Articles Bollywood

ਬਾਲੀਵੁੱਡ ਦੀ ਦੁਨੀਆਂ ‘ਚ ਯਾਰੀ-ਦੋਸਤੀ ਦੇ ਅਜੀਬ ਕਿੱਸੇ !

ਬਾਲੀਵੁੱਡ ਦੀ ਦੁਨੀਆਂ ਦੇ ਵਿੱਚ ਦੋਸਤੀ, ਦੁਸ਼ਮਣੀ ਅਤੇ ਨਾਰਾਜ਼ਗੀ ਦੀ ਚਰਚਾ ਅਕਸਰ ਚੱਲਦੀ ਰਹਿੰਦੀ ਹੈ। ਬਾਲੀਵੁੱਡ ਦੇ ਕਈ ਵੱਡੇ-ਵੱਡੇ ਸਿਤਾਰਿਆਂ ਦੀ ਆਪਸ ਦੇ ਵਿੱਚ ਚੰਗੀ ਦੋਸਤੀ ਅਤੇ ਕਈ ਸਿਤਾਰਿਆਂ ਦੇ ਵਲੋਂ ਇੱਕ-ਦੂਜੇ ਨੂੰ ਦੇਖ ਕੇ ਮੂੰਹ ਫੇਰ ਲੈਣ ‘ਤੇ ਮੀਡੀਆ ਦੇ ਵਿੱਚ ਵੱਡੀਆਂ ਖਬਰਾਂ ਬਣ ਜਾਂਦੀਆਂ ਹਨ। ਬਾਲੀਵੁੱਡ ਦੀਆਂ ਕਈ ਹਸਤੀਆਂ ਦੇ ਆਪਸੀ ਰਿਸ਼ਤਿਆਂ ਅਤੇ ਉਹਨਾਂ ਵਲੋਂ ਦਿਖਾਈ ਗਈ ਦਰਿਆ-ਦਿਲੀ ਦੇ ਕਈ ਕਿੱਸੇ ਵੀ ਬਹੁਤ ਮਸ਼ਹੂਰ ਹਨ, ਜਿਹਨਾਂ ਦਾ ਜ਼ਿਕਰ ਇਥੇ ਕੀਤਾ ਜਾ ਰਿਹਾ ਹੈ।

ਕੈਟਰੀਨਾ ਕੈਫ ਅਤੇ ਕਰਨ ਜੌਹਰ ਦੀ ਦੋਸਤੀ ਨੂੰ ਲੈ ਕੇ ਬਹੁਤੀ ਚਰਚਾ ਨਹੀਂ ਹੈ ਪਰ ਦੋਵਾਂ ਦੀ ਦੋਸਤੀ ਚੰਗੀ ਹੈ। ਇਸ ਦੋਸਤੀ ਕਾਰਨ ਕੈਟਰੀਨਾ ਨੇ ਕਰਨ ਜੌਹਰ ਦੀ ਫਿਲਮ ਅਗਨੀਪਥ ਦੇ ਸੁਪਰਹਿੱਟ ਗੀਤ ਚਿਕਨੀ ਚਮੇਲੀ ‘ਚ ਇਕ ਆਈਟਮ ਗੀਤ ਕਰਨ ਦਾ ਕੋਈ ਖਰਚਾ ਨਹੀਂ ਲਿਆ ਪਰ ਜਦੋਂ ਇਹ ਗੀਤ ਸੁਪਰਹਿੱਟ ਹੋ ਗਿਆ ਤਾਂ ਕਰਨ ਜੌਹਰ ਨੇ ਖੁਸ਼ ਹੋ ਕੇ ਕੈਟਰੀਨਾ ਕੈਫ ਨੂੰ ਫੇਰਾਰੀ ਕਾਰ ਗਿਫਟ ਕੀਤੀ ਸੀ।

ਸਲਮਾਨ ਖਾਨ ਨੂੰ ‘ਯਾਰਾਂ ਦਾ ਯਾਰ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਕ ਸਮਾਂ ਸੀ ਜਦੋਂ ਸਲਮਾਨ ਖਾਨ ਕੋਲ ਪੈਸਿਆਂ ਦੀ ਕਮੀ ਸੀ ਅਤੇ ਉਹ ਬਾਲੀਵੁੱਡ ਵਿੱਚ ਸੰਘਰਸ਼ ਕਰ ਰਹੇ ਸਨ। ਇਕ ਦਿਨ ਜਦੋਂ ਸਲਮਾਨ ਖਾਨ ਕੱਪੜੇ ਲੈਣ ਲਈ ਦੁਕਾਨ ‘ਤੇ ਗਏ ਤਾਂ ਉਨ੍ਹਾਂ ਨੂੰ ਇਕ ਜ਼ੀਨ ਦੀ ਪੈਂਟ ਅਤੇ ਕਮੀਜ਼ ਪਸੰਦ ਆਈ ਪਰ ਇਹ ਬਹੁਤ ਮਹਿੰਗੀ ਸੀ। ਸਲਮਾਨ ਰੇਟ ਸੁਣ ਕੇ ਮਾਯੂਸ ਹੋ ਗਏ ਪਰ ਉੱਥੇ ਮੌਜੂਦ ਸਲਮਾਨ ਦੇ ਦੋਸਤ ਸੁਨੀਲ ਸ਼ੈੱਟੀ ਨੇ ਸਲਮਾਨ ਦੇ ਮਨ ਨੂੰ ਸਮਝ ਲਿਆ। ਸੁਨੀਲ ਸ਼ੈਟੀ ਦੀ ਕੱਪੜੇ ਦੀ ਦੁਕਾਨ ਹੁੰਦੀ ਸੀ। ਸੁਨੀਲ ਸ਼ੈਟੀ ਨੇ ਸਲਮਾਨ ਨੂੰ ਉਹ ਕਮੀਜ਼ ਤੇ ਪੈਂਟ ਗਿਫਟ ਕੀਤੀ। ਸੁਨੀਲ ਸ਼ੈਟੀ ਸਲਮਾਨ ਖਾਨ ਨੂੰ ਘਰ ਲੈ ਗਿਆ ਅਤੇ ਇੱਕ ਬਟੂਆ ਵੀ ਗਿਫਟ ਕੀਤਾ। ਫਿਰ ਸਲਮਾਨ ਸੁਪਰਸਟਾਰ ਬਣ ਗਏ ਪਰ ਸੁਨੀਲ ਸ਼ੈਟੀ ਨਾਲ ਦੋਸਤੀ ਅੱਜ ਵੀ ਕਾਇਮ ਹੈ।

ਰਾਜ ਕਪੂਰ ਆਪਣੀ ਫਿਲਮ ‘ਮੇਰਾ ਨਾਮ ਜੋਕਰ’ ਦੇ ਫਲਾਪ ਹੋਣ ਤੋਂ ਬਾਅਦ ਕਰਜ਼ੇ ‘ਚ ਡੁੱਬੇ ਹੋਏ ਸਨ ਅਤੇ ਅਜਿਹੇ ‘ਚ ਇਸ ਕਰਜ਼ੇ ਤੋਂ ਬਾਹਰ ਆਉਣ ਲਈ ਉਹ ਸਿਰਫ ਇਕ ਹਿੱਟ ਫਿਲਮ ਦੀ ਤਲਾਸ਼ ‘ਚ ਸੀ। ਕਰਜ਼ਾ ਚੁਕਾਉਣ ਲਈ ਰਾਜ ਕਪੂਰ ਨੇ ਆਪਣੇ ਛੋਟੇ ਪੁੱਤਰਾਂ ਰਿਸ਼ੀ ਕਪੂਰ ਅਤੇ ਡਿੰਪਲ ਕਪਾਡੀਆ ਨਾਲ ਫਿਲਮ ‘ਬੌਬੀ’ ਬਣਾਉਣ ਬਾਰੇ ਸੋਚਿਆ। ਇਸ ਫਿਲਮ ਨੂੰ ਬਣਾਉਣ ਲਈ ਰਾਜ ਕਪੂਰ ਨੇ ਆਪਣੀ ਪਤਨੀ ਦੇ ਗਹਿਣੇ ਅਤੇ ਜਾਇਦਾਦ ਗਿਰਵੀ ਰੱਖੀ ਹੋਈ ਸੀ। ਉਸ ਸਮੇਂ ਪ੍ਰਾਣ ਇੱਕ ਬਹੁਤ ਵੱਡੇ ਅਭਿਨੇਤਾ ਸਨ ਅਤੇ ਇੰਡਸਟਰੀ ਵਿੱਚ ਸਭ ਤੋਂ ਵੱਧ ਫੀਸ ਲੈਣ ਵਾਲੇ ਅਦਾਕਾਰ ਵੀ ਸਨ। ਫਿਲਮ ‘ਚ ਰਿਸ਼ੀ ਦੇ ਪਿਤਾ ਲਈ ਰਾਜ ਕਪੂਰ ਵੱਡੇ ਸਟਾਰ ਪ੍ਰਾਣ ਨੂੰ ਸਾਈਨ ਕਰਨ ਵਾਲੇ ਸਨ। ਇਕ ਦਿਨ ਰਾਜ ਕਪੂਰ ਪ੍ਰਾਣ ਦੇ ਘਰ ਗਿਆ ਅਤੇ ਉਸ ਨੂੰ ਫਿਲਮ ਵਿਚ ਕੰਮ ਕਰਨ ਲਈ ਕਿਹਾ। ਰਾਜ ਕਪੂਰ ਨੇ ਇਹ ਵੀ ਕਿਹਾ ਕਿ ਉਸ ਕੋਲ ਇਸ ਫਿਲਮ ਦੀ ਫੀਸ ਦੇਣ ਲਈ ਪੈਸੇ ਨਹੀਂ ਹਨ ਪਰ ਉਹ ਜਿੰਨੀ ਫੀਸ ਕਹਿਣਗੇ, ਉਸਨੂੰ ਦੇ ਦੇਣਗੇ। ਰਾਜ ਕਪੂਰ ਦੀ ਇਸ ਗੱਲ ਨੇ ਪ੍ਰਾਣ ਦਾ ਦਿਲ ਜਿੱਤ ਲਿਆ ਅਤੇ ਫਿਰ ਪ੍ਰਾਣ ਨੇ ਕਿਹਾ ਕਿ ਉਹ ਇਸ ਫਿਲਮ ‘ਚ ਕੰਮ ਕਰਨਗੇ ਅਤੇ ਇਕ ਰੁਪਿਆ ਲੈਣਗੇ। ਫਿਰ ਜਦੋਂ ਬੌਬੀ ਸੁਪਰਹਿੱਟ ਸਾਬਤ ਹੋਇਆ ਤਾਂ ਰਾਜ ਕਪੂਰ ਨੇ ਆਪਣੇ ਸਾਰੇ ਕਰਜ਼ੇ ਉਤਾਰ ਦਿੱਤੇ ਪਰ ਉਹ ਪ੍ਰਾਣ ਦੀ ਦੋਸਤੀ ਦੇ ਕਰਜ਼ਦਾਰ ਹੋ ਗਏ।

ਬਾਲੀਵੁੱਡ ਦੇ ਬਾਦਸ਼ਾਹ ਅਮਿਤਾਭ ਬੱਚਨ ਜਦੋਂ ਆਪਣੇ ਸੰਘਰਸ਼ਮਈ ਦੇ ਦਿਨਾਂ ਵਿੱਚ ਸਨ ਤਾਂ ਉਸ ਵੇਲੇ ਮਸ਼ਹੂਰ ਕਾਮੇਡੀਅਨ ਮਹਿਮੂਦ, ਇੱਕ ਜਾਣਿਆ-ਪਛਾਣਿਆ ਨਾਮ ਹੁੰਦਾ ਸੀ। ਅਮਿਤਾਭ ਨੂੰ ਫਿਲਮ ‘ਸਾਤ ਹਿੰਦੁਸਤਾਨੀ’ ‘ਚ ਕੰਮ ਕਰਨ ਦਾ ਮੌਕਾ ਮਿਲਿਆ ਪਰ ਇਹ ਫਿਲਮ ਫਲਾਪ ਸਾਬਤ ਹੋਈ। ਅਮਿਤਾਭ ਜਦੋਂ ਫਿਲਮਾਂ ‘ਚ ਕੰਮ ਦੀ ਤਲਾਸ਼ ‘ਚ ਜਾਂਦੇ ਸਨ ਤਾਂ ਉਨ੍ਹਾਂ ਨੂੰ ਆਪਣੇ ਲੰਬੇ ਕੱਦ ਕਰਦੇ ਤਾਅਨੇ-ਮਿਹਣੇ ਦਿੱਤੇ ਜਾਂਦੇ ਸਨ ਅਤੇ ਕਈ ਵਾਰ ਉਨ੍ਹਾਂ ਦੀ ਆਵਾਜ਼ ਨੂੰ ਲੈ ਕੇ ਤਾਅਨੇ ਵੀ ਸੁਣਨੇ ਪੈਂਦੇ ਸਨ। ਉਨ੍ਹਾਂ ਕੋਲ ਰਹਿਣ ਜਾਂ ਖਾਣ ਲਈ ਕੋਈ ਥਾਂ ਨਹੀਂ ਸੀ ਅਤੇ ਅਮਿਤਾਭ ਇਨਾਂ ਦਿਨਾਂ ਦੌਰਾਨ ਆਪਣੀ ਹੋ ਰਹੀ ਦੁਰਦਸ਼ਾ ਤੋਂ ਪ੍ਰੇਸ਼ਾਨ ਰਹਿੰਦੇ ਸਨ। ਇਸ ਸਭ ਤੋਂ ਦੁਖੀ ਹੋ ਕੇ ਅਮਿਤਾਭ ਨੇ ਮੁੰਬਈ ਛੱਡਣ ਦਾ ਫੈਸਲਾ ਕਰ ਲਿਆ। ਉਸ ਵਕਤ ਮਹਿਮੂਦ ਆਪਣੇ ਦੋਸਤ ਦੀ ਮਦਦ ਲਈ ਅੱਗੇ ਆਇਆ ਅਤੇ ਉਸ ਨੇ ਅਮਿਤਾਭ ਨੂੰ ਆਪਣੇ ਘਰ ਰੱਖਿਆ। ਇਸ ਦੇ ਨਾਲ ਹੀ ਮਹਿਮੂਦ ਨੇ ਅਮਿਤਾਭ ਨੂੰ ਫਿਲਮ ‘ਬਾਂਬੇ ਟੂ ਗੋਆ’ ਵਿੱਚ ਵੀ ਕੰਮ ਦਿੱਤਾ। ਇਸ ਫਿਲਮ ਨੇ ਅਮਿਤਾਭ ਨੂੰ ਇੰਡਸਟਰੀ ‘ਚ ਸਥਾਪਿਤ ਕੀਤਾ ਅਤੇ ਇਸ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ‘ਜ਼ੰਜੀਰ’ ਵਰਗੀਆਂ ਫਿਲਮਾਂ ‘ਚ ਸਾਈਨ ਕੀਤਾ ਗਿਆ ਅਤੇ ਅਮਿਤਾਭ ਸਦੀ ਦੇ ਸੁਪਰਹੀਰੋ ਬਣ ਗਏ।

ਕਪਿਲ ਸ਼ਰਮਾ ਸ਼ੋਅ ਵਿੱਚ ਇੱਕ ਵਾਰ ਅਰਚਨਾ ਅਤੇ ਜੈਕੀ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਇੱਕ ਕਿੱਸਾ ਸਾਂਝਾ ਕੀਤਾ ਸੀ। ਅਰਚਨਾ ਅਤੇ ਜੈਕੀ ਦੋਵੇਂ ਬਾਲੀਵੁੱਡ ‘ਚ ਸੰਘਰਸ਼ ਕਰ ਰਹੇ ਸਨ ਅਤੇ ਉਸ ਸਮੇਂ ਜੈਕੀ ਕੋਲ ਪੈਸੇ ਨਹੀਂ ਸਨ। ਜੈਕੀਂ ਬਹੁਤ ਪਰੇਸ਼ਾਨ ਰਹਿੰਦਾ ਸੀ ਤਾਂ ਉਸ ਦੀ ਦੋਸਤ ਅਰਚਨਾ ਨੇ ਉਸ ਦੀ ਮਦਦ ਕੀਤੀ। ਜੈਕੀ ਨੇ ਦੱਸਿਆ ਕਿ ਅਰਚਨਾ ਨੇ ਉਸ ਨੂੰ 5 ਵਾਰ ਲੋੜ ਪੈਣ ‘ਤੇ 100-100 ਰੁਪਏ ਦਿੱਤੇ ਸਨ। ਜੈਕੀ ਦਾ ਕਹਿਣਾ ਹੈ ਕਿ ਉਹ ਅਜੇ ਵੀ ਅਰਚਨਾ ਦਾ 500 ਰੁਪਏ ਦਾ ਕਰਜ਼ਦਾਰ ਹੈ।

ਵਿਨੋਦ ਖੰਨਾ ਅਤੇ ਫਿਰੋਜ਼ ਖਾਨ 1980 ‘ਚ ਆਈ ਫਿਲਮ ‘ਕੁਰਬਾਨੀ’ ਤੋਂ ਹੀ ਚੰਗੇ ਦੋਸਤ ਸਨ। ਇਹ ਫਿਲਮ ਫਿਰੋਜ਼ ਖਾਨ ਨੇ ਬਣਾਈ ਸੀ ਅਤੇ ਜਦੋਂ ਫਿਲਮ ਕੁਰਬਾਨੀ ਰਿਲੀਜ਼ ਹੋਈ ਤਾਂ ਇਹ ਬਲਾਕਬਸਟਰ ਸਾਬਤ ਹੋਈ। ਇਸ ਤੋਂ ਬਾਅਦ ਦੋਵਾਂ ਦੀ ਦੋਸਤੀ ਹੋਰ ਡੂੰਘੀ ਹੋ ਗਈ। ਫਿਰ ਇੱਕ ਦਿਨ ਵਿਨੋਦ ਖੰਨਾ ਸਭ ਕੁਝ ਛੱਡ ਕੇ ਓਸ਼ੋ ਦੇ ਆਸ਼ਰਮ ਵਿੱਚ ਚਲੇ ਗਏ ਅਤੇ ਉੱਥੇ ਕਈ ਸਾਲ ਰਹੇ। ਫਿਰ ਜਦੋਂ ਉਹ ਭਾਰਤ ਵਾਪਸ ਆਏ ਅਤੇ ਉਨ੍ਹਾਂ ਨੇ ਫਿਲਮਾਂ ਵਿੱਚ ਵਾਪਸ ਆਉਣ ਬਾਰੇ ਸੋਚਿਆ ਤਾਂ ਉਨ੍ਹਾਂ ਨੂੰ ਕੋਈ ਫਿਲਮ ਨਹੀਂ ਮਿਲ ਰਹੀ ਸੀ। ਅਜਿਹੇ ‘ਚ ਫਿਰੋਜ਼ ਖਾਨ ਨੇ ਆਪਣੇ ਦੋਸਤ ਵਿਨੋਦ ਖੰਨਾ ਲਈ ‘ਦਯਾਵਾਨ’ ਫਿਲਮ ਬਣਾਈ ਅਤੇ ਇਹ ਫਿਲਮ ਹਿੱਟ ਰਹੀ। ਫਿਰੋਜ਼ ਅਤੇ ਵਿਨੋਦ ਦੀ ਦੋਸਤੀ ਇੰਨੀ ਜਿਆਦਾ ਸੀ ਕਿ ਦੋਹਾਂ ਨੇ ਇਕ ਹੀ ਤਾਰੀਖ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਫਿਰੋਜ਼ ਖਾਨ ਦੀ ਮੌਤ 27 ਅਪ੍ਰੈਲ 2009 ਨੂੰ ਹੋਈ ਸੀ ਅਤੇ ਵਿਨੋਦ ਖੰਨਾ ਦੀ 27 ਅਪ੍ਰੈਲ 2017 ਨੂੰ ਮੌਤ ਹੋ ਗਈ ਸੀ ਜਦਕਿ ਦੋਵਾਂ ਦੀ ਮੌਤ ਦਾ ਕਾਰਨ ਵੀ ਕੈਂਸਰ ਸੀ।

Related posts

ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦਾ ਮਾਮਲਾ

editor

ਰਾਜਕੁਮਾਰ ਤੇ ਜਾਨ੍ਹਵੀ ਦੀ ‘ਮਿਸਟਰ ਐਂਡ ਮਿਸਿਜ ਮਾਹੀ’ ਦਾ ਟ੍ਰੇਲਰ ਰਿਲੀਜ਼

editor

ਹੀਰਾਮੰਡੀ ਦੀ ਕਾਮਯਾਬੀ ਪਾਰਟੀ ’ਚ ਪਹੁੰਚੀ ਸੋਨਾਕਸ਼ੀ ਸਿਨਹਾ, ਬਲੈਕ ਸ਼ਰਾਰਾ ਸੂਟ ’ਚ ਲੁੱਟੀ ਮਹਿਫ਼ਲ

editor