Articles Australia

ਕੀ ਸਤੰਬਰ ਤੋਂ ਤੇਲ ਦੀਆਂ ਕੀਮਤਾਂ ਮੁੜ ਅਸਮਾਨ ਨੂੰ ਛੋਹਣਗੀਆਂ?

ਆਸਟ੍ਰੇਲੀਅਨ ਮੋਟਰ ਗੱਡੀਆਂ ਦੇ ਚਾਲਕਾਂ ਨੂੰ ਪੈਟਰੋਲ ਦੀਆਂ ਕੀਮਤਾਂ 2 ਡਾਲਰ ਪ੍ਰਤੀ ਲਿਟਰ ਤੋਂ ਲੰਘ ਜਾਣ ਕਾਰਨ ਇਸ ਸਾਲ ਤੇਲ ਦੀ ਤਕਲੀਫ ਝੱਲਣੀ ਪੈ ਰਹੀ ਹੈ। ਇਹ ਕੀਮਤ ਡਰਾਈਵਰਾਂ ’ਤੇ ਵਿੱਤੀ ਦਬਾਅ ਘਟਾਉਣ ਲਈ ਪਿਛਲੀ ਫੈਡਰਲ ਸਰਕਾਰ ਵਲੋਂ ਮਾਰਚ ਮਹੀਨੇ ਬਾਲਣ ਐਕਸਾਈਜ਼ ਨੂੰ ਅੱਧਾ ਕਰਨ ਲਈ ਚੁੱਕੇ ਕਦਮ ਦੇ ਬਾਵਜੂਦ ਹੈ ਪਰ ਇਹ ਕਟੌਤੀ ਵੀ ਸਦਾ ਲਈ ਨਹੀਂ ਅਤੇ ਘਟਾਈਆਂ ਗਈਆਂ ਦਰਾਂ ਦਾ ਸਮਾਂ ਛੇਤੀ ਖਤਮ ਹੋਣ ਵਾਲਾ ਹੈ। ਜਦੋਂ ਲਗਪਗ ਤਿੰਨ ਮਹੀਨਿਆਂ ਨੂੰ ਡਰਾਈਵਰਾਂ ਨੂੰ ਪੂਰੀ ਐਕਸਾਈਜ਼ ਡਿਊਟੀ ਦਾ ਝਟਕਾ ਲੱਗੇਗਾ ਤਾਂ ਉਨ੍ਹਾਂ ਲਈ ਇਸ ਦਾ ਕੀ ਮਤਲਬ ਹੋਵੇਗਾ।

ਬਾਲਣ ਐਕਸਾਈਜ਼ ਕੀ ਹੈ?

ਹਰੇਕ ਵਾਰ ਜਦੋਂ ਆਸਟ੍ਰੇਲੀਅਨ ਪੈਟਰੋਲ ਦੀ ਖਰੀਦ ਕਰਦੇ ਹਨ ਤਾਂ ਉਹ ਫੰਡਾਂ ਦੇ ਪੂਲ ਵਿਚ ਯੋਗਦਾਨ ਪਾਉਂਦੇ ਹਨ ਜਿਸ ਨੂੰ ਫੈਡਰਲ ਸਰਕਾਰ ਸੜਕਾਂ ਤੇ ਬੁਨਿਆਦੀ ਢਾਂਚੇ ਲਈ ਵਰਤਦੀ ਹੈ। ਸੌਖੇ ਸ਼ਬਦਾਂ ਵਿੱਚ ਤੁਹਾਡੇ ਵਲੋਂ ਖਰੀਦੇ ਹਰੇਕ ਲਿਟਰ ਤੇਲ ’ਤੇ ਤੁਸੀਂ ਆਮ ਤੌਰ ’ਤੇ 44.2 ਸੈੱਟਸ ਟੈਕਸ ਅਦਾ ਕਰਦੇ ਹੋ। ਇਸੇ ਸਾਲ 30 ਮਾਰਚ ਨੂੰ ਐਕਸਾਈਜ਼ ਘਟਾ ਕੇ ਅੱਧੀ 22.1 ਸੈਂਟਸ ਪ੍ਰਤੀ ਲਿਟਰ ਕਰ ਦਿੱਤੀ ਗਈ ਸੀ।
ਮੌਰਿਸਨ ਸਰਕਾਰ ਨੇ ਬਾਲਣ ਐਕਸਾਈਜ਼ ਵਿਚ ਕਟੌਤੀ ਕਿਉਂ ਕੀਤੀ?

ਇਸ ਕਦਮ ਦਾ ਉਦੇਸ਼ ਰਹਿਣ ਸਹਿਣ ਦੀ ਲਾਗਤ ’ਤੇ ਦਬਾਅ ਘਟਾਉਣ ਲਈ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਦਾ ਮੁਕਾਬਲਾ ਕਰਨਾ ਸੀ। ਸਰਕਾਰ ਦਾ ਅਨੁਮਾਨ ਸੀ ਕਿ ਬਾਲਣ ਐਕਸਾਈਜ਼ ਵਿਚ ਕਟੌਤੀ ਨਾਲ ਦਰਮਿਆਨੇ ਆਕਾਰ ਦੀ ਕਾਰ ਵਾਲਾ ਡਰਾਈਵਰ ਜਦੋਂ ਤੇਲ ਪਵਾਏਗਾ ਤਾਂ ਉਸ ਦੇ ਔਸਤਨ ਲਗਪਗ 13 ਡਾਲਰ ਬਚਣਗੇ ਜਦਕਿ ਜ਼ਿਆਦਾ ਮੋਟਰ ਗੱਡੀਆਂ ਵਾਲੇ ਕਾਰੋਬਾਰਾਂ ਨੂੰ ਹਜ਼ਾਰਾਂ ਡਾਲਰ ਬੱਚਤ ਹੋਣ ਦੀ ਆਸ ਸੀ। ਉਸ ਸਮੇਂ ਖਜ਼ਾਨਾ ਮੰਤਰੀ ਜੋਸ਼ ਫ੍ਰਾਇਡਰਬਰਗ ਨੇ ਕਿਹਾ ਸੀ ਕਿ ਕੰਪੀਟੀਸ਼ਨ ਵਾਚਡੌਗ ਇਹ ਯਕੀਨੀ ਬਣਾਉਣ ਲਈ ਰਿਟੇਲਰਾਂ ’ਤੇ ਨਜ਼ਰ ਰੱਖੇਗਾ ਕਿ ਬੱਚਤਾਂ ਪੂਰੀ ਤਰ੍ਹਾਂ ਮੋਟਰ ਗੱਡੀਆਂ ਦੇ ਚਾਲਕਾਂ ਤੱਕ ਪਹੁੰਚਣ। ਉਸ ਨੇ ਕਿਹਾ ਕਿ ਇਹ ਬਾਲਣ ਐਕਸਾਈਜ਼ ਵਿਚ ਇਹ ਆਰਜ਼ੀ ਕਟੌਤੀ ਰੋਡ ਫੰਡਿੰਗ ਦੀ ਕੀਮਤ ’ਤੇ ਨਹੀਂ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਾਲ ਵਿਚ ਰੋਡ ਫੰਡਿੰਗ ਤੋਂ 12 ਅਰਬ ਡਾਲਰ ਤੋਂ ਵੀ ਜ਼ਿਆਦਾ ਖਰਚ ਕੀਤੇ ਜਾਣਗੇ।

ਕਟੌਤੀ ਕਦੋਂ ਤੱਕ ਲਾਗੂ ਕੀਤੀ ਗਈ ਸੀ?

ਹਵਾਬਾਜ਼ੀ ਈਂਧਨਾਂ ਨੂੰ ਛੱਡ ਕੇ ਪੈਟਰੋਲ, ਡੀਜ਼ਲ ਤੇ ਦੂਸਰੇ ਸਾਰੇ ਬਾਲਣ ਅਤੇ ਪੈਟਰੋਲੀਅਮ ਆਧਾਰਤ ਪਦਾਰਥਾਂ ’ਤੇ ਐਕਸਾਈਜ਼ 30 ਮਾਰਚ ਰਾਤ 12:01 ਵਜੇ 6 ਮਹੀਨਿਆਂ ਲਈ ਅੱਧੀ ਕੀਤੀ ਗਈ ਸੀ। ਇਸ ਕਟੌਤੀ ਨੇ ਹੁਣ ਤੱਕ ਲਗਪਗ ਤਿੰਨ ਮਹੀਨਿਆਂ ਲਈ ਕੁੱਝ ਰਾਹਤ ਪ੍ਰਦਾਨ ਕੀਤੀ ਹੈ ਅਤੇ 28 ਸਤੰਬਰ ਤੋਂ 44.2 ਸੈਂਟਸ ਦੇ ਪੂਰੇ ਟੈਕਸ ਦਾ ਭੁਗਤਾਨ ਕਰਨਾ ਪਵੇਗਾ। ਉਸ ਸਮੇਂ ਫ੍ਰਾਇਡਨਬਰਗ ਨੇ ਆਸ ਕੀਤੀ ਸੀ ਕਿ ਕੱਚੇ ਤੇਲ ਦੀ ਕੀਮਤ ਪ੍ਰਤੀ ਬੈਰਲ ਘੱਟ ਕੇ 100 ਅਮਰੀਕੀ ਡਾਲਰ ’ਤੇ ਆ ਜਾਵੇਗੀ। ਜਦੋਂ ਇਹ ਕਟੌਤੀ ਲਾਗੂ ਕੀਤੀ ਸੀ ਤਾਂ ਉਸ ਸਮੇਂ ਕੱਚੇ ਤੇਲ ਦੀ ਕੀਮਤ 115 ਤੋਂ 120 ਅਮਰੀਕੀ ਡਾਲਰ ਪ੍ਰਤੀ ਬੈਰਲ ਸੀ।

ਪੂਰੀ ਐਕਸਾਈਜ਼ ਕਦੋਂ ਵਾਪਸ ਆਵੇਗੀ?

ਅਫਸੋਸ ਨਾਲ ਡਰਾਈਵਰ 29 ਸਤੰਬਰ ਤੋਂ ਪੈਟਰੋਲ ਦੀਆਂ ਕੀਮਤਾਂ ਵਿਚ ਉਛਾਲ ਦੀ ਆਸ ਕਰ ਸਕਦੇ ਹਨ। ਲੇਬਰ ਪਾਰਟੀ ਨੇ ਬਾਲਣ ਐਕਸਾਈਜ਼ ਘਟਾਉਣ ਦੇ ਮੌਰਿਸਨ ਸਰਕਾਰ ਦੇ ਫ਼ੈਸਲੇ ਦਾ ਸਮਰਥਨ ਕੀਤਾ ਸੀ ਪਰ ਚੋਣਾਂ ਤੱਕ ਦੋਵੇਂ ਧਿਰਾਂ ਇਸ ਗੱਲ ’ਤੇ ਜ਼ੋਰ ਦਿੰਦੀਆਂ ਰਹੀਆਂ। ਇਹ ਉਪਾਅ ਸਿਰਫ 6 ਮਹੀਨੇ ਲਈ ਹੈ ਅਤੇ ਸਤੰਬਰ ਵਿਚ ਮੁਕੰਮਲ ਟੈਕਸ ਫਿਰ ਤੋਂ ਲਾਗੂ ਹੋ ਜਾਵੇਗਾ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇਸ ਸੁਨੇਹੇ ਨੂੰ ਮੁੜ ਦੁਹਰਾਇਆ ਹੈ ਕਿ ਦੋਵੇਂ ਧਿਰਾਂ ਦੀ ਕਟੌਤੀ ਨੂੰ ਭਵਿੱਖ ਵਿਚ ਅੱਗੇ ਵਧਾਉਣ ਦੀ ਕੋਈ ਯੋਜਨਾ ਨਹੀਂ ਸੀ। ਇਹ ਉਸ ਤਰ੍ਹਾਂ ਦੇ ਹਾਲਤ ਹਨ ਜਿਨ੍ਹਾਂ ਨਾਲ ਸਾਨੂੰ ਨਜਿੱਠਣਾ ਪੈਣਾ ਹੈ। ਐਲਬਨੀਜ਼ ਨੇ ਕਿਹਾ ਕਿ ਜੋ ਕੁੱਝ ਅਸੀਂ ਕਰਨਾ ਚਾਹੁੰਦੇ ਹਾਂ ਉਹ ਕਰ ਨਹੀਂ ਸਕਦੇ।

ਇਸ ਗੱਲ ਦੀ ਸੰਭਾਵਨਾ ਹੈ ਕਿ ਤੁਸੀਂ ਅਜੇ ਵੀ ਪੈਟਰੋਲ ਦੀਆਂ ਉੱਚੀਆਂ ਕੀਮਤਾਂ ਦੀ ਤਕਲੀਫ ਮਹਿਸੂਸ ਕਰ ਰਹੇ ਹੋ। ਆਸਟ੍ਰੇਲੀਅਨ ਇੰਸਟੀਚਿਊਟ ਆਫ ਪੈਟਰੋਲੀਅਮ ਤੋਂ ਪ੍ਰਾਪਤ ਤਾਜ਼ਾ ਡਾਟਾ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਹਫਤੇ ਆਸਟ੍ਰੇਲੀਅਨ ਡਰਾਈਵਰਾਂ ਨੇ 2.11 ਡਾਲਰ ਪ੍ਰਤੀ ਲਿਟਰ ਪੈਸੇ ਅਦਾ ਕੀਤੇ ਹਨ। ਜੇਕਰ ਕੀਮਤਾਂ ਇਸੇ ਤਰ੍ਹਾਂ ਰਹਿੰਦੀਆਂ ਹਨ ਤਾਂ ਜਦੋਂ ਸਤੰਬਰ ਵਿਚ ਮੁਕੰਮਲ ਐਕਸਾਈਜ਼ ਦਾ ਝਟਕਾ ਲੱਗੇਗਾ ਤਾਂ ਪ੍ਰਤੀ ਲਿਟਰ 2.50 ਡਾਲਰ ਦੇ ਕਰੀਬ ਪੈਸੇ ਅਦਾ ਕਰਨੇ ਪੈ ਸਕਦੇ ਹਨ।

Related posts

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਦੋ ਹਰਿਆਣਵੀ ਭਰਾ ਗ੍ਰਿਫ਼ਤਾਰ

editor

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਨਿਯਮਾਂ ’ਚ ਕੀਤੀ ਸਖ਼ਤੀ

editor

ਕੀ ਆਸਟ੍ਰੇਲੀਆ ਨੇ ਦੋ ਭਾਰਤੀ ਜਾਸੂਸਾਂ ਨੂੰ ਕੱਢਿਆ ਸੀ ਦੇਸ਼ ’ਚੋਂ ਬਾਹਰ?

editor