Articles Culture

 ਅਲੋਪ ਹੋ ਗਿਆ ਬਲਦਾ ਨਾਲ ਗੰਨੇ ਦੇ ਰਸ ਕੱਢਨ ਵਾਲਾ ਵੇਲਣਾ

ਜਦੋਂ ਅਸੀਂ ਛੋਟੇ ਸੀ। ਖੇਤੀ ਦਾ ਹਰ ਕੰਮ ਹੱਥੀ ਕਰਦੇ ਸੀ। ਹੱਲ ਵਾਹ ਕੇ ਪੈਲੀ ਬਣਾ, ਹਾੜੀ ਦੀ ਫਸਲ ਬੀਜਨ, ਵੱਡਨ, ਗਹੁਣ  ਤੱਕ  ਬੋਹਲ਼ ਤੇ  ਤੂੜੀ ਸਾਭਨ ਤੱਕ ਹੱਥੀ ਕੀਤਾ ਜਾਂਦਾ ਸੀ। ਅਸੀਂ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਿੱਚ ਖੂਹ ਜੋਕੇ ਬਰਫ਼ੀਲੇ ਪਾਣੀ ਵਿੱਚ ਕਿਆਰੇ ਭਰ, ਨੱਕੇ ਮੋੜਨੇ, ਭਾਦਰੋਂ ਦੇ ਮਹੀਨੇ ਦੀ ਗਰਮੀ ਵਿੱਚ ਕੱਦੂ ਕਰਣੇ, ਸੜਦੇ ਪਾਣੀ ਵਿੱਚ ਝੋਨਾ ਲਾਉਣਾ, ਗੋਡੀ ਕਰਨੀ, ਨਿੰਦਨ ਕੱਢਨਾਂ, ਮੈ ਉਹਨਾਂ ਖੇਤੀ ਸੰਧਾਂ ਦਾ ਜ਼ਿਕਰ ਕਰ ਰਿਹਾ ਹਾਂ ਜਿਸ ਤੋ ਹੁਣ ਦੀ ਨੋਜਵਾਨ ਪੀੜੀ ਬਿਲਕੁਲ ਅਨਜਾਨ ਹੈ। ਹੱਲ, ਪੰਜਾਲ਼ੀ, ਜੰਗੀ ,ਅਰਲੀ, ਫਾਲ਼ਾ, ਵਾਡੀ, ਬੇੜ ,ਖੱਬਲ਼, ਖਲਵਾੜਾ, ਫਲੇ, ਧੜ, ਤੰਗਲ਼ੀ, ਸਾਂਘਾ, ਛੱਜ, ਛੱਜਲੀ, ਬੋਹਲ਼, ਮੂਸਲ, ਕੁੱਪ, ਸੁਹਾਗਾ, ਗੱਡਾ, ਹੱਥ ਵਾਲਾ ਟੋਕਾ, ਪੱਠੇ ਕੁਤਰਨ ਵਾਲਾ ਟੋਕਾ, ਦਾਤਰੀ, ਰੰਬਾ, ਕਹੀ, ਟਿੰਡਾਂ ਵਾਲੇ ਖੂਹ, ਗੋਪੀਆ, ਗ਼ੁਲੇਲੇ, ਛੱਪੜ, ਖਾਲ, ਖਰਾਸ  ਆਦਿ ਜੋ ਅਲੋਪ ਹੋ ਗਏ ਹਨ।
ਇੱਥੇ ਮੈਂ ਗੱਲ ਗੰਨੇ ਦੀ ਰੌਂਅ,ਰਸ ਕੱਢਨ ਵਾਲੇ ਵੇਲਨੇ ਦੀ ਕਰ ਰਿਹਾਂ ਹਾਂ। ਜੋ ਟਾਂਵੇ ਟਾਂਵੇ ਰਹਿ ਗਏ ਹਨ। ਸ਼ੜਕਾ ਕਿਨਾਰੇ ਜ਼ਰੂਰ ਪਰਵਾਸੀਆਂ ਵੱਲੋਂ ਲਗਾਏ ਵੇਲਨੇ ਨਜ਼ਰ ਆਉਂਦੇ ਹਨ। ਜੋ ਮਸ਼ੀਨਰੀ ਮਾਲ ਚੱਲਦੇ ਹਨ। ਕਿਸਾਨ ਸੁਖਰੈਨੇ ਹੋਣ ਕਾਰਨ ਗੰਨਾ ਖੰਡ ਮਿੱਲਾਂ ਵਿੱਚ ਲੈ ਜਾਂਦੇ ਹਨ। ਕਮਾਦ ਵੱਡ, ਗੰਨੇ ਦੀ ਖੋਰੀ ਲਾ ਛਿੱਲ ਲਏ ਜਾਂਦੇ ਸੀ।ਬਲਦਾ ਨਾਲ ਵੇਲਨੇ ਨੂੰ ਜੋ ਕੇ ਗੰਨੇ ਦਾ ਰਸ ਕੱਢਿਆ ਜਾਂਦਾ ਸੀ। ਫਿਰ ਗੰਨੇ ਦਾ ਰਸ ਕੜਾਹ ਵਿੱਚ ਪਾਕੇ ਚੁੰਭੇ ਤੇ ਰੱਖ ਹੇਠਾਂ ਚੂਰਾ, ਸਮਿਟੀਆਂ ਪੱਛੀਆਂ, ਨਾਲ ਅੱਗ ਬਾਲ ਉਬਾਲਿਆਂ ਜਾਂਦਾ ਸੀ। ਜਦੋਂ ਰਸ ਗਾੜੀ ਹੋਕੇ ਗੁੜ ਦਾ ਰੂਪ ਧਾਰਨ ਕਰ ਲੈਂਦਾ ਸੀ। ਪੱਤ ਤਿਆਰ ਹੋ ਜਾਦੀ ਸੀ। ਕੜਾਹੇ ਵਿੱਚੋਂ ਗੁੜ ਗੰਡ ਵਿੱਚ ਪਾ ਗੁੜ ਦੀਆਂ ਰੋੜੀਆਂ ਜਾਂ ਪੇਸੀਆ ਵੱਟ ਲਈਆ ਜਾਦੀਆ ਸਨ। ਤੱਤਾ ਤੱਤਾ ਗੁੜ ਖਾਂਦੇ ਸੀ।ਬਿਨਾ ਕਿਸੇ ਭੇਤ ਭਾਵ ਤੋਂ ਜੋ ਵੀ ਆ ਜਾਂਦਾ ਸੀ ਗੁੜ ਖਾ ਲੈਂਦਾ ਸੀ। ਭਾਈਚਾਰਕ ਸਾਂਝ ਬਣੀ ਰਹਿੰਦੀ ਸੀ। ਹੁਣ ਸਮੇ ਨੇ ਤਰੱਕੀ ਕਰ ਲਈ ਹੈ। ਹਰ ਚੀਜ਼ ਮਸ਼ੀਨਰੀ ਨਾਲ ਚਲਦੀ ਹੈ। ਨੋਜਵਾਨ ਪੀੜੀ ਆਪਣੇ ਪੁਰਖਿਆਂ ਦੀ ਮਿਹਨਤ ਤੋਂ ਬਿਲਕੁਲ ਅਨਜਾਨ ਹੈ। ਲੋੜ ਹੈ ਇਹਨਾ ਨੂੰ ਜਾਗਰੂਕ ਕਰਣ ਦੀ।

– ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸ਼ਨ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin