Articles

ਹੱਕ ਅਸੀਂ ਲੈਣੇ ਹਨ ਪਰ ਫਰਜ਼ ਨਹੀਂ ਨਿਭਾਉਣੇ !

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

1996-97 ਵਿੱਚ ਮੈਂ ਕਿਸੇ ਥਾਣੇ ਦਾ ਐਸ.ਐਚ.ਉ. ਲੱਗਾ ਹੋਇਆ ਸੀ। ਉਹਨਾਂ ਦਿਨਾਂ ਵਿੱਚ ਨਵੀਂ ਪੀੜ੍ਹੀ ਦੀ ਸੋਚ ਵਿੱਚ ਅਜੇ ਹੁਣ ਜਿੰਨਾਂ ਨਿਘਾਰ ਨਹੀਂ ਸੀ ਆਇਆ। ਇੰਟਰਨੈੱਟ, ਮੋਬਾਇਲ ਅਤੇ ਸੋਸ਼ਲ ਮੀਡੀਆ ਨੇ ਅਜੇ ਪੰਜਾਬ ‘ਤੇ ਹਮਲਾ ਨਹੀਂ ਸੀ ਕੀਤਾ। ਉਦੋਂ ਬੱਚੇ ਮਾਪਿਆਂ ਤੋਂ ਡਰਦੇ ਹੁੰਦੇ ਸਨ ਤੇ ਕਦੇ ਵਰ੍ਹੇ ਛਿਮਾਹੀ ਹੀ ਕਿਸੇ ਲੜਕੇ ਲੜਕੀ ਦੇ ਭੱਜਣ ਦੀ ਰਿਪੋਰਟ ਥਾਣੇ ਦਰਜ਼ ਹੁੰਦੀ ਸੀ। ਜੂਨ ਦੇ ਮਹੀਨੇ ਦੀ ਇੱਕ ਅੱਗ ਵਰ੍ਹਾਉਂਦੀ ਦੁਪਹਿਰ ਮੈਂ ਥਾਣੇ ਬੈਠਾ ਸੀ ਕਿ 19-20 ਸਾਲ ਦੀ ਇੱਕ ਅੱਪ ਟੂ ਡੇਟ ਲੜਕੀ ਨੂੰ ਮੁੰਸ਼ੀ ਮੇਰੇ ਦਫਤਰ ਲੈ ਆਇਆ। ਉਸ ਨਾਲ ਇੱਕ ਭੈੜੀ ਜਿਹੀ ਸ਼ਕਲ ਵਾਲਾ ਨੱਸ਼ਈ ਜਿਹਾ ਲੜਕਾ ਸੀ। ਜਿਸ ਦਾ ਕਦੇ ਥਾਣੇ ਕਚਹਿਰੀ ਨਾਲ ਵਾਹ ਨਾ ਪਿਆ ਹੋਵੇ, ਉਹ ਪੁਲਿਸ ਵਾਲੇ ਨਾਲ ਗੱਲ ਕਰਨ ਲੱਗਾ ਝਕਦਾ ਹੈ। ਪਰ ਉਹ ਲੜਕੀ ਬਿਨਾਂ ਕਿਸੇ ਝਿਜਕ ਦੇ ਕੁਰਸੀ ‘ਤੇ ਨਿੱਠ ਕੇ ਬੈਠ ਗਈ। ਜਦੋਂ ਮੈਂ ਉਸ ਨੂੰ ਆਉਣ ਦਾ ਕਾਰਨ ਪੁੱਛਿਆ ਤਾਂ ਉਹ ਬਿਨਾਂ ਕਿਸੇ ਸੰਗ ਸ਼ਰਮ ਦੇ ਬੋਲੀ ਕਿ ਉਹ ਆਪਣੇ ਮਾਂ ਬਾਪ ਦੇ ਖਿਲਾਫ ਰਿਪੋਰਟ ਦਰਜ਼ ਕਰਾਉਣ ਆਈ ਹੈ। ਮੈਂ ਤ੍ਰਭਕ ਕੇ ਲੜਕੀ ਵੱਲ ਤੱਕਿਆ। ਉਹ ਵੇਖਣ ਚਾਖਣ ਨੂੰ ਕਿਸੇ ਚੰਗੇ ਖਾਨਦਾਨ ਦੀ ਲੱਗਦੀ ਸੀ। ਉਸ ਨੇ ਅੱਗੇ ਦੱਸਿਆ ਕਿ ਉਹ ਬੀ.ਏ. ਫਾਈਨਲ ਦੀ ਸਟੂਡੈਂਟ ਹੈ ਤੇ ਬਾਲਗ ਹੋ ਚੁੱਕੀ ਹੈ। ਪਰ ਮਾਂ ਬਾਪ ਉਸ ਦੀ ਅਜ਼ਾਦੀ ਵਿੱਚ ਦਖਲ ਅੰਦਾਜ਼ੀ ਕਰਦੇ ਹਨ। ਉਸ ਦੇ ਨਾਲ ਆਏ ਲਫੰਡਰ ਨੇ ਅਰਜ਼ੀ ਮੈਨੂੰ ਪਕੜਾਈ ਤਾਂ ਮੈਂ ਪੁੱਛਿਆ ਕਿ ਤੂੰ ਕੌਣ ਹੈਂ? ਉਸ ਦੇ ਬੋਲਣ ਤੋਂ ਪਹਿਲਾਂ ਹੀ ਲੜਕੀ ਬੋਲ ਪਈ ਕਿ ਉਹ ਉਸ ਦਾ ਦੋਸਤ ਹੈ। ਉਸ ਸਮੇਂ ਕਿਸੇ ਲੜਕੀ ਵੱਲੋਂ ਲੜਕੇ ਨੂੰ ਆਪਣਾ ਦੋਸਤ ਕਹਿਣਾ ਬਹੁਤ ਬੁਰੀ ਗੱਲ ਸਮਝੀ ਜਾਂਦੀ ਸੀ।
ਮੈਂ ਉਸ ਨੂੰ ਅਗਲੇ ਦਿਨ ਆਉਣ ਲਈ ਕਿਹਾ ਤੇ ਨਾਲ ਹੀ ਬੰਦਾ ਭੇਜ ਕੇ ਉਸ ਦੇ ਮਾਂ ਬਾਪ ਨੂੰ ਵੀ ਆਉਣ ਦਾ ਸਮਾਂ ਦੇ ਦਿੱਤਾ। ਮਿਥੇ ਸਮੇਂ ‘ਤੇ ਦੋਵੇਂ ਧਿਰਾਂ ਥਾਣੇ ਆਈਆਂ ਤਾਂ ਪਤਾ ਲੱਗਾ ਕਿ ਲੜਕੀ ਦਾ ਬਾਪ ਕਿਸੇ ਸਰਕਾਰੀ ਮਹਿਕਮੇ ਵਿੱਚ ਉੱਚ ਅਫਸਰ ਹੈ ਤੇ ਮਾਂ ਟੀਚਰ। ਦੋਵਾਂ ਦੀ ਸ਼ਰਾਫਤ ਵੇਖ ਕੇ ਮੇਰਾ ਗੱਲ ਕਰਨ ਨੂੰ ਦਿਲ ਨਾ ਕਰੇ। ਮੈਂ ਉਹਨਾਂ ਨੂੰ ਅਰਜ਼ੀ ਵਿਖਾ ਕੇ ਬੁਲਾਉਣ ਦਾ ਕਾਰਨ ਦੱਸਿਆ। ਅਰਜ਼ੀ ਪੜ੍ਹ ਕੇ ਦੋਵਾਂ ਦੀਆਂ ਅੱਖਾਂ ਭਰ ਆਈਆਂ। ਲੜਕੀ ਉਸ ਦਿਨ ਵੀ ਆਪਣੇ ਦੋਸਤ ਨਾਲ ਆਈ ਸੀ। ਮੈਂ ਲੜਕੀ ਨੂੰ ਕਿਹਾ ਕਿ ਦੱਸ ਭਾਈ ਕੀ ਤਕਲੀਫ ਹੈ? ਉਹ ਪਟਰ-ਪਟਰ ਪਹਿਲਾਂ ਵਾਲੀ ਹੀ ਮੁਹਾਰਨੀ ਦੁਹਰਾਉਣ ਲੱਗੀ ਕਿ ਉਹ ਹੁਣ ਬਾਲਗ ਹੋ ਚੁੱਕੀ ਹੈ। ਉਸ ਨੂੰ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣ ਅਤੇ ਕਿਤੇ ਵੀ ਆਉਣ ਜਾਣ ਦਾ ਹੱਕ ਹੈ। ਜਦੋਂ ਉਹ ਦੇਰ ਨਾਲ ਘਰ ਆਉਂਦੀ ਹੈ ਤਾਂ ਮਾਂ ਬਾਪ ਸੌ-ਸੌ ਸਵਾਲ ਪੁੱਛਦੇ ਹਨ। ਇਹ ਮੈਨੂੰ ਤੰਗ ਨਾ ਕਰਨ ਬੱਸ। ਮਾਂ ਦਾ ਦਿਲ ਬਹੁਤ ਨਰਮ ਹੁੰਦਾ ਹੈ। ਪਹਿਲਾਂ ਤਾਂ ਉਸ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਪਰ ਫਿਰ ਸੰਭਲ ਗਈ। ਉਸ ਨੇ ਲੜਕੀ ਦੇ ਬਹੁਤ ਵਾਸਤੇ ਪਾਏ, ਜ਼ਮਾਨੇ ਦੀ ਊਚ ਨੀਚ ਸਮਝਾਈ ਤੇ ਆਂਢ ਗੁਆਂਢ ਵੱਲੋਂ ਪਿੱਠ ਪਿੱਛੇ ਲੜਕੀ ਦੇ ਚਰਿੱਤਰ ਬਾਰੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਬਾਰੇ ਦੱਸਿਆ। ਉਸ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਤੂੰ ਜਿੱਥੇ ਚਾਹੁੰਦੀ ਹੈਂ, ਤੇਰਾ ਹੁਣੇ ਵਿਆਹ ਕਰ ਦੇਂਦੇ ਹਾਂ। ਪਰ ਲੜਕੀ ਟੱਸ ਤੋਂ ਮੱਸ ਨਾ ਹੋਈ।
ਲੜਕੀ ਦਾ ਬਾਪ ਬਹੁਤ ਹੌਂਸਲੇ ਨਾਲ ਸਾਰੀ ਗੱਲ ਬਾਤ ਸੁਣ ਰਿਹਾ ਸੀ। ਲੱਗਦਾ ਸੀ ਕਿ ਉਹ ਪਹਿਲਾਂ ਘਰੇ ਵੀ ਸਿਰ ਨਾਲ ਠੀਕਰਾਂ ਭੰਨ ਚੁੱਕਿਆ ਹੈ। ਆਖਰ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਉਸ ਨੇ ਮੈਨੂੰ ਕਿਹਾ ਕਿ ਇਹਨੂੰ ਪੁੱਛੋ ਕਿ ਇਹ ਰਹਿੰਦੀ ਕਿੱਥੇ ਹੈ? ਲੜਕੀ ਨੇ ਜਵਾਬ ਦਿੱਤਾ ਕਿ ਘਰ ਹੀ ਰਹਿੰਦੀ ਹੈ ਤੇ ਉਥੋਂ ਹੀ ਰੋਜ਼ ਪੜ੍ਹਨ ਜਾਂਦੀ ਹੈ। ਬਾਪ ਦਾ ਸਬਰ ਜਵਾਬ ਦੇ ਗਿਆ। ਉਸ ਨੇ ਕਿਹਾ ਕਿ ਠੀਕ ਹੈ ਕਾਨੂੰਨ ਲੜਕੀ ਨੂੰ ਆਪਣੀ ਮਰਜ਼ੀ ਨਾਲ ਜ਼ਿੰਦਗੀ ਬਤੀਤ ਕਰਨ ਦਾ ਅਧਿਕਾਰ ਦੇਂਦਾ ਹੈ, ਪਰ ਮੇਰੇ ਵੀ ਕੁਝ ਅਧਿਕਾਰ ਹਨ। ਇਹ ਜਦੋਂ ਮਰਜ਼ੀ ਘਰੋਂ ਨਿਕਲ ਜਾਂਦੀ ਹੈ ਤੇ ਜਦੋਂ ਮਰਜ਼ੀ ਵਾਪਸ ਆਉਂਦੀ ਹੈ। ਟੋਕਣ ‘ਤੇ ਸਾਡੇ ਨਾਲ ਝਗੜਾ ਕਰਦੀ ਹੈ। ਮੇਰੀ ਇੱਕ ਲੜਕੀ ਹੋਰ ਹੈ, ਉਸ ‘ਤੇ ਵੀ ਇਸ ਦੀਆਂ ਹਰਕਤਾਂ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ। ਮੇਰਾ ਘਰ ਕੋਈ ਬਦਮਾਸ਼ਾਂ ਦਾ ਅੱਡਾ ਨਹੀਂ ਕਿ ਕੋਈ ਜਦੋਂ ਵੀ ਚਾਹੇ ਆਣ ਵੜੇ। ਇਹ ਰੋਟੀ, ਪਾਣੀ, ਕੱਪੜਾ, ਖਰਚਾ ਮੇਰੇ ਕੋਲ ਲੈਂਦੀ ਹੈ ਤੇ ਸਾਰਾ ਦਿਨ ਬਾਹਰ ਅਵਾਰਾਗਰਦੀ ਕਰਦੀ ਹੈ। ਜੇ ਇਹ ਅਜ਼ਾਦੀ ਚਾਹੁੰਦੀ ਹੈ ਤਾਂ ਹੁਣੇ ਮੇਰੇ ਘਰੋਂ ਨਿਕਲ ਜਾਵੇ ਤੇ ਜਿੱਥੇ ਮਰਜ਼ੀ ਰਹੇ। ਇਹ ਸਾਡੇ ਵੱਲੋਂ ਮਰ ਗਈ ਤੇ ਅਸੀਂ ਇਹਦੇ ਵੱਲੋਂ ਮਰ ਗਏ। ਮਮਤਾ ਦੀ ਮਾਰੀ ਮਾਂ ਕੋਲੋਂ ਫਿਰ ਨਾ ਰਿਹਾ ਗਿਆ। ਉਸ ਨੇ ‘ਗਾਂਹ ਹੋ ਕੇ ਲੜਕੀ ਦੀ ਬਾਂਹ ਪਕੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਬੇਕਿਰਕੀ ਨਾਲ ਹੱਥ ਝਟਕ ਦਿੱਤਾ। ਉਹ ਰਾਜ਼ੀਨਾਮੇ ‘ਤੇ ਦਸਤਖਤ ਕਰ ਕੇ ਬਹੁਤ ਆਕੜ ਜਿਹੀ ਨਾਲ ਖੁਸ਼ੀ-ਖੁਸ਼ੀ ਆਪਣੇ ਦੋਸਤ ਲੜਕੇ ਨਾਲ ਥਾਣੇ ਤੋਂ ਨਿਕਲ ਗਈ। ਅੱਧੇ ਘੰਟੇ ਵਿੱਚ ਹੀ ਲੀੜਾ ਕੱਪੜਾ ਸਮੇਟ ਕੇ ਆਪਣੀ ਕਿਸੇ ਸਹੇਲੀ ਦੇ ਘਰ ਰਹਿਣ ਲਈ ਚਲੀ ਗਈ।
ਉਸ ਦੇ ਮਾਪੇ ਵੀ ਰੋਂਦੇ-ਧੋਂਦੇ ਆਪਣੇ ਨਸੀਬਾਂ ਨੂੰ ਕੋਸਦੇ ਹੋਏ ਘਰ ਚਲੇ ਗਏ। ਇਸ ਘਟਨਾ ਨੂੰ ਅਜੇ ਦਸ ਬਾਰਾਂ ਦਿਨ ਹੀ ਗੁਜ਼ਰੇ ਸਨ ਕਿ ਉਹ ਲੜਕੀ ਦੁਬਾਰਾ ਥਾਣੇ ਆਣ ਪਹੁੰਚੀ। ਉਸ ਦੇ ਸਾਰੇ ਕਸ ਵਲ ਨਿਕਲੇ ਹੋਏ ਸਨ ਤੇ ਪਹਿਲਾਂ ਵਰਗੀ ਕੜਕ-ਮੜਕ ਗਾਇਬ ਸੀ। ਢਾਬਿਆਂ ਦੀ ਰੋਟੀ ਖਾ-ਖਾ ਕੇ ਮੂੰਹ ਉੱਤਰਿਆ ਹੋਇਆ ਸੀ ਤੇ ਕੱਪੜੇ ਵੀ ਮੈਲੇ ਕੁਚੈਲੇ ਪਾਏ ਹੋਏ ਸਨ। ਲੜਕੀ ਰੋਂਦੀ ਹੋਈ ਹੱਥ ਜੋੜ ਕੇ ਬੋਲੀ ਕਿ ਮੈਨੂੰ ਕਿਸੇ ਵੀ ਤਰਾਂ ਮੇਰੇ ਮਾਪਿਆਂ ਕੋਲ ਘਰ ਭੇਜ ਦਿਉ। ਮੈਂ ਤਨਜ਼ ਨਾਲ ਕਿਹਾ ਕਿ ਤੂੰ ਤਾਂ ਬਹੁਤ ਟੌਹਰ ਨਾਲ ਪਰਿਵਾਰ ਨੂੰ ਧੱਕਾ ਮਾਰ ਕੇ ਗਈ ਸੀ, ਹੁਣ ਕੀ ਹੋ ਗਿਆ? ਅੱਜ ਉਹ ਤੇਰਾ ਛਿੱਤਰ ਮੂੰਹਾਂ ਜਿਹਾ ਬੁਆਏ ਫ੍ਰੈਂਡ ਵੀ ਦਿਖਾਈ ਨਹੀਂ ਦੇਂਦਾ। ਉਹ ਡੁਸਕਦੀ ਹੋਈ ਬੋਲੀ, “ ਸਰ ਬੱਸ ਮੇਰੀ ਮੱਤ ਈ ਮਾਰੀ ਗਈ ਸੀ। ਆਪਣੇ ਮਾਪਿਆਂ ਤੋਂ ਬਿਨਾਂ ਕੋਈ ਨਹੀਂ ਜੇ ਝੱਲਦਾ। ਸਹੇਲੀ ਦੀ ਮਾਂ ਨੇ ਇਹ ਕਹਿ ਕੇ ਦੋ ਦਿਨਾਂ ਬਾਅਦ ਹੀ ਮੈਨੂੰ ਘਰੋਂ ਕੱਢ ਦਿੱਤਾ ਸੀ ਕਿ ਇੱਕ ਮੱਛੀ ਸਾਰਾ ਤਲਾਬ ਗੰਦਾ ਕਰਦੀ ਹੈ। ਤੂੰ ਸਾਡੀ ਕੁੜੀ ਨੂੰ ਵੀ ਖਰਾਬ ਕਰੇਂਗੀ। ਬੁਆਏ ਫ੍ਰੈਂਡ ਤਾਂ 4-5 ਦਿਨਾਂ ਬਾਅਦ ਘਰੋਂ ਪੈਸੇ ਲਿਆਉਣ ਦਾ ਬਹਾਨਾ ਮਾਰ ਕੇ ਐਸਾ ਗਾਇਬ ਹੋਇਆ ਮੁੜ ਲੱਭਾ ਈ ਨਹੀਂ।” ਤਰਸ ਖਾ ਕੇ ਮੈਂ ਦੁਬਾਰਾ ਉਸ ਦੇ ਘਰ ਵਾਲੇ ਬੁਲਾ ਲਏ। ਮਾਪੇ ਆਖਰ ਮਾਪੇ ਹੁੰਦੇ ਹਨ। ਉਹ ਲੜਕੀ ਵਾਪਸ ਆਉਣ ਦੀ ਖਬਰ ਸੁਣ ਕੇ ਨੰਗੇ ਪੈਰੀਂ ਭੱਜੇ ਆਏ ਤੇ ਥੋੜ੍ਹੀ ਜਿਹੀ ਝਾੜ ਝੰਬ ਤੋਂ ਬਾਅਦ ਨਾਲ ਲੈ ਗਏ। ਮੈਂ ਕਰੀਬ ਡੇਢ ਸਾਲ ਉਸ ਥਾਣੇ ਵਿੱਚ ਤਾਇਨਾਤ ਰਿਹਾ, ਪੱਥਰ ਚੱਟ ਕੇ ਵਾਪਸ ਆਈ ਉਹ ਲੜਕੀ ਮੁੜ ਕੰਨ ਵਿੱਚ ਪਾਈ ਨਾ ਰੜਕੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin