਸ ਮਾਨ ਦੀ ਟਿੱਪਣੀ ਸ ਭਗਤ ਸਿੰਘ ਦੇ ਸੰਦਰਭ ਵਿੱਚ ਬਿਲਕੁਲ ਬੇਹੂਦਾ, ਤਰਕ ਰਹਿਤ ਹੈ ਤੇ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ ।
ਇਹ ਇਕ ਬਹੁਤ ਹੀ ਕੌੜਾ ਤੇ ਕੰਧ ‘ਤੇ ਲਿਖਿਆ ਸੱਚ ਹੈ ਕਿ ਸੌੜੀ ਤੇ ਫਿਰਕੂ ਸਿਆਸਤ, ਅੱਧਾ ਸੱਚ , ਅਧੂਰੀ ਜਾਣਕਾਰੀ ਤੇ ਠੁੱਲ੍ਹੀ ਮੱਤ ਬਹੁਤ ਹੀ ਖ਼ਤਰਨਾਕ ਹੁੰਦੇ ਹਨ । ਇਹ ਔਗੁਣ ਜਿਥੇ ਕਿਸੇ ਨੂੰ ਵਿਅਕਤੀਗਤ ਤੌਰ ‘ਤੇ ਬਹੁਤ ਨੁਕਸਾਨ ਪਹੁੰਚਾਉਂਦੇ ਹਨ, ਉੱਥੇ ਪਰਿਵਾਰਕ, ਸਮਾਜਿਕ ਤੇ ਸਿਆਸੀ ਰਿਸ਼ਤਿਆਂ ਵਿੱਚ ਵੀ ਕਈ ਵਾਰ ਆਪਣੇ ਪੈਰ ‘ਤੇ ਆਪ ਹੀ ਮਾਰੀ ਕੁਹਾੜੀ ਸਾਬਤ ਹੁੰਦੇ ਹਨ ।
ਉਂਜ ਤਾਂ ਇਸ ਦੁਨੀਆ ਚ ਕੋਈ ਵੀ ਵਿਅਕਤੀ ਦੁੱਧ ਧੋਤਾ ਜਾਂ ਸੋਹਲਾਂ ਟਕੇ ਖਰਾ ਨਹੀਂ ਹੁੰਦਾ ਪਰ ਇਹਨਾ ਉਕਤ ਔਗੁਣਾਂ ਵਿੱਚੋਂ ਕਿਸੇ ਇਕ ਵੀ ਔਗੁਣ ਵਾਲਾ ਸ਼ਖਸ਼ ਨਾ ਤਾਂ ਆਪਣੇ ਆਪ ਨਾਲ ਤੇ ਨਾ ਲੋਕਾਂ ਨਾਲ ਕਿਸੇ ਤਰਾਂ ਦਾ ਇਨਸਾਫ ਕਰ ਸਕਦਾ ਹੈ ਜਿਸ ਕਰਕੇ ਉਗ ਹਮੇਸ਼ਾ ਅਸਫਲ ਰਹਿੰਦਾ ਹੈ ਤੇ ਫਿਰ ਦੋਸ਼ ਆਪਣੇ ਸਿਰ ਲੈਣ ਦੀ ਬਜਾਏ ਦੂਸਰਿਆਂ ਨੂੰ ਦੇਣ ਦਾ ਆਦੀ ਬਣ ਜਾਂਦਾ ਹੈ ।
ਵਿਅਕਤੀਗਤ ਤੌਰ ‘ਤੇ ਸ ਸਿਮਰਨਜੀਤ ਸਿੰਘ ਮਾਨ ਦਾ ਮੈ ਬਹੁਤ ਸਤਿਕਾਰ ਕਰਦਾ ਹਾਂ, ਪਰ ਜਦ ਉਹਨਾ ਵੱਲੋਂ ਕੀਤੀ ਹਈ ਬਿਆਨਬਾਜੀ ਵੱਲ ਧਿਆਨ ਮਾਰਦਾ ਹਾਂ ਤਾਂ ਹੈਰਾਨ ਹੁੰਦਾ ਹਾਂ ਕਿ ਉਹਨਾ ਦੁਆਰਾ ਰੀਤੀ ਗਈ ਬਿਆਨਬਾਜੀ ਕਦੇ ਵੀ ਉਹਨਾ ਦੀ ਸ਼ਖਸ਼ੀਅਤ ਨਾਲ ਮੇਲ ਨਹੀਂ ਖਾਂਦੀ ।
ਮੰਨਦੇ ਹਾਂ ਕਿ 1947 ਤੋਂ ਬਾਅਦ ਵਿੱਚ ਭਾਰਤ ਵਿੱਚ ਸਿੱਖਾਂ ਦਾ ਹੀ ਨਹੀਂ ਬਲਕਿ ਸਮੂਹ ਪੰਜਾਬੀਆ ਦਾ ਬਹੁਤ ਨੁਕਸਾਨ ਕੀਤਾ ਗਿਆ । ਬੋਲੀ ਦੇ ਨਾਮ ‘ਤੇ ਸੂਬੇ ਦੇ ਟੁਕੜੇ ਕੀਤੇ ਗਏ, ਕੁਦਰਤੀ ਸੋਮਿਆ, ਦਰਿਆਈ ਪਾਣੀਆਂ ਤੇ ਹੈਡਵਰਕਸਾਂ ‘ਤੇ ਦਿਨ ਦੀਵੀ ਡਾਕਾ ਮਾਰਿਆਂ ਗਿਆ, ਅੰਤਰਰਾਸ਼ਟਰੀ ਰੀਪੇਰੀਅਨ ਕਨੂੰਨ ਨੂੰ ਕਿੱਲੀ ਟੰਗਕੇ SYL ਨਹਿਰ ਦੀ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੰਜਾਬ ਦੀ ਰਾਜਧਾਨੀ ਖਰੜ ਤਹਿਸੀਲ ਦੇ 28 ਪਿੰਡਾਂ ਨੂੰ ਉਜਾੜ ਕੇ ਬਣਾਇਆਂ ਚੰਡੀਗੜ੍ਹ ਯੂ ਟੀ ਬਣਾ ਕੇ ਖੋਹ ਲਿਆ ਗਿਆ, 1978 ਤੋ ਲੈ ਕੇ 1991 ਤੱਕ ਪੰਜਾਬ ਦੀ ਨੌਜਵਾਨੀ ਦਾ ਕਤਲ ਹੋਇਆ, ਧਾਰਮਿਕ ਅਸਥਾਨਾਂ ‘ਤੇ ਹਮਲੇ ਤੇ 1984 ਦੇ ਦਿਲੀ ਤੇ ਦੇਸ਼ ਦੇ ਹੋਰ ਹਿਸਿਆਂ ਚ ਹੋਏ ਸਿੱਖਾਂ ਦੇ ਕਤਲੇਆਮ ਸਮੇਤ ਹੋਰ ਬਹੁਤ ਕੁੱਜ ਹੋਇਆ ਜਿਹਨਾ ਬਾਰੇ ਦੇਸ਼ ਦੀ ਪਾਰਲੀਮੈਂਟ ਚ ਉਠਾਈ ਗਈ ਅਵਾਜ ਪੂਰੀ ਦੁਨੀਆ ਚ ਗੂੰਜੇਗੀ, ਪਰ ਜੇਕਰ ਕੋਈ ਮੈਂਬਰ ਪਾਰਲੀਮੈਂਟ, ਪਾਰਲੀਮੈਂਟ ਚ ਜਾਣ ਦੀ ਬਜਾਏ ਬਾਹਰ ਹੀ ਉਰਲੀਆਂ ਪਰਲੀਆਂ ਮਾਰਨ ਲੱਗ ਜਾਏ ਤਾਂ ਫਿਰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਾਂ ਤਾਂ ਉਸ ਦਾ ਏਜੰਡਾ ਕੋਈ ਹੋਰ ਹੈ ਜਾਂ ਫਿਰ ਉਸ ਨੂੰ ਲੋਕਾਂ ਦੇ ਅਸਲ ਮੁੱਦਿਆਂ ਦੀ ਸਮਝ ਹੀ ਨਹੀਂ ਤੇ ਜਾਂ ਫਿਰ ਇਸ ਪਾਸੇ ਉਸ ਦੀ ਦਿਲਚਸਪੀ ਹੀ ਕੋਈ ਨਹੀਂ। । ਉਕਤ ਤਿੰਨਾਂ ਹਾਲਤਾਂ ਵਿੱਚੋਂ ਕਿਸੇ ਇਕ , ਦੋ ਜਾਂ ਤਿੰਨਾਂ ਦੇ ਹੋਣ ਕਾਰਨ ਨਤੀਜਾ ਖ਼ਰਬੂਜ਼ੇ ਦੇ ਉੱਪਰ ਜਾਂ ਹੇਠਾਂ ਛੁਰੀ ਹੋਣ ਵਾਂਗ ਜਿਵੇਂ ਨੁਕਸਾਨ ਹਰ ਹਾਲਤ ਵਿੱਚ ਖ਼ਰਬੂਜ਼ੇ ਦਾ ਹੀ ਹੋਵੇਗਾ ਉਸੇ ਤਰਾਂ ਹੀ ਨੁਕਸਾਨ ਜਨਤਾ ਦਾ ਹੀ ਹੋਵੇਗਾ, ਐਮ ਪੀ ਸਾਹਿਬ ਨੂੰ ਤਨਖ਼ਾਹ ਤੇ ਹੋਰ ਭੱਤਿਆ ਸਮੇਤ ਪੂਰੀ ਉਮਰ ਵਾਸਤੇ ਪੈਨਸ਼ਨ ਮਿਲਦੀ ਰਹੇਗੀ ।
ਕੱਲ੍ਹ ਵਾਲੀ ਚਰਚਾ ਵਿੱਚ ਬੇਸ਼ਕ ਸ ਸਿਮਰਨਜੀਤ ਮਾਨ ਵੱਲੋਂ ਸ ਭਗਤ ਸਿੰਘ ਸੰਬੰਧੀ ਦਿੱਤੇ ਗਏ ਬਿਆਨ ਬਾਰੇ ਕਾਫ਼ੀ ਚਰਚਾ ਕਰ ਦਿੱਤੀ ਗਈ ਸੀ, ਪਰ ਇਕ ਬੜਾ ਹੀ ਅਹਿਮ ਨੁਕਤਾ ਵਿਚਾਰਨਯੋਗ ਇਹ ਵੀ ਹੈ ਕਿ ਬੇਸ਼ੱਕ ਸ ਮਾਨ ਦੇ ਕਹਿਣ ਨਾਲ ਸ ਭਗਤ ਸਿੰਘ ਸਮੇਤ ਹੋਰ ਅਜ਼ਾਦੀ ਪ੍ਰਵਾਨਿਆਂ ਦੀ ਛਵੀ ਨੂੰ ਕੋਈ ਰਤਾ ਮਾਤਰ ਵੀ ਫਰਕ ਨਹੀਂ ਪੈਂਦਾ, ਤਦ ਵੀ ਇਹ ਸਵਾਲ ਉਠਦਾ ਹੈ ਕਿ ਕੀ ਸ ਮਾਨ ਅੰਗਰੇਜ ਸਾਮਰਾਜ ਦੀਆ 1947 ਤੋ ਪਹਿਲਾਂ ਕੀਤੀਆਂ ਗਈਆਂ ਸਮੂਹ ਮਾਨਵ ਵਿਰੋਧੀ ਕਾਰਵਾਈਆਂ ਨੂੰ ਜਾਇਜ ਠਹਿਰਾ ਕੇ ਕੋਈ ਆਪਣਾ ਨਿੱਜੀ ਏਜੰਡਾ ਹੱਲ ਕਰਨਾ ਚਾਹੁੰਦੇ ਹਨ ? ਪਤਾ ਇਹ ਲੱਗਾ ਹੈ ਕਿ ਉਹ ਪੈਂਤੀ ਹਜ਼ਾਰ ਰੁਪਏ ਵਸੂਲ ਕੇ ਵਿਦੇਸ਼ਾਂ ਚ ਨੌਜਵਾਨਾਂ ਨੂੰ ਸਿਆਸੀ ਪਨਾਹ ਦੁਆਉਣ ਚ ਮੱਦਦ ਕਰ ਰਹੇ ਹਨ ਜੋ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਕਿਸੇ ਵੀ ਤਰਾਂ ਕੋਈ ਬੁਰੀ ਹੱਲ ਨਹੀਂ, ਪਰ ਸਵਾਲ ਇਹ ਹੈ ਕਿ ਇਸ ਤਰਾਂ ਕਰਨ ਨੂੰ ਉਹ ਕੌਮ ਦੀ ਸੇਵਾ ਸਮਝਦੇ ਹਨ ਜਾਂ ਨਿੱਜੀ ਸੇਵਾ , ਇਸ ਦੇ ਬਾਰੇ ਤਾਂ ਉਹ ਆਪ ਹੀ ਦੱਸ ਸਕਦੇ ਹਨ । ਰਹੀ ਗੱਲ ਢਾਈ ਫੁੱਟੀ ਕਿਰਪਾਨ ਨੂੰ ਪਾਰਲੀਮੈਂਟ ਚ ਲੈ ਕੇ ਜਾਣ ਦੀ ਜ਼ਿਦ ਕਰਨ ਦੀ ਤਾਂ ਭਾਰਤੀ ਸੰਵਿਧਾਨ ਦੀ ਧਾਰਾ 25 ਦਾ ਹਵਾਲਾ ਦਿੱਤਾ ਜਾ ਸਕਦਾ, ਸਿਰੀ ਸਾਹਿਬ ਪਹਿਨ ਕੇ ਲੋਕ ਸਭਾ ਚ ਦਾਖਲ ਹੋਇਆ ਜਾ ਸਕਦਾ ਹੈ ਤੇ ਸ ਮਾਨ ਸਿਰੀ ਸਾਹਿਬ ਪਹਿਨਦੇ ਵੀ ਹਨ, ਫਿਰ ਢਾਈ ਫੁੱਟੀ ਕਿਰਪਾਨ ਅੰਦਰ ਲੈ ਕੇ ਜਾਣ ਦੀ ਜਿਦ ਦੀ ਅਰਥ ਤਾਂ ਏਹੀ ਨਿਕਲਗਾ ਹੈ ਕਿ ਅਸਲ ਵਿੱਚ ਇਕ ਮੈਂਬਰ ਪਾਰਲੀਮੈਂਟ ਵੱਲੋਂ ਦੋ ਦੋ ਹਥਿਆਰ ਲੋਕ ਸਭਾ ਚ ਲੈ ਕੇ ਜਾਣ ਦਾ ਬਹਾਨਾ ਸਿਰਫ ਲੋਕ ਸਭਾ ਪਰਵੇਸ਼ ਨਾ ਕਰਨ ਦਾ ਹੀ ਬਹਾਨਾ ਹੈ ।
ਮੁੱਕਦੀ ਹੱਲ ਇਹ ਕਿ ਸ ਮਾਨ ਨੂੰ ਕਿਸੇ ਦਾ ਹੱਥ ਠੋਕਾ ਬਣਕੇ ਛੁਰਲੀਆ ਛੱਡਣ ਜੀ ਬਜਾਏ ਲੋਕ ਸਭਾ ਚ ਪੰਜਾਬੀਆ ਦੇ ਮੁੱਦੇ ਜ਼ੋਰਦਾਰ ਰੂਪ ਚ ਉਠਾਉਣੇ ਚਾਹੀਦੇ ਹਨ । ਸੰਗਰੂਰ ਦੇ ਲੋਕਾਂ ਨੇ ਉਹਨਾਂ ‘ਤੇ ਪੂਰਨ ਭਰੋਸਾ ਜਿਤਾਇਆ ਹੈ ਤੇ ਉਹਨਾਂ ਨੂੰ ਉਕਤ ਜ਼ੁੰਮੇਵਾਰੀ ਸੌਪੀਂ ਹੈ । ਹੁਣ ਦੇਖਣਾ ਇਹ ਹੋਵੇਗਾ ਕਿ ਸ ਮਾਨ ਆਪਣੀ ਜ਼ੁੰਮੇਵਾਰੀ ‘ਤੇ ਖਰੇ ਉਤਰਦੇ ਹਨ ਜਾਂ ਫਿਰ ਛੁਰਲੀਆ ਛੱਡਕੇ ਹੀ ਪੰਜ ਸਾਲ ਪੂਰੇ ਕਰਦੇ ਹਨ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin