Articles

12 ਅਪ੍ਰੈਲ ਨੂੰ ਜਨਮ ਦਿਨ ‘ਤੇ ਵਿਸ਼ੇਸ਼: ਪੰਥ ਪ੍ਰਸਿੱਧ ਕੀਰਤਨੀਏ ਪਦਮ ਸ੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਕਈ ਇੰਨਸਾਨ ਦੁਨੀਆਂ ਤੇ ਅਜਿਹੇ ਆਉਂਦੇ ਹਨ ਉਹ ਸਮਾਜ ਲਈ ਬਾਕੀ ਦੁਨੀਆਂ ਵਲੋਂ ਵੱਖਰਾ ਹੀ ਕਰ ਜਾਂਦੇ ਹਨ ਇਸ ਕਰਕੇ ਉਹਨਾਂ ਦੇ ਸਮਾਜ ਲਈ ਚੰਗੇ ਕੀਤੇ ਕੰਮਾਂ ਕਰਕੇ ਸਮਾਜ ਸਦਾ ਹੀ ਚੇਤੇ ਕਰਦਾ ਰਹਿੰਦਾ ਹੈ ਇਹਨਾਂ ਵਿਚੋ ਹੀ ਇਕ ਨਾਮ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਹੈ।

ਭਾਈ ਨਿਰਮਲ ਸਿੰਘ ਖਾਲਸਾ ਦਾ ਜਨਮ 12 ਅਪ੍ਰੈਲ 1952 ਨੂੰ ਪਿੰਡ ਜੰਡਵਾਲਾ ਭੀਮਸ਼ਾਹ ਜਿਲ੍ਹਾ ਫਿਰੋਜ਼ਪੁਰ ਵਿਖੇ ਪਿਤਾ ਸ. ਚੰਨਣ ਸਿੰਘ ਅਤੇ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਹੋਇਆ। ਇਹਨਾਂ ਨੇ ਸਕੂਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਅੱਠਵੀਂ ਜਮਾਤ ਤੱਕ ਪਾਸ ਕੀਤੀ।
1968 ਵਿਚ ਇਹ  ਪਰੀਵਾਰ ਪਿੰਡ ਮੰਡਾਲਾ ਜਿਲ੍ਹਾ ਜਲੰਧਰ ਦੇ ਮੰਡ ਖੇਤਰ ਵਿਚ ਜਮੀਨ ਅਲਾਟ ਹੋਣ ਕਰਕੇ ਇੱਥੇ ਆ ਵਸਿਆ।ਪਿਤਾ ਪੁਰਖੀ ਖੇਤੀਬਾੜੀ ਦ ਕੰਮ ਧੰਦਾ ਹੋਣ ਕਰਕੇ ਇਹਨਾਂ ਨੂੰ ਵੀ ਕੁਝ ਸਮਾਂ ਖੇਤਾਂ ਵਿਚ ਵੀ ਕੰਮ ਕਰਵਾਉਣਾ ਪਿਆ।
ਭਾਈ ਨਿਰਮਲ ਸਿੰਘ ਨੂੰ ਗਾਉਣ ਦਾ ਸ਼ੌਂਕ ਪਹਿਲਾਂ ਹੀ ਸੀ ਇਹ ਖੇਤਾਂ ਵਿਚ ਕੰਮ ਕਰਦੇ ਉੱਚੀ ਆਵਾਜ਼ ਵਿਚ ਗਾਉਂਦੇ ਰਹਿੰਦੇ ਸੱਥਾਂ ਵਿਚ ਬੈਠੇ ਬਜੁਰਗਾਂ ਨੂੰ ਲੋਕ ਗਥਾਵਾਂ ਗਾ ਕੇ ਸਣਾਉਂਦੇ ਰਹਿੰਦੇ। ਪਰੀਵਾਰ ਨੇ ਇਹਨਾਂ ਦਾ ਇਹ ਸ਼ੌਂਕ ਵੇਖ ਕੇ ਸ਼ਹੀਦ ਸਿੱਖ ਮਸ਼ੀਨਰੀ ਕਾਲਜ ਅੰਮ੍ਰਿਤਸਰ ਵਿਖੇ ਸੰਗੀਤਕ ਪ੍ਰੋਫੈਸਰ ਅਵਤਾਰ ਸਿੰਘ ਨਾਜ਼ ਕੋਲ ਦਾਖ਼ਲਾ ਦਿਵਾ ਦਿੱਤਾ। ਉੱਥੇ ਉਹਨਾਂ ਸੰਗੀਤਕ ਸੁਰਾਂ ਨੂੰ ਬਰੀਕੀ ਨਾਲ ਜਾਚਿਆ ਉੱਥੋਂ ਇਹਨਾਂ ਦੋ ਸਾਲ ਦਾ ਡਪਲੋਮਾ 1976 ਵਿਚ ਪਾਸ ਕੀਤਾ।
ਇਹ ਸਭ ਤੋਂ ਪਹਿਲਾਂ ਰਾਗੀ ਦੇ ਤੌਰ ਤੇ ਬੰਗਲਾ ਸਾਹਿਬ ਰੋਹਤਕ ਵਿਖੇ ਨਿਯੁਕਤ ਹੋਏ। ਕੁਝ ਸਮਾਂ ਰਿਸ਼ੀਕੇਸ, ਤਰਨਤਾਰਨ ਵਿਖੇ ਵੀ ਡਿਊਟੀ ਕੀਤੀ। 1978 ਵਿਚ ਕੁਝ ਸਮਾਂ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਵਿਚ ਕੰਡਕਟਰ ਦੇ ਤੌਰ ਤੇ ਨੌਕਰੀ ਕੀਤੀ। ਸ਼ਹੀਦ ਸਿੱਖ ਮਸ਼ੀਨਰੀ ਕਾਲਜ ਬੁੱਢਾ ਜੋਹੜ (ਰਾਜਸਥਾਨ) ਵਿਖੇ ਦੋ ਸਾਲ ਗੁਰਮਤਿ ਸੰਗੀਤ ਦੀ ਵਿੱਦਿਆ ਵਿਦਿਆਰਥੀਆਂ ਨੂੰ ਦਿੱਤੀ।
1979 ਵਿਚ ਭਾਈ ਨਿਰਮਲ ਸਿੰਘ ਦੀ ਸਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਹਾਇਕ ਰਾਗੀ ਵਜੋਂ ਨਿਯੁਕਤੀ ਹੋ ਗਈ। 1985 ਤੱਕ ਭਾਈ ਗੁਰਮੇਜ ਸਿੰਘ ਨਾਲ ਸਹਾਇਕ ਰਾਗੀ ਵਜੋਂ ਸੇਵਾ ਨਿਭਾਉਂਦੇ ਰਹੇ। 1986 ਵਿਚ ਆਪਣਾ ਰਾਗੀ ਜੱਥਾ ਬਣਾ ਲਿਆ ਅਤੇ ਲੰਮਾ ਸਮਾਂ ਭਾਈ ਦਰਸ਼ਨ ਸਿੰਘ ਸਹਾਇਕ ਰਾਗੀ ਅਤੇ ਭਾਈ ਕਰਤਾਰ ਸਿੰਘ ਤਬਲੇ ਤੇ ਇਹਨਾਂ ਨਾਲ ਸੇਵਾ ਨਿਭਾਉਂਦੇ ਰਹੇ ਹਨ।
1987 ਵਿਚ ਸਰਕਾਰ ਵਲੋਂ ਕੀਤੇ ਗਏ ਬਲੈਕ ਥੰਡਰ ‘ਚ ਪੁਲੀਸ ਤਸ਼ੱਦਦ ਵੀ ਝੱਲਣਾ ਪਿਆ।
ਭਾਈ ਨਿਰਮਲ ਸਿੰਘ ਗੁਰਬਾਣੀ ਨੂੰ ਨਿਰਧਾਰਤ ਰਾਗਾਂ ਵਿਚ ਗਾਉਣ ਦੀ ਮੁਹਾਰਤ ਰੱਖਦੇ ਸਨ। ਇਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਚੋਂ ਸਬਦ ਗਾ ਕੇ ਪੁਰਾਤਨ ਕੀਰਤਨ ਸੈਲੀ ਨੂੰ ਬਹਾਲ ਕੀਤਾ। ਗੁਰਬਾਣੀ ਨੂੰ ਪੁਰਾਤਨ ਰੀਤਾਂ ਅਨੁਸਾਰ ਤੰਤੀ ਸਾਜਾਂ ਨਾਲ  ਗਾ ਕੇ ਇਹ ਰੂਹਾਨੀ ਅਨੁਭਵ ਕਰਦੇ ਸਨ।
ਭਾਈ ਨਿਰਮਲ ਸਿੰਘ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਰਚਨਾ ਸੁਖਮਨੀ ਸਾਹਿਬ ਜੀ ਨੂੰ ਗਾਉੜੀ ਰਾਗ ਚੋਂ ਗਾਇਆ। ਇਨਾਂ ਨੇ ਬਾਬਾ ਫ਼ਰੀਦ ਜੀ ਦੇ ਸਲੋਕਾਂ ਨੂੰ ਵੀ ਸੂਫ਼ੀਆਨਾ ਅੰਦਾਜ ਵਿਚ ਗਾਇਆ। ਗੁਰਬਾਣੀ ਕੀਰਤਨ ਤੋਂ ਇਲਾਵਾ ਭਾਈ ਸਾਹਿਬ ਬਹੁਤ ਵਧੀਆ ਲਿਖਾਰੀ ਸਨ। ਉਨਾਂ ਦੇ ਵੱਖ ਵੱਖ ਅਖ਼ਬਾਰਾਂ ਅਤੇ ਮੈਗਜੀਨਾਂ ਵਿਚ ਆਰਟੀਕਲ ਛਪਦੇ ਰਹਿੰਦੇ ਸਨ। ਉਨਾਂ ਦੀਆਂ ਲਿਖੀਆਂ ਦੋੈ ਪੁਸਤਕਾਂ ਵੀ ਛਪੀਆਂ।
ਭਾਈ ਨਿਰਮਲ ਸਿੰਘ ਖਾਲਸਾ ਨੂੰ ਬਹੁਤ ਸਾਰੇ ਅਵਾਰਡ ਪ੍ਰਾਪਤ ਹੋਏ। 1999 ਵਿਚ ਵਿਸਾਖੀ ਤੇ ਤਿੰਨ ਸੋ ਸਾਲਾ ਸਤਾਬਦੀ ਨੂੰ 50 ਤੋਂ ਵੱਧ ਪ੍ਰਮੁੱਖ ਸੰਗੀਤਕ ਕੰਪਨੀਆਂ ਨੇ ਇਹਨਾਂ ਦੇ ਕੀਰਤਨ ਦੀਆਂ ਐਲਬਮਾਂ ਰਿਕਾਰਡ ਕੀਤੀਆਂ। 1999 ਵਿਚ ਹੀ ਇੰਡੀਅਨ ਮਿਊਜ਼ੀਕਲ ਇੰਡਸਟਰੀ ਮੁਬਈ ਦੁਆਰਾ ਦੀਵਾ ਨੈਸ਼ਨਲ ਐਵਾਰਡ ਮਿਲਿਆ। 1999 ਵਿਚ ਹੀ ਖ਼ਾਲਸਾ ਫ਼ਤਿਹ ਜੰਗ ਦੁਆਰਾ ਗੋਲਡ ਮੈਡਲ ਅਤੇ ਸ਼ਰੋਮਣੀ ਰਾਗੀ ਅਵਾਰਡ ਮਿਲਿਆ। 2004 ਵਿਚ ਭਾਈ ਹੀਰਾ ਸਿੰਘ ਅਨੰਦ ਅਵਾਰਡ ਮਿਲਿਆ। 2006 ਵਿਚ ਤਖਤ ਸ੍ਰੀ ਦਮਦਮਾ ਸਾਹਿਬ ਦੁਆਰਾ ਸ਼ਰੋਮਣੀ ਅਵਾਰਡ ਮਿਲਿਆ।
ਭਾਈ ਨਿਰਮਲ ਸਿੰਘ ਕੋਵਿਡ-19 ਦਾ ਸ਼ਿਕਾਰ ਹੋ ਗਏ ਸਨ। ਇਸ ਕਰਕੇ ਉਹ 2 ਅਪ੍ਰੈਲ 2020 ਨੂੰ ਅੰਮ੍ਰਿਤਸਰ ਵਿਚ ਦਮ ਤੋੜ ਗਏ।ਉਨਾਂ ਦੇ ਸੰਸਕਾਰ ਲਈ ਸ਼ਮਸ਼ਾਨ ਘਾਟ ਦਾ ਇਲਾਕਾ ਸੰਗਣੀ ਵਸੋਂ ਵਾਲਾ ਹੋਣ ਕਰਕੇ ਸਸਕਾਰ ਕਰਨ ਦਾ ਵਿਰੋਧ ਹੋਇਆ ਅਤੇ ਪ੍ਰਸ਼ਾਸ਼ਨ ਨੂੰ ਆਪਣਾ ਫੈਸਲਾ ਬਦਲਣਾ ਪਿਆ। ਫਿਰ ਵੇਰਕਾ ਪਿੰਡ ਦੀ ਸ਼ਮਸ਼ਾਨ ਘਾਟ ਨੂੰ ਚੁਣਿਆ ਗਿਆ ਪਰ ਪਿੰਡ ਵਾਸੀਆਂ ਨੇ ਭਾਈ ਨਿਰਮਲ ਸਿੰਘ ਦਾ ਉੱਥੇ ਸਸਕਾਰ ਕਰਨ ਤੋਂ ਵਿਰੋਧ ਕਰਦਿਆਂ ਕਿਹਾ ਕੇ ਚਿੱਖਾ ਵਿਚੋਂ ਉਠਣ ਵਾਲੇ ਧੂਏ ਨਾਲ ਬਿਮਾਰੀ ਫੈਲ ਸਕਦੀ ਹੈ। ਜਦ ਪ੍ਰਸ਼ਾਸ਼ਨ ਦੀ ਪਿੰਡ ਵਾਸੀਆਂ ਨਾਲ ਸਹਿਮਤੀ ਨਾਂ ਬਣ ਸਕੀ ਫਿਰ ਪਿੰਡ ਸ਼ੁਕਰਚੱਕ ਦੀ ਇਕਾਂਤ ਜਗ੍ਹਾ ‘ਤੇ ਭਾਈ ਨਿਰਮਲ ਸਿੰਘ ਦਾ ਪ੍ਰਸ਼ਾਸ਼ਨ ਅਤੇ ਪੁਲੀਸ ਦੀ ਹਾਜ਼ਰੀ ਵਿਚ ਰਾਤ ਦੇ ਅੱਠ ਵਜੇ ਸਸਕਾਰ ਕਰ ਦਿੱਤਾ ਗਿਆ। ਸਸਕਾਰ ਵੇਲੇ ਸਿਰਫ ਉਹਨਾਂ ਦਾ ਪੁੱਤਰ ਹੀ ਹਾਜ਼ਰ ਸੀ ਉਸ ਨੇ ਚਿਖਾ ਨੂੰ ਅਗਨੀ ਵਿਖਾਈ। ਉਹਨਾਂ ਦੀ ਮਿਰਤਕ ਦੇਹ ਸਿਹਤ ਵਿਭਾਗ ਨੇ ਸੀਲ ਕਰ ਦਿੱਤੀ ਸੀ ਇਸ ਕਰਕੇ ਉਹਨਾਂ ਦੇ ਪਰੀਵਾਰ ਦਾ ਕੋਈ ਮੈਂਬਰ ਉਹਨਾਂ ਦੇ ਅੰਤਿਮ ਦਰਸ਼ਨ ਨਾ ਕਰ ਸਕਿਆ ਇਥੇ ਇਹ ਗੱਲ ਵੀ ਦੁੱਖ ਨਾਲ ਲਿਖਣੀ ਪੈ ਰਹੀ ਹੈ ਇਤਨੇ ਸਿੱਖ ਕੌਮ ਦੇ ਮਹਾਨ ਕੀਰਤਨੀਏ ਨੂੰ ਅੰਤਿਮ ਵਿਦਾਇਗੀ ਦੇਣ ਲਈ ਕਰਫਿਊ ਵਰਗੀਆਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਿੱਖ ਜਗਤ ਦਾ ਕੋਈ ਵਿਆਕਤੀ ਨਾ ਪਹੁੰਚ ਸਕਿਆ। ਸਿੱਖ ਜਗਤ ਘਰ ਵਿਚ ਬੈਠਾ ਹੀ ਇਸ ਮਹਾਨ ਸ਼ਖਸ਼ੀਅਤ ਦੇ ਸੋਗ ਵਿਚ ਡੁਬ ਗਿਆ ਸੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin