Articles

ਹਨੂਜ਼ ਦਿੱਲੀ ਦੂਰ ਅਸਤ (ਅਜੇ ਦਿੱਲੀ ਦੂਰ ਹੈ)

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਅਜੇ ਦਿੱਲੀ ਦੂਰ ਹੈ ਦਾ ਮੁਹਾਵਰਾ ਭਾਰਤ ਵਿੱਚ ਬਹੁਤ ਜਿਆਦਾ ਵਰਤਿਆ ਜਾਂਦਾ ਹੈ। ਇਹ ਉਨ੍ਹਾਂ ਵਿਅਕਤੀਆਂ ਲਈ ਵਰਤਿਆ ਜਾਂਦਾ ਹੈ ਜੋ ਜਲਦੀ ਜਲਦੀ ਕਿਸੇ ਮਕਸਦ ਨੂੰ ਹਾਸਲ ਕਰਨਾ ਚਾਹੁੰਦੇ ਹਨ। ਪਰ ਬਹੁਤੇ ਵਿਅਕਤੀਆਂ ਨੂੰ ਇਹ ਨਹੀਂ ਪਤਾ ਕਿ ਇਸ ਮੁਹਾਵਰੇ ਦੀ ਉਤਪਤੀ ਕਿਵੇਂ ਹੋਈ? ਤੁਗਲਕ ਰਾਜਵੰਸ਼ ਦਾ ਭਾਰਤ ਵਿੱਚ ਸ਼ਾਸ਼ਨ ਸਥਾਪਿਤ ਕਰਨ ਵਾਲਾ ਅਤੇ ਮੁਹੰਮਦ ਤੁਗਲਕ ਦਾ ਪਿਤਾ ਸੁਲਤਾਨ ਗਿਆਸੁਦੀਨ ਤੁਗਲਕ (ਗਾਜ਼ੀ ਤੁਗਲਕ) ਸੀ, ਜਿਸ ਨੇ ਭਾਰਤ ‘ਤੇ 1320 ਤੋਂ ਲੈ ਕੇ 1325 ਈਸਵੀ ਤੱਕ ਰਾਜ ਕੀਤਾ। ਉਸ ਦਾ ਸਮਕਾਲੀ ਮਹਾਨ ਸੂਫੀ ਸੰਤ ਸ਼ੇਖ ਨਿਜ਼ਾਮੁਦੀਨ ਔਲੀਆ (1238 ਤੋਂ 1325 ਈਸਵੀ) ਸੀ ਜਿਸ ਦੀ ਦਰਗਾਹ ਦਿੱਲੀ ਦੇ ਨਿਜ਼ਾਮੁਦੀਨ ਰੇਲਵੇ ਸਟੇਸ਼ਨ ਦੇ ਪਾਸ ਬਣੀ ਹੋਈ ਹੈ। ਸ਼ੇਖ ਨਿਜ਼ਾਮੁਦੀਨ ਨੂੰ ਦਿੱਲੀ ਦੀ ਗੱਦੀ ਸ਼ੇਖ ਫਰੀਦ ਨੇ ਬਖਸ਼ੀ ਸੀ। ਉਰਦੂ ਅਤੇ ਫਾਰਸੀ ਦਾ ਮਹਾਨ ਕਵੀ, ਗਜ਼ਲ ਦਾ ਜਨਮਦਾਤਾ, ਇਤਿਹਾਸਕਾਰ ਅਤੇ ਫਿਲਾਸਫਰ ਅਮੀਰ ਖੁਸਰੋ, ਸ਼ੇਖ ਨਿਜ਼ਾਮੁਦੀਨ ਦਾ ਚੇਲਾ ਸੀ। ਅੱਜ ਵੀ ਹਰ ਸਾਲ ਲੱਖਾਂ ਲੋਕ ਇਸ ਦਰਗਾਹ ਦੀ ਜ਼ਿਆਰਤ ਕਰਨ ਲਈ ਆਉਂਦੇ ਹਨ।
ਗਾਜ਼ੀ ਤੁਗਲਕ ਤੋਂ ਪਹਿਲਾ ਬਾਦਸ਼ਾਹ ਖੁਸਰੋ ਸ਼ਾਹ ਸ਼ੇਖ ਨਿਜ਼ਾਮੁਦੀਨ ਦਾ ਮੁਰੀਦ ਸੀ ਜਿਸ ਕਾਰਨ ਸ਼ੇਖ ਦੀ ਉਸ ਨਾਲ ਕਾਫੀ ਨੇੜਤਾ ਸੀ। ਇਸ ਲਈ ਤੁਗਲਕ ਸ਼ੇਖ ਨਿਜ਼ਾਮੁਦੀਨ ਨਾਲ ਦਿਲੋਂ ਖਾਰ ਖਾਂਦਾ ਸੀ। ਪਹੁੰਚਿਆ ਹੋੲਆ ਦਰਵੇਸ਼ ਹੋਣ ਕਾਰਨ ਸ਼ੇਖ ਨਿਜ਼ਾਮੁਦੀਨ ਬਾਦਸ਼ਾਹਾਂ ਦੀ ਬਹੁਤੀ ਪ੍ਰਵਾਹ ਨਹੀਂ ਸੀ ਕਰਦਾ ਤੇ ਉਸ ਦੇ ਦਰਬਾਰ ਦੇ ਦਰਵਾਜ਼ੇ ਗਾਜ਼ੀ ਤੁਗਲਕ ਦੇ ਹਮਾਇਤੀਆਂ ਤੇ ਵਿਰੋਧੀਆਂ ਲਈ ਬਿਨਾਂ ਕਿਸੇ ਭੇਦ ਭਾਵ ਦੇ ਖੁਲ੍ਹੇ ਰਹਿੰਦੇ ਸਨ। ਤੁਗਲਕ ਨੇ ਉਸ ਨੂੰ ਕਈ ਵਾਰ ਦਰਬਾਰ ਵਿੱਚ ਬੁਲਾਇਆ ਪਰ ਉਹ ਨਾ ਗਿਆ। ਚੁਗਲਖੋਰਾਂ ਨੇ ਤੁਗਲਕ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਸ਼ੇਖ ਉਸ ਦਾ ਵਿਰੋਧੀ ਹੈ ਤੇ ਦੁਸ਼ਮਣਾਂ ਨਾਲ ਮਿਲ ਕੇ ਉਸ ਨੂੰ ਗੱਦੀ ਤੋਂ ਉਤਾਰਨ ਦੀ ਸਾਜ਼ਿਸ਼ ਕਰ ਰਿਹਾ ਹੈ। ਪਰ ਨਵਾਂ ਨਵਾਂ ਬਾਦਸ਼ਾਹ ਬਣਿਆ ਹੋਣ ਕਾਰਨ ਤੁਗਲਕ ਫਿਲਹਾਲ ਅਜਿਹੇ ਮਹਾਨ ਸੰਤ ਨਾਲ ਵਿਗਾੜਨੀ ਨਹੀਂ ਸੀ ਚਾਹੁੰਦਾ। ਉਸ ਦਾ ਦਰਬਾਰੀ ਕਵੀ ਅਮੀਰ ਖੁਸਰੋ ਵੀ ਉਸ ਨੂੰ ਇਸ ਕੰਮ ਤੋਂ ਵਰਜਦਾ ਰਹਿੰਦਾ ਸੀ। ਇਸ ਤੋਂ ਇਲਾਵਾ ਤੁਗਲਕ ਉਸ ਸਮੇਂ ਕਈ ਰਾਜਨੀਤਕ ਮਾਮਲਿਆਂ ਵਿੱਚ ਉਲਝਿਆ ਹੋਇਆ ਸੀ ਤੇ ਉਸ ਨੂੰ ਨਵੇਂ ਇਲਾਕੇ ਜਿੱਤਣ ਅਤੇ ਬਗਾਵਤਾਂ ਦਬਾਉਣ ਤੋਂ ਹੀ ਵਿਹਲ ਨਹੀਂ ਸੀ।
1325 ਤੱਕ ਉਸ ਦਾ ਰਾਜ ਪੱਕੇ ਪੈਰੀਂ ਹੋ ਗਿਆ ਤਾਂ ਉਸ ਨੇ ਸ਼ੇਖ ਨਿਜ਼ਾਮੁਦੀਨ ਨਾਲ ਸਿੱਝਣ ਬਾਰੇ ਸੋਚਣਾ ਸ਼ਰੂ ਕਰ ਦਿੱਤਾ। ਦਸੰਬਰ 1324 ਵਿੱਚ ਉਸ ਨੇ ਬੰਗਾਲ ਅਤੇ ਬਿਹਾਰ ‘ਤੇ ਕਬਜ਼ਾ ਕਰ ਲਿਆ ਤੇ ਪਹਿਲਾ ਕੰਮ ਸ਼ੇਖ ਨਿਜ਼ਾਮੁਦੀਨ ਨੂੰ ਚਿੱਠੀ ਲਿਖਣ ਦਾ ਕੀਤਾ ਕਿ ਮੈਂ ਇੱਕ ਮਹੀਨੇ ਵਿੱਚ ਦਿੱਲੀ ਪਹੁੰਚ ਜਾਵਾਂਗਾ। ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਮੇਰਾ ਇਲਾਕਾ ਛੱਡ ਕੇ ਚਲਾ ਜਾ ਨਹੀਂ ਤਾਂ ਮੈਨੂੰ ਤੇਰੇ ਖੂਨ ਨਾਲ ਆਪਣੇ ਹੱਥ ਰੰਗਣੇ ਪੈਣਗੇ। ਚਿੱਠੀ ਪੜ੍ਹ ਕੇ ਸ਼ੇਖ ਦੇ ਚੇਲਿਆਂ ਵਿੱਚ ਘਬਰਾਹਟ ਫੈਲ ਗਈ ਤੇ ਉਨ੍ਹਾਂ ਨੇ ਸ਼ੇਖ ਨੂੰ ਬਾਦਸ਼ਾਹ ਦੀ ਗੱਲ ਮੰਨ ਲੈਣ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਪਰ ਜਾਣੀ ਜਾਣ ਸ਼ੇਖ ਨੇ ਫਾਰਸੀ ਵਿੱਚ ਫੁਰਮਾਇਆ, “ਹਨੂਜ਼ ਦਿੱਲੀ ਦੂਰ ਅਸਤ।” ਮਤਲਬ ਅਜੇ ਦਿੱਲੀ ਬਹੁਤ ਦੂਰ ਹੈ। ਜਦੋਂ ਬਾਦਸ਼ਾਹ ਅੱਧ ਵਿੱਚ ਪਹੁੰਚ ਗਿਆ ਤਾਂ ਉਸ ਨੇ ਦੁਬਾਰਾ ਸ਼ੇਖ ਨੂੰ ਇਸ ਬਾਬਤ ਚਿੱਠੀ ਲਿਖੀ ਤਾਂ ਸ਼ੇਖ ਨੇ ਫਿਰ ਫੁਰਮਾਇਆ ਕਿ ਹਨੂਜ਼ ਦਿੱਲੀ ਦੂਰ ਅਸਤ। ਸ਼ੇਖ ‘ਤੇ ਭਰੋਸਾ ਰੱਖਣ ਵਾਲੇ ਪੱਕੇ ਮੁਰੀਦ ਡਟੇ ਰਹੇ ਪਰ ਡਰਪੋਕ ਡੇਰਾ ਛੱਡ ਕੇ ਫਰਾਰ ਹੋ ਗਏ। ਸ਼ੇਖ ਨੇ ਬਾਦਸ਼ਾਹ ਦੀ ਤੀਸਰੀ ਚਿੱਠੀ ਦਾ ਵੀ ਪਹਿਲਾਂ ਵਾਲਾ ਹੀ ਜਵਾਬ ਦਿੱਤਾ। ਸ਼ੇਖ ਦੀ ਹੱਠ ਧਰਮੀ ਤੋਂ ਸੜਿਆ ਬਲਿਆ ਬਾਦਸ਼ਾਹ ਵਾਹੋ ਦਾਹੀ ਦਿੱਲੀ ਵੱਲ ਵਧ ਰਿਹਾ ਸੀ।
6 ਫਰਵਰੀ ਨੂੰ ਉਹ ਦਿੱਲੀ ਦੇ ਨਜ਼ਦੀਕ ਅਫਗਾਨਪੁਰ ਪਿੰਡ ਪਹੁੰਚ ਗਿਆ। ਅਗਲੇ ਦਿਨ ਉਸ ਨੇ ਫੌਜ ਤੋਂ ਸਲਾਮੀ ਲੈ ਕੇ ਦਿੱਲੀ ਵਿੱਚ ਪ੍ਰਵੇਸ਼ ਕਰਨਾ ਸੀ ਤੇ ਪਹਿਲਾ ਫੈਸਲਾ ਸ਼ੇਖ ਨਿਜ਼ਾਮੁਦੀਨ ਬਾਰੇ ਹੀ ਲੈਣਾ ਸੀ। ਉਸ ਦੇ ਸਲਾਮੀ ਲੈਣ ਲਈ ਲੱਕੜ ਦਾ ਭਾਰੀ ਭਰਕਮ ਮੰਚ ਬਣਾਇਆ ਗਿਆ। 7 ਫਰਵਰੀ ਨੂੰ ਉਹ ਸਲਾਮੀ ਲੈਣ ਲੱਗਾ ਤਾਂ ਅਚਾਨਕ ਰੱਬ ਦਾ ਭਾਣਾ ਵਾਪਰ ਗਿਆ। ਪਰੇਡ ਵਿੱਚ ਸ਼ਾਮਲ ਇੱਕ ਹਾਥੀ ਬਿਦਕ ਗਿਆ ਤੇ ਮਹਾਵਤ ਦੇ ਕੰਟਰੋਲ ਤੋਂ ਬਾਹਰ ਹੋ ਕੇ ਮੰਚ ਵਿੱਚ ਜਾ ਵੱਜਾ ਜਿਸ ਕਾਰਨ ਮੰਚ ਢਹਿ ਢੇਰੀ ਹੋ ਗਿਆ। ਛੱਤ ਹੇਠਾਂ ਡਿੱਗ ਪਈ ਤੇ ਸਿਰ ਵਿੱਚ ਭਾਰੀ ਸ਼ਹਿਤੀਰ ਵੱਜਣ ਕਾਰਨ ਗਾਜ਼ੀ ਤੁਗਲਕ ਅਤੇ ਸ਼ਹਿਜ਼ਾਦੇ ਮਹਿਮੂਦ ਖਾਨ ਸਮੇਤ ਅਨੇਕਾਂ ਅਫਸਰ ਮੌਤ ਦੇ ਮੰੂਹ ਵਿੱਚ ਜਾ ਪਏ। ਸ਼ੇਖ ਨਿਜ਼ਾਮੁਦੀਨ ਔਲੀਆ ਨੂੰ ਖਤਮ ਕਰਨ ਦਾ ਸੁਪਨਾ ਦਿਲ ਵਿੱਚ ਲੈ ਕੇ ਉਹ ਪ੍ਰਲੋਕ ਸਿਧਾਰ ਗਿਆ ਤੇ ਵਾਕਿਆ ਹੀ ਉਸ ਲਈ ਦਿੱਲੀ ਦੂਰ ਰਹਿ ਗਈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin