Story

ਭਰੂਣ ਹੱਤਿਆ

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਕਰਤਾਰ ਸਿੰਘ ਚੰਗੀ ਜ਼ਮੀਨ ਜਾਇਦਾਦ ਦਾ ਮਾਲਕ ਰੱਜਿਆ ਪੁੱਜਿਆ ਆਦਮੀ ਸੀ। ਪਤਨੀ ਹਰਜੀਤ ਕੌਰ ਵੀ ਸੁਚੱਜੀ ਔਰਤ ਸੀ। ਘਰ ਵਿੱਚ ਬੱਸ ਇੱਕ ਹੀ ਕਮੀ ਸੀ ਕਿ ਦੋ ਧੀਆਂ ਹੀ ਸਨ। ਦੋਵੇਂ ਜੀਅ ਲੜਕੇ ਵਾਸਤੇ ਤਰਸੇ ਪਏ ਸਨ। ਕੋਈ ਧਾਰਮਿਕ ਸਥਾਨ ਨਹੀਂ ਸੀ ਛੱਡਿਆ ਜਿੱਥੇ ਮੱਥਾ ਨਾ ਰਗੜਿਆ ਹੋਵੇ। ਅਖੀਰ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਣ ਵਾਂਗ ਰੱਬ ਨੇ ਉਨ੍ਹਾਂ ਦੀ ਸੁਣ ਲਈ। ਚਾਹੇ ਤਰਸਾ ਕੇ ਹੀ, ਚੰਨ ਵਰਗਾ ਪੁੱਤਰ ਬਖਸ਼ ਦਿੱਤਾ। ਦੋਵੇਂ ਨਿਹਾਲ ਹੋ ਗਏ, ਮਸਾਂ ਮਸਾਂ ਖਾਨਦਾਨ ਦੀ ਵੇਲ ਅੱਗੇ ਵਧੀ ਹੋਣ ਕਾਰਨ ਲੜਕੇ ਦਾ ਨਾਮ ਰਵੇਲ ਸਿੰਘ ਰੱਖਿਆ ਗਿਆ। ਰਵੇਲ ਪੜ੍ਹਨ ਲਿਖਣ ਵਿੱਚ ਹੁਸ਼ਿਆਰ ਸੀ। ਉੱਚ ਵਿਦਿਆ ਪ੍ਰਾਪਤ ਕਰ ਕੇ ਚੰਗੀ ਨੌਕਰੀ ‘ਤੇ ਲੱਗ ਗਿਆ। ਰਿਸ਼ਤੇ ਵਾਲਿਆਂ ਨੇ ਗੇੜੇ ਮਾਰ ਮਾਰ ਕੇ ਦਰਵਾਜੇ ਨੀਵੇਂ ਕਰ ਦਿੱਤੇ। ਅਖੀਰ ਬਰਾਬਰ ਦੀ ਅਫਸਰ ਗੁਰਜੋਤ ਕੌਰ ਨੂੰਹ ਬਣ ਕੇ ਘਰ ਵਿੱਚ ਆ ਗਈ। ਕੁਝ ਸਾਲਾਂ ਵਿੱਚ ਰਵੇਲ ਵੀ ਧੀਆਂ ਪੁੱਤਰਾਂ ਵਾਲਾ ਹੋ ਗਿਆ। ਉਸ ਨੇ ਪਿੰਡ ਛੱਡ ਕੇ ਸ਼ਹਿਰ ਕੋਠੀ ਪਾ ਲਈ ਤੇ ਹੌਲੀ-ਹੌਲੀ ਕਰਤਾਰ ਅਤੇ ਹਰਜੀਤ ਨੂੰ ਵੀ ਸ਼ਹਿਰ ਲੈ ਗਿਆ। ਕੁਝ ਪਿੰਡ ਦਾ ਉਦਰੇਵਾਂ ਅਤੇ ਕੁਝ ਉਮਰ ਦਾ ਤਕਾਜ਼ਾ, ਦੋਵਾਂ ਦੀ ਸਿਹਤ ਕਿਰਨ ਲੱਗੀ। ਹੌਲੀ ਹੌਲੀ ਰਵੇਲ ਨੇ ਮਿੱਠਾ ਪਿਆਰਾ ਬਣ ਕੇ ਸਾਰੀ ਜ਼ਮੀਨ ਆਪਣੇ ਨਾਮ ‘ਤੇ ਕਰਵਾ ਲਈ।
ਕਿਸਾਨ ਦੀ ਵੁੱਕਤ ਜ਼ਮੀਨ ਨਾਲ ਹੀ ਹੁੰਦੀ ਹੈ। ਬੇਜ਼ਮੀਨੇ ਕਰਤਾਰ ਤੋਂ ਰਵੇਲ ਅਤੇ ਉਸ ਦੀ ਪਤਨੀ ਨੂੰ ਮੁਸ਼ਕ ਆਉਣ ਲੱਗਾ। ਸ਼ਹਿਰ ਦੇ ਜੰਮੇ ਪਲੇ ਪੋਤਰਾ ਪੋਤਰੀ ਤਾਂ ਪਹਿਲਾਂ ਹੀ ਦਾਦੇ ਦਾਦੀ ਦੇ ਆਉਣ ਤੋਂ ਦੁਖੀ ਸਨ। ਅਖੀਰ ਉਹ ਦਿਨ ਵੀ ਆ ਗਿਆ। ਨਿਰਮੋਹੀ ਹੋ ਚੁੱਕੇ ਰਵੇਲ ਨੇ ਮਾਂ-ਬਾਪ ਨੂੰ ਬਿਰਧ ਘਰ ਛੱਡਣ ਦਾ ਫੈਸਲਾ ਕਰ ਲਿਆ। ਨੂੰਹ ਅਤੇ ਪੋਤਰੇ-ਪੋਤਰੀ ਨੇ ਚਾਈਂ ਚਾਈਂ ਦਾਦੇ-ਦਾਦੀ ਦਾ ਸਮਾਨ ਗੱਡੀ ਵਿੱਚ ਸੁੱਟਿਆ। ਰਵੇਲ ਨੇ ਗੱਡੀ ਤੋਰ ਲਈ ਤਾਂ ਗੁਰਜੋਤ ਨੇ ਕਮਰੇ ਨੂੰ ਚੰਗੀ ਤਰਾਂ ਧੁਆ ਕੇ ਡੈਟੋਲ ਨਾਲ ਪੋਚਾ ਮਰਵਾਇਆ ਤਾਂ ਜੋ ਕਿਤੇ ਕੋਈ ਜਰਾਸੀਮ ਪਿੱਛੇ ਨਾ ਰਹਿ ਜਾਵੇ।
ਕਰਤਾਰ ਤੇ ਹਰਜੀਤ ਨੂੰ ਬਿਰਧ ਘਰ ਪਹੁੰਚ ਕੇ ਪਤਾ ਚੱਲਿਆ ਕਿ ਕੀ ਭਾਣਾ ਵਾਪਰ ਗਿਆ ਹੈ। ਉਹ ਤਾਂ ਆਪਣੀ ਜਾਚੇ ਧੀ ਨੂੰ ਮਿਲਣ ਜਾ ਰਹੇ ਸਨ। ਜਦੋਂ ਰਵੇਲ ਮਾਂ ਬਾਪ ਨੂੰ ਸਧਾਰਨ ਜਿਹੇ ਕਮਰੇ ਵਿੱਚ ਛੱਡ ਕੇ ਬੇਸ਼ਰਮਾਂ ਵਾਂਗ ਤੁਰਨ ਲੱਗਾ ਤਾਂ ਹਰਜੀਤ ਦੀਆਂ ਡਾਡਾਂ ਨਿਕਲ ਗਈਆਂ। ਉਹ ਰਵੇਲ ਨੂੰ ਕੋਸਣ ਲੱਗੀ ਕਿ ਤੂੰ ਜੰਮਦਾ ਕਿਉਂ ਨਾ ਮਰ ਗਿਆ। ਕਰਤਾਰ ਨੇ ਹੌਂਸਲਾ ਰੱਖਿਆ। ਅਸਲ ਵਿੱਚ ਉਸ ਨੂੰ ਪਹਿਲਾਂ ਹੀ ਖੁੜਕ ਗਈ ਸੀ ਕਿ ਇਹ ਭਾਣਾ ਵਾਪਰਨ ਵਾਲਾ ਹੈ। ਉਸ ਨੇ ਤੁਰੇ ਜਾਂਦੇ ਰਵੇਲ ਨੂੰ ਅਵਾਜ਼ ਮਾਰ ਕੇ ਬੁਲਾਇਆ। ਰਵੇਲ ਬੁੜ-ਬੁੜ ਕਰਦਾ ਵਾਪਸ ਆਇਆ ਕਿ ਪਤਾ ਨਹੀਂ ਹੁਣ ਬੁੱਢੇ ਬੁੱਢੜੀ ਨੇ ਕੀ ਖੇਖਣ ਕਰਨੇ ਹਨ। ਕਰਤਾਰ ਨੇ ਬਹੁਤ ਹੀ ਪਿਆਰ ਨਾਲ ਰਵੇਲ ਦੇ ਮੋਢੇ ‘ਤੇ ਹੱਥ ਧਰ ਕੇ ਕਿਹਾ, “ਪੁੱਤਰਾ, ਐਵੇਂ ਦਿਲ ‘ਤੇ ਨਾ ਲਾਈਂ ਕੋਈ ਗੱਲ। ਤੂੰ ਸਾਡੇ ਨਾਲ ਬਿਲਕੁਲ ਠੀਕ ਕੀਤਾ ਹੈ। ਅਸੀਂ ਇਸੇ ਦੇ ਹੱਕਦਾਰ ਹਾਂ। ਤੈਨੂੰ ਜੰਮਣ ਦੀ ਚਾਹ ਵਿੱਚ ਅਸੀਂ ਤਿੰਨ ਮਾਸੂਮ ਧੀਆਂ ਕੁੱਖ ਵਿੱਚ ਕਤਲ ਕਰਾਈਆਂ ਸਨ। ਕਾਨੂੰਨ ਨੂੰ ਤਾਂ ਧੋਖਾ ਦੇ ਦਿੱਤਾ, ਪਰ ਰੱਬ ਤਾਂ ਵੇਖਦਾ ਹੈ। ਸਾਨੂੰ ਉਸੇ ਪਾਪ ਦੀ ਸਜ਼ਾ ਮਿਲੀ ਹੈ। ਇਸ ਵਿੱਚ ਤੇਰਾ ਕੋਈ ਕਸੂਰ ਨਹੀਂ।” ਸੁਣ ਕੇ ਰਵੇਲ ਦੇ ਕਦਮ ਮਣ-ਮਣ ਪੱਕੇ ਦੇ ਹੋ ਗਏ। ਉਸ ਨੂੰ ਆਪਣਾ ਭਵਿੱਖ ਵੀ ਧੁੰਦਲਾ ਦਿਖਾਈ ਦੇਣ ਲੱਗਾ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin