Story

ਸਬਰ

Harkirat Kaur Sabhara
ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਮਾਤਾ ਸਵਰਣ ਕੌਰ ਨੇ ਹਰ ਰੋਜ਼ ਦੀ ਤਰ੍ਹਾਂ ਨਿੱਤਨੇਮ ਕੀਤਾ, ਹੱਥ ਵਿੱਚ ਮਾਲਾ ਲਈ ਤੇ ਵੱਡੀ ਨੂੰਹ ਨੂੰ ਅਵਾਜ਼ ਦਿੰਦਿਆਂ ਕਿਹਾ ” ਧੀਏ ਸੁਰਜੀਤ ਕੁਰੇ  ਜੇ ਮਾਸਾ ਵੇਹਲ ਹੈਗਾ ਤਾਂ ਆ ਜ਼ਰਾ ਮੰਜੀ ਧੁੱਪੇ ਨਿਵਾਂ ਦੇ… ” ਮਾਤਾ ਜੀ ਦੀ ਅਵਾਜ਼ ਸੁਣ ਸੁਰਜੀਤ ਕੌਰ ਆਈ ਤੇ ਮੰਜੀ ਹੇਠਾਂ ਨਿਵਾਂ ਉੱਤੇ ਚਾਦਰ ਵਿਛਾ ਫਿਰ ਆਪਣੇ ਕੰਮੀ ਰੁੱਝ ਗਈ। ਕੁਝ ਦਿਨ ਹੋਰ ਉੱਪਰ ਹੋਇਆ ਤਾਂ ਮਾਤਾ ਸਵਰਣ ਕੌਰ ਹੌਲੇ ਜਿਹੇ ਆਪਣੇ ਮੰਜੇ ਤੋਂ ਉੱਠ ਰੋਜ਼ ਦੀ ਤਰ੍ਹਾਂ ਭੜੋਲੇ ਵਿੱਚੋਂ ਇੱਕ ਕੌਲਾਂ ਦਾਣਿਆਂ ਦਾ ਭਰ ਲਿਆਈ ਅਤੇ ਚਿੜੀਆਂ, ਕਾਵਾਂ, ਕਬੂਤਰਾਂ ਤੇ ਹੋਰ ਪੰਛੀਆਂ ਲਈ ਵਿਹੜੇ ਵਿੱਚ ਖਿਲਾਰ ਦਿੱਤੇ। ਮਾਤਾ ਜੀ ਦੇ ਦਾਣੇ ਖਿਲਾਰਨ ਦੀ ਦੇਰ ਸੀ ਕਿ ਨਿੱਤ ਦੇ ਗਿੱਝੀ ਪੰਛੀਆਂ ਦੀ ਡਾਰ ਵਿਹੜੇ ਵਿੱਚ ਚਹਿਚਕਾਉਣ ਲੱਗੀ। ਘਰ ਦੇ ਜੀਆਂ ਵਾਂਗਰਾਂ ਬੜੇ ਹੱਕ ਜਿਹੇ ਨਾਲ ਦਾਣੇ ਚੁਗਦੇ ਪੰਛੀਆਂ ਨੂੰ ਮਾਤਾ ਸਵਰਣ ਕੌਰ ਬੜੀ ਨੀਝ ਨਾਲ ਵੇਖਦੀ ਹੋਈ ਮਾਲਾ ਫੇਰਦੀ ਰਹਿੰਦੀ। ਇਸੇ ਤਰ੍ਹਾਂ ਦਿਨ ਬੀਤਦੇ ਗਏ ਤੇ ਮਾਤਾ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਦਾਣਿਆਂ  ਕੌਲਾਂ ਲੈਣ ਭੜੋਲੇ ਵੱਲ ਨੂੰ ਗਈ। ਸਾਹਮਣੇ ਬੈਠੀ ਪੋਤਰੀ ਹਰਸਿਮਰਨ ਮਾਤਾ ਜੀ ਨੂੰ ਦੇਖ ਰਹੀ ਸੀ। ਪਰ ਅੱਜ ਮਾਤਾ ਜੀ ਨੇ ਇੱਕ ਨਹੀਂ ਬਲਕਿ ਦੋ ਕੌਲੇ ਦਾਣਿਆਂ ਦੇ ਪੰਛੀਆਂ ਲਈ ਵਿਹੜੇ ਵਿੱਚ ਖਿਲਾਰ ਦਿੱਤੇ। ਮਾਤਾ ਜੀ ਨੂੰ ਏਦਾਂ ਕਰਦਿਆਂ ਵੇਖ ਹਰਸਿਮਰਨ ਬੋਲੀ ਦਾਦੀ ਅੱਜ ਦੋ ਕੌਲੇ ਕਿਉਂ  ?  ਕੁਝ ਸਮਾਂ ਰੁਕ ਕੇ ਮਾਤਾ ਜੀ ਬੋਲੇ ਦੱਸਾਂਗੀ …।

ਏਨਾਂ ਸੁਣ ਹਰਸਿਮਰਨ ਫਿਰ ਆਪਣੀਆਂ ਕਿਤਾਬਾਂ ਵਿੱਚ ਰੁੱਝ ਗਈ। ਥੋੜਾ ਸਮਾਂ ਬੀਤਿਆ ਤਾਂ ਸਾਰੇ ਪੰਛੀ ਆਪਣੇ ਆਪਣੇ ਹਿੱਸੇ ਦੇ ਦਾਣੇ ਚੁੱਗ ਕੇ ਉੱਡ ਗਏ ਸਨ। ਦਾਦੀ ਨੇ ਹਰਸਿਮਰਨ ਨੂੰ ਅਵਾਜ਼ ਦਿੱਤੀ …. ਅਵਾਜ਼ ਸੁਣ ਹਰਸਿਮਰਨ ਆਈ ਅਤੇ ਵਿਹੜੇ ਵੱਲ ਨਿਗਾਹ ਮਾਰਦਿਆਂ ਨਾਲ ਹੀ ਦਾਦੀ ਨੂੰ ਕਹਿੰਦੀ ਹੈ… ” ਲਓ ਦਾਦੀ ਜੀ ਤੁਹਾਡਾ ਖਿਲਾਰਿਆ ਦਾਣਿਆਂ ਦਾ ਇੱਕ ਵੱਧ ਕੌਲਾਂ ਤਾਂ ਉਦਾਂ ਹੀ ਪਿਆ ਏ…. ” ਮਾਤਾ ਜੀ ਨੇ ਹਰਸਿਮਰਨ ਨੂੰ ਆਪਣੇ ਕੋਲ ਬਿਠਾਉਂਦਿਆਂ ਕਿਹਾ… ” ਦੇਖ ਕਿੰਨਾ ਸਬਰ ਏ ਇਹਨਾਂ ਪੰਛੀਆਂ ਵਿੱਚ…. ਇਹਨਾਂ ਨੇ ਜਿੰਨੀ ਹਰ ਰੋਜ਼ ਭੁੱਖ ਹੁੰਦੀ ਏ… ਉਨੇ ਦਾਣੇ ਚੁਗ ਲਏ ਨੇ ਬਾਕੀ ਉਂਝ ਹੀ ਪਏ ਨੇ… ਇਹਨਾਂ ਵਿਚੋਂ ਕਿਸੇ ਨੇ ਜਿਆਦਾ ਅੰਨ ਵੇਖ ਨਾ ਤਾਂ ਲੋੜ ਤੋਂ ਵੱਧ ਖਾਦਾ ਹੈ ਅਤੇ ਨਾ ਹੀ ਨਾਲ ਚੁੱਕ ਕੇ ਲਿਜਾਣ ਦੀ ਖੇਚਲ ਕੀਤੀ ਏ। ਕਿੰਨਾ ਸਬਰ ਤੇ ਸੰਤੋਖ ਏ ਇਹਨਾਂ ਜੀਆਂ ਵਿੱਚ ਤੇ ਕਿੰਨਾ ਬੇਸਬਰਾ ਏ ਮਨੁੱਖ…।
ਹਰਸਿਮਰਨ ਨੂੰ ਉਸਦੇ ਸਵਾਲ ਦੇ ਜਵਾਬ ਦੇ ਨਾਲ ਨਾਲ ਪੰਛੀਆਂ ਤੇ ਮਨੁੱਖ ਵਿਚਲਾ ਅੰਤਰ ਵੀ ਸਮਝ ਆ ਗਿਆ ਸੀ…।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin