Articles

ਕਿਵੇਂ ਬਣੀਏ ਸਫਲ ਤੇ ਨਿਪੁੰਨ ਸਟੈਨੋਗ੍ਰਾਫਰ?

ਲੇਖਕ:ਇੰਸ. ਗੁਰਪ੍ਰੀਤ ਸਿੰਘ ਚੰਬਲ ਜ਼ਿਲ੍ਹਾ ਸੈਨਿਕ ਬੋਰਡ, ਪਟਿਆਲਾ

ਹਰ ਸਾਲ ਕਾਮਯਾਬੀ ਦੀ ਪੌੜੀ ਸਰ ਕਰਨ ਲਈ ਸਿੱਖਿਆਰਥੀ ਵਰਗ ਆਪਣੀ ਰੁਚੀ ਮੁਤਾਬਿਕ ਵੱਖ-ਵੱਖ ਕੋਰਸਾਂ ਵਿੱਚ ਸਕੂਲਾਂ-ਕਾਲਜਾਂ ਯੂਨੀਵਰਸਿਟੀਆਂ ਅਤੇ ਇੰਸਟੀਚਿਊਟਾਂ ਵਿੱਚ ਦਾਖਲਾ ਲੈਂਦੇ ਹਨ। ਇਹ ਕੋਰਸ ਵੱਖ-ਵੱਖ ਖੇਤਰਾਂ ਨਾਲ ਸਬੰਧਤ ਹੁੰਦੇ ਹਨ ਜਿਨ੍ਹਾਂ ਵਿੱਚ ਮੁਹਾਰਤ ਹਾਸਲ ਕਰਕੇ ਸਿਖਿਆਰਥੀ ਰੁਜ਼ਗਾਰ ਪ੍ਰਾਪਤ ਕਰਨ ਲਈ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿੱਚ ਨਿਰੰਤਰ ਪ੍ਰਯਤਨ ਕਰਦੇ ਰਹਿੰਦੇ ਹਨ। ਪੜ੍ਹਾਈ ਜਾਂ ਕੋਰਸ ਕਰਨ ਉਪਰੰਤ ਕੁਝ ਕੁ ਸਿੱਖਿਆਰਥੀ ਆਪਣੇ ਪੱਧਰ ਤੇ ਪ੍ਰਾਈਵੇਟ ਇੰਸਟੀਚਿਊਟਾਂ ਵਿੱਚ ਸਿਖਲਾਈ ਦੇਣ ਲੱਗ ਜਾਂਦੇ ਹਨ ਜਿਸ ਨਾਲ ਉਨ੍ਹਾਂ ਦਾ ਰੁਜ਼ਗਾਰ ਵੀ ਚੱਲ ਪੈਂਦਾ ਹੈ ਅਤੇ ਵਿੱਦਿਆ ਦੇ ਖੇਤਰ ਵਿੱਚ ਉਨ੍ਹਾਂ ਦੀ ਸੇਵਾ ਵੀ ਜਾਰੀ ਰਹਿੰਦੀ ਹੈ। ਵੋਕੇਸ਼ਨਲ ਕੋਰਸਾਂ ਦੀ ਗੱਲ ਕਰੀਏ ਤਾਂ ਇੱਕ ਵੋਕੇਸ਼ਨਲ ਕੋਰਸ ਸਟੈਨੋਗ੍ਰਾਫੀ ਹੈ। ਸਟੈਨੋਗ੍ਰਾਫੀ ਕੋਰਸ ਨੂੰ ਅਕਸਰ ਹੀ ਸਿਆਣੇ ਅਤੇ ਸੂਝਵਾਨ ਵਿਚਾਰਵਾਨਾਂ ਵਲੋਂ ‘ਕਰਤੇ ਦੀ ਵਿੱਦਿਆਦਾ ਨਾਂ ਦਿੱਤਾ ਗਿਆ ਹੈ ਇਸ ਦਾ ਮਤਲਬ ਇਹ ਹੈ ਕਿ ਜਿਹੜਾ ਸਿੱਖਿਆਰਥੀ ਸਟੈਨੋਗ੍ਰਾਫੀ ਦੇ ਕੋਰਸ ਨਾਲ ਸਬੰਧ ਰੱਖਦਾ ਹੈ ਉਸ ਨੂੰ ਇਸ ਦਾ ਅਭਿਆਸ ਬਿਨਾਂ ਨਾਂਗੇ ਤੋਂ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈ। ਇਹ ਇੱਕ ਅਜਿਹੀ ਲਿਖਣ ਕਲਾ ਹੈ ਜਿਸ ਵਿੱਚ ਵਿਸ਼ਰਾਮ ਜਾਂ ਠਹਿਰਾਓ ਦੀ ਸਥਿਤੀ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਸਟੈਨੋਗ੍ਰਾਫੀ ਨੂੰ ਪੰਜਾਬੀ ਵਿੱਚ ‘ਸੰਕੇਤ-ਲਿਪੀ’ ਕਿਹਾ ਜਾਂਦਾ ਹੈ ਕਿਉਂਕਿ ਇਹ ਕਿਸੇ ਵੀ ਭਾਸ਼ਾ ਦੇ ਅੱਖਰਾਂ ਜਾਂ ਸਵਰਾਂ ਨੂੰ ਵਿਸ਼ੇਸ਼ ਚਿੰਨ੍ਹਾਂ/ਸੰਕੇਤਾਂ ਰਾਹੀਂ ਦਰਸਾਉਂਦੀ ਹੈ। ਪੰਜਾਬੀ ਸਟੈਨੋਗ੍ਰਾਫੀ ਦਾ ਕੋਰਸ ਪੰਜਾਬ ਦੇ ਬਹੁਤ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਕਰਵਾਇਆ ਜਾਂਦਾ ਹੈ ਅਤੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਿਆਰਥੀ ਇਸ ਵਿਸ਼ੇ ਦੀ ਸਿਖਲਾਈ ਪ੍ਰਾਪਤ ਕਰਕੇ ਨੌਕਰੀ ਹਾਸਲ ਕਰਦੇ ਹਨ। ਕੁਝ ਕੁ ਸਿੱਖਿਆਰਥੀ ਆਪਣੇ ਪੱਧਰ ਤੇ ਪ੍ਰਾਈਵੇਟ ਇੰਸਟੀਚਿਊਟਾਂ ਵਿੱਚ ਸਟੈਨੋਗ੍ਰਾਫੀ ਦੀ ਸਿਖਲਾਈ ਦੇਣ ਲੱਗ ਜਾਂਦੇ ਹਨ। ਸੰਕੇਤ-ਲਿਪੀ ਧੁਨੀਆਤਮਕ ਪ੍ਰਣਾਲੀ ਦੇ ਆਧਾਰ ਤੇ ਘੜੀ ਗਈ ਲਿਪੀ ਹੈ। ਵਿਲੀਅਮ ਟਿਫਿਨ ਨੇ ਸੰਸਾਰ ਵਿੱਚ ਸਭ ਤੋਂ ਪਹਿਲਾਂ ਧੁਨੀਆਤਮਕ ਪ੍ਰਣਾਲੀ ਦਾ ਪ੍ਰਯੋਗ ਕੀਤਾ।

ਕਿਸੇ ਵੀ ਵਿਸ਼ੇ ਦੀ ਪੜ੍ਹਾਈ ਹੋਵੇ ਜਾਂ ਫਿਰ ਕਿਸੇ ਕੋਰਸ ਦੀ ਸਿਖਲਾਈ ਹੋਵੇ ਜਿੰਨੀ ਦੇਰ ਸਿਖਿਆਰਥੀ ਸਬੰਧਤ ਵਿਸ਼ੇ ਵਿੱਚ ਪੂਰੀ ਤਰ੍ਹਾਂ ਨਿਪੁੰਨਤਾ ਹਾਸਲ ਨਹੀਂ ਕਰ ਲੈਂਦਾ ਓਨੀ ਦੇਰ ਤੱਕ ਉਹ ਸਫਲਤਾ ਹਾਸਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜੇ ਸਟੈਨੋਗ੍ਰਾਫੀ ਦੇ ਖੇਤਰ ਵਿੱਚ ਰੁਜ਼ਗਾਰ ਹਾਸਲ ਕਰਨਾ ਹੈ ਤਾਂ ਸਾਨੂੰ ਸਟੈਨੋਗ੍ਰਾਫੀ ਦੇ ਵਿਸ਼ੇ ਵਿੱਚ ਵਿਸ਼ੇਸ਼ ਮੁਹਾਰਤ ਹਾਸਿਲ ਕਰਨੀ ਪਵੇਗੀ। ਇਸ ਕੋਰਸ ਵਿੱਚ ਉਸੇ ਸਿੱਖਿਆਰਥੀ ਨੂੰ ਦਾਖਲਾ ਲੈਣਾ ਚਾਹੀਦਾ ਹੈ ਜਿਸ ਨੂੰ ਕੋਰਸ ਦੀ ਸਬੰਧਤ ਭਾਸ਼ਾ ਅਤੇ ਉਸ ਦੇ ਵਿਆਕਰਨਕ ਨਿਯਮਾਂ ਦਾ ਡੂੰਘਾ ਗਿਆਨ ਤੇ ਭਾਸ਼ਾਈ ਸ਼ਬਦਾਵਲੀ ਵਿੱਚ ਪਕੜ ਮਜ਼ਬੂਤ ਹੋਵੇ। ਸਟੈਨੋਗ੍ਰਾਫੀ ਦਾ ਕੋਰਸ ਕਰਨ ਵਾਲੇ ਸਿੱਖਿਆਰਥੀਆਂ ਨੂੰ ਪ੍ਰਤੀ ਦਿਨ ਘੱਟੋ-ਘੱਟ ਪੰਜ-ਸੱਤ ਘੰਟੇ ਅਭਿਆਸ ਕਰਨਾ ਚਾਹੀਦਾ ਹੈ। ਇਕਾਗਰਤਾ, ਸੰਜਮ, ਰੋਜ਼ਾਨਾ ਅਭਿਆਸ, ਭਾਸ਼ਾ ਦਾ ਉਚੇਰਾ ਗਿਆਨ, ਸ਼ਬਦ ਚਿੰਨਾਂ ਦਾ ਲੋੜੀਂਦਾ ਗਿਆਨ, ਲਿਖਣ ਕਲਾ ਵਿੱਚ ਨਿਪੁੰਨਤਾ ਆਦਿਕ ਗੁਣਾਂ ਦਾ ਧਾਰਨੀ ਸਿੱਖਿਆਰਥੀ ਹੀ ਸਟੈਨੋਗ੍ਰਾਫੀ ਦੇ ਕੋਰਸ ਵਿੱਚ ਵਿਸ਼ੇਸ ਮੁਹਾਰਤ ਹਾਸਲ ਕਰ ਸਕਦਾ ਹੈ। ਜੇਕਰ ਅਸੀਂ ਇੱਥੇ ਪੰਜਾਬੀ ਭਾਸ਼ਾ ਦੀ ਸੰਕੇਤ-ਲਿੱਪੀ ਸਿੱਖਣ ਦੀ ਗੱਲ ਕਰੀਏ ਤਾਂ ਸਿੱਖਿਆਰਥੀ ਵਿੱਚ ਸਭ ਤੋਂ ਪਹਿਲਾ ਗੁਣ ਇਹ ਹੋਣਾ ਚਾਹੀਦਾ ਹੈ ਕਿ ਸਬੰਧਤ ਭਾਸ਼ਾ ਦਾ ਬਰੀਕੀ ਗਿਆਨ ਜ਼ਰੂਰ ਹੋਵੇ ਕਿਉਂਕਿ ਇਸ ਵਿੱਚ ਜੋ ਕੁਝ ਵੀ ਅਭਿਆਸ ਬੋਲਣ ਵਾਲੇ ਦੁਆਰਾ ਬੋਲਿਆ ਜਾਂਦਾ ਹੈ ਉਸ ਨੂੰ ਸੰਕੇਤਕ ਰੂਪ ਵਿੱਚ ਲਿਖ ਕੇ ਬਾਅਦ ਵਿੱਚ ਉਸ ਦਾ ਸਬੰਧਤ ਭਾਸ਼ਾ ਵਿੱਚ ਲਿੱਪੀਅੰਤਰਣ ਕੀਤਾ ਜਾਂਦਾ ਹੈ।

ਇਕਾਗਰਚਿੱਤ ਹੋ ਕੇ ਕੀਤਾ ਕੋਈ ਵੀ ਕੰਮ ਹੋਵੇ ਸਫਲਤਾਪੂਰਵਕ ਉਸ ਨੂੰ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਸੰਕੇਤ ਲਿਪੀ ਹੱਥ ਨਾਲ ਕੀਤਾ ਜਾਣ ਵਾਲਾ ਕੰਮ ਹੋਣ ਕਰਕੇ ਇਸ ਵਿੱਚ ਮਨ ਅਤੇ ਦਿਮਾਗ ਇੱਕਸੁਰਤ ਹੋਣਾ ਚਾਹੀਦਾ ਹੈ ਤਾਂ ਕਿ ਲਿਖਣ ਵਾਲੇ ਦੀ ਸੁਰਤੀ ਸਿੱਧੀ ਬੋਲਣ ਵਾਲੇ ਨਾਲ ਜੁੜ ਜਾਵੇ। ਇਸ ਦੇ ਨਾਲ ਹੀ ਸੰਕੇਤ-ਲਿਪੀ ਸਿੱਖਣ ਵੇਲੇ ਅਤੇ ਇਸ ਦਾ ਨਿਰੰਤਰ ਅਭਿਆਸ ਕਰਦੇ ਸਮੇਂ ਸਾਨੂੰ ਆਪਣੇ ਬੈਠਣ ਦੇ ਤੌਰ ਤਰੀਕਿਆਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ  ਲੋੜ ਹੈ। ਬੈਠਣ ਲਈ ਹਮੇਸ਼ਾ ਕੁਰਸੀ ਜਾਂ ਸਟੂਲ ਦਾ ਇਸਤੇਮਾਲ ਕਰੋ। ਕੁਰਸੀ ਅਤੇ ਸਟੂਲ ਦਾ ਆਪਸੀ ਅੰਤਰ ਅਜਿਹਾ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਡਿਕਟੇਸ਼ਨ ਲਿਖਦੇ ਸਮੇਂ ਬੈਠਣ ਵੇਲੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ। ਇਸ ਤੋਂ ਇਲਾਵਾ ਇਹ ਵੀ ਖਿਆਲ ਰੱਖੋ ਕਿ ਜਦੋਂ ਤੁਸੀ ਡਿਕਟੇਸ਼ਨ ਲਿਖਦੇ ਹੋ ਤਾਂ ਤੁਹਾਡੇ ਆਲੇ-ਦੁਆਲੇ ਕਿਸੇ ਪ੍ਰਕਾਰ ਦੀ ਕੋਈ ਕਰਕਸ਼ ਭਰੀ ਆਵਾਜ਼ ਜਾਂ ਕੋਈ ਰੌਲ-ਰੱਪਾ ਨਾ ਪੈਂਦਾ ਹੋਵੇ ਅਤੇ ਡਿਕਟੇਸ਼ਨ ਆਮ ਕਰਕੇ ਸਵੇਰੇ ਸਵੱਖਤੇ ਵੇਲੇ ਕਰੋ ਕਿਉਂਕਿ ਉਸ ਵੇਲੇ ਹਰ ਪਾਸੇ ਵਾਤਾਵਰਣਕ ਮਾਹੌਲ ਹਰ ਪਾਸੋਂ ਸਾਜ਼ਗਾਰ ਅਤੇ ਖੁਸ਼ਨੁਮਾ ਹੁੰਦਾ ਹੈ। ਵੈਸੇ ਵੀ ਸਿਆਣਿਆਂ ਦਾ ਕਥਨ ਹੈ ਕਿ ਜੇਕਰ ਕੋਈ ਵੀ ਕੰਮ ਸਿੱਖਣਾ ਹੋਵੇ ਜਾਂ ਉਸ ਵਿੱਚ ਨਿਪੁੰਨ ਹੋਣਾ ਹੋਵੇ ਤਾਂ ਉਸ ਨੂੰ ਸਵੇਰੇ ਤੜਕੇ ਉੱਠ ਕੇ ਨੇਮ ਨਾਲ ਕਰਨਾ ਚਾਹੀਦਾ ਹੈ।

ਬੈਠਣ ਦੇ ਨਾਲ-ਨਾਲ ਸਟੈਨੋਗ੍ਰਾਫੀ ਸਿੱਖਣ ਲਈ ਲੋੜੀਂਦੇ ਸਾਜੋ-ਸਮਾਨ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।ਸਭ ਤੋਂ ਪਹਿਲਾਂ ਲੋੜੀਂਦੇ ਸਾਜੋ-ਸਮਾਨ ਵਿੱਚ ਸੰਕੇਤ-ਲਿਪੀ ਲਿਖਣ ਵਾਲੀ ਕਾਪੀ, ਪੈਨਸਿਲ, ਸ਼ਾਰਪਨਰ ਅਤੇ ਸੰਕੇਤ-ਲਿਪੀ ਸਿੱਖਣ ਲਈ ਕਿਸੇ ਵੀ ਮਾਹਿਰ ਸਟੈਨੋਗ੍ਰਾਫਰ ਦੀ ਕਿਤਾਬ ਆਦਿ ਤੁਹਾਡੇ ਕੋਲ ਮੌਜੂਦ ਹੋਣਾ ਚਾਹੀਦਾ ਹੈ। ਸੰਕੇਤ-ਲਿਪੀ ਸਿੱਖਣ ਲਈ ਇੱਕ ਵਿਸ਼ੇਸ਼ ਕਾਪੀ ਆਉਂਦੀ ਹੈ ਜਿਸ ਦੀਆਂ ਲਾਈਨਾਂ ਦੀ ਚੌੜਾਈ ਆਮ ਕਾਪੀਆਂ ਦੀਆਂ ਲਾਈਨਾਂ ਦੀ ਚੌੜਾਈ ਨਾਲੋਂ ਵਧੇਰੇ ਹੁੰਦੀ ਹੈ ਅਤੇ ਇਹ ਸਾਈਜ਼ ਵਿੱਚ ਨੋਟਪੈਡ ਕਾਪੀ ਵਰਗੀ ਹੁੰਦੀ ਹੈ। ਲਿਖਣ ਲਈ ਵਰਤੀ ਜਾਂਦੀ ਪੈੱਨਸਿਲ ਵਧੀਆ ਲਵੋ ਜੋ ਪੱਕੀ ਹੋਵੇ ਤਾਂ ਕਿ ਤੁਹਾਨੂੰ ਵਾਰ-ਵਾਰ ਪੈੱਨਸਿਲ ਘੜ੍ਹਨ ਵਿੱਚ ਸਮਾਂ ਬਰਬਾਦ ਨਾ ਕਰਨਾ ਪਵੇ। ਜਿੰਨਾ ਹੋ ਸਕੇ ਸੰਕੇਤ-ਲਿਪੀ ਸਿੱਖਣ ਵੇਲੇ ਰਬੜ ਦਾ ਪ੍ਰਯੋਗ ਨਾ ਮਾਤਰ ਹੀ ਕਰੋ ਕਿਉਂਕਿ ਇਸ ਨਾਲ ਸਮਾਂ ਬਰਬਾਦ ਹੁੰਦਾ ਹੈ ਅਤੇ ਦੂਜਾ ਸਿੱਖਣ ਵਿੱਚ ਦਿੱਕਤ ਪੇਸ਼ ਆਉਂਦੀ ਹੈ। ਜਦੋਂ ਕਾਪੀ ਉੱਪਰ ਤੁਸੀ ਲਿਖਣਾ ਹੈ ਤਾਂ ਕਾਪੀ ਦੇ ਨਿਚਲੇ ਸਿਰੇ ਨੂੰ ਮੋੜ ਕੇ ਰੱਖੋ। ਜੇ ਤੁਸੀ ਸੱਜੇ ਹੱਥ ਨਾਲ ਲਿਖਦੇ ਹੋ ਤਾਂ ਕਾਪੀ ਦਾ ਹੇਠਲੇ ਖੱਬੇ ਕੋਨੋ ਤੋਂ ਪੰਨੇ ਨੂੰ ਥੋੜ੍ਹਾ ਜਿਹਾ ਮੋੜ ਕੇ ਰੱਖੋ ਅਤੇ ਜੇ ਤੁਸੀ ਖੱਬੇ ਹੱਥ ਨਾਲ ਲਿਖਦੇ ਹੋ ਤਾਂ ਕਾਪੀ ਦੇ ਪੰਨੇ ਦੇ ਸੱਜੇ ਕੋਨੇ ਨੂੰ ਥੋੜ੍ਹਾ ਜਿਹਾ ਮੋੜ ਕੇ ਰੱਖੋ। ਅਜਿਹਾ ਕਰਨ ਨਾਲ ਤੇਜ਼ ਗਤੀ ਨਾਲ ਲਿਖਦੇ ਸਮੇਂ ਪੰਨਾ ਬਦਲਣ ਵਿੱਚ ਬਹੁਤਾ ਸਮਾਂ ਨਹੀਂ ਲੱਗਦਾ।

ਸੰਕੇਤ-ਲਿਪੀ ਦਾ ਅਭਿਆਸ ਇਸ ਦੇ ਲੜੀਵਾਰ ਨਿਯਮਾਂ ਦੇ ਅਭਿਆਸ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਜਿਵੇਂ ਸਭ ਤੋਂ ਪਹਿਲਾਂ ਵਿਅੰਜਨਾਂ ਦਾ ਅਭਿਆਸ ਫਿਰ ਵਿਅੰਜਨਾਂ ਨੂੰ ਜੋੜਨਾ ਇਸ ਵਿੱਚ ਦੋ ਅੱਖਰੀ ਤਿੰਨ ਅੱਖਰੀ ਜਾਂ ਇਸ ਤੋਂ ਵੱਧ ਵੀ ਅੱਖਰ ਜੋੜ ਕੇ ਸ਼ਬਦ ਬਣਾਏ ਜਾਂਦੇ ਹਨ। ਇਸ ਤੋਂ ਉਪਰੰਤ ਸਵਰਾਂ ਦਾ ਅਭਿਆਸ ਕਰੋ ਇਨ੍ਹਾਂ ਵਿੱਚ ਵੀ ਪਹਿਲਾਂ ਇਕਹਿਰੇ ਅਤੇ ਫਿਰ ਸੰਯੁਕਤ ਸਵਰਾਂ ਦਾ ਅਭਿਆਸ ਹੁੰਦਾ ਹੈ। ਇਸ ਤੋਂ ਉਪਰੰਤ ਲੜੀਵਾਰ ਨਿਯਮਾਂ ਦੇ ਪਾਠਾਂ ਦਾ ਲਗਾਤਾਰ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ। ਸਿੱਖਿਆਰਥੀਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਉਹ ਜਿਹੜੇ ਵੀ ਨਿਯਮ ਨੂੰ ਸਮਝਦਾ ਹੈ ਉਸ ਦਾ ਓਨੀ ਦੇਰ ਅਭਿਆਸ ਕਰੇ ਜਿੰਨਾ ਚਿਰ ਉਸ ਨੂੰ ਉਸ ਨਿਯਮ ਵਿੱਚ ਮੁਹਾਰਤ ਹਾਸਲ ਨਾ ਹੋ ਜਾਵੇ। ਨਿਯਮ ਸਮਝਣ ਉਪਰੰਤ ਉਨ੍ਹਾਂ ਦੀ ਵਰਤੋਂ ਸ਼ਬਦਾਂ ਵਿੱਚ ਸੁਖਾਵਾਂ ਜੋੜ ਨੂੰ ਮੁੱਖ ਰੱਖ ਕੇ ਕਰੇ। ਸਿੱਖਿਆਰਥੀ ਸੰਕੇਤ-ਲਿਪੀ ਸਿੱਖਣ ਵੇਲੇ ਰੂਪ ਰੇਖਾਵਾਂ ਦੀ ਬਣਤਰ ਅਤੇ ਉਨ੍ਹਾਂ ਦੇ ਸਥਾਨ ਦਾ ਵਿਸ਼ੇਸ਼ ਧਿਆਨ ਰੱਖੇ। ਰੂਪ-ਰੇਖਾਵਾਂ ਲਿਖਣੀਆਂ ਸਿੱਖਣ ਵੇਲੇ ਅਭਿਆਸ ਓਨੀ ਦੇਰ ਨਾ ਛੱਡੋ ਜਿੰਨਾ ਚਿਰ ਰੂਪ ਰੇਖਾਵਾਂ ਦੀ ਬਣਤਰ ਆਕਾਰ ਪੱਖੋਂ ਸ਼ੁੱਧ ਨਾ ਹੋ ਜਾਵੇ ਅਤੇ ਪੜ੍ਹਨ ਵਿੱਚ ਜਿੰਨੀ ਦੇਰ ਸਪੱਸ਼ਟ ਨਾ ਹੋ ਜਾਣ। ਲੜੀਵਾਰ ਪਾਠ ਸਿੱਖਣ ਦੇ ਨਾਲ-ਨਾਲ ਸੰਕੇਤ-ਲਿਪੀ ਵਿੱਚ ਵਰਤੇ ਜਾਂਦੇ ਸ਼ਬਦ-ਚਿੰਨ੍ਹਾਂ, ਢੁੱਕਵੇਂ ਵਾਕੰਸ਼ਾਂ ਅਤੇ ਸੰਖਿਪਤ-ਸ਼ਬਦਾਂ ਦਾ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੇਜ਼ ਗਤੀ ਨਾਲ ਲਿਖਦੇ ਸਮੇਂ ਕੁਝ ਸ਼ਬਦ ਅਜਿਹੇ ਹੁੰਦੇ ਹਨ ਜਿਹੜੇ ਕਿਸੇ ਭਾਸ਼ਾ ਵਿੱਚ ਵਾਰ-ਵਾਰ ਵਰਤੇ ਜਾਂਦੇ ਹਨ ਉਹ ਲਿਖਣ ਵੇਲੇ ਘੱਟ ਸਮਾਂ ਲੱਗਦਾ ਹੈ।

ਜਿਵੇਂ ਕਿ ਪਹਿਲਾਂ ਵੀ ਦੱਸਿਆ ਹੈ ਕਿ ਨਿਰੰਤਰ ਅਭਿਆਸ ਸਫਲਤਾ ਹਾਸਲ ਕਰਨ ਵਿੱਚ ਸਹਾਇਕ ਹੁੰਦਾ ਹੈ ਠੀਕ ਓਹੀ ਗੱਲ ਸੰਕੇਤ-ਲਿਪੀ ਲਈ ਵੱਖ-ਵੱਖ ਵਿਸ਼ਿਆਂ ਦਾ ਅਭਿਆਸ ਕਰਨ ਅਤੇ ਇਸ ਦੇ ਲੜੀਵਾਰ ਨਿਯਮਾਂ ਦੇ ਅਭਿਆਸ ਕਰਨ ਵਿੱਚ ਲਾਗੂ ਹੁੰਦੀ ਹੈ। ਸੰਕੇਤ-ਲਿਪੀ ਵਿੱਚ ਤੁਸੀ ਆਪਣੀ ਲਿਖਣ ਦੀ ਗਤੀ ਤੇਜ਼ ਕਰਨ ਲਈ ਸਮਾਂਬੱਧ ਡਿਕਟੇਸ਼ਨ ਕਰੋ ਅਤੇ ਇੱਥੇ ਇੱਕ ਗੱਲ ਦਾ ਧਿਆਨ ਰੱਖੋ ਕਿ ਜੋ ਤੁਹਾਨੂੰ ਡਿਕਟੇਸ਼ਨ ਬੋਲਣ ਵਾਲਾ ਹੋਵੇ ਉਸ ਦੀ ਸੰਕੇਤ-ਲਿਪੀ ਦੇ ਨਿਯਮਾਂ ਅਤੇ ਡਿਕਟੇਸ਼ਨ ਬੋਲਣ ਵਿੱਚ ਪੂਰੀ ਮੁਹਾਰਤ ਹੋਣੀ ਚਾਹੀਦੀ ਹੈ ਭਾਵ ਕਿ ਇੱਕ ਨਿਪੁੰਨ ਸਟੈਨੋਗ੍ਰਾਫੀ ਡਿਕਟੇਟਰ ਤੋਂ ਹੀ ਡਿਕਟੇਸ਼ਨ ਲੈਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਭਾਸ਼ਾਈ ਸ਼ਬਦਾਵਲੀ ਵਿਸ਼ੇਸ਼ ਅਤੇ ਸਤਿਕਾਰਯੋਗ ਤੇ ਮਹਾਨ ਸ਼ਖਸੀਅਤਾਂ ਦੇ ਨਾਮਾਂ ਦੀ ਸ਼ਬਦਾਵਲੀ ਤੇ ਪ੍ਰਬੰਧਕੀ ਸ਼ਬਦਾਵਲੀ ਦਾ ਅਭਿਆਸ ਕਰੋ ਉਪਰੰਤ ਪੈਰ੍ਹਾ ਲਿਖਣ ਦਾ ਅਭਿਆਸ ਸ਼ੁਰੂ ਕਰਨਾ ਚਾਹੀਦਾ ਹੈ। ਪੈਰ੍ਹਾ ਲਿਖਣ ਵੇਲੇ ਤੁਸੀ ਸਮੇਂ ਦੇ ਪਾਬੰਦ ਹੋਣੇ ਚਾਹੀਦੇ ਹੋ ਕਿਉਂਕਿ ਸੰਕੇਤ ਲਿਪੀ ਇੱਕ ਵਿਸ਼ਾ ਹੀ ਅਜਿਹਾ ਹੈ ਕਿ ਜਿਸ ਵਿੱਚ ਜੇਕਰ ਤੁਸੀ ਸਮਾਂਬੱਧ ਰਹੇ ਤਾਂ ਸਫਲਤਾ ਹਾਸਲ ਕਰ ਸਕੋਗੇ। ਸਭ ਤੋਂ ਪਹਿਲਾਂ ਡਿਕਟੇਸ਼ਨ ਦੋ ਜਾਂ ਤਿੰਨ ਮਿੰਟ ਦੀ ਸਾਧਾਰਨ ਸਪੀਡ ਤੇ ਕਰੋ ਜਦੋਂ ਤੁਸੀ ਦੋ ਜਾਂ ਤਿੰਨ ਮਿੰਟ ਦੀ ਡਿਕਟੇਸ਼ਨ ਆਸਾਨੀ ਨਾਲ ਸਫਲਤਾਪੂਰਵਕ ਕਰਨ ਲੱਗ ਪਵੋ ਤਾਂ ਤੁਸੀ ਡਿਕਟੇਸ਼ਨ ਦਾ ਸਮਾਂ ਵਧਾ ਸਕਦੇ ਹੋ।  ਡਿਕਟੇਸ਼ਨ ਲਿਖਣ ਤੋਂ ਬਾਅਦ ਡਿਕਟੇਸ਼ਨ ਨੂੰ ਵਾਰ-ਵਾਰ ਪੜ੍ਹੋ ਅਤੇ ਹੋ ਸਕੇ ਤਾਂ ਦੋ ਤਿੰਨ ਦਿਨ ਪਹਿਲਾਂ ਲਿਖੀ ਡਿਕਟੇਸ਼ਨ ਨੂੰ ਪੜ੍ਹਨ ਦਾ ਪ੍ਰਯਤਨ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਿੱਚ ਪੜ੍ਹਨ ਦੀ ਸਮਰੱਥਾ ਵਧੇਗੀ।

ਸਟੈਨੋਗ੍ਰਾਫੀ ਦਾ ਕੋਰਸ ਕਰਦੇ ਸਮੇਂ ਹਰੇਕ ਸਿੱਖਿਆਰਥੀ ਨੂੰ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਰਸਾਲਿਆਂ, ਅਖਬਾਰੀ ਮੈਗਜ਼ੀਨਾਂ, ਆਰਟੀਕਲਾਂ ਅਤੇ ਡਿਬੇਟਸ ਦੀ ਡਿਕਟੇਸ਼ਨ ਕਰਨੀ ਚਾਹੀਦੀ ਹੈ। ਸਿਖਿਆਰਥੀ ਜਿੰਨੇ ਵਿਭਿੰਨ ਵਿਸ਼ਿਆਂ ਦੀ ਡਿਕਟੇਸ਼ਨ ਕਰੇਗਾ ਉਸ ਦਾ ਸ਼ਬਦ ਗਿਆਨ ਓਨਾ ਹੀ ਵਿਸ਼ਾਲ ਅਤੇ ਪ੍ਰੋੜ ਹੁੰਦਾ ਜਾਵੇਗਾ। ਰਾਜਨੀਤਿਕ, ਤਕਨੀਕੀ, ਖੇਤੀਬਾੜੀ, ਵਿਗਿਆਨਕ ਆਦਿ ਵਿਸ਼ਿਆਂ ਨਾਲ ਸਬੰਧਤ ਆਰਟੀਕਲਾਂ ਦੀ ਡਿਕਟੇਸ਼ਨ ਦਾ ਅਭਿਆਸ ਵੀ ਕਰੋ ਕਿਉਂਕਿ ਅਜਿਹੇ ਵਿਸ਼ਿਆਂ ਵਿੱਚ ਸਾਡੀ ਆਮ ਵਰਤੋਂ ਵਿੱਚ ਆਉਣ ਵਾਲੇ ਸ਼ਬਦਾਂ ਤੋਂ ਭਿੰਨ ਅਤੇ ਵਿਗਿਆਨਕ ਸ਼ਬਦਾਵਲੀ ਸ਼ਾਮਿਲ ਹੁੰਦੀ ਹੈ। ਸਿੱਖਿਆਰਥੀ ਦੀ ਕੋਸ਼ਿਸ਼ ਹਮੇਸ਼ਾ ਇਹ ਰਹੇ ਕਿ ਉਹ ਹਰ ਇੱਕ ਸ਼ਬਦ ਦੀਆਂ ਸਾਰੀਆਂ ਰੂਪ-ਰੇਖਾਵਾਂ ਅਤੇ ਸਾਰੇ ਸਵਰਾਂ ਦਾ ਪ੍ਰਯੋਗ ਕਰੇ ਪ੍ਰੰਤੂ ਸੰਖਿਪਤ-ਸ਼ਬਦਾਂ ਅਤੇ ਸ਼ਬਦ-ਚਿੰਨਾਂ ਵਿੱਚ ਅਜਿਹਾ ਸੰਭਵ ਨਹੀਂ ਹੁੰਦਾ। ਇਸ ਤੋਂ ਇਲਾਵਾ ਲਗਾਤਾਰ ਅਭਿਆਸ ਕਰਨ ਵਾਲੇ ਕੁਝ ਸਿੱਖਿਆਰਥੀ ਸਵਰ ਰਹਿਤ ਰੇਖਾਵਾਂ ਨੂੰ ਵੀ ਬਾਖੂਬੀ ਸਮਝਣ ਲੱਗ ਪੈਂਦੇ ਹਨ। ਅਜਿਹਾ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਤੁਸੀ ਲਗਾਤਾਰ ਵੱਖ-ਵੱਖ ਵਿਸ਼ਿਆਂ ਦਾ ਕਾਫੀ ਦੇਰ ਤੱਕ ਅਭਿਆਸ ਕਰਦੇ ਰਹਿੰਦੇ ਹੋ। ਸ਼ੁਰੂ ਵਿੱਚ ਡਿਕਟੇਸ਼ਨ ਪੰਜ ਮਿੰਟਾਂ ਦੀ ਸਾਧਾਰਨ ਗਤੀ ਤੇ ਕਰੋ ਅਤੇ ਉਸ ਤੋਂ ਬਾਅਦ ਹੌਲੀ-ਹੌਲੀ ਪੜਾਅਵਾਰ ਸ਼ਬਦਾਂ ਦੀ ਸੰਖਿਆ ਅਤੇ ਸਪੀਡ ਦਰ ਵਧਾਉਂਦੇ ਰਹੋ। ਡਿਕਟੇਸ਼ਨ ਕਰਦੇ ਸਮੇਂ ਗਲਤ ਲਿਖੀ ਰੂਪ-ਰੇਖਾ ਨੂੰ ਨਾਲ ਦੀ ਨਾਲ ਠੀਕ ਕਰਨ ਦੀ ਆਦਤ ਪਾਉਣ ਦੀ ਬਜਾਇ ਇਹ ਸੰਕਲਪ ਧਾਰੀ ਰੱਖੋ ਕਿ ਤੁਹਾਡੇ ਹੱਥੋਂ ਕੋਈ ਗਲਤ ਸ਼ਬਦ ਲਿਖਿਆ ਹੀ ਨਾ ਜਾਵੇ । ਜਿਵੇਂ ਕਿ ਸਿਆਣੇ ਕਹਿੰਦੇ ਹਨ ਕਿ ਕਾਹਲੀ ਅੱਗੇ ਟੋਏ ਇਸ ਕਹਾਵਤ ਤੋਂ ਸਬਕ ਲੈਂਦੇ ਹੋਏ ਇਹ ਯਾਦ ਰੱਖੋ ਕਿ ਸੰਕੇਤ-ਲਿਪੀ ਦੇ ਵਿਸ਼ੇ ਦਾ ਕੋਰਸ ਕਰਦੇ ਸਮੇਂ ਕਾਹਲੀ ਨਹੀਂ ਕਰਨੀ ਚਾਹੀਦੀ। ਇਸ ਦਾ ਹਰ ਇੱਕ ਅਭਿਆਸ ਨਿਯਮਬੱਧ ਤਰੀਕੇ ਨਾਲ ਪੂਰੀ ਤਰ੍ਹਾਂ ਸਮਝ ਕੇ ਕਈ-ਕਈ ਦਿਨ ਉਸ ਦਾ ਅਭਿਆਸ ਕਰੋ। ਜੇਕਰ ਤੁਸੀ ਸੰਕੇਤ-ਲਿਪੀ ਸਿੱਖਣ ਵਿੱਚ ਜਲਦੀ ਕਰੋਗੇ ਤਾਂ ਤੁਸੀ ਨਿਪੁੰਨਤਾ ਹਾਸਲ ਨਹੀਂ ਕਰ ਸਕਦੇ। ਇਸ ਕਰਕੇ ਅੰਤ ਵਿੱਚ ਅਸੀਂ ਇਹੀ ਸਰਬ-ਸਾਂਝੀ ਰਾਇ ਪ੍ਰਗਟ ਕਰਦੇ ਹਾਂ ਕਿ ਸਾਨੂੰ ਸਫਲ ਸਟੈਨੋਗ੍ਰਾਫਰ ਅਤੇ ਨਿਪੁੰਨ ਸਟੈਨੋਗ੍ਰਾਫੀ ਸਿੱਖਿਅਕ ਬਣਨ ਲਈ ਸਾਨੂੰ ਸਟੈਨੋਗ੍ਰਾਫੀ ਵਿਸ਼ੇ ਨਾਲ ਸਬੰਧਤ ਹਰ ਪ੍ਰਕਾਰ ਦੇ ਕਾਇਦੇ ਉੱਪਰ ਡੱਟ ਕੇ ਪਹਿਰਾ ਦੇਣਾ ਚਾਹੀਦਾ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin