Articles Culture

ਬਾਲਾ ਚੰਦਾ ਅਰਘ ਦੇਈਂ, ਅਰਘ ਦੇਈਂ ਘਰਵਾਰ – ਹੱਥੀਂ ਮਹਿੰਦੀ ਰੰਗਲੀ ਬਾਹੀਂ ਚੂੜਾ ਲਾਲ

ਲੇਖਕ: ਪ੍ਰਿੰਸੀਪਲ ਪ੍ਰੇਮਲਤਾ, ਸਰਦਾਰ ਪਟੇਲ ਗਰੀਨ ਵੁੱਡ ਪਬਲਿਕ ਸੀ.ਸੈਕੰ.ਸਕੂਲ ਧੂਰੀ

ਭਾਰਤੀ ਸੰਸਕ੍ਰਿਤੀ ਦੀਆਂ ਜੜਾਂ ਐਨੀਆਂ ਡੂੰਘੀਆਂ ਹਨ ਕਿ ਇਹ ਆਦਿਮਾਨਵ ਸਮਾਜ ਤੱਕ ਜਾਂਦੀਆਂ ਹਨ। ਆਦਿ ਮਾਨਵ ਸਮਾਜ ਦੇ ਬਹੁਤ ਸਾਰੇ ਗੁਣਾਂ ਨੂੰ ਸਿੰਧ ਘਾਟੀ ਸੱਭਿਅਤਾ ਨੇ ਅਪਣਾਅ ਲਿਆ ਅਤੇ ਫੇਰ ਸਿੰਧ ਘਾਟੀ ਸੱਭਿਅਤਾ ਦੇ ਗੁਣਾਂ ਨੂੰ ਵੈਦਿਕ ਸੱਭਿਅਤਾ ਨੇ ਅਪਣਾਅ ਲਿਆ। ਵੈਦਿਕ ਸੱਭਿਅਤਾ ਨੇ ਭਾਰਤੀ ਸਮਾਜ ਦੀ, ਜੀਵਨ ਦੇ ਹਰ ਪੱਖ ਤੋਂ ਸੁਚੱਜੀ ਅਤੇ ਵਿਗਿਆਨਿਕ ਅਗਵਾਈ ਕੀਤੀ ਹੈ। ਇਸੇ ਸੁਚੱਜੀ ਅਗਵਾਈ ਕਾਰਨ ਭਾਰਤੀ ਖਿੱਤੇ ਵਿੱਚ ਨਰੋਏ ਸੱਭਿਆਚਾਰ ਹੋਂਦ ਵਿੱਚ ਆਏ, ਜੋ ਪੂਰੀ ਤਰਾਂ ਪ੍ਰਕਿਰਤੀ ਅਤੇ ਉਸਦੇ ਤੱਤਾਂ ਦੀ ਪੂਜਾ ਪਦਤੀ ਨਾਲ਼ ਜੁੜੇ ਹੋਏ ਹਨ।

ਭਾਰਤ ਦੀ ਧਰਤੀ ਉੱਪਰ ਮਨਾਏ ਜਾਂਦੇ ਤਿਉਹਾਰ ਭਾਰਤ ਦੇ ਵੱਖ-ਵੱਖ ਸੱਭਿਆਚਾਰਾਂ ਦੀ ਪਹਿਚਾਣ ਹਨ। ਭਾਰਤੀ ਤਿਉਹਾਰ ਜਾਂ ਤਾਂ ਰੁੱਤਾਂ ਨਾਲ਼, ਗੁਰੂਆਂ ਅਤੇ ਮਹਾਂ ਪੁਰਸ਼ਾਂ ਨਾਲ਼ ਜਾਂ ਫਿਰ ਮਾਨਵੀ ਰਿਸ਼ਤਿਆਂ ਨਾਲ਼ ਸੰਬੰਧਤ ਹਨ। ਸਾਰੇ ਹੀ ਭਾਰਤੀ ਤਿਉਹਾਰਾਂ, ਵਿੱਚ ਪਦਾਰਥ ਨੂੰ ਹੀ ਉੱਚਾ-ਸੁੱਚਾ ਮੰਨਿਆ ਗਿਆ ਹੈ। ਸਾਰੇ ਹੀ ਭਾਰਤੀ ਤਿਉਹਾਰ ਚੰਦਰਮੁਖੀ ਕੈਲੰਡਰ ਮੁਤਾਬਿਕ ਮਨਾਏ ਜਾਂਦੇ ਹਨ, ਕਿਉਂਕਿ ਹਰੇਕ ਤਿਉਹਾਰ ਚੰਦਰਮਾ ਦੀ ਸਥਿਤੀ ਅਤੇ ਦੇਸੀ ਮਹੀਨਿਆਂ ਨਾਲ਼ ਜੁੜਿਆ ਹੋਇਆ ਹੈ। ਸਾਰੇ ਹੀ ਤਿਉਹਾਰ ਮਨੁੱਖਾਂ ਵਿੱਚ ਸਾਂਝ ਪੈਦਾ ਕਰਦੇ ਹਨ ਅਤੇ ਮਨੁੱਖ ਨੂੰ ਉਸਦੀ ਜੜ ਸੰਸਕ੍ਰਿਤੀ ਨਾਲ਼ ਜੋੜਦੇ ਹਨ।

ਕਰਵਾ ਚੌਥ ਜਿਸਨੂੰ ਆਮ ਪੰਜਾਬੀ ਬੋਲੀ ਵਿੱਚ ਕਰੂਆ ਚੌਥ ਵੀ ਕਹਿੰਦੇ ਹਨ। ਕਰਵਾ ਚੌਥ ‘ਦੋ’ ਸ਼ਬਦ ਜੋੜ ਤੋਂ ਬਣਿਆ ਹੈ, ਜਿਸ ਵਿੱਚ ਕਰੂਏ ਦਾ ਅਰਥ ਮਿੱਟੀ ਦਾ ਕੁੱਜਾ ਅਤੇ ਚੌਥ ਤੋਂ ਭਾਵ ਕੱਤੇ ਦੇ ਕ੍ਰਿਸ਼ਨ ਪੱਖ ਦਾ ਚੌਥਾ ਦਿਨ। ਕਰਵਾ ਚੌਥ, ਸਮੁੱਚੇ ਉੱਤਰੀ ਭਾਰਤ, ਮੱਧ ਭਾਰਤ, ਪੱਛਮੀ ਭਾਰਤ ਅਤੇ ਉੱਤਰੀ ਦੱਖਣੀ ਭਾਰਤ ਵਿੱਚ ਔਰਤਾਂ ਦੇ ਜਸ਼ਨ ਦਾ ਮੁੱਖ ਤਿਉਹਾਰ ਹੈ। ਇਸ ਤਿਉਹਾਰ ਦੀ ਭਾਵਨਾਂ ਵਿੱਚ ਪੂਰੀ ਭਾਰਤੀ ਸੰਸਕ੍ਰਿਤੀ ਦੀ ਆਤਮਾ ਛੁਪੀ ਹੋਈ ਹੈ। ਭਾਰਤੀ ਵੈਦਿਕ ਸੰਸਕ੍ਰਿਤੀ ਮੁਤਾਬਿਕ ਮਰਦ ਅਤੇ ਔਰਤ ਦਾ ਪਤੀ-ਪਤਨੀ ਦੇ ਰੂਪ ਵਿੱਚ ਮਿਲਨ ਸਭ ਤੋਂ ਪਵਿੱਤਰ ਬੰਧਨ ਹੈ। ਇਹੋ ਸ਼੍ਰਿਸ਼ਟੀ ਦਾ ਅਧਾਰ ਹੈ। ਕਾਮਵਾਸਨਾ ਜੋ ਹਰੇਕ ਜੀਵ ਦਾ ਅਨਿੱਖੜਵਾਂ ਅੰਗ ਹੈ, ਪਤੀ-ਪਤਨੀ ਦੇ ਰੂਪ ਵਿੱਚ ਉਸਨੂੰ ਨੈਤਿਕ ਵੱਧ ਕੀਤਾ ਗਿਆ ਹੈ। ਇੱਥੋਂ ਹੀ ਪਰਿਵਾਰ ਅਤੇ ਸਮਾਜ ਦੀ ਉਸਾਰੀ ਹੋਈ ਹੈ।

ਕਰਵਾ ਚੌਥ ਤਿਉਹਾਰ ਦੀਆਂ ਰਸਮਾਂ :- ਇਹ ਤਿਉਹਾਰ ਮੁੱਖ ਰੂਪ ਵਿੱਚ ਵਿਹਾਦੰੜਾਂ ਨਾਲ਼ ਜੁੜਿਆ ਹੋਇਆ ਹੈ। ਇਸ ਤਿਉਹਾਰ ਦੀ ਮੰਨਤ ਵਿੱਚ ਉਮਰ ਦੀ ਕੋਈ ਸੀਮਾ ਨਹੀਂ ਹੈ। ਇਹ ਤਿਉਹਾਰ ਕੱਤੇ ਦੇ ਕ੍ਰਿਸ਼ਨ ਪੱਖ ਦੀ ਚੌਥ ਨੂੰ ਮਨਾਇਆ ਜਾਂਦਾ ਹੈ। ਨਵੀਂ ਵਿਹਾਂਦੜ ਆਪਣਾ ਪਹਿਲਾਂ ਕਰੂਆ ਪੇਕੇ ਘਰ ਮਣਾਉਂਦੀ ਹੈ ਅਤੇ ਉਸਦਾ ਪਤੀ ਸਰਘੀ ਲੈ ਕੇ ਆਉਂਦਾ ਹੈ। ਸਰਘੀ ਵਿੱਚ ਸੁਹਾਗ ਪਟਾਰੀ ਦਾ ਸਮਾਨ, ਮਿਠਾਈ, ਫੇਮੀਆਂ, ਫਲ, ਨਾਰੀਅਲ, ਸੂਟ ਅਤੇ ਗਹਿਣੇ ਆਦਿ ਹੁੰਦੇ ਹਨ।

ਮਹਿੰਦੀ :- ਮਹਿੰਦੀ ਕਰਵਾ ਚੌਥ ਤਿਉਹਾਰ ਦਾ ਪਹਿਲਾ ਪੜਾਅ ਹੈ। ਕਰਵਾ ਚੌਥ ਤੋਂ ਇੱਕ ਦਿਨ ਪਹਿਲਾਂ ਵਿਹਾਂਦੜਾ ਅਤੇ ਕੁਆਰੀਆਂ ਆਪਣੇ ਹੱਥਾਂ, ਬਾਹਾਂ ਅਤੇ ਪੈਰਾਂ ਉੱਪਰ ਮਹਿੰਦੀ ਲਗਾਉਂਦੀਆਂ ਹਨ। ਮਹਿੰਦੀ ਦਾ ਸੂਹਾ ਰੰਗ ਉਨ੍ਹਾਂ ਦੇ ਹੁਸਨ ਨੂੰ ਦੂਣਾ ਕਰ ਦਿੰਦਾ ਹੈ।

ਸਰਘੀ ਵੇਲਾ :- ਸਰਘੀ ਦੀ ਰਸਮ ਨਾਲ਼ ਹੀ ਸਰਘੀ ਵੇਲਾ ਬਣਿਆ ਹੈ। ਹਿੰਦੀ ਵਿੱਚ ਸਰਘੀ ਦਾ ਉਚਾਰਨ ਸਰਗੀ ਹੈ। ਸਰਗੀ ਸ਼ਬਦ ਸਰਗ ਤੋਂ ਬਣਿਆ ਹੈ, ਜਿਸਦਾ ਭਾਵ ਪਾਣੀ ਦਾ ਸਰੋਤ, ਇਸ ਦਾ ਇੱਕ ਹੋਰ ਅਰਥ ਤਿਆਗ ਵੀ ਹੈ। ਇੱਥੇ ਦੋਵੇਂ ਅਰਥ ਹੀ ਢੁਕਵੇਂ ਹਨ। ਕਰਵਾ ਚੌਥ ਵਾਲੇ ਦਿਨ ਵਿਹਾਂਦੜਾਂ ਪਤੀ ਦੀ ਲੰਮੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ। ਇਸੇ ਦਿਨ ਵਰਤੋਂ ਤੋਂ ਪਹਿਲਾਂ ਸਵੇਰੇ 4 ਵਜੇ ਉੱਠ ਕੇ ਔਰਤਾਂ ਪੌਸ਼ਟਿਕ ਅਹਾਰ ਖਾਂਦੀਆਂ ਹਨ, ਜਿਸ ਵਿੱਚ ਨਾਰੀਅਲ ਪਾਣੀ, ਨਾਰੀਅਲ ਦੀ ਗਿਰੀ, ਮੱਠੀਆਂ, ਫੇਮੀਆਂ ਅਤੇ ਫਲ ਆਦਿ ਖਾ ਲੈਂਦੀਆਂ ਹਨ ਅਤੇ ਢੇਰ ਸਾਰਾ ਪਾਣੀ ਪੀਂਦੀਆਂ ਹਨ। ਸਰਘੀ ਵੇਲੇ ਤੋਂ ਬਾਅਦ ਦਿਨ ਚੜ੍ਹਨ ਸਾਰ ਔਰਤਾਂ ਸਜ-ਧਜ ਕੇ ਤਿਆਰ ਹੋ ਜਾਂਦੀਆਂ ਹਨ। ਸ਼ਹਿਰਾਂ ਵਿੱਚ ਬਿਊਟੀ ਪਾਰਲਰਾਂ ਉੱਪਰ ਗ੍ਰਾਹਕੀ ਦੀ ਰੌਣਕ ਵੱਧ ਜਾਂਦੀ ਹੈ। ਵਣਜਾਰਿਆਂ ਕੋਲ ਵੀ ਵੰਗਾਂ ਚੜਾਉਣ ਲਈ ਭੀੜਾਂ ਜੁੜ ਜਾਂਦੀਆਂ ਹਨ।

ਮਿੱਟੀ ਦੇ ਕੁੱਜੇ :- ਹਰ ਇੱਕ ਵਿਹਾਂਦੜ ਮਿੱਟੀ ਦੇ ਦੋ ਕੁੱਜੇ ਲੈਂਦੀ ਹੈ, ਜਿਨ੍ਹਾਂ ਉੱਪਰ ਕੁੱਲ ਪੰਜ ਠੁੱਠੀਆਂ ਹੁੰਦੀਆਂ ਹਨ। ਪਾਣੀ ਦੇ ਭਰੇ ਕੁੱਜਿਆਂ ਨੂੰ ਮਿਨਸਿਆ ਜਾਂਦਾ ਹੈ। ਨੂੰਹ ਵੱਲੋਂ ਸੱਸ ਨੂੰ ਹਿੰਦਿਆ ਦਿੱਤੀ ਜਾਂਦੀ ਹੈ, ਜਿਸ ਵਿੱਚ ਫਲ, ਮੱਠੀਆਂ ਅਤੇ ਰੁਪਏ ਹੁੰਦੇ ਹਨ। ਸੱਸਾਂ ਵੀ ਨੂੰਹਾਂ ਨੂੰ ਸ਼ਗਨ ਦਿੰਦੀਆਂ ਹਨ। ਇਸ ਰਸਮ ਨਾਲ਼ ਨੂੰਹ ਅਤੇ ਸੱਸ ਦੇ ਰਿਸ਼ਤੇ ਵਿੱਚ ਮਿਠਾਸ ਪੈਦਾ ਹੁੰਦੀ ਹੈ। ਠੂਠੀਆਂ ਵਿੱਚ ਚਿੱਬ੍ਹੜ, ਫਲੀਆਂ ਅਤੇ ਕੱਚੇ ਬੇਰ ਪਾਉਣ ਦੀ ਵੀ ਰਸਮ ਬਣੀ ਹੋਈ ਹੈ।

ਸ਼ਾਮ ਦੀ ਕਹਾਣੀ :- ਸ਼ਾਮ ਦੇ 4 ਵਜੇ ਦੇ ਲਗਭਗ ਆਂਢ-ਗੁਆਂਢ ਦੀਆਂ ਔਰਤਾਂ ਇਕੱਠੀਆਂ ਬੈਠ ਕੇ ਕਰਵਾ ਚੌਥ ਨਾਲ਼ ਸੰਬੰਧਤ ਇੱਕ ਕਹਾਣੀ ਸੁਣਦੀਆਂ ਹਨ। ਕਹਾਣੀ ਸੁਣਨ ਉਪਰਾਂਤ ਔਰਤਾਂ ਚਾਹ ਦੇ ਨਾਲ਼ ਫਲ ਅਤੇ ਮੱਠੀਆਂ ਖਾ ਲੈਂਦੀਆਂ ਹਨ।

ਬਾਜਾਰ ਦੀਆਂ ਰੌਣਕਾਂ :- ਸ਼ਾਮ ਨੂੰ ਸ਼ਹਿਰਾਂ ਵਿੱਚ ਔਰਤਾਂ ਸਜ-ਧਜ ਕੇ ਬਾਜਾਰ ਵਿੱਚ ਖਰੀਦਦਾਰੀ ਲਈ ਨਿਕਲ ਜਾਂਦੀਆਂ ਹਨ। ਬਜਾਰਾਂ ਦੀਆਂ ਰੌਣਕਾਂ ਸਿਖਰਾਂ ਤੇ ਹੁੰਦੀਆਂ ਹਨ। ਔਰਤਾਂ ਨੂੰ ਆਪਣੀ ਖੂਬਸੂਰਤੀ ਤੇ ਮਾਨ ਵੀ ਹੁੰਦਾ ਹੈ ਅਤੇ ਉਹ ਇਸ ਦਿਨ ਇਸਦਾ ਪ੍ਰਗਟਾਵਾ ਵੀ ਖੂਬ ਕਰਦੀਆਂ ਹਨ। ਕਰਵਾ ਚੌਥ ਦਾ ਦਿਨ ਔਰਤਾਂ ਦਾ ਮਨ, ਵਿਸਵਾਸ਼ ਅਤੇ ਚਾਵਾਂ ਨਾਲ਼ ਪੂਰੀ ਤਰਾਂ ਤ੍ਰਿਪਤ ਹੁੰਦਾ ਹੈ। ਔਰਤ ਦੇ ਮਨ ਵਿੱਚ ਇੱਕ ਵਿਸਵਾਸ਼ ਹੁੰਦਾ ਹੈ ਕਿ ਅੱਜ ਦਾ ਦਿਨ ਉਸਦੇ ਪਤੀ ਦੀ ਸਿਹਤਮੰਦ, ਲੰਮੀ ਉਮਰ ਲਈ ਦੁਆਵਾਂ ਦਾ ਦਿਨ ਹੈ।

ਅਰਘ ਦੇਣਾ :- ਅਰਘ ਸ਼ਬਦ ਅਰਕ ਦਾ ਹੀ ਬਿਗੜਿਆ ਰੂਪ ਹੈ। ਕਰਵਾ ਚੌਥ ਦੇ ਤਿਉਹਾਰ ਦੀ ਇਹ ਸਿਖਰਲੀ ਅਤੇ ਸਭ ਤੋਂ ਮਹੱਤਵਪੂਰਨ ਰਸਮ ਹੁੰਦੀ ਹੈ। ਰਾਤ ਨੂੰ 8 ਵਜੇ ਤੋਂ ਬਾਅਦ ਹੀ ਔਰਤਾਂ ਚੰਦਰਮਾਂ ਦੇ ਨਿਕਲਣ ਦੀ ਉਡੀਕ ਕਰਨ ਲੱਗ ਜਾਂਦੀਆਂ ਹਨ। ਆਮਤੌਰ ਤੇ ਔਰਤਾਂ ਛੱਤ ਤੇ ਜਾ ਕੇ ਚੰਦਰਮਾ ਦੀ ਦਿਸ਼ਾ ਵੱਲ ਦੇਖਦੀਆਂ ਹਨ। ਜਿਉਂ ਹੀ ਪੂਰਾ ਵੱਡਾ ਚੰਦਰਮਾ ਦਿਖਾਈ ਦਿੰਦਾ ਹੈ ਤਾਂ ਹਰ ਇੱਕ ਘਰ ਦੀ ਛੱਤ ਉੱਪਰ ਚੰਦਰਮਾ ਦੀ ਪੂਜਾ ਦੀ ਰਸਮ ਸ਼ੁਰੂ ਹੋ ਜਾਂਦੀ ਹੈ। ਔਰਤਾਂ ਸਿਰ ਤੇ ਦੁਪੱਟਾ ਲੈ ਕੇ, ਹੱਥ ਵਿੱਚ ਪਾਣੀ ਭਰਿਆ ਛੋਟਾ ਕੁੱਜਾ ਅਤੇ ਕੁੱਜੇ ਵਿੱਚ ਚਾਂਦੀ ਦਾ ਸਿੱਕਾ ਜਾਂ ਛਾਂਪ ਪਾ ਕੇ ਚੰਦਰਮਾ ਵੱਲ ਮੂੰਹ ਕਰਕੇ ਪਤੀ-ਪਤਨੀ ਸਾਂਝੇ ਤੌਰ ਤੇ ਕੁੱਜੇ ਨੂੰ ਆਪਣੇ ਹੱਥਾਂ ਵਿੱਚ ਫੜ ਕੇ, ਪਤਨੀ ਸੱਤ ਵਾਰ ਇੱਕ ਫੋਕ ਟੱਪਾ ਬੋਲਦੀ ਹੈ ਅਤੇ ਥੌੜਾ-ਥੌੜਾ ਪਾਣੀ ਕੁੱਜੇ ਵਿੱਚੋਂ ਚੰਦਰਮਾਂ ਵੱਲ ਉਛਾਲਿਆ ਜਾਂਦਾ ਹੈ। ਇਹ ਫੋਕ ਟੱਪਾ ਹੈ:-

ਸਿਉਣੀਆ ਪਰ ਸਿਉਣੀਆਂ,

ਸਿਉਣੀਆਂ ਪਰ ਵਾਰ,

ਬਾਲਾ ਚੰਦਾ ਅਰਘ ਦੇਈਂ,

ਅਰਘ ਦੇਈਂ ਘਰ ਵਾਰ,

ਹੱਥੀ ਮੈਹਿੰਦੀ ਰੰਗਲੀ,

ਬਾਹੀਂ ਚੂੜਾ ਲਾਲ,

ਸੁਹਾਗਣ ਭਾਗਣ ਬਣੀ ਮੈਂ,

ਖੜੀ ਤੇਰੇ ਦਰਬਾਰ।

ਅੰਤ ਵਿੱਚ ਪਤੀ, ਕੁੱਜੇ ਵਿੱਚ ਬਚੇ ਹੋਏ ਪਾਣੀ ਨੂੰ ਆਪਣੀ ਪਤਨੀ ਦੇ ਮੂੰਹ ਤੇ ਲਗਾਕੇ ਉਸਦਾ ਵਰਤ ਖੁਲਵਾਉਂਦਾ ਹੈ। ਅਰਘ ਦੀ ਰਸਮ ਤੋਂ ਬਾਅਦ ਸਾਰਾ ਪਰਿਵਾਰ ਇਕੱਠੇ ਬੈਠ ਕੇ ਖਾਣਾ ਖਾਂਦਾ ਹੈ।

ਭਾਰਤੀ ਤਿਉਹਾਰਾਂ ਦੀ ਇੱਕ ਹੋਰ ਸੁੰਦਰਤਾ ਦੇਖਣ ਨੂੰ ਮਿਲਦੀ ਹੈ, ਕਿਸੇ ਵੀ ਤਿਉਹਾਰ ਵਿੱਚ ਕਿਸੇ ਜੀਵ ਦੀ ਹੱਤਿਆਂ ਨਹੀਂ ਕੀਤੀ ਜਾਂਦੀ, ਨਾਂ ਹੀ ਮੀਟ ਦਾ ਸੇਵਨ ਕੀਤਾ ਜਾਂਦਾ ਹੈ। ਕੋਈ ਵੀ ਤਿਉਹਾਰ ਅੰਧ ਵਿਸਵਾਸ਼ ਨੂੰ ਬੜ੍ਹਾਵਾ ਨਹੀਂ ਦਿੰਦਾ। ਸਾਰੇ ਹੀ ਭਾਰਤੀ ਤਿਉਹਾਰ ਲੋਕਾਂ ਨੂੰ ਦੇਸ਼ ਦੀ ਮਿੱਟੀ ਅਤੇ ਸੰਸਕ੍ਰਿਤੀ ਨਾਲ਼ ਜੋੜਦੇ ਹਨ। ਕਰਵਾ ਚੌਥ ਦੇ ਤਿਉਹਾਰ ਨੇ ਪਤੀ-ਪਤਨੀ ਦੇ ਪਵਿੱਤਰ ਬੰਧਨ ਦੀ ਮਜ਼ਬੂਤੀ ਅਤੇ ਬਰਾਬਰਤਾ ਵਿੱਚ ਆਪਣੀ ਪ੍ਰਮੁੱਖ ਭੂਮਿਕਾ ਨਿਭਾਈ ਹੈ। ਅਜਿਹੇ ਰਸਮਾ-ਰਿਵਾਜਾਂ ਕਾਰਨ ਹੀ ਅੱਜ ਭਾਰਤੀ ਵਿਹੁਤਾ ਜੀਵਨ ਪੂਰੇ ਵਿਸ਼ਵ ਦੀਆਂ ਹੋਰ ਕੌਮਾਂ ਨਾਲੋਂ ਜਿਆਦਾ ਸਥਿਰ ਅਤੇ ਆਨੰਦਮਈ ਮੰਨਿਆਂ ਜਾਂਦਾ ਹੈ। ਅਜਿਹੀਆਂ ਅਗਾਹਂ ਵਧੂ ਰਸਮਾਂ ਕਾਰਨ ਅੱਜ ਭਾਰਤੀ ਸੰਸਕ੍ਰਿਤੀ ਆਪਣੀ ਮੂਲ ਸੱਭਿਅਤਾ ਨਾਲ਼ ਜੁੜੀ ਹੋਈ ਹੈ ਅਤੇ ਦੁਨੀਆਂ ਨੂੰ ਸ਼ਾਂਤੀ, ਅਗਾਹਵਧੂ ਸਥਿਰਤਾ ਦਾ ਰਸਤਾ ਦਿਖਾ ਰਹੀ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin