Articles

ਛੋਟੀਆਂ-ਛੋਟੀਆਂ ਗੱਲਾਂ ਬਰਦਾਸ਼ਤ ਕਰ ਲੈਣੀਆਂ ਚਾਹੀਦੀਆਂ ਹਨ!

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਸਾਨੂੰ ਜੀਵਨ ਵਿੱਚ ਕਈ ਵਾਰ ਅਜਿਹੀਆਂ ਛੋਟੀਆਂ-ਛੋਟੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੰਨ੍ਹਾਂ ਨੂੰ ਜੇ ਦਿਲ ‘ਤੇ ਪੱਥਰ ਰੱਖ ਕੇ ਬਰਦਾਸ਼ਤ ਕਰ ਲਿਆ ਜਾਵੇ ਤਾਂ ਜ਼ਿੰਦਗੀ ਸੌਖੀ ਲੰਘ ਜਾਂਦੀ ਹੈ ਵਰਨਾ ਵੱਡੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਿਸਾਲ ਦੇ ਤੌਰ ‘ਤੇ ਕਈ ਮਹਾਂ ਮੂਰਖ ਬੰਦੇ ਰੇਲਵੇ ਫਾਟਕ ‘ਤੇ ਆਪਣੀ ਗੱਡੀ ਲਿਆ ਕੇ ਸਭ ਤੋਂ ਅੱਗੇ ਫਸਾ ਦਿੰਦੇ ਹਨ। ਅਫਸਰਾਂ ਅਤੇ ਨੇਤਾਵਾਂ ਦੇ ਡਰਾਈਵਰਾਂ ਨੂੰ ਖਾਸ ਤੌਰ ‘ਤੇ ਇਹ ਗੰਦੀ ਆਦਤ ਹੁੰਦੀ ਹੈ। ਜੇ ਕੋਈ ਇਤਰਾਜ਼ ਕਰੇ ਤਾਂ ਅੱਗੋਂ ਵੱਢ ਖਾਣ ਨੂੰ ਪੈਂਦੇ ਹਨ। ਇਸ ਤੋਂ ਇਲਾਵਾ ਕਈ ਬੇਵਕੂਫ ਗੱਡੀ ਨੂੰ ਰਸਤਾ ਨਾ ਮਿਲਣ ‘ਤੇ ਦੂਸਰੇ ਡਰਾਈਵਰਾਂ ਵੱਲ ਡੇਲੇ ਕੱਢਦੇ ਹਨ ਤੇ ਭੈੜੇ ਜਿਹੇ ਇਸ਼ਾਰੇ ਵੀ ਕਰ ਦਿੰਦੇ ਹਨ। ਇਨ੍ਹਾਂ ਗੱਲਾਂ ਤੋਂ ਹੋਈਆਂ ਲੜਾਈਆਂ ਵਿੱਚ ਕਈ ਥਾਈਂ ਕਤਲ ਤੱਕ ਹੋ ਚੁੱਕੇ ਹਨ। ਇਹੋ ਜਿਹੇ ਕੰਮ ਅਕਲਾਂ ਨੂੰ ਦੂਰੋਂ ਹੀ ਸਲਾਮ ਕਰ ਦੇਣੀ ਚਾਹੀਦੀ ਹੈ।

ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਦੀਆਂ ਅਦਾਲਤਾਂ ਵਿੱਚ ਲੜਾਈ ਝਗੜੇ ਦੇ ਸਭ ਤੋਂ ਵੱਧ ਮੁਕੱਦਮੇ ਪੇਂਡੂਆਂ ਦੇ ਚੱਲ ਰਹੇ ਹਨ। ਇਹ ਮੁਕੱਦਮੇ ਕੋਈ ਖਾਨਦਾਨੀ ਦੁਸ਼ਮਣੀਆਂ ਕਾਰਨ ਨਹੀਂ, ਬਲਕਿ ਵੱਟ ਵੱਢਣ, ਦੂਸਰੇ ਦੇ ਘਰ ਅੱਗੋਂ ਬਰਸਾਤੀ ਪਾਣੀ ਕੱਢਣ, ਖੇਤ ਵਿੱਚ ਡੰਗਰ ਪੈਣ, ਮੁੱਛ ਨੂੰ ਵੱਟ ਦੇਣ ਜਾਂ ਖੰਗੂਰਾ ਮਾਰਨ ਆਦਿ ਵਰਗੀਆਂ ਛੋਟੀਆਂ ਛੋਟੀਆਂ ਗੱਲਾਂ ਦੇ ਹਨ। ਜੱਟਵਾਦ ਅਤੇ ਹਥਿਆਰਾਂ ਦੀ ਵਡਿਆਈ ਕਰਨ ਵਾਲੇ ਗਾਣਿਆਂ ਦਾ ਸਭ ਤੋਂ ਵੱਧ ਅਸਰ ਜੱਟਾਂ ਦੀ ਨੌਜਵਾਨ ਪੀੜ੍ਹੀ ‘ਤੇ ਹੋਇਆ ਹੈ। ਮੁਕੱਦਮਾ ਦਰਜ਼ ਹੋਣ ਤੋਂ ਬਾਅਦ ਜਦੋਂ ਪੁਲਿਸ ਅਤੇ ਵਕੀਲਾਂ ਦੇ ਖਰਚੇ ਚੀਕਾਂ ਕਢਾ ਦਿੰਦੇ ਹਨ ਤਾਂ ਫਿਰ ਸੋਚਦੇ ਹਨ, “ਵੈਸੇ ਭਾਊ ਲੜਾਈ ਵਾਲੀ ਗੱਲ ਤਾਂ ਕੋਈ ਨਹੀਂ ਸੀ। ਪਸ਼ੂ ਜੇ ਫਸਲ ਖਾ ਰਿਹਾ ਸੀ ਤਾਂ ਆਪਾਂ ਉਸ ਨੂੰ ਹੱਕ ਕੇ ਬਾਹਰ ਵੀ ਕੱਢ ਸਕਦੇ ਸੀ। ਉਸ ਨੇ ਪਤਾ ਨਹੀਂ ਵੀਹਾਂ ਪੰਜਾਹਾਂ ਦੇ ਪੱਠੇ ਖਾਧੇ ਹੋਣੇ ਆ ਕਿ ਨਹੀਂ, ਪਰ ਆਪਣੇ ਜਰੂਰ ਦੋ ਕਿੱਲੇ ਮਿੱਟੀ ਖਾਣਾ ਥਾਣੇਦਾਰ ਤੇ ਗੁਪਤਾ ਵਕੀਲ ਖਾ ਗਏ ਹਨ।” ਛੇ ਕੁ ਮਹੀਨੇ ਪਹਿਲਾਂ ਝਬਾਲ ਲਾਗਲੇ ਇੱਕ ਪਿੰਡ ਵਿੱਚ ਚਾਚੇ ਤਾਏ ਦੇ ਮੁੰਡਿਆਂ ਦਰਮਿਆਨ ਜੰਮ ਕੇ ਝਗੜਾ ਹੋਇਆ ਸੀ। ਇੱਕ ਧਿਰ ਨੇ ਆਪਣੇ ਵਾਹਣ ਨੂੰ ਪਾਣੀ ਲਗਾਇਆ ਹੋਇਆ ਸੀ ਤੇ ਵੱਟ ਟੁੱਟ ਜਾਣ ਕਾਰਨ ਉਸ ਦੇ ਚਾਚੇ ਦੇ ਮੁੰਡੇ ਦੀ ਕੁਝ ਦਿਨ ਪਹਿਲਾਂ ਬੀਜੀ ਕਣਕ ਦੇ ਚਾਰ ਕੁ ਮਰਲੇ ਖਰਾਬ ਹੋ ਗਏ। ਇਸ ਮਾਮੂਲੀ ਜਿਹੀ ਗੱਲ ਤੋਂ ਦੋਵਾਂ ਧਿਰਾਂ ਵਿੱਚ ਰੱਜ ਕੇ ਕੁੱਟ ਮਾਰ ਹੋਈ ਤੇ ਮੁਕੱਦਮੇ ਦਰਜ਼ ਹੋ ਗਏ। ਕਣਕ ਦਾ ਬੀਜ ਤਾਂ ਸ਼ਾਇਦ ਦੋ ਚਾਰ ਸੌ ਰੁਪਏ ਦਾ ਹੋਵੇਗਾ, ਪਰ ਹੁਣ ਤੱਕ ਦੋਵਾਂ ਧਿਰਾਂ ਦਾ ਕੁੱਲ ਮਿਲਾ ਕੇ ਤਿੰਨ ਲੱਖ ਤੋਂ ਵੱਧ ਲੱਗ ਚੁੱਕਾ ਹੈ।

1985 – 86 ਸਮੇਂ ਮੈਂ ਡੀ.ਏ.ਵੀ. ਕਾਲਜ ਅੰਮ੍ਰਿਤਸਰ ਪੜ੍ਹਦਾ ਹੁੰਦਾ ਸੀ ਤਾਂ ਇੱਕ ਦਿਨ ਅਸੀਂ 4 – 5 ਦੋਸਤ ਫਿਲਮ ਵੇਖਣ ਲਈ ਆਦਰਸ਼ ਸਿਨੇਮੇ ਵੱਲ ਪੈਦਲ ਤੁਰੇ ਜਾ ਰਹੇ ਸੀ। ਅੱਗੋਂ ਇੱਕ ਨਵ ਵਿਆਹਿਆ ਜੋੜਾ ਫਿਲਮ ਵੇਖ ਕੇ ਬਾਹਰ ਨੂੰ ਆ ਰਿਹਾ ਸੀ। ਸਿਨੇਮੇ ਦੇ ਗੇਟ ਲਾਗੇ ਸਾਡੇ ਦੋਸਤ ਪੱਪੂ ਦਾ ਪਤਾ ਨਹੀਂ ਜਾਣ ਬੁਝ ਕੇ ਜਾਂ ਗਲਤੀ ਨਾਲ, ਨਵ-ਵਿਆਹਤਾ ਨੂੰ ਮੋਢਾ ਵੱਜ ਗਿਆ। ਦੂਸਰਾ ਦੋਸਤ ਲੱਕੀ ਵੀ ਪਿੱਛੇ-ਪਿੱਛੇ ਆ ਰਿਹਾ ਸੀ ਜਿਸ ਨੂੰ ਵੇਖ ਕੇ ਉਹ ਲੜਕੀ ਪਰ੍ਹਾਂ ਨੂੰ ਹੋ ਗਈ। ਉਸ ਦਾ ਪਤੀ ਪਿੱਛੇ-ਪਿੱਛੇ ਆ ਰਿਹਾ ਸੀ। ਉਸ ਨੇ ਸਾਰਾ ਦ੍ਰਿਸ਼ ਵੇਖ ਲਿਆ ਸੀ ਤੇ ਉਸ ਨੇ ਲੱਕੀ ਦੀ ਬਾਂਹ ਪਕੜ ਲਈ। ਲੱਕੀ ਦੇ ਰੰਗ ਉੱਡ ਗਏ ਕਿ ਹੁਣ ਪੁਲਿਸ ਤੋਂ ਛਿੱਤਰ ਪਰੇਡ ਹੋਵੇਗੀ। ਪਰ ਅਸ਼ਕੇ ਜਾਈਏ ਉਸ ਵਿਅਕਤੀ ਦੇ, ਉਹ ਗੁੱਸਾ ਕਰਨ ਦੀ ਬਜਾਏ ਹੱਸ ਕੇ ਕਹਿਣ ਲੱਗਾ, “ਭਰਾ ਨਰਾਜ਼ ਤਾਂ ਨਹੀਂ ਹੋ ਗਿਆ। ਤੂੰ ਵੀ ਮਾਰ ਲੈ ਮੋਢਾ।” ਮੇਰਾ ਖਿਆਲ ਹੈ ਕਿ ਜੇ ਉਹ ਵਿਅਕਤੀ ਲੱਕੀ ਦੇ ਦਸ ਚਪੇੜਾਂ ਵੀ ਮਾਰ ਦਿੰਦਾ ਤਾਂ ਉਸ ਨੇ ਐਨੀ ਬੇਇੱਜ਼ਤੀ ਮਹਿਸੂਸ ਨਹੀਂ ਸੀ ਕਰਨੀ, ਜਿੰਨੀ ਉਸ ਦੇ ਇੱਕ ਵਾਕ ਨੇ ਕਰਾ ਦਿੱਤੀ। ਜੇ ਕੋਈ ਗੁਸੇਖੋਰ ਬੰਦਾ ਹੁੰਦਾ ਤਾਂ ਇਸ ਛੋਟੀ ਜਿਹੀ ਗੱਲ ਤੋਂ ਉਥੇ ਪੱਕਾ ਲੜਾਈ ਹੋਣੀ ਸੀ।

ਸੋਸ਼ਲ ਮੀਡੀਆ ‘ਤੇ ਕੁਝ ਦਿਨ ਪਹਿਲਾਂ ਇੱਕ ਖਬਰ ਆਈ ਸੀ ਕਿ ਪੰਜਾਬ ਦਾ ਇੱਕ ਬਜ਼ੁਰਗ ਜੋੜਾ ਆਪਣੇ ਨੂੰਹ ਪੁੱਤ ਨੂੰ ਮਿਲਣ ਵਾਸਤੇ ਟੂਰਿਸਟ ਵੀਜ਼ੇ ‘ਤੇ ਨਿਊਯਾਰਕ ਜਾ ਰਿਹਾ ਸੀ। ਪਤੀ ਬੇਹੱਦ ਸੜੀਅਲ ਅਤੇ ਰਵਾਇਤੀ ਕਿਸਮ ਦਾ ਵਿਅਕਤੀ ਸੀ। ਹਵਾਈ ਜਹਾਜ ਦਾ ਮਸਾਲੇਦਾਰ ਖਾਣਾ ਖਾਣ ਤੋਂ ਬਚਣ ਲਈ ਉਨ੍ਹਾਂ ਨੇ ਦਸ – ਬਾਰਾਂ ਪਰੌਂਠੇ ਨਾਲ ਬੰਨ੍ਹੇ ਹੋਏ ਸਨ। ਜਦੋਂ ਬੁੱਢਾ ਪਰੌਂਠੇ ਖਾਣ ਲੱਗਾ ਤਾਂ ਉਸ ਨੇ ਬੁੱਢੜੀ ਨਾਲ ਇਸ ਗੱਲ ਤੋਂ ਝਗੜਨਾ ਸ਼ੁਰੂ ਕਰ ਦਿੱਤਾ ਕਿ ਪਰੌਂਠਿਆਂ ਵਿੱਚ ਨਮਕ ਵੱਧ ਹੈ। ਦੋਵੇਂ ਜਣੇ ਉੱਚੀ-ਉੱਚੀ ਇੱਕ ਦੂਸਰੇ ‘ਤੇ ਚੀਕਣ ਲੱਗੇ। ਨਾਲ ਦੀਆਂ ਸਵਾਰੀਆਂ ਵੱਲੋਂ ਸ਼ਿਕਾਇਤ ਕਰਨ ‘ਤੇ ਹਵਾਈ ਜਹਾਜ਼ ਦੇ ਸਟਾਫ ਨੇ ਦਬਕੇ ਮਾਰ ਕੇ ਦੋਵਾਂ ਨੂੰ ਮਸੀਂ ਚੁੱਪ ਕਰਵਾਇਆ। ਦਿੱਲੀ ਤੋਂ ਕੈਨੇਡਾ – ਅਮਰੀਕਾ ਜਾਣ ਵਾਲੇ ਬਹੁਤੇ ਜਹਾਜ਼ਾਂ ਵਿੱਚ ਪੰਜਾਬੀ ਸਟਾਫ ਹੁੰਦਾ ਹੈ ਜੋ ਅਜਿਹੇ ਮੂਰਖਾਂ ਨਾਲ ਨਿਪਟਣਾ ਚੰਗੀ ਤਰਾਂ ਜਾਣਦਾ ਹੈ। ਪਰ ਜਦੋਂ ਉਹ ਨਿਊਯਾਰਕ ਏਅਰਪੋਰਟ ‘ਤੇ ਉੱਤਰੇ ਤਾਂ ਸੜੇ ਬਲੇ ਬੁੱਢੇ ਨੇ ਪਰੌਂਠੇ ਭਵਾਂ ਕੇ ਡਸਟ ਬਿਨ ਵਿੱਚ ਮਾਰੇ ਤੇ ਐਲੀ-ਐਲੀ ਕਰਦਾ ਬੁੱਢੜੀ ਦੇ ਗਲ ਪੈ ਗਿਆ। ਬੁੱਢੜੀ ਦੀ ਗੁੱਤ ਬੁੱਢੇ ਦੇ ਹੱਥ ਤੇ ਬੁੱਢੇ ਦੀ ਦਾਹੜੀ ਬੁੱਢੜੀ ਦੇ ਹੱਥ। ਮਿੰਟਾਂ ਸਕਿੰਟਾਂ ਵਿੱਚ ਪੁਲਿਸ ਨੇ ਦੋਵਾਂ ਨੂੰ ਮੂਧਿਆਂ ਪਾ ਕੇ ਹੱਥਕੜੀਆਂ ਲਗਾ ਦਿੱਤੀਆਂ। ਇਹ ਘਟੀਆ ਕਰਤੂਤ ਵੇਖ ਕੇ ਇੰਮੀਗਰੇਸ਼ਨ ਵਾਲਿਆਂ ਨੇ ਉਨ੍ਹਾਂ ਦੇ ਪਾਸਪੋਰਟਾਂ ‘ਤੇ ਡੀਪੋਰਟ ਦੀ ਸਟੈਂਪ ਠੋਕ ਕੇ ਅਗਲੀ ਫਲਾਈਟ ਰਾਹੀਂ ਦੋਵਾਂ ਨੂੰ ਦਿੱਲੀ ਵੱਲ ਰਵਾਨਾ ਕਰ ਦਿੱਤਾ। ਜੇ ਬੁੱਢਾ ਮਾੜੇ ਮੋਟੇ ਘੱਟ ਵੱਧ ਨਮਕ ਵਾਲੇ ਪਰੌਂਠੇ ਖਾ ਲੈਂਦਾ ਤਾਂ ਅੱਜ ਉਹ ਨਿਊਯਾਰਕ ਦੇ ਕਿਸੇ ਵਧੀਆ ਰੈਸਟੋਰੈਟ ਵਿੱਚ ਬੈਠਾ ਪੀਜ਼ੇ ਖਾ ਰਿਹਾ ਹੁੰਦਾ।
ਕਿਸੇ ਦੀ ਕਾਰ ਨਾਲ ਮਾੜੀ ਮੋਟੀ ਕਾਰ ਖਹਿ ਜਾਣੀ, ਘਰ ਅੱਗੇ ਕਿਸੇ ਹੋਰ ਵੱਲੋਂ ਕਾਰ ਖੜ੍ਹੀ ਕਰ ਦੇਣਾ, ਗੁਆਂਢੀਆਂ ਵੱਲੋਂ ਫਰਸ਼ਾਂ ਧੋ ਕੇ ਪਾਣੀ ਤੁਹਾਡੇ ਘਰ ਵੱਲ ਰੋੜ੍ਹ ਦੇਣਾ, ਕਿਸੇ ਵੱਲੋਂ ਮਾੜੀ ਮੋਟੀ ਵੱਟ ਜਾਂ ਰਸਤਾ ਵੱਢ ਲੈਣਾ, ਕਿਸੇ ਦੇ ਪਾਲਤੂ ਕੁੱਤੇ ਵੱਲੋਂ ਤੁਹਾਡੇ ਘਰ ਅੱਗੇ ਗੰਦ ਪਾਉਣਾ ਆਦਿ ਕਈ ਅਜਿਹੀਆਂ ਛੋਟੀਆਂ ਮੋਟੀਆਂ ਗੱਲਾਂ ਹਨ, ਜਿਨ੍ਹਾਂ ਨੂੰ ਦਰ ਗੁਜ਼ਰ ਕਰ ਦੇਣਾ ਚਾਹੀਦਾ ਹੈ। ਇਨ੍ਹਾਂ ਗੱਲਾਂ ‘ਤੇ ਗੁੱਸਾ ਤਾਂ ਬਹੁਤ ਆਉਂਦਾ ਹੈ, ਪਰ ਫਿਰ ਇਹ ਸੋਚ ਲੈਣਾ ਚਾਹੀਦਾ ਹੈ ਕਿ ਮੈਂ ਵੀ ਤਾਂ ਕਈ ਵਾਰ ਅਜਿਹਾ ਹੀ ਕਰਦਾ ਹਾਂ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin