Articles Technology

‘ਸਰਬੰਸ ਕੌਰ’ ਰੋਬੋਟ ਤੋਂ ਬਾਅਦ ਆਇਆ ‘ਸਰਬੰਸ ਸਿੰਘ’ !

ਲੇਖਕ: ਜਗਜੀਤ ਸਿੰਘ ਗਣੇਸ਼ਪੁਰ

ਅਸੀਂ ਇਤਿਹਾਸ ਦੇ ਅਜਿਹੇ ਮੋੜ ‘ਤੇ ਹਾਂ ਜਿਥੇ ਅਸੰਭਵ ਹਕੀਕਤ ਬਣ ਗਿਆ ਹੈ। ‘ਰੋਬੋਟਿਕਸ’ ਸਭ ਤੋਂ ਤੇਜ਼ੀ ਨਾਲ ਵੱਧਣ ਵਾਲਾ ਖੇਤਰ ਬਣਦਾ ਜਾ ਰਿਹਾ ਹੈ। ‘ਰੋਬੋਟਿਕਸ’ ਇੰਜੀਨੀਅਰਿੰਗ ਦੀ ਹੀ ਇੱਕ ਸ਼ਾਖਾ ਹੈ ਜਿਸ ਵਿੱਚ ਰੋਬੋਟਸ ਦਾ ਡਿਜ਼ਾਈਨ, ਨਿਰਮਾਣ ਅਤੇ ਸੰਚਾਲਨ ਸ਼ਾਮਲ ਹੁੰਦਾ ਹੈ। ਰੋਬੋਟਿਕਸ ਖੇਤਰ ਦਾ ਉਦੇਸ਼ ਬੁੱਧੀਮਾਨ ਮਸ਼ੀਨਾਂ ਬਣਾਉਣਾ ਹੈ ਜੋ ਮਨੁੱਖਾਂ ਦੀ ਵੱਖ-ਵੱਖ ਤਰੀਕਿਆਂ ਨਾਲ ਸਹਾਇਤਾ ਕਰ ਸਕਦੀਆਂ ਹਨ। ਵਿਸ਼ਵੀਕਰਨ ਦੇ ਇਸ ਯੁੱਗ ਵਿੱਚ ਇਸ ਖੇਤਰ ਵਿੱਚ ਵੀ ਨਿਤ-ਨਵੇਂ ਤਜਰਬੇ ਹੁੰਦੇ ਰਹਿੰਦੇ ਹਨ। ਕੰਪਿਊਟਰ ਅਤੇ ਇਲੈਕਟ੍ਰੋਨਿਕਸ ਦੇ ਅਜੋਕੇ ਯੁੱਗ ਵਿੱਚ ‘ਰੋਬੋਟ’ ਦਾ ਨਿਰਮਾਣ ਅਤੇ ਵਰਤੋਂ ਦਿਨੋਂ-ਦਿਨ ਵੱਧ ਰਹੀ ਹੈ।

ਰੋਬੋਟਿਕਸ, ਮਸਨੂਈ ਬੁੱਧੀ ਨਾਲ ਸਬੰਧਿਤ ਪ੍ਰਮੁੱਖ ਖੇਤਰ ਹੈ। ਬਿਲਕੁਲ ਸੋਖੇ ਸ਼ਬਦਾਂ ਵਿੱਚ ਜੇਕਰ ਸਮਝਾਇਆ ਜਾਏਗਾ ਤਾਂ ਮਸਨੂਈ ਬੁੱਧੀ ਪ੍ਰਕਿਰਤਕ ਰੂਪ ਵਿੱਚ ਮਨੁੱਖੀ ਬੁੱਧੀ ਵਾਂਗ ਮਸ਼ੀਨਾਂ ਦੁਆਰਾ ਬੁੱਧੀ ਦੀ ਵਰਤੋਂ ਕਰਨ ਦਾ ਸੰਕਲਪ ਹੈ। ਇਸ ਹੀ ਸੰਦਰਭ ਵਿੱਚ ਵੱਖ-ਵੱਖ ਕਿਸਮ ਦੇ ਰੋਬੋਟਸ ਤਿਆਰ ਕੀਤੇ ਜਾ ਰਹੇ ਹਨ। ਘਰੈਲੂ ਕੰਮਕਾਰ ਵਾਲੇ ਰੋਬੋਟਸ ਤੋਂ ਉਦਯੋਗ ਖੇਤਰ, ਸਿਹਤ ਖੇਤਰ ਤੋਂ ਲੈ ਕੇ ਰੱਖਿਆ ਖੇਤਰ ਅਤੇ ਸਿੱਖਿਆ ਤੋਂ ਏਰੋਸਪੇਸ ਤੱਕ ਇਨ੍ਹਾਂ ਦਾ ਜਲਵਾ ਹਰ ਜਗ੍ਹਾ ਵੇਖਣ ਨੂੰ ਮਿਲ ਰਿਹਾ ਹੈ। ਵੱਡੀਆਂ-ਵੱਡੀਆਂ ਸੰਸਥਾਵਾਂ ਆਪਣੇ ਬਹੁਪੱਖੀ ਰੋਬੋਟਸ ਬਜ਼ਾਰ ਵਿੱਚ ਉਤਾਰ ਰਹੀਆਂ ਹਨ। ਅਜਿਹੇ ਵਿੱਚ ਜੇਕਰ ਸਾਡੇ ਭਾਰਤ ਦੀ ਗੱਲ ਕੀਤੀ ਜਾਏ ਤਾਂ ਭਾਰਤ ਵਿੱਚ ਵੀ ਕਈ ਤਰ੍ਹਾਂ ਦੇ ਰੋਬੋਟਸ ਤਿਆਰ ਕੀਤੇ ਗਏ ਹਨ ਜਿੰਨਾ ਵਿੱਚ ‘ਮਾਨਵ’ ਰੋਬੋਟ ਦਾ ਜਿਕਰ ਕਰਨਾ ਵੀ ਬਣਦਾ ਹੈ ਕਿਉਂਕਿ ਇਹ ਭਾਰਤ ਦਾ ਪਹਿਲਾ ਮਨੁੱਖੀ ਰੋਬੋਟ ਹੈ। ਇਸਨੂੰ 2014 ਵਿੱਚ ਏ-ਸੈਟ ਸਿਖਲਾਈ ਅਤੇ ਖੋਜ ਸੰਸਥਾਨ ਦੀ ਪ੍ਰਯੋਗਸ਼ਾਲਾ ਵਿੱਚ ਵਿਕਸਤ ਕੀਤਾ ਗਿਆ ਸੀ।

ਅਜਿਹੇ ਵਿੱਚ ਸਾਡੇ ਪੰਜਾਬੀਆਂ ਲਈ ਵੀ ਬੜੇ ਮਾਣ ਵਾਲੀ ਗੱਲ ਹੈ ਕਿ ਜਲੰਧਰ ਜਿਲ੍ਹੇ ਦੇ ਸਰਕਾਰੀ ਹਾਈ ਸਕੂਲ ਰੋਹਜੜੀ ਵਿਖੇ ਕੰਪਿਊਟਰ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਸਰਦਾਰ ਹਰਜੀਤ ਸਿੰਘ ਨੇ ‘ਸਰਬੰਸ ਸਿੰਘ’ ਨਾਮਕ ਪਹਿਲਾ ਪੰਜਾਬੀ ਸਮਝਣ ਅਤੇ ਲਿੱਖਣ ਵਾਲਾ ਮਨੁੱਖੀ ਰੋਬੋਟ ਤਿਆਰ ਕੀਤਾ ਹੈ। ਇਸ ਤੋਂ ਪਹਿਲਾ ਹਰਜੀਤ ਸਿੰਘ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ‘ਸਰਬੰਸ’ ਪ੍ਰੋਗਰਾਮਿੰਗ ਭਾਸ਼ਾ ਅਤੇ ‘ਸਰਬੰਸ ਕੌਰ’ ਨਾਮਕ ਪਹਿਲਾ ਪੰਜਾਬੀ ਬੋਲਣ ਵਾਲਾ ਮਨੁੱਖੀ ਰੋਬੋਟ ਵੀ ਪਾ ਚੁੱਕੇ ਹਨ। ‘ਸਰਬੰਸ ਸਿੰਘ’ ਨੂੰ ਹਰਜੀਤ ਸਿੰਘ ਨੇ ਘਰੈਲੂ ਵਸਤਾਂ ਤੋਂ ਹੀ ਤਿਆਰ ਕੀਤਾ ਹੈ। ਇਸ ਵਿੱਚ ‘ਸਰਬੰਸ ਕੌਰ’ ਦੇ ਪੁਰਜਿਆਂ ਨੂੰ ਵੀ ਵਰਤੋਂ ਵਿੱਚ ਲਿਆਂਦਾ ਗਿਆ ਹੈ। ਸਾਧਨਾਂ ਅਤੇ ਵਿੱਤੀ ਸਹਾਇਤਾ ਦੀ ਕਮੀ ਹੀ ਹਰਜੀਤ ਸਿੰਘ ਦੇ ਕਾਰਜਾਂ ਅੱਗੇ ਅੜਿਕਾ ਡਾਹ ਰਹੀ ਹੈ। ਅਲਬੱਤਾ ਯੋਗਤਾਵਾਂ ਦੀ ਕੋਈ ਘਾਟ ਨਹੀਂ, ਲੋੜ ਹੈ ਤਾਂ ਸਿਰਫ਼ ਸੰਸਥਾਵਾਂ ਜਾਂ ਸਰਕਾਰ ਨੂੰ ਇਸ ਨੌਜਵਾਨ ਦੀ ਬਾਂਹ ਫੜਨ ਦੀ। ਅਕਸਰ ਸਾਡਾ ਬੁੱਧੀਜੀਵੀ ਵਰਗ ਇਹ ਤੋਖਲਾ ਪ੍ਰਗਟ ਕਰਦਾ ਹੈ ਕਿ ਪੰਜਾਬ ਵਿੱਚੋਂ ਬ੍ਰੇਨ ਡਰੇਨ ਹੋ ਰਿਹਾ ਹੈ, ਸੋ ਲੋੜ ਹੈ ਅਜਿਹੇ ਹੁਨਰਮੰਦ ਨੋਜਵਾਨਾਂ ਦੇ ਕਾਰਜਾਂ ਨੂੰ ਹੱਲਾਸ਼ੇਰੀ ਦੇ ਕੇ ਉਨ੍ਹਾਂ ਦੇ ਕਾਰਜਾਂ ਨੂੰ ਸਮਾਜ ਦੀ ਭਲਾਈ ਲਈ ਵਰਤਿਆ ਜਾਏ। ਅਜਿਹੇ ਪ੍ਰਤਿਭਾਸ਼ਾਲੀ ਨੌਜਵਾਨ ਹੋਰਨਾਂ ਦਾ ਵੀ ਰਾਹ ਦਸੇਰਾ ਬਣਨਗੇ।

ਸਰਬੰਸ ਸਿੰਘਦੀਆਂ ਵਿਸ਼ੇਸ਼ਤਾਵਾਂ:-

  1. ਸਰਬੰਸ ਸਿੰਘ ਪਹਿਲਾ ਪੰਜਾਬੀ ਸਮਝਣ ਅਤੇ ਲਿਖ ਸਕਣ ਵਾਲਾ ਮਨੁੱਖੀ ਰੋਬੋਟ।
  2. ਮੁੱਖ ਮਕਸਦ ਪੰਜਾਬੀ ਮਾਂ-ਬੋਲੀ ਦੀ ਸੇਵਾ, ਪ੍ਰਚਾਰ ਅਤੇ ਪਸਾਰ।
  3. ਇਕ ਸੰਪੂਰਨ ਪੰਜਾਬੀ ਮਨੁੱਖੀ ਰੋਬੋਟ ਬਣਾਉਣ ਦੇ ਰਾਹ ਵਿਚ ਇਹ ਦੂਸਰਾ ਪੜਾਅ ਹੈ, ਸੰਪੂਰਨ ਮਨੁੱਖੀ ਰੋਬੋਟ ਕਾਰਜ ਅਧੀਨ ਹੈ।
  4. ਸਾਧਨਾਂ ਦੀ ਕਮੀ ਨੂੰ ਪੂਰਾ ਕਰਨ ਲਈ ‘ਸਰਬੰਸ ਸਿੰਘ’ ਇਕ ਜ਼ਰੀਆ ਜਰੂਰ ਬਣ ਸਕਦਾ।
  5. ਵਰਣਮਾਲਾ ਤੇ ਬਹੁਤਾਤ ਅੱਖਰ ‘ਸਰਬੰਸ ਸਿੰਘ’ ਲਿਖ ਸਕਦਾ ਹੈ ਪਰ ਘੁਮਾਓਦਾਰ ਜਾਂ ਜਿਨ੍ਹਾਂ ਅੱਖਰਾਂ ਦੇ ਵਿੱਚ ਹੱਥ ਚੁੱਕਣ ਦੀ ਲੋੜ ਹੈ ਉਨ੍ਹਾਂ ਵਿੱਚ ਕੁਝ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
  6. ਦੋ ਅੱਖਰਾਂ ਦੇ ਜੋੜ ਵਾਲੇ ਸ਼ਬਦ ਵੀ ਬਾਖ਼ੂਬੀ ਲਿਖ ਲੈਂਦਾ ਹੈ। ਤਿੰਨ ਅੱਖਰੀ ਜਾਂ ਇਸ ਤੋਂ ਵੱਧ ਜਿਵੇ ਵਾਕ ਲਿੱਖਣ ਉਪਰ ਅਜੇ ਕੰਮ ਜਾਰੀ ਹੈ, ਕੋਸ਼ਿਸ਼ ਹੈ ਕਿ ਬਹੁਤ ਜਲਦ ਅਜਿਹਾ ਕਰਨ ਵਿੱਚ ਕਾਮਯਾਬ ਹੋਵੇਗਾ।
  7. ਸਿੱਖਿਆ ਦੇ ਖੇਤਰ ਵਿੱਚ ਸਮਾਰਟ ਕਲਾਸਾਂ ਵਿੱਚ ਆਪਣੀ ਮਹੱਤਵਪੂਰਣ ਭੂਮਿਕਾ ਨਿਭਾ ਸਕਦਾ ਹੈ।
  8. ਲਿਖਣ ਲਈ ਸੱਜੇ ਹੱਥ ਦੀ ਵਰਤੋਂ ਕਰਦਾ ਹੈ।
  9. ਹਾਲੇ ਇਸ ਰੋਬੋਟ ਦਾ ਲਕ ਤੋਂ ਉਪਰਲਾ ਹਿੱਸਾ ਹੀ ਤਿਆਰ ਕੀਤਾ ਗਿਆ ਹੈ, ਅਜਿਹਾ ਕਹਿ ਸਕਦੇ ਹਾਂ ਕਿ ਇਹ ਰੋਬੋਟ ਹਾਲੇ ਸ਼ੁਰੂਆਤੀ ਦੌਰ ਵਿੱਚ ਹੀ ਹੈ।
  10. ਇਸ ਰੋਬੋਟ ਨੂੰ ਅਵਾਜ਼ ਹਰਜੀਤ ਸਿੰਘ ਨੇ ਖੁਦ ਦਿੱਤੀ ਹੈ।

ਇਸ ਰੋਬੋਟ ਉਪਰ ‘ਸਰਬੰਸ ਕੌਰ’ ਰੋਬੋਟ ਦੇ ਭਾਗ ਵਰਤਣ ਦੇ ਨਾਲ-ਨਾਲ ਤਕਰੀਬਨ ਇਕ ਲੱਖ ਦਾ ਖਰਚਾ ਆ ਚੁੱਕਿਆ ਹੈ। ਅਜੇ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਨਹੀਂ ਜਾਇਆ ਜਾ ਸਕਦਾ। ਜੇਕਰ ਇਸ ਰੋਬੋਟ ਨੂੰ ਦੁਨੀਆਂ ਦੇ ਬੇਹਤਰੀਨ ਰੋਬੋਟਸ ਦੀ ਕਤਾਰ ਵਿੱਚ ਖੜਾ ਕਰਨਾ ਹੈ ਤਾਂ ਇਸ ਦੇ ਲਈ ਵੱਡੇ ਵਿਤੀ ਸਹਾਇਤਾ ਦੀ ਲੋੜ ਹੈ ਕਿਉਂਕਿ ਇਹ ਕਿਸੇ ਇਕੱਲੇ ਇਨਸਾਨ ਦੇ ਵਸ ਦੀ ਗੱਲ ਨਹੀਂ। ਇਸ ਹੀ ਮੰਤਵ ਲਈ ‘ਸਰਬੰਸ ਐਜੂਕੇਸ਼ਨ ਸੁਸਾਇਟੀ’ ਨੂੰ ਇਸ ਸਾਲ ਰਜਿਸਟਰ ਕਰਵਾਇਆ ਗਿਆ ਹੈ ਤਾਂ ਜੋ ਡਿਜੀਟਲ ਯੁਗ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਹੋਰ ਉਪਰਾਲੇ ਕੀਤੇ ਜਾ ਸਕਣ, ਸੁਹਿਰਦ ਦਾਨੀ ਸੱਜਣ ਸੁਸਾਇਟੀ ਦੇ ਨਾਂ ਹੇਠ ਸਹਿਯੋਗ ਕਰ ਸਕਦੇ ਹਨ। ਇਹ ਆਸ ਕੀਤੀ ਜਾ ਸਕਦੀ ਹੈ ਕਿ ‘ਸਰਬੰਸ ਕੌਰ’ ਤੋਂ ਸ਼ੁਰੂ ਹੋਇਆ ਇਹ ਸਫ਼ਰ ਦੁਨੀਆਂ ਦੇ ਇਕ ਬਿਹਤਰੀਨ ਮਨੁੱਖੀ ਰੋਬੋਟ ਤੱਕ ਜਾਂ ਪਹੁੰਚੇਗਾ ਤੇ ਸਾਡਾ ਸਾਰੇ ਪੰਜਾਬ ਵਾਸੀਆਂ ਦਾ ਸਿਰ ਮਾਣ ਨਾਲ ਉੱਚਾ ਹੋਵੇਗਾ ਕਿ ਰੋਬੋਟਿਕਸ ਦੀ ਦੁਨੀਆਂ ਵਿੱਚ ਪੰਜਾਬੀ ਬੋਲੀ ਦਾ ਝੰਡਾਬਰਦਾਰ ਵੀ ਕੋਈ ਹੈ…. ਆਮੀਨ !

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਗੂਗਲ ਹੈਂਗਆਊਟਸ ਯੂਜ਼ਰਜ਼ ਨੂੰ ਮਿਲੇਗੀ ਗੂਗਲ ਚੈਟ ਸਰਵਿਸ

editor

Reliance Jio ਦੇ 500 ਰੁਪਏ ਤਕ ਦੇ ਪ੍ਰੀਪੇਡ ਪਲਾਨ, ਮਿਲਣਗੇ 2GB ਪ੍ਰਤੀ ਦਿਨ ਡਾਟਾ ਸਣੇ ਕਈ ਫ਼ਾਇਦੇ

editor