Articles

ਕੀ ਜੂਨੀਅਰ ਮੁਲਾਜ਼ਮਾਂ ਨੂੰ ਸਮਝ ਘੱਟ ਹੁੰਦੀ ਹੈ?

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਸਰਕਾਰੀ ਮਹਿਕਮਿਆਂ ਵਿੱਚ ਇਹ ਗੱਲ ਆਮ ਹੀ ਵੇਖਣ ਨੂੰ ਮਿਲਦੀ ਹੈ ਕਿ ਜੂਨੀਅਰ ਮੁਲਾਜ਼ਮ ਦੀ ਰਾਏ ਜਾਂ ਸਲਾਹ ਨੂੰ ਕੋਈ ਬਹੁਤੀ ਮਹੱਤਤਾ ਨਹੀਂ ਦਿੱਤੀ ਜਾਂਦੀ। ਇਹ ਰਵਾਇਤ ਹੀ ਬਣੀ ਹੋਈ ਹੈ ਕਿ ਸੀਨੀਅਰ ਅਫਸਰ ਜਿਆਦਾ ਸਿਆਣਾ ਹੁੰਦਾ ਹੈ। ਪਰ ਜੂਨੀਅਰ ਮੁਲਾਜ਼ਮ ਕਿਉਂਕਿ ਧਰਾਤਲ ‘ਤੇ ਕੰਮ ਕਰਦੇ ਹਨ, ਇਸ ਲਈ ਉਨ੍ਹਾਂ ਦਾ ਤਜ਼ਰਬਾ ਸੀਨੀਅਰ ਅਧਿਕਾਰੀਆਂ ਨਾਲੋਂ ਬਹੁਤ ਜਿਆਦਾ ਹੁੰਦਾ ਹੈ। ਉਹ ਸਾਰਾ ਦਿਨ ਆਮ ਜਨਤਾ ਵਿੱਚ ਵਿਚਰਦੇ ਹਨ, ਇਸ ਲਈ ਉਨ੍ਹਾਂ ਨੂੰ ਮਹਿਕਮੇ ਅਤੇ ਆਮ ਜਨਤਾ ਦੀਆਂ ਮੁਸ਼ਕਿਲਾਂ ਬਾਰੇ ਸੀਨੀਅਰ ਅਫਸਰਾਂ ਨਾਲੋਂ ਜਿਆਦਾ ਗਿਆਨ ਹੁੰਦਾ ਹੈ।
ਅੱਜ ਕਲ੍ਹ ਪੰਜਾਬ ਪੁਲਿਸ ਵਿੱਚ ਹੋ ਰਹੀ ਭਰਤੀ ਵਿੱਚ ਜਿਆਦਾਤਰ ਬੀ.ਏ., ਐਮ.ਏ. ਜਾਂ ਉਸ ਤੋਂ ਵੀ ਵੱਧ ਪੜ੍ਹੇ ਲਿਖੇ ਮੁਲਾਜ਼ਮ ਭਰਤੀ ਹੋ ਰਹੇ ਹਨ। ਉਹ ਵਧੀਆ ਇੰਗਲਿਸ਼ ਬੋਲਦੇ ਹਨ ਤੇ ਆਮ ਗਿਆਨ ਵੀ ਵੱਧ ਹੈ। ਮੈਂ ਵੇਖਿਆ ਹੈ ਕਿ ਜੇ ਅਜਿਹਾ ਮੁਲਾਜ਼ਮ ਮੇਰੇ ਵਰਗੇ ਕਿਸੇ ਅਫਸਰ, ਜਿਸ ਦਾ ਅੰਗਰੇਜ਼ੀ ਵੱਲੋਂ ਹੱਥ ਤੰਗ ਹੋਵੇ, ਦੇ ਸਾਹਮਣੇ ਇੰਗਲਿਸ਼ ਬੋਲਣ ਦੀ ਕੋਸ਼ਿਸ਼ ਕਰੇ ਤਾਂ ਵੱਢ ਖਾਣ ਵਾਲੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ। ਪਰ ਹੁਣ ਮੁਸ਼ਕਿਲ ਇਹ ਆ ਰਹੀ ਹੈ ਕਿ ਪੁਲਿਸ ਦਾ ਸਾਰਾ ਕੰਮ ਡਿਜ਼ੀਜ਼ਲ ਹੋ ਗਿਆ ਹੈ। ਮੇਰੇ ਵਰਗੇ ਪੁਰਾਣੇ ਅਫਸਰ ਭਾਵੇਂ ਲੋੜ ਮੁਤਾਬਕ ਲੈਪਟਾਪ ਜਾਂ ਮੋਬਾਇਲ ਦੀ ਵਰਤੋਂ ਕਰ ਲੈਂਦੇ ਹਨ, ਪਰ ਜਦੋਂ ਇਨ੍ਹਾਂ ਯੰਤਰਾਂ ਵਿੱਚ ਕੋਈ ਟੈਕਨੀਕਲ ਮੁਸ਼ਕਿਲ ਆਉਂਦੀ ਹੈ ਤਾਂ ਨਵੇਂ ਸਿਪਾਹੀਆਂ ਦੀ ਹੀ ਜਰੂਰਤ ਪੈਂਦੀ ਹੈ। ਮੈਨੂੰ ਖੁਦ ਨੂੰ ਲੈਪਟਾਪ ਤੇ ਮੋਬਾਇਲ ਦੇ ਸਾਫਟਵੇਅਰ ਬਾਰੇ ਬਹੁਤਾ ਪਤਾ ਨਹੀਂ ਹੈ। ਜਦੋਂ ਪੰਜਾਬੀ ਦਾ ਕੋਈ ਫੌਂਟ ਡਾਊਨਲੋਡ ਕਰਨਾ ਹੋਵੇ ਜਾਂ ਸਾਫਟਵੇਅਰ ਕਰੈਸ਼ ਹੋ ਜਾਵੇ ਤਾਂ ਫੌਰਨ ਕੰਪਿਊਟਰ ਉਪਰੇਟਰ ਦੀ ਮਦਦ ਲੈਣੀ ਪੈਂਦੀ ਹੈ।
ਅੱਤਵਾਦ ਦੇ ਦਿਨਾਂ ਵਿੱਚ ਵੀ ਕਈ ਵਾਰ ਤਜ਼ਰਬੇਦਾਰ ਸਿਪਾਹੀ ਅਫਸਰਾਂ ਨੂੰ ਅਜਿਹੀ ਨੇਕ ਸਲਾਹ ਦੇਂਦੇ ਸਨ, ਜਿਸ ਨਾਲ ਪੁਲਿਸ ਦਾ ਨੁਕਸਾਨ ਹੋਣ ਤੋਂ ਬਚ ਜਾਂਦਾ ਸੀ ਤੇ ਭਾਰੀ ਸਫਲਤਾ ਵੀ ਪ੍ਰਾਪਤ ਹੁੰਦੀ ਸੀ। ਕਿਉਂਕਿ ਆਮ ਜਨਤਾ ਅਫਸਰਾਂ ਨਾਲ ਗੱਲ ਕਰਨ ਤੋਂ ਝਿਜਕਦੀ ਹੈ ਤੇ ਜੂਨੀਅਰ ਮੁਲਾਜ਼ਮਾਂ ਨਾਲ ਦਿਲ ਦੀ ਗੱਲ ਖੁਲ੍ਹ ਕੇ ਕਰ ਲੈਂਦੀ ਹੈ, ਇਸ ਲਈ ਹੇਠਲੇ ਮੁਲਾਜ਼ਮ ਹੀ ਅਫਸਰਾਂ ਨੂੰ ਇਲਾਕੇ ਬਾਰੇ ਗੁਪਤ ਸੂਚਨਾਵਾਂ ਇਕੱਠੀਆਂ ਕਰ ਕੇ ਦੇਂਦੇ ਹਨ। ਅੱਤਵਾਦ ਦੇ ਦਿਨਾਂ ਵਿੱਚ ਵੀ ਬਹੁਤੀਆਂ ਸਫਲਤਾਵਾਂ ਛੋਟੇ ਮੁਲਾਜ਼ਮਾਂ ਦੀਆਂ ਸੂਚਨਾਵਾਂ ਕਾਰਨ ਹੀ ਪ੍ਰਾਪਤ ਹੋਈਆਂ ਸਨ। ਇਸ ਤੋਂ ਇਲਾਵਾ ਮਿਸਲਾਂ (ਮੁਕੱਦਮੇ ਦੀ ਫਾਈਲ) ਤਿਆਰ ਕਰਨ ਵਿੱਚ ਜੋ ਮੁਹਾਰਤ ਛੋਟੇ ਮੁਲਾਜ਼ਮਾਂ ਨੂੰ ਹਾਸਲ ਹੈ, ਉਹ ਸੀਨੀਅਰ ਅਫਸਰਾਂ ਨੂੰ ਨਹੀਂ ਹੈ। ਮੈਨੂੰ ਯਾਦ ਹੈ ਕਿ 1993-94 ਵਿੱਚ ਸੰਗਰੂਰ ਜਿਲ੍ਹੇ ਵਿੱਚ ਬੋਘਾ ਸਿੰਘ ਨਾਮ ਦਾ ਇੱਕ ਹਵਾਲਦਾਰ ਅਤੇ ਤਾਲੇ ਰਾਮ ਨਾਮ ਦਾ ਇੱਕ ਥਾਣੇਦਾਰ ਹੁੰਦਾ ਸੀ, ਜਿਨ੍ਹਾਂ ਦੀ ਮਿਸਲਾਂ ਤਿਆਰ ਕਰਨ ਦੀ ਕਾਬਲੀਅਤ ਕਾਰਨ ਬਹੁਤੇ ਐਸ.ਐਚ.ਉ. ਉਨ੍ਹਾਂ ਨੂੰ ਆਪਣੇ ਥਾਣੇ ਵਿੱਚ ਲਗਵਾਉਣ ਲਈ ਐਸ.ਪੀ. ਹੈੱਡਕਵਾਟਰ ਦੇ ਤਰਲੇ ਕੱਢਦੇ ਹੁੰਦੇ ਸਨ।
ਪਰ ਸਰਕਾਰੀ ਮਹਿਕਮਿਆਂ ਵਿੱਚ ਇਹ ਪੱਕੀ ਧਾਰਨਾ ਬਣ ਚੁੱਕੀ ਹੈ ਕਿ ਜੂਨੀਅਰ ਮੁਲਾਜ਼ਮਾਂ ਨੂੰ ਬੋਲਣ ਚਾਲਣ, ਬਹਿਣ ਖਲੋਣ ਅਤੇ ਖਾਣ ਪੀਣ ਦੀ ਬਹੁਤੀ ਅਕਲ ਨਹੀਂ ਹੁੰਦੀ। ਮੈਂ 1990 ਵਿੱਚ ਪੁਲਿਸ ਮਹਿਕਮੇ ਵਿੱਚ ਬਤੌਰ ਏ.ਐਸ.ਆਈ. ਜਿਲ੍ਹਾ ਫਰੀਦਕੋਟ ਵਿਖੇ ਭਰਤੀ ਹੋਇਆ ਸੀ ਤੇ 1991 ਵਿੱਚ ਦੁਬਾਰਾ ਭਰਤੀ ਹੋ ਕੇ ਇੰਸਪੈਕਟਰ ਬਣ ਕੇ ਸੰਗਰੂਰ ਚਲਾ ਗਿਆ ਸੀ। ਮੇਰੀ ਏ.ਐਸ.ਆਈ. ਮੁਖਤਿਆਰ ਸਿੰਘ (ਹੁਣ ਸਵਰਗਵਾਸੀ) ਨਾਲ ਬਹੁਤ ਗੂੜ੍ਹੀ ਯਾਰੀ ਸੀ। ਮੈਂ ਤੇ ਮੁਖਤਿਆਰ ਕੋਈ ਰਿਹਾਇਸ਼ ਨਾ ਮਿਲਣ ਕਾਰਨ ਮੁਖਤਿਆਰ ਦੇ ਪਿੰਡ ਦੇ ਰਹਿਣ ਵਾਲੇ ਗੁਰਜਿੰਦਰ ਸਿੰਘ ਟੀਟਾ, ਜੋ ਉਸ ਵੇਲੇ ਫਰੀਦਕੋਟ ਜੀ.ਆਰ.ਪੀ. ਵਿੱਚ ਬਤੌਰ ਸਿਪਾਹੀ ਤਾਇਨਾਤ ਸੀ, ਦੇ ਕਵਾਟਰ ਵਿੱਚ ਰਹਿੰਦੇ ਹੁੰਦੇ ਸੀ। ਫਰੀਦਕੋਟ ਵਿੱਚ ਹੀ ਮੁਖਤਿਆਰ ਦੀ ਇੱਕ ਮਾਸੀ ਰਹਿੰਦੀ ਸੀ, ਜਿਸ ਦਾ ਪਤੀ ਵੀ ਪੁਲਿਸ ਵਿੱਚ ਹਵਾਲਦਾਰ ਸੀ। ਕਿਉਂਕਿ ਅਸੀਂ ਟਰੇਨਿੰਗ ਕਰਨ ਤੋਂ ਬਾਅਦ ਵਿਹਲੇ ਹੀ ਸੀ, ਇਸ ਲਈ ਕਈ ਵਾਰ ਚਾਹ ਪਾਣੀ ਪੀਣ ਲਈ ਮਾਸੀ ਦੇ ਘਰ ਚਲੇ ਜਾਂਦੇ ਸੀ। ਇੱਕ ਦਿਨ ਸਰਦੀਆਂ ਦੇ ਦਿਨਾਂ ਵਿੱਚ ਸ਼ਾਮ ਨੂੰ ਮੁਖਤਿਆਰ ਤੇ ਮੈਂ ਮਾਸੀ ਦੇ ਘਰ ਚਲੇ ਗਏ। ਟੀਟੇ ਨੂੰ ਸ਼ਾਇਦ ਕੋਈ ਕੰਮ ਸੀ, ਇਸ ਲਈ ਅਸੀਂ ਉਸ ਨੂੰ ਦੱਸ ਗਏ ਕਿ ਵਿਹਲਾ ਹੋ ਕੇ ਉਧਰ ਹੀ ਆ ਜਾਵੀਂ। ਜਦੋਂ ਅਸੀਂ ਉਨ੍ਹਾਂ ਦੇ ਘਰ ਪਹੁੰਚੇ ਤਾਂ ਉਨ੍ਹਾਂ ਨੇ ਸਾਡੇ ਅੱਗੇ ਚਾਹ ਦੇ ਨਾਲ ਬਿਸਕੁਟ ਅਤੇ ਗੁਲਾਬ ਜਾਮਨ ਪਲੇਟ ਭਰ ਕੇ ਪਰੋਸ ਦਿੱਤੇ। ਸਾਨੂੰ ਭੁੱਖ ਬਹੁਤ ਲੱਗੀ ਸੀ, ਪਰ ਅਸੀਂ ਸਿਰਫ ਦੋ ਦੋ ਬਿਸਕੁਟ ਤੇ ਇੱਕ ਇੱਕ ਗੁਲਾਬ ਜਾਮਨ ਖਾਧਾ ਤਾਂ ਕਿ ਉਹ ਇਹ ਨਾ ਸਮਝਣ ਕਿ ਪੁਲਿਸ ਵਾਲੇ ਭੁੱਖੜ ਹੁੰਦੇ ਹਨ।
ਅਜੇ ਅਸੀਂ ਚਾਹ ਪੀ ਹੀ ਰਹੇ ਸੀ ਕਿ ਟੀਟਾ ਵੀ ਪਹੁੰਚ ਗਿਆ ਤੇ ਮਾਸੀ ਉਸ ਲਈ ਵੀ ਚਾਹ ਲੈ ਆਈ। ਟੀਟੇ ਦੀ ਮਾੜੀ ਕਿਸਮਤ ਨੂੰ ਉਸੇ ਵੇਲੇ ਲਾਈਟ ਬੰਦ ਹੋ ਗਈ। ਮੁਖਤਿਆਰ ਨੇ ਮੈਨੂੰ ਅਰਕ ਮਾਰੀ ਤੇ ਅਸੀਂ ਹਨੇਰੇ ਦਾ ਲਾਭ ਉਠਾ ਕੇ ਫਟਾਫਟ ਸਾਰੀ ਪਲੇਟ ਸਾਫ ਕਰ ਦਿੱਤੀ ਤੇ ਟੀਟੇ ਦੇ ਹਿੱਸੇ ਸਿਰਫ ਇੱਕ ਬਿਸਕੁਟ ਹੀ ਆਇਆ। ਜਦੋਂ ਲਾਈਟ ਆਈ ਤਾਂ ਖਾਲੀ ਪਲੇਟ ਵੇਖ ਕੇ ਮਾਸੀ ਮੂੰਹ ਜਿਹਾ ਬਣਾ ਕੇ ਬੋਲੀ, “ਆਹ ਫਰਕ ਹੁੰਦਾ ਏ ਸਿਪਾਹੀਆਂ ਤੇ ਅਫਸਰਾਂ ਦਾ। ਇਨ੍ਹਾਂ ਨੇ ਕਿਸੇ ਚੀਜ ਨੂੰ ਮੂੰਹ ਨਹੀਂ ਲਾਇਆ ਤੇ ਸਿਪਾਹੀ ਨੇ ਆਉਂਦਿਆਂ ਈ ਸਾਰੀ ਪਲੇਟ ਸਾਫ ਕਰ ਦਿੱਤੀ।” ਟੀਟਾ ਬਥੇਰਾ ਪਿੱਟਿਆ ਕਿ ਮੇਰੇ ਤਾਂ ਪੱਲੇ ਈ ਕੁਝ ਨਹੀਂ ਪਿਆ, ਸਾਰਾ ਕੁਝ ਇਹ ਹੀ ਰਗੜ ਗਏ ਹਨ। ਪਰ ਮਾਸੀ ਨੇ ਉਸ ਦੀ ਇੱਕ ਨਾ ਸੁਣੀ। ਟੀਟੇ ਨੇ ਸਾਨੂੰ ਵੀ ਬਹੁਤ ਜੋਰ ਲਗਾਇਆ ਕਿ ਸੱਚਾਈ ਦੱਸੀ ਜਾਵੇ, ਪਰ ਅਸੀਂ ਚੁੱਪ ਰਹਿਣ ਵਿੱਚ ਹੀ ਭਲਾਈ ਸਮਝੀ। ਮੈਂ ਤੇ ਟੀਟਾ ਹੁਣ ਵੀ ਇਸ ਗੱਲ ਨੂੰ ਯਾਦ ਕਰ ਕੇ ਬਹੁਤ ਹੱਸਦੇ ਹੁੰਦੇ ਹਾਂ ਕਿ ਕਿਵੇਂ ਅਫਸਰਾਂ ਵੱਲੋਂ ਵਿਖਾਇਆ ਗਿਆ ਭੁੱਖੜਪੁਣਾ ਵਿਚਾਰੇ ਸਿਪਾਹੀ ਦੇ ਸਿਰ ‘ਤੇ ਥੋਪ ਦਿੱਤਾ ਗਿਆ ਕਿ ਇਹ ਤਾਂ ਹੁੰਦੇ ਹੀ ਇਸ ਤਰਾਂ ਦੇ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin