Literature

ਦਿੱਲੀ ਦਾ ਪੰਜਾਬੀ ਦੇ ਵਿਕਾਸ ਵਿਚ ਵਿਸ਼ੇਸ਼ ਯੋਗਦਾਨ-ਡਾ. ਦਰਸ਼ਨ ਸਿੰਘ ਆਸ਼ਟ

ਪੰਜਾਬੀ ਲੋਕ ਮੰਚ, ਦਿੱਲੀ (ਰਜਿ.) ਦੀ ਬਾਬਾ ਨਾਮਦੇਵ ਲਾਇਬਰੇਰੀ ਵਿਚ ਹੋਈ ਸਾਹਿਤਕ ਇਕੱਤਰਤਾ ਵਿਚ ਡਾ. ਹਰਮੀਤ ਸਿੰਘ ਨੇ ਸਭ ਦਾ ਨਿੱਘਾ ਸੁਆਗਤ ਕੀਤਾ।ਇਸ ਵਿਚ ਦੋ ਪੁਸਤਕਾਂ ਲੋਕ-ਅਰਪਨ ਕੀਤੀਆਂ ਗਈਆਂ। ਡਾ. ਹਰਬੰਸ ਸਿੰਘ ਚਾਵਲਾ ਦੀ ਪੁਸਤਕ ‘ਪਹਿਲੇ ਸਿੱਖ ਰਾਜ ਦਾ ਨਿਰਮਾਤਾ ਬਾਬਾ ਬੰਦਾ ਸਿੰਘ ਬਹਾਦਰ’, ਬਾਰੇ ਡਾ. ਹਰਬੰਸ ਕੌਰ ਸਾਗੂ ਨੇ ਪਰਚਾ ਪੇਸ਼ ਕੀਤਾ। ਉਨ੍ਹਾਂ ਨੇ ਪੁਸਤਕ ਵਿਚ ਪੇਸ਼ ਬੰਦਾ ਬਹਾਦਰ ਦੇ ਜੀਵਨ ਅਤੇ ਕਾਰਨਮਿਆਂ ਉੱਪਰ ਰੌਸ਼ਨੀ ਪਾਈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਪੁਸਤਕ ਦਾ ਲੋਕ-ਅਰਪਨ ਕੀਤਾ। ਉਨ੍ਹਾਂ ਨੇ ਇਸ ਪੁਸਤਕ ਰਾਹੀਂ ਬੰਦਾ ਬਹਾਦਰ ਬਾਰੇ ਇਤਿਹਾਸਕਾਰਾਂ ਵਲੋਂ ਪਾਏ ਕਈ ਭੁਲੇਖਿਆਂ ਨੂੰ ਦੂਰ ਕਰਨ ਦੀ ਸ਼ਲਾਘਾ ਕੀਤੀ। ਕਹਾਣੀਕਾਰ ਹਰਭਜਨ ਸਿੰਘ ਦਾ ਕਹਾਣੀ–ਸੰਗ੍ਰਹਿ ਕੀ ਇਹ ਪਾਪ ਹੈ, ਵੀ ਲੋਕ-ਅਰਪਨ ਕੀਤੀ ਗਈ।ਇਸ ਪੁਸਤਕ ਨਾਲ ਜਾਣ-ਪਛਾਣ ਕਰਾਉਂਦਿਆਂ ਡਾ. ਪ੍ਰਿਥਵੀ ਰਾਜ ਥਾਪਰ ਨੇ ਕਿਹਾ ਕਿ ਇਸ ਪੁਸਤਕ ਦੀ ਰਚਨਾ, ਲਿਵ ਇਨ ਰਿਲੇਸ਼ਨਸ਼ਿਪ ਦੇ ਮੁੱਦੇ ਨੂੰ ਆਧਾਰ ਬਣਾ ਕੇ ਹੋਈ ਹੈ। ਡਾ. ਪਰਮਜੀਤ ਕੌਰ ਪਾਹੁਲ ਨੇ ਇਸ ਬਾਰੇ ਇਕ ਪਰਚਾ ਪੇਸ਼ ਕਰਕੇ ਵਿਸਥਾਰ ਪੂਰਵਕ ਗੱਲਾਂ ਕੀਤੀਆਂ। ਹਰਭਜਨ ਸਿੰਘ ਨੇ ਚੌਕਾਂ ਉੱਪਰ ਭੀਖ ਮੰਗਦੇ ਲੋਕਾਂ ਬਾਰੇ, ਨਾਂ ਦੀ ਇਕ ਕਹਾਣੀ ਵੀ ਪੇਸ਼ ਕੀਤੀ। ਵਿਸ਼ੇਸ਼ ਮਹਿਮਾਨ ਕੁਲਮੋਹਨ ਸਿੰਘ ਨੇ ਪੁਸਤਕਾਂ ਉੱਪਰ ਚਰਚਾ ਕਰਦਿਆਂ ਕਿਹਾ ਕਿ ਵੱਡੀ ਗੱਲ ਲੇਖਕ ਦਾ ਦ੍ਰਿਸ਼ਟੀਕੋਨ ਸਮਝਣ ਦੀ ਹੁੰਦੀ ਹੈ।ਇਸ ਮੌਕੇ ਡਾ. ਰਾਜਵੰਤ ਕੌਰ ਪੰਜਾਬੀ ਨੇ ਮੀਡੀਆ, ਪੰਜਾਬੀ ਗਾਇਕੀ ਅਤੇ ਨਾਰੀ ਬਿੰਬ, ਉੱਪਰ ਇਕ ਲੇਖ ਪੇਸ਼ ਕੀਤਾ। ਪ੍ਰਧਾਨਗੀ ਭਾਸ਼ਨ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੁਜੇ ਡਾ. ਦਰਸ਼ਨ ਸਿੰਘ ਆਸ਼ਟ ਨੇ ਦੋਵਾਂ ਪੁਸਤਕਾਂ ਅਤੇ ਪੇਸ਼ ਹੋਈਆਂ ਰਚਨਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਡਾ. ਆਸ਼ਟ ਨੇ ਕਿਹਾ ਕਿ ਦਿੱਲੀ ਦਾ ਪੰਜਾਬੀ ਤੇ ਇਸ ਦੇ ਸਾਹਿਤ ਵਿਚ ਆਪਣਾ ਵਿਸ਼ੇਸ਼ ਯੋਗਦਾਨ ਹੈ।ਉਨ੍ਹਾਂ ਸ਼ਲਾਘਾ ਕੀਤੀ ਕਿ ਦਿੱਲੀ ਦੇ ਪੰਜਾਬੀ ਆਪਣੀ ਮਾਂ-ਬੋਲੀ ਪ੍ਰਤੀ ਸੁਚੇਤ ਹਨ ਤੇ ਸਮੇਂ-ਸਮੇਂ ਸਿਰ ਆਵਾਜ਼ ਬੁਲੰਦ ਕਰਕੇ ਇਸ ਉੱਪਰ ਪਹਿਰਾ ਦਿੰਦੇ ਹਨ।ਇਸ ਮੌਕੇ ਉੱਪਰ ਮਨਦੀਪ ਕੌਰ ਬਖ਼ਸ਼ੀ, ਭਾਈ ਮਨਿੰਦਰਪਾਲ ਸਿੰਘ, ਪ੍ਰੋ. ਹਰਮਿੰਦਰ ਸਿੰਘ ਅਰੋੜਾ, ਅਸ਼ੋਕ ਵਾਸ਼ਿਸ਼ਠ, ਰਣਜੀਤ ਸਿੰਘ, ਜਸਵੰਤ ਸੇਖਵਾਂ ਸਰਬਸ਼ਕਤੀਮਾਨ, ਅਮਰਜੀਤ ਸਿੰਘ ਅਮਰ ਤੇ ਹੋਰ ਸਾਹਿਤਕਾਰਾਂ ਨੇ ਹਿੱਸਾ ਲਿਆ।

Related posts

ਸੋਹਣ ਸਿੰਘ ਮੀਸ਼ਾ ਨੂੰ ਯਾਦ ਕਰਦਿਆਂ !

admin

ਸਾਹਾਂ ਦੀ ਸਰਗਮ- ਅਸੀਮ ਉਡਾਣ

admin

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਸਿਰਦਾਰ ਕਪੂਰ ਸਿੰਘ

admin