Articles

ਵਿਦੇਸ਼ੀਂ ਵਸਦੇ ਗਦਰੀ ਯੋਧੇ ਜਿਨ੍ਹਾਂ ਭਾਰਤ ਦੀ ਅਜਾਦੀ ਲਈ ਆਪਾ ਵਾਰਿਆ !

ਲੇਖਕ: ਮਨਮੋਹਨ ਸਿੰਘ ਖੇਲਾ, ਸਿਡਨੀ

ਭਾਰਤ ਨੂੰ ਅਜਾਦ ਕਰਵਾਉਣ ਖਾਤਰ ਕੋਈ ਵੀ ਲਹਿਰ ਭਾਵੇਂ ਕਿ ਉਹ ਭਾਰਤ ਵਿੱਚੋਂ ਉੱਠੀ ਹੋਵੇ ਭਾਵੇਂ ਕਨੇਡਾ ਅਮਰੀਕਾ ਸਮੇਤ ਕਿਸੇ ਹੋਰ ਬਾਹਰਲੇ ਦੇਸ਼ ਵਿੱਚੋਂ ਉੱਠੀ ਹੋਵੇ ਸੱਭ ਤੋਂ ਵੱਧ ਹਿੱਸਾ ਅੰਦਾਜਨ ਸੌ ਵਿੱਚੋਂ ਅੱਸ਼ੀ-ਪੱਚਾਸੀ ਤੱਕ ਆਪਣੀਆਂ ਜਾਨਾਂ ਪੰਜਾਬ ਦੇ ਲੋਕਾਂ ਨੇ ਵਤਨ ਖਾਤਰ ਵਾਰ ਕੇ ਹਿੱਸਾ ਪਾਇਆ ਸੀ।ਇਸ ਤੋਂ ਇਲਾਵਾ ਭਾਵੇਂ ਸੰਸਾਰ ਦੀ ਦੂਜੀ ਜੰਗ ਵੇਲੇ ਦੀ ਗੱਲ ਹੋਵੇ ਜਾਂ ਭਾਰਤ ਛੱਡੋ ਅੰਦੋਲਨ ਦੀ ਹੋਵੇ ਜਾਂ ਫਿਰ 1857 ਦੇ ਗਦਰ ਵੇਲੇ ਦੀ ਗੱਲ ਹੋਵੇ ਜਾਂ ਭਾਵੇਂ ਨਾਮਿਲਰਤਣ ਲਹਿਰ ਹੋਵੇ ਇਨ੍ਹਾਂ ਸਾਰੀਆਂ ਲਹਿਰਾਂ ਵਿੱਚ ਇਸ ਦੇਸ਼ ਨੂੰ ਅਜਾਦ ਕਰਵਾਉਣ ਖਾਤਰ ਪੰਜਾਬੀਆਂ ‘ਤੇ ਬੰਗਾਲੀਆਂ ਤੋਂ ਇਲਾਵਾ ਭਾਰਤ ਦੇ ਹੋਰ ਖਿਤਿਆਂ ਦੇ ਲੋਕਾਂ ਨੇ ਵੀ ਆਪੋ-ਆਪਣੀ ਪਹੁੰਚ ਮੁਤਾਬਕ ਬਣਦਾ ਸਰਦਾ ਪੂਰਾ ਯੋਗਦਾਨ ਪਾਇਆ ਸੀ।
ਬੇਅੰਤ ਕੀਮਤੀ ਕੁਬਾਨੀਆਂ ਨਾਲ ਮਿਲੀ ਅਜਾਦੀ ਬਾਅਦ ਦੇਸ਼ ਦੀ ਸਤਾ ਦੀਆਂ ਕੁਰਸੀਆਂ ‘ਤੇ ਬੈਠਣ ਵਾਲੇ ਸਮੇਂ ਦੇ ਹਾਕਮਾਂ ਨੂੰ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀਆਂ ਯਾਦਗਾਰਾਂ ਬਨਾਉਣ ਵਾਰੇ ਵੀ ਕੁੱਝ ਸੋਚਣਾ ਚਾਹੀਦਾ ਸੀ।ਇਨ੍ਹਾਂ ਸਮੂਹ ਯੋਧਿਆ ਦੀਆਂ ਜੀਵਨੀਆਂ ਵਾਰੇ ਅਤੇ ਅਜਾਦੀ ਲਈ ਕੀਤੇ ਗਏ ਕੰਮਾਂ ਅਤੇ ਝੱਲੇ ਗਏ ਤਸੀਹਿਆਂ ਸਮੇਤ ਮਿਲੀਆਂ ਸਜਾਵਾਂ ਵਾਰੇ ਜਾਣਕਾਰੀ ਵਾਰੇ ਚਾਨਣਾ ਪਾਉਂਦੇ ਦਸਤਾਵੇਜ ਇੱਕਠੇ ਕਰਕੇ ਇਤਹਾਸਿਕ ਪੁਸਤਕਾਂ ਲਿਖਵਾ ਕੇ ਦੇਸ਼ ਦੀ ਕੌਮੀ ਲਾੲਬ੍ਰੇਰੀ ਵਿੱਚ ਰੱਖੀਆਂ ਜਾਣੀਆਂ ਚਾਹੀਦੀਆਂ ਹਨ।ਇਨ੍ਹਾਂ ਇਤਿਹਾਸਿਕ ਪੁਸਤਕਾਂ ਨੂੰ ਸਾਰੇ ਦੇਸ਼ ਦੇ ਪ੍ਰਾਤਾਂ ਦੇ ਸਿਖਿਆ ਵਿਭਾਗਾਂ ਦੁਆਰਾ ਸਕੂਲਾਂ ਕਾਲਜਾਂ ਦੇ ਸਿਲੇਬਸਾਂ ਵਿੱਚ ਲਾਗੂ ਕਰਨਾ ਚਾਹੀਦਾ ਹੈ।ਜਿਸ ਨੂੰ ਪੜ੍ਹ ਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਪੁਰਖਿਆਂ ਨੇ ਕਿਵੇਂ ਬਹਾਦਰੀ ਵਿਖਾਉਂਦਿਆਂ ਤਸੀਹੇ ਝੱਲ ਕੇ ਇਹ ਅਜਾਦੀ ਪ੍ਰਾਪਤ ਕੀਤੀ ਸੀ।ਇਸ ਤੋਂ ਇਲਾਵਾ ਦੇਸ਼ ਦੇ ਹਰ ਇੱਕ ਰਾਜ ਵਿੱਚ ਸਾਰੇ ਸ਼ਹੀਦਾਂ ਦੀਆਂ ਯਾਦਗਾਰਾਂ ਬਨਣੀਆਂ ਚਾਹੀਦੀਆਂ ਹਨ।ਜਿਨ੍ਹਾਂ ਤੋਂ ਦੇਸ਼ ਦੇ ਨਾਗਰਿਕਾਂ ਵਿੱਚ ਦੇਸ਼ ਪਿਆਰ ਦੀਆਂ ਭਾਵਨਾਵਾਂ ਪੈਦਾ ਹੁੰਦੀਆਂ ਰਹਿਣ।ਜਿਸ ਕਰਕੇ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਦੇਸ਼ ਵਾਸੀਆਂ ਵਲੋਂ ਸੱਚੀ ਸ਼ਰਧਾਂਜਲੀ ਵੀ ਹੋਵੇਗੀ ‘ਤੇ ਉਨ੍ਹਾਂ ਨੂੰ ਸਦਾ ਲਈ ਯਾਦ ਵੀ ਰੱਖਿਆ ਜਾ ਸਕੇਗਾ।
ਇਨ੍ਹਾਂ ਸ਼ਹੀਦਾਂ ਵਿੱਚ ਬਹੁਤ ਸਾਰੇ ਸ਼ਹੀਦੀਆਂ ਪਾਉਣ ਵਾਲੇ ਕਨੇਡਾ ਅਮਰੀਕਾ ਸਮੇਤ ਹੋਰ ਦੇਸ਼ਾਂ ਵਿੱਚ ਵਸਦੇ ਪੰਜਾਬੀ ਅਤੇ ਹੋਰ ਰਾਜਾਂ ਦੇ ਭਾਰਤੀ ਦੇਸ਼ ਦੀ ਅਜਾਦੀ ਦੀ ਲੜਾਈ ਵਿੱਚ ਸ਼ਹੀਦ ਹੋਏ ਸਨ।ਜਿਨ੍ਹਾਂ ਦੀਆਂ ਸ਼ਹੀਦੀਆਂ ਵਾਰੇ ਚਹੌਤਰ ਸਾਲ ਬੀਤ ਜਾਣ ਬਾਅਦ ਵੀ ਬਹੁਤ ਸਾਰੇ ਲੋਕਾਂ ਨੂੰ ਹਾਲੇ ਤੱਕ ਵੀ ਜਾਣਕਾਰੀ ਨਹੀਂ ਹੈ ਕਿ ਵਿਦੇਸ਼ਾਂ ਵਿੱਚ ਰੁਜਗਾਰ ਦੀ ਭਾਲ਼ ਵਿੱਚ ਗਏ ਲੋਕ ਵੀ ਅਜਾਦੀ ਲੈਣ ਖਾਤਰ ਜਜਬਾਤੀ ਹੋ ਕੇ ਭਾਰਤ ਨੂੰ ਅਜਾਦ ਕਰਵਾਉਣ ਖਾਤਰ ਸ਼ਹੀਦ ਹੋਏ।ਕਨੇਡਾ ਅਤੇ ਅਮਰੀਕਾ ਵਸਦੇ ਸ਼ਹੀਦਾਂ ਵਾਰੇ ਕਨੇਡਾ ਰਹਿ ਰਹੇ ਜਿਲ੍ਹਾ (ਨਵਾ ਸ਼ਹਿਰ) ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪੂਨੀਆਂ ਤੋਂ ਜੋ ਕਾਫੀ ਦੇਰ ਤੋਂ ਪੱਕੇ ਤੌਰ ‘ਤੇ ਕਨੇਡਾ ਪਰਵਾਸ ਕਰ ਚੁੱਕੇ ਸੋਹਨ ਸਿੰਘ ਪੂਨੀ ਜੀ ਨੇ ਸਾਰਿਆਂ ਦੀਆਂ ਸ਼ਹੀਦੀਆਂ ਅਤੇ ਜੀਵਨੀਆਂ ਦੀ ਜਾਣਕਾਰੀ ਲਿਖਣ ਵਾਰੇ ਬੀੜਾ ਚੁੱਕਿਆ ਹੈ।ਜਿਸ ਵਾਰੇ ਉਨ੍ਹਾਂ ਨੇ ਪਹਿਲੇ ਪੜਾਅ ਵਿੱਚ ਪਹਿਲਾ ਐਡੀਸ਼ਨ 2008 ਵਿੱਚ 41 ਯੋਧਿਆਂ ਦੀਆਂ ਜੀਵਨੀਆਂ ਵਾਰੇ ਖੋਜ ਕਰਕੇ “ਕਨੇਡਾ ਦੇ ਗਦਰੀ ਯੋਧੇ” ਨਾਮੀ ਮਾਣਮਤੇ ਅਜਾਦੀ ਦੇ ਯੋਧਿਆਂ ਵਾਰੇ ਕਿਤਾਬ ਲਿਖ ਕੇ ਭਾਰਤ ਸਮੇਤ ਦੁਨੀਆਂ ਦੇ ਇਤਿਹਾਸ ਦੀ ਝੋਲੀ ‘ਚ ਪਾਈ ਹੈ।ਉਨ੍ਹਾਂ ਨੇ ਬਾਕੀ ਹੋਰ ਕਨੇਡਾ ਅਮਰੀਕਾ ਸਮੇਤ ਦੂਜੇ ਦੇਸ਼ਾਂ ਵਿੱਚ ਰਹਿ ਗਏ ਭਾਰਤ ਦੀ ਅਜਾਦੀ ਦੇ ਮਹਾਨ ਯੋਧਿਆਂ ਵਾਰੇ ਅਗਲੇ ਪਰੋਜੈਕਟ ਵਿੱਚ ਲਿਖਣ ਦਾ ਵੀ ਵਾਇਦਾ ਇਸੇ ਪੁਸਤਕ ਦੀ ਭਮਿਕਾ ਵਿੱਚ ਕੀਤਾ ਹੈ।ਪੂਨੀ ਜੀ ਲਿਖਦੇ ਹਨ ਕਿ ਕਨੇਡਾ ਦੇ ਤਿੰਨ ਸੌ ਤੋਂ ਵੀ ਵੱਧ ਭਾਰਤੀਆਂ ਨੇ ਭਾਰਤ ਦੀ ਅਜਾਦੀ ਲਈ ਗਦਰ ਲਹਿਰ ਵਿੱਚ ਹਿੱਸਾ ਪਾਇਆ ਸੀ।ਉਹ ਲਿਖਦੇ ਹਨ ਕਿ 14 ਤੋਂ ਵੱਧ ਨੇ ਸ਼ਹੀਦੀ ਪਾਈ ਅਤੇ ਦਰਜਨਾਂ ਤੋਂ ਵੱਧ ਨੇ ਉਮਰ-ਕੈਦ ਜਾਂ ਇਸ ਤੋਂ ਘੱਟ ਸਜਾਵਾਂ ਕੱਟੀਆਂ ਅਤੇ ਸੈਕੜਿਆਂ ਨੂੰ ਘਰੋਂ ਬੇਘਰ ਹੋ ਕੇ ਰੂਪੋਸ਼ ਹੋ ਕੇ ਰਹਿਣਾ ਪਿਆ ਸੀ।ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਦੇ ਘਰ ਅਤੇ ਜਮੀਨਾਂ ਵੀ ਜਬਤ ਕਰ ਲਈਆਂ ਗਈਆਂ ਸਨ।ਇਸ ਪੁਸਤਕ ਵਿੱਚ ਲਿਖੇ 41 ਯੋਧਿਆਂ ਦੇ ਵੇਰਵੇ ਇਸ ਪ੍ਰਕਾਰ ਹਨ:-1) ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ, 2) ਸ਼ਹੀਦ ਭਾਈ ਬਦਨ ਸਿੰਘ, 3) ਬਾਬੂ ਤਾਰਕਨਾਥ ਦਾਸ, 4) ਸੇਠ ਹੁਸੈਨ ਰਹੀਮ, 5) ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ, 6) ਸ਼ਹੀਦ ਭਾਈ ਜਗਤ ਸਿੰਘ ਸੁਰਸਿੰਘ, 7) ਸ਼ਹੀਦ ਭਾਈ ਈਸ਼ਰ ਸਿੰਘ ਢੁੱਡੀਕੇ, 8) ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ, 9) ਸ਼ਹੀਦ ਬੱਬਰ ਕਰਮ ਸਿੰਘ ਦੌਲਤਪੁਰ, 10) ਸ਼ਹੀਦ ਭਾਈ ੳੱਤਮ ਸਿੰਘ ਹਾਂਸ, 11) ਬੱਬਰ ਆਸਾ ਸਿੰਘ ਭਕੜੁਦੀ ਜੋ ਕਹਿੰਦੇ ਸਨ:-
“ਹਿੰਦ ਦੇ ਬਹਾਦਰੋ ਨਹੀਂ ਵੇਲਾ ਸੌਣ ਦਾ, ਆ ਗਿਆ ਵੇਲਾ ਤੇਗ ਦੇ ਉਠਾਉਣ ਦਾ।”
“ਪਕੜੋ ਖੰਡਾ ਸ਼ੇਰੋ, ਆਖੇ ਬੱਬਰ ਪੁਕਾਰ।ਖੰਡਾ ਪਕੜੋ ਸਾਣ ‘ਤੇ ਲਾਓ,ਤੇਜ ਕਰੋ ਇਹਦੀ ਧਾਰ।
ਬਿਨ ਖੰਡਿਓਂ ਨਾ ਮਿਲੇ ਅਜਾਦੀ, ਆਖੇ ਬੱਬਰ ਵੰਗਾਰ ।”
12) ਸ਼ਹੀਦ ਬਾਬੂ ਹਰਨਾਮ ਸਿੰਘ ਸਾਹਰੀ, 13) ਭਾਈ ਹਰੀ ਸਿੰਘ ਚੋਟੀਆਂ, 14) ਬੱਬਰ ਹਰੀ ਸਿੰਘ ਸੂੰਢ, 15) ਭਾਈ ਹਰਦਿੱਤ ਸਿੰਘ ਡੱਲੇਵਾਲ, 16) ਭਾਈ ਹਰਦਿੱਤ ਸਿੰਘ ਲੰਮੇ, 17) ਭਾਈ ਹਰਦਿੱਤ ਸਿੰਘ ਕੋਟਫਤੂਹੀ, 18) ਭਾਈ ਕਰਤਾਰ ਸਿੰਘ ਨਵਾਂ ਚੰਦ, 19) ਸ਼ਹੀਦ ਬੱਬਰ ਕਰਮ ਸਿੰਘ ਝਿੰਗੜ,20) ਭਾਈ ਕਪੂਰ ਸਿੰਘ ਮੋਹੀ, 21) ਭਾਈ ਚੈਂਚਲ ਸਿੰਘ ਜੰਡਿਆਲਾ, 22) ਸ਼ਹੀਦ ਭਾਈ ਜਵੰਦ ਸਿੰਘ ਨੰਗਲ, 23) ਭਾਈ ਦਲੀਪ ਸਿੰਘ ਫਾਹਲਾ, 24) ਭਾਈ ਨੰਦ ਸਿੰਘ ਕੈਲਾ, 25) ਭਾਈ ਨਿਰਜੰਨ ਸਿੰਘ ਪੰਡੋਰੀ, 26) ਭਾਈ ਪਾਖਰ ਸਿੰਘ ਪਿੰਡ ਢੁੱਡੀਕੇ, 27) ਭਾਈ ਪਿਆਰਾ ਸਿੰਘ ਲੰਗੇਰੀ, 28) ਜਥੇਦਾਰ ਪ੍ਰਤਾਪ ਸਿੰਘ ਕੋਟ ਫਤੂਹੀ, 29) ਸ਼ਹੀਦ ਭਾਈ ਬੀਰ ਸਿੰਘ ਬਾਹੋਵਾਲ, 30) ਭਾਈ ਵਤਨ ਸਿੰਘ ਕਾਹਰੀ, 31) ਭਾਈ ਬਚਿੰਤ ਸਿੰਘ ਕਿੰਗ ਆਫ ਰੁੜਕਾ ਕਲਾਂ, 32) ਭਾਈ ਭਾਗ ਸਿੰਘ ਕਨੇਡੀਅਨ ਨੂਰ ਮਹਿਲ ਨੇੜੇ ਉੱਪਲ ਭੂਪਾ, 33) ਭਾਈ ਭਾਗਵਾਨ ਸਿੰਘ ਪ੍ਰੀਤਮ, 34) ਭਾਈ ਭਗਵਾਨ ਸਿੰਘ ਜਲੰਧਰ ਦੇ ਪਿੰਡ ਦੁਸ਼ਾਂਝ, 35) ਭਾਈ ਮਿੱਤ ਸਿੰਘ ਪੰਡੋਰੀ,36) ਭਾਈ ਮੁਣਸ਼ਾ ਸਿੰਘ ਦੁਖiੀ ਜੰਡਿਆਲਾਤ, 37) ਸ਼ਹੀਦ ਭਾਈ ਰਾਮ ਧੁਲੇਤਾ, 38) ਭਾਈ ਰਤਨ ਰਾਏਪੁਰ ਡੱਬਾ, 39) ਭਾਈ ਸ਼ੇਰ ਸਿੰਘ ਜਿਲ੍ਹਾ ਤਰਨ ਤਾਰਨ ਨੇੜੇ ਵੇਈਂ ਪੋਈਂ, 40) ਕਾਮਰੇਡ ਇਕਬਾਲ ਸਿੰਘ ਹੁੰਦਲ ਆਦਮਪੁਰ, 41) ਕਾਮਰੇਡ ਦਰਸ਼ਨ ਸਿੰਘ ਕਨੇਡੀਅਨ ਲੰਗੇਰੀ ਤੌ ਤਿੰਨ ਚਾਰ ਏਕੜ ਜਮੀਨ ਦੇ ਮਾਲਕ 13 ਅਪ੍ਰੈਲ 1937 ਨੂੰ ਵੈਨਕੂਵਰ ਪਹੁੰਚੇ।ਇਨ੍ਹਾਂ ਤੋਂ ਇਲਾਵਾ ਉਪਰੋਕਤ ਇਹ ਸਾਰੇ ਸ਼ਹੀਦ 1906-7-8 ਦੇ ਵਿੱਚਕਾਰ ਕਨੇਡਾ ਪਹੁੰਚੇ।ਜਿਨ੍ਹਾਂ ਦੇਸ਼ ਪਿਆਰ ਦੇ ਜਜਬੇ ਤਹਿਤ ਦੇਸ਼ ਨੂੰ ਅਜਾਦ ਕਰਵਾਉਣ ਖਾਤਰ ਗਦਰ ਲਹਿਰ ਦਾ ਹਿੱਸਾ ਬਣ ਸਾਰਿਆਂ ਨੇ ਤਸੀਹੇ ਝੱਲ਼ ਜੇਲ਼ਾਂ ਵੀ ਕੱਟੀਆਂ ਕਈਆਂ ਨੇ ਫਾਂਸੀਆਂ ਦੇ ਰੱਸੇ ਵੀ ਚੁੰਮੇ।
ਇਨ੍ਹਾਂ ਕਨੇਡਾ ਅਮਰੀਕਾ ਅਤੇ ਕਈ ਹੋਰ ਦੇਸ਼ਾਂ ਵਿੱਚ ਵਸਦੇ ਭਾਰਤੀਆਂ ਤੋਂ ਇਲਾਵਾ ਪਹਿਲੀ ਦੂਜੀ ਸੰਸਾਰ ਜੰਗ ਵੇਲੇ ਬਰ੍ਹਮਾ ਜਪਾਨ ਜਰਮਨੀ ਦੇ ਫਰੰਟ ਉੱਤੇ ਵੀ ਬਹੁਤ ਸਾਰੇ ਦੇਸ਼ ਭਗਤਾਂ ਨੇ ਦੇਸ਼ ਨੂੰ ਅਜਾਦ ਕਰਵਾਉਣ ਖਾਤਰ ਬਹੁਤ ਤਸੀਹੇ ਝੱਲੇ ਅਤੇ ਫਾਂਸੀਆਂ ਦੇ ਰੱਸੇ ਚੁੰਮ ਹੱਸਦਿਆਂ ਨੇ ਸ਼ਹੀਦੀਆਂ ਦੇ ਜਾਮ ਪੀਤੇ।ਜਿਨ੍ਹਾਂ ਦੀਆਂ ਕੁਰਬਾਨੀਆਂ ਵਾਰੇ ਇਤਿਹਾਸ ਦੀ ਕਿਸੇ ਵੀ ਕਿਤਾਬ ਵਿੱਚ ਹਾਲੇ ਤੱਕ ਕੋਈ ਵੀ ਵੇਰਵਾ ਨਹੀਂ ਮਿਲਿਆ।ਆਪਣੇ ਦੇਸ਼ ਅਤੇ ਵਿਦੇਸ਼ਾਂ ਵਿੱਚ ਬੇਠੇ ਸੂਝਵਾਨ ਲਿਖਾਰੀਆਂ ਅਤੇ ਬੁੱਧੀਜੀਵੀਆਂ ਨੂੰ ਬਹੁਤ ਹੀ ਸਤਿਕਾਰ ਸਾਹਿਤ ਬੇਨਤੀ ਹੈ ਕਿ ਵਿਦੇਸ਼ਾਂ ਦੀਆਂ ਸਰਕਾਰਾਂ ਦੇ ਸਾਰੇ ਸਰਕਾਰੀ ਸਰੋਤਾਂ ਤੋਂ ਉਸ ਸਮੇਂ ਦੇ ਦਸਤਾਵੇਜਾਂ ਵਿੱਚੋਂ ਜਾਣਕਾਰੀਆਂ ਪ੍ਰਾਪਤ ਕਰ ਕੇ ਭਾਰਤ ਦੀ ਅਜਾਦੀ ਖਾਤਰ ਮਰ ਮਿਟਣ ਵਾਲੀਆਂ ਹਸਤੀਆਂ ਨੂੰ ਲੱਭਿਆ ਜਾਵੇ।ਜਿਹੜੇ ਕਿ ਦੇਸ਼ ਪਿਆਰ ਦੇ ਜਜਬੇ ਖਾਤਰ ਸ਼ਹੀਦ ਹੋਏ ਸਨ।ਇਨ੍ਹਾਂ ਸਾਰੇ ਸ਼ਹੀਦਾਂ ਦੇ ਵੇਰਵੇ ਲੈ ਕੇ ਇਤਿਹਾਸਿਕ ਪੁਸਤਕ ਛਾਪੀ ਜਾਵੇ।ਜਿਸ ਨੂੰ ਪੜ੍ਹ ਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲਗ ਸਕੇ ਕਿ ਦੇਸ਼ ਪਿਆਰ ਕੀ ਚੀਜ ਹੁੰਦੀ ਹੈ।ਇਨ੍ਹਾਂ ਸ਼ਹੀਦਾਂ ਦੀਆਂ ਜੀਵਨੀਆਂ ਵਾਰੇ ਜਾਨਣ ਲਈ ਰਾਜਾਂ ਦੀਆਂ ਸਰਕਾਰਾਂ ਸਿਖਿਆ ਵਿਭਾਗ ਦੇ ਸਿਲੇਬਸ ਵਿੱਚ ਲਾਗੁ ਕਰਨ।ਇਸ ਤੋਂ ਇਲਾਵਾ ਹਰ ਸਟੇਟ ਵਿੱਚ ਇਨ੍ਹਾਂ ਸ਼ਹੀਦਾਂ ਦੀਆਂ ਸ਼ਹੀਦੀਆਂ ਵਾਰੇ ਸਿਖਿਆਦਾਇਕ ਸਮਾਰਕਾਂ ਵੀ ਬਣਾਈਆਂ ਜਾਣ।ਜਿਸ ਸਦਕੈ ਸਾਡੀਆਂ ਆਉਣ ਵਾਲੀਆਂ ਨਸਲਾਂ ਅੰਦਰ ਦੇਸ਼ ਪਿਆਰ ਦੀਆਂ ਭਾਵਨਾਵਾਂ ਪੈਦਾ ਹੋ ਕੇ ਸਦਾ ਹੀ ਜਾਗਦੀਆਂ ਰਹਿਣ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin