Story

ਘਰ ਦੀ ਗੱਲ, ਘਰ ‘ਚ ਰਹਿਜੂ !

ਲੇਖਕ: ਅਸ਼ੋਕ ਸੋਨੀ, ਹਿੰਦੀ ਟੀਚਰ
ਖੂਈ ਖੇੜਾ, ਫਾਜ਼ਿਲਕਾ

ਦੋ ਭੈਣਾਂ ਕਿਰਨਦੀਪ ਤੇ ਕੁਲਦੀਪ ਤੋਂ ਬਾਅਦ ਤੀਜੇ ਨੰਬਰ ਤੇ ਜੰਮੀ ਸੀ, ਦੀਪੋ। ਤੀਜੀ ਕੁੜੀ ਤੇ ਉਹ ਵੀ ਪੱਕੇ ਰੰਗ ਦੀ, ਮਾਂ ਮਾਣੀ ਜਦੋਂ ਵੀ ਦੇਖਦੀ ਅੱਖਾਂ ‘ਚ ਪਾਣੀ ਭਰ ਲੈਂਦੀ ਪਰ ਬਾਪੂ ਦਲੀਪ ਹਮੇਸ਼ਾ, ਮਾਣੀ ਨੂੰ ਹੌਂਸਲਾ ਦਿੰਦਾ ਰਿਹਾ। ਪਰ ਅਗਲੇ ਹੀ ਸਾਲ ਸਾਰੇ ਦੀਪੋ ਨੂੰ ਭਾਗਾਂ ਵਾਲੀ ਕਹਿਣ ਲੱਗ ਪਏ ਤੇ ਹੁਣ ਉਸਦੀ ਕਦਰ ਵੀ ਪੈਣ ਲੱਗ ਪਈ ਕਿਉਂਕਿ ਇਸ ਵਾਰ ਘਰ ‘ਚ ਛੋਟੇ ਵੀਰ ਰਮਨ ਦੀਆਂ ਕਿਲਕਾਰੀਆਂ ਜੋ ਗੂੰਜ ਰਹੀਆਂ ਸਨ। ਪੰਜ ਕਿਲਿਆਂ ਦਾ ਮਾਲਕ ਇਮਾਨਦਾਰ ਦਲੀਪ ਪਿਓ ਦੀ ਛੋਟੀ ੳਮਰ ‘ਚ ਮੌਤ ਹੋਣ ਤੋਂ ਬਾਅਦ ਆਪਣੇ ਵੱਡੇ ਭਰਾ ਜੈਰਾਮ ਤੇ ਭਾਬੀ ਨੂੰ ਸੱਚੀ ਦਾ ਰਾਮ ਮੰਨਦਿਆਂ ੳਸ ਨਾਲ ਸਾਂਝੀ ਖੇਤੀ ‘ਚ ਹੱਡ ਤੋੜਵੀਂ ਮਿਹਨਤ ਕਰਦਾ ਰਹਿੰਦਾ। ਦਰਅਸਲ ਚੁਸਤ-ਚਲਾਕ ਘਾਗ ਜੈਰਾਮ ਨੇ ਸਾਂਝੇ ਖਾਤੇ ‘ਚ ਆਪਣੀ ਕੁੜੀ ਨੂੰ ਵਧੀਆ ਘਰ ਵਿਆਹੁਣ ਤੋਂ ਬਾਅਦ ਮੁੰਡੇ ਦੀ ਵੀ ਵਧੀਆ ਦੁਕਾਨਦਾਰੀ ਸੈਟ ਕਰ ਦਿੱਤੀ ਤੇ ਸਾਰੇ ਪੈਸੇ-ਟਕੇ ਦਾ ਹਿਸਾਬ ਆਪਦੇ ਕੋਲ ਹੋਣ ਕਰਕੇ ਹਮੇਸ਼ਾ ਕਰਜਾ-ਕਰਜਾ ਆਖਦਾ ਸਾਂਝੀ ਜਮੀਨ ਗਹਿਣੇ ਧਰਦਾ ਰਿਹਾ ਤੇ ਆਪਦੇ ਪੈਸੇ ਅੱਡ ਜੋੜਦਾ, ਸਾਰਾ ਦਿਨ ਪਿੰਡ ‘ਚ ਚੁਗਲਖੋਰੀ ਦਾ ਕੰਮ ਨੇਪਰੇ ਚਾੜ੍ਹਨ ਵਿੱਚ ਰੁਝਿਆ ਰਹਿੰਦਾ। ਮਾਣੀ ਨੂੰ ਆਪਣਾ ਜੇਠ ਜੈਰਾਮ ਕਦੇ ਵੀ ਚੰਗਾ ਨਹੀਂ ਲੱਗਿਆ, ਅਜਿਹਾ ਨਹੀਂ ਹੈ ਕਿ ਮਾਣੀ ਸਾਂਝੇ ਪਰਿਵਾਰ ਦੇ ਖਿਲਾਫ ਸੀ ਪਰ ਵਿਆਹ ਤੋਂ ਅਗਲੇ ਹੀ ਦਿਨ ਜਦੋਂ ਜੈਰਾਮ ਕੋਲੋਂ ਅਸ਼ੀਰਵਾਦ ਲੈਣ ਲਈ ਮਾਣੀ ਨੀਵੀਂ ਹੋਈ ਤਾਂ ਜੈਰਾਮ ਨੇ ਜਿਸ ਤਰੀਕੇ ਨਾਲ ਆਪਣਾ ਹੱਥ ਰਾਣੀ ਦੇ ਪਿੰਡੇ ਤੇ ਫੇਰਿਆ ਉਸਤੋਂ ਰਾਣੀ ਨੂੰ ਜੈਰਾਮ ਦੇ ਘਿਣਾਉਣੇ ਚਰਿੱਤਰ ਦੇ ਦਰਸ਼ਨ ਹੋ ਗਏ ਸਨ, ਇਸੇ ਲਈ ਮਾਣੀ ਨੇ ਦਲੀਪ ਨੂੰ ਜੈਰਾਮ ਦੀ ਨੀਅਤ ਨਾਲ ਇਸ਼ਾਰੇ ‘ਚ ਦੱਸਣ ਦੀ ਕੋਸ਼ਿਸ਼ ਕੀਤੀ ਪਰ ਦਲੀਪ ਨੇ ਗੋਰ ਨਾਂ ਕੀਤੀ, ਅਖੀਰ ਇਕ ਦਿਨ ਜੈਰਾਮ ਨੇ ਦਲੀਪ ਦੀ ਗੈਰਹਾਜ਼ਰੀ ‘ਚ ਮਾਣੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਮਾਣੀ ਨੇ ਜੈਰਾਮ ਨੂੰ ਤਾੜਦਿਆਂ, ਉਸਦੀ ਮਾਂ-ਭੈਣ ਇਕ ਕਰ ਦਿੱਤੀ, ਜੈਰਾਮ ਨੇ ਦਲੀਪ ਨੂੰ ਮਾਣੀ ਦੀ ਗਲਤਫਹਮੀ ਆਖਦਿਆਂ ਕਿਹਾ,”ਘਰ ਦੀ ਗੱਲ ਘਰ ‘ਚ ਰਹਿਜੇ, ਬਾਹਰ ਬਹੁਤ ਬਦਨਾਮੀ ਹੋਊ”। ਦਲੀਪ ਨੂੰ ਗੱਲਾਂ ‘ਚ ਲੈ ਲਿਆ ਪਰ ਫੇਰ ਵੀ ਦਲੀਪ ਨੇ ਮਾਣੀ ਦੇ ਦਬਾਅ ਕਾਰਨ ਰੋਟੀ ਅੱਡ ਕਰ ਲਈ ਪਰ ਦਲੀਪ ਨੇ ਜੈਰਾਮ ਨਾਲ ਖੇਤੀ ਫੇਰ ਵੀ ਸਾਂਝੀ ਰੱਖੀ।

ਅਸਲ ‘ਚ ਦਲੀਪ, ਜੈਰਾਮ ਦਾ ਮੁਫਤ ਕਾਮਾ ਸੀ, ਦਲੀਪ ਦੇ ਬੱਚਿਆਂ ਨੂੰ ਤਾਂ ਖਾਣ ਨੂੰ ਪੂਰੀ ਰੋਟੀ ਨਾਂ ਮਿਲਦੀ ਪਰ ਜੈਰਾਮ ਹੁਰਾਂ ਨੇ ਤਾਂ ਕਦੇ ਸੁੱਕੀ ਚਾਹ ਤੱਕ ਨਹੀਂ ਪੀਤੀ। ਦਲੀਪ ਆਪਣੀ ਘਰਦੀ ਮਾਣੀ ਤੋਂ ਚੋਰੀਓਂ ਹੀ ਜੈਰਾਮ ਦੀ ਸਾਰੀ ਖੇਤੀ ਦੇ ਨਾਲ-ਨਾਲ ਜੈਰਾਮ ਦੇ ਚਰਿੱਤਰਹੀਣ ਮੁੰਡੇ ਸੰਦੀਪ ਦੇ ਉਲਾਂਭੇ ਆਉਣ ਤੇ ਲੋਕਾਂ ਦੇ ਪੈਰਾਂ ‘ਚ ਡਿੱਗ ਮਾਫੀਆਂ-ਮਿੰਨਤਾਂ ਕਰਕੇ ਸਥਿਤੀ ਸਾਂਭਦਾ ਰਿਹਾ। ਮਾਣੀ ਅਕਸਰ ਦਲੀਪ ਨੂੰ ਸੰਦੀਪ ਦੇ ਮਾੜੇ ਚਰਿੱਤਰ ਬਾਰੇ ਆਖਦੀ ਰਹਿੰਦੀ ਕਿਉਂਕਿ ਮਾਣੀ ਨੂੰ ਸੰਦੀਪ ਦੀਆਂ ਅੱਖਾਂ ‘ਚ ਆਪਣੀ ਕੁੜੀਆਂ ਲਈ ਭੈਣਾਂ ਵਾਲੇ ਸਨਮਾਨ ਦੀ ਥਾਂ, ਉਹੀ ਜੈਰਾਮ ਵਾਲੀ ਹੀ ਵਾਸਨਾ ਨਜ਼ਰ ਆਉਂਦੀ, ਤੇ ਇਕ ਦਿਨ ਮਾਣੀ ਤੇ ਦਲੀਪ ਦੋਵਾਂ ਦੇ ਖੇਤ ਚਲੇ ਜਾਣ ਤੇ ਸੰਦੀਪ ਨੇ ਵਿਚਕਾਰਲੀ ਧੀ ਕੁਲਦੀਪ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ ਤਾਂ ਕੁਲਦੀਪ ਦੇ ਵਿਰੋਧ ਕਰਨ ਤੇ ਸੰਦੀਪ ਭੱਜ ਗਿਆ। ਸ਼ਾਮ ਨੂੰ ਜਦੋਂ ਮਾਣੀ ਤੇ ਦਲੀਪ ਨੂੰ ਪਤਾ ਲੱਗਾ ਤਾਂ ਉਹ ਜੈਰਾਮ ਕੋਲ ਉਲਾਂਭਾ ਲੈ ਕੇ ਗਏ ਪਰ ਜੈਰਾਮ ਤੇ ਜੈਰਾਮ ਦੀ ਘਰਦੀ ਨੇ ਆਪਣੇ ਪੁੱਤਰ ਨੂੰ ਸ਼ਰਾਫਤ ਦਾ ਸਰਟੀਫਿਕੇਟ ਦਿੰਦਿਆ, ਕੁਲਦੀਪ ਦੇ ਚਰਿੱਤਰ ਤੇ ਹੀ ਸਵਾਲ ਚੁੱਕਦਿਆਂ ਕਹਿ ਦਿੱਤਾ,” ਜਿਆਦਾ ਰੌਲਾ ਨਾ ਪਾਓ, ਘਰ ਦੀ ਗੱਲ ਘਰ ‘ਚ ਰਹਿਜੇ ਬਾਹਰ ਬਦਨਾਮੀ ਹੋਊ”।

ਵੱਡੀ ਧੀ ਕਿਰਨਦੀਪ ਦੇ ਵਿਆਹ ਦੇ ਨਾਲ ਹੀ ਹੋਲੀ-ਹੋਲੀ ਦਲੀਪ ਸਿਰ ਕਰਜ਼ਾ ਵੱਧਦਾ ਗਿਆ ਤੇ ਰਾਣੀ ਦੀ ਤਬੀਅਤ ਲਗਾਤਾਰ ਵਿਗੜਦੀ ਗਈ। ਤਿੰਨ ਮਹੀਨਿਆਂ ਤੱਕ ਲਗਾਤਾਰ ਚੜਿਆ ਹੋਇਆ ਬੁਖਾਰ ਅਖੀਰ ਖੂਨ ਦਾ ਕੈਂਸਰ ਬਣ ਕੇ ਬਾਹਰ ਆਇਆ। ਮਾਣੀ ਨੂੰ ਤਿੰਨ ਮਹੀਨਿਆਂ ਦਾ ਟਾਈਮ ਮਿਲਿਆ। ਮਾਣੀ ਦੇ ਕਹਿਣ ਤੇ ਦਲੀਪ ਨੇ ਵਿਚਕਾਰਲੀ ਧੀ ਕੁਲਦੀਪ ਦਾ ਵਿਆਹ ਧਰਤਾ। ਮਾਣੀ ਦੇ ਇਲਾਜ ਕਾਰਨ ਹੋਏ ਕਰਜੇ ਤੇ ਹੁਣ ਵਿਆਹ ਲਈ ਪੈਸਿਆਂ ਦੇ ਪ੍ਰਬੰਧ ਲਈ ਜਦੋਂ ਦਲੀਪ ਨੇ ਜੈਰਾਮ ਨਾਲ ਜਮੀਨ ਵੇਚਣ ਬਾਬਤ ਗੱਲਬਾਤ ਕੀਤੀ ਤਾਂ ਜੈਰਾਮ ਨੇ ਕਿਹਾ ਕਿ “ਮੇਰੇ ਕੋਲ ਤਾਂ ਪੈਸੇ ਹੈ ਨ੍ਹੀਂ, ਮੈਂ ਤਾਂ ਇਵੇਂ ਹੀ ਦੇ ਦਿੰਦਾ, ਤੂੰ ਇੰਝ ਕਰ ਆਪਣੇ ਸੰਦੀਪ ਨਾਲ ਗੱਲ ਕਰਲੇ, ਉਹ ਆਪਣੇ ਸਹੁਰੇ ਨੂੰ ਪੈਲੀ ਦਵਾ ਦੇਵੇਗਾ ਨਾਲੇ ਘਰ ਦੀ ਗੱਲ ਘਰ ‘ਚ ਰਹਿਜੂ”। ਅਸਲ ‘ਚ ਜਮੀਨ ਤਾਂ ਜੈਰਾਮ ਤੇ ਸੰਦੀਪ ਨੇ ਆਪ ਹੀ ਲੈਣੀ ਸੀ, ਆਹ ਸਹੁਰੇ ਆਲੇ ਤਾਂ ਬਸ ਦਾਅ ਹੀ ਖੇਡਿਆ ਗਿਆ ਸੀ। ਦੱਬੇ ਹੋਏ ਦਲੀਪ ਨੇਂ ਆਪਣੀ ਦੋ ਕਿਲੇ ਪੈਲੀ ਕੋਡੀਆਂ ਦੇ ਭਾਅ ਸੰਦੀਪ ਨੂੰ ਬੈਅ ਕਰਾ ਦਿੱਤੇ। ਮਾਣੀ ਨੂੰ ਪਤਾ ਸੀ ਕਿ ਹੁਣ ਉਹ ਮਰਨ ਕਿਨਾਰੇ ਹੈ, ਉਸਨੇ ਦਲੀਪ ਨੂੰ ਕੋਲ ਬਿਠਾ ਕੇ ਕਿਹਾ,”ਮੈਂ ਤਾਂ ਹੁਣ ਚੱਲੀ ਹਾਂ ਪਰ ਧੀ ਦੀਪੋ ਤੇ ਰਮਨ ਹੁਣ ਤੇਰੇ ਹੀ ਜੁੰਮੇ ਨੇਂ, ਮੇਰੇ ਜਿਊਂਦਿਆਂ ਤਾਂ ਮੈਂ ਇਹਨਾਂ ਬੁੱਕਲ ਦੇ ਸੱਪਾਂ ਤੋਂ ਬਚੀ ਰਹੀ ਤੇ ਆਪਣੀਆਂ ਧੀਆਂ ਨੂੰ ਵੀ ਬਚਾਈ ਰੱਖਿਆ ਪਰ ਹੁਣ ਦੀਪੋ ਨੂੰ ਭੇੜੀਏ ਨਾਂ ਦਬੋਚ ਲੈਣ ਮੈਨੂੰ ਵਾਅਦਾ ਦੇ”। ਕਿੰਨੀ ਹੀ ਦੇਰ ਦਲੀਪ ਤੇ ਮਾਣੀ ਹੱਥ ‘ਚ ਹੱਥ ਰੱਖ ਰੋਂਦੇ ਰਹੇ।

ਦੋਵੇਂ ਧੀਆਂ ਦੇ ਵਿਆਹ ਤੇ ਮਾਣੀ ਦੀ ਮੌਤ ਤੋਂ ਬਾਅਦ ਦਲੀਪ, ਧੀ ਦੀਪੋ ਤੇ ਰਮਨ ਤਿੰਨੋ ਹੀ ਰਹਿ ਗਏ। ਕਰਜੇ ‘ਚ ਦੱਬਿਆ ਹੋਇਆ ਦਲੀਪ ਹੁਣ ਜਿਆਦਾ ਸਮਾਂ ਘਰ ਹੀ ਰਹਿੰਦਾ। ਦੀਪੋ ਨੇ ਬਾਰਾਂ ਜਮਾਤਾਂ ਪਾਸ ਕਰ ਬੀ ਏ ਦੇ ਪ੍ਰਾਈਵੇਟ ਫਾਰਮ ਭਰ ਦਿੱਤੇ ਤੇ ਨਾਲ ਹੀ ਸਾਰੇ ਘਰ ਦਾ ਕੰਮ ਸਾਂਭਦੀ। ਸਭ ਕੁੱਝ ਠੀਕ ਹੁੰਦਾ ਜਾਪ ਹੀ ਰਿਹਾ ਸੀ ਕਿ ਇਕ ਰਾਤ ਪਾਣੀ ਦੀ ਵਾਰੀ ਤੇ ਗਏ ਦਲੀਪ ਤੇ ਰਮਨ ਮਗਰੋਂ ਬਹਾਨੇ ਨਾਲ ਸੰਦੀਪ, ਦਲੀਪ ਘਰੇ ਵੱੜ ਗਿਆ। ਦੀਪੋ ਨੇ ਬਹੁਤ ਵਿਰੋਧ ਕੀਤਾ ਪਰ ਅਖੀਰ ਬੁੱਕਲ ਦੇ ਸੱਪ ਨੇ ਦੀਪੋ ਨੂੰ ਡੱਸ ਲਿਆ। ਉਹ ਕਿੰਨਾਂ ਹੀ ਚਿਰ ਰੋਂਦੀ ਰਹੀ ਪਰ ਆਪਣੇ ਦੱਬੂ ਤੇ ਸ਼ਰੀਫ ਬਾਪ ਦੀ ਤਰਸਯੋਗ ਹਾਲਤ ਵੇਖ ਚੁੱਪ ਕਰ ਗਈ। ਪਰ ਹੁਣ ਕੁੱਤੇ ਦੇ ਮੂੰਹ ਨੂੰ ਖੂਨ ਲੱਗ ਚੁੱਕਾ ਸੀ, ਉਸ ਭੇੜੀਏ ਨੂੰ ਹੁਣ ਜਦੋਂ ਵੀ ਮੌਕਾ ਮਿਲਦਾ, ਦੀਪੋ ਨੂੰ ਦਬੋਚ ਲੈਂਦਾ, ਉਹ ਬਿਲਕੁਲ ਚੁੱਪ ਰਹਿਣ ਲੱਗ ਪਈ, ਦਲੀਪ ਨੇ ਬੜਾ ਪੁੱਛਿਆ ਪਰ ਉਹ ਕੋਈ ਵੀ ਜਵਾਬ ਨਾਂ ਦਿੰਦੀ। ਸਮੇਂ ਦਾ ਨਾਲ ਜਦੋਂ ਤਿੰਨ ਮਹੀਨੇ ਤੱਕ ਦੀਪੋ ਦਾ ਖੂਨ ਸਾਫ ਹੋਣ ਆਲਾ ਚੱਕਰ ਨਾ ਆਇਆ ਤਾਂ ਉਹਨੂੰ ਸਮਝ ਆ ਗਈ ਕਿ ਪਾਪ ਤਾਂ ਭਾਵੇਂ ਸੰਦੀਪ ਦਾ ਏ ਪਰ ਹੁਣ ਉਹ ਇਸ ਮਰਦ ਪ੍ਰਧਾਨ ਸਮਾਜ ਵਿੱਚ ਆਪਣੇ ਬਾਪ ਲਈ ਕਲੰਕ ਬਣ ਚੁੱਕੀ ਏ। ਦੀਪੋ ਨੇ ਆਪਣੀ ਸਾਰੀ ਦਾਸਤਾਨ ਕਾਗਜ ਤੇ ਲਿਖ, ਸਪਰੈ ਪੀ ਲਈ। ਦਲੀਪ ਜਦੋਂ ਨੂੰ ਖੇਤ ਤੋਂ ਘਰ ਆਇਆ ਤਾਂ ਘਰੇ ਸਥਰ ਵਿੱਛ ਚੁੱਕੇ ਸਨ, ਜੈਰਾਮ ਹੁਰਾਂ ਨੂੰ ਆਪਣੀ ਗੰਦੀ ਔਲਾਦ ਦੀ ਅਸਲੀਅਤ ਪਤਾ ਸੀ, ਉਹਨਾਂ ਸੱਚ ਛੁਪਾਉਂਦੇ ਹੋਏ ਸਭ ਨੂੰ ਆਖ ਦਿੱਤਾ ਕਿ ਦੀਪੋ ਨੂੰ ਦੌਰਾ ਪੈ ਗਿਆ ਹੈ, ਦਲੀਪ ਨੂੰ ਸ਼ੱਕ ਹੋਇਆ ਤਾਂ ਜੈਰਾਮ ਕਹਿੰਦਾ,”ਤੂੰ ਜਿਆਦਾ ਰੌਲਾ ਨਾ ਪਾ, ਜੋ ਹੋਇਆ ਠੀਕ ਹੋਇਆ, ਘਰ ਦੀ ਗੱਲ ਘਰ ‘ਚ ਰਹਿਜੂ, ਬਾਹਰ ਬਦਨਾਮੀ ਹੋਊ”।

ਦੀਪੋ ਦੀ ਲਾਸ਼ ਕੋਲ ਰੋਂਦੇ ਦਲੀਪ ਦੇ ਹੱਥ ਉਹ ਕਾਗਜ਼ ਆ ਗਿਆ, ਜਿਸ ਵਿੱਚ ਸਾਰਾ ਸੱਚ ਉਹ ਲਿੱਖ ਕੇ ਮਰੀ ਸੀ। ਦਲੀਪ ਦੇ ਅੰਦਰ ਦਾ ਜਵਾਲਾਮੁਖੀ ਫੱਟ ਗਿਆ, ਉਸਨੇਂ ਕੁਝ ਨਾ ਵੇਖਿਆ ਤੇ ਚੁੰਢ ‘ਚ ਪਿਆ ਕੁਹਾੜਾ ਚੱਕ ਸੰਦੀਪ ਦਾ ਗਾਟਾ ਲਾਹ ਦਿੱਤਾ, ਚਾਰੇ ਪਾਸੇ ਹਾਹਾਕਾਰ ਮੱਚ ਗਿਆ। ਦਲੀਪ ਨੇ ਇਕੋ ਵਾਰ ਨਾਲ ਪਾਪੀ ਦਾ ਅੰਤ ਕਰ ਦਿੱਤਾ । ਪੁਲਿਸ ਆਲੀ ਗੱਡੀ ‘ਚ ਬੈਠਦਿਆਂ ਦਲੀਪ ਆਪਣੇ ਆਪ ਨੂੰ ਕਹਿੰਦਾ ਬੋਲਦਾ ਜਾ ਰਿਹਾ ਸੀ,”ਘਰ ਦੀ ਗੱਲ ਉਦੋਂ ਤੱਕ ਈ ਘਰ ‘ਚ ਰੱਖਣੀ ਚਾਹੀਦੀ ਹੈ, ਜਦੋਂ ਤੱਕ ਇਜ਼ੱਤ ਨਾਲ ਸਮਝੌਤਾ ਨਾ ਕਰਨਾ ਪਵੇ”। ਗੱਡੀ ਥਾਣੇ ਵੱਲ ਨੂੰ ਤੇਜੀ ਨਾਲ ਜਾ ਰਹੀ ਸੀ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin