Articles

ਨਾਕੇ ਦੀ ਇੱਕ ਰਾਤ 

ਲੇਖਕ: ਦੀਪ ਚੌਹਾਨ, ਫਿਰੋਜ਼ਪੁਰ

ਕਰੋਨਾ ਦੇ ਪੰਜਾਬ ਵਿੱਚ ਪੈਰ ਪਸਾਰਨ ਤੋਂ ਬਾਅਦ ਪੂਰੇ ਪੰਜਾਬ ਵਿੱਚ ਲਾਕਡਾਊਨ ਅਤੇ ਕਰਫਿਊ ਦਾ ਮਾਹੌਲ ਸੀ। ਪੁਲਿਸ ਮਹਿਕਮੇ ਦੇ ਦਿਨ ਰਾਤ ਸ਼ਿਫਟਾਂ ਵਿੱਚ ਨਾਕੇ ਲੱਗ ਰਹੇ ਸੀ ।  ਕਈ ਸਥਾਨਾਂ  ਤੋਂ ਪੁਲਿਸ ਦੇ ਉੱਪਰ ਹਮਲੇ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸੀ ਤੇ ਕਈ  ਜਗ੍ਹਾ  ਤੇ ਲੋਕ ਸੜਕਾਂ ਉੱਤੇ ਜਾ ਕੇ ਪੁਲਿਸ ਨੂੰ ਹਾਰ ਪਾ ਕੇ ਉਨ੍ਹਾਂ ਵੱਲੋਂ ਇਸ ਸੰਕਟ ਦੀ ਘੜੀ ਵਿੱਚ ਡਿਊਟੀ ਕਰਨ ਲਈ  ਉਨ੍ਹਾਂ ਨੂੰ ਉਤਸ਼ਾਹਿਤ ਕਰ ਰਹੇ ਸੀ। ਇੰਝ ਲੱਗ ਰਿਹਾ ਸੀ ਜਿਵੇਂ ਇੱਕੋ ਦਮ ਸਾਰੀ ਦੁਨੀਆਂ ਰੁਕ ਜਿਹੀ  ਗਈ ਹੋਵੇ । ਨਾ ਕੋਈ ਬੱਸ, ਰੇਲ ਗੱਡੀ ਚੱਲ ਰਹੀ ਸੀ ਤੇ ਨਾ ਹੀ ਕੋਈ ਹਵਾਈ ਜਹਾਜ਼ । ਵਾਤਾਵਰਨ ਆਪਣੇ ਆਪ ਨੂੰ ਖੁਦ ਹੀ ਸਾਫ ਕਰ ਰਿਹਾ ਸੀ । ਕਰੋਨਾ ਮਹਾਂਮਾਰੀ ਬਾਰੇ ਹਰ ਕਿਸੇ ਦੇ ਆਪੋ ਆਪਣੇ ਵਿਚਾਰ ਸੀ।  ਕਿਸੇ ਲਈ ਇਹ ਦੁਨੀਆਂ ਉੱਤੇ ਆਇਆ ਪ੍ਰਕੋਪ ਸੀ ਅਤੇ ਕਿਸੇ ਲਈ ਇਹ ਸਿਰਫ਼ ਸਰਕਾਰਾਂ ਵੱਲੋਂ ਕੀਤਾ ਜਾਣ ਵਾਲਾ ਡਰਾਮਾ।  ਕੁਝ ਲੋਕ ਇਸ ਲਾਕ ਡਾਊਨ ਦੌਰਾਨ ਘਰਾਂ ਵਿੱਚ ਰਹਿ ਕੇ ਬਹੁਤ ਆਨੰਦ ਮਾਣ ਰਹੇ ਸੀ ਅਤੇ ਕੁੱਝ  ਨੇ ਸਰਕਾਰਾਂ ਨੂੰ ਗਾਲਾਂ ਕੱਢਣ ਤੇ ਜ਼ੋਰ ਦਿੱਤਾ ਹੋਇਆ ਸੀ ।

ਇਸ ਸਭ ਦੇ ਦੌਰਾਨ ਮੇਰੇ ਰਾਤ ਦੇ ਨਾਕੇ ਚੱਲ ਰਹੇ ਸੀ । ਸਾਰੀ ਰਾਤ ਨਾਕਾ ਅਤੇ ਦਿਨ ਸਮੇਂ ਸੌਣ ਦੀ ਕੋਸ਼ਿਸ਼ ਵਿੱਚ ਸਮਾਂ ਲੰਘ ਰਿਹਾ ਸੀ । ਮੈਂ ਨਾਕੇ ਤੇ ਪਾਣੀ ਅਤੇ ਚਾਹ ਘਰੋਂ ਹੀ ਲੈ ਕੇ ਜਾਂਦਾ ਸੀ ਕਿਉਂਕਿ ਕਰੋਨਾ ਕਰਕੇ ਬਾਹਰੋਂ ਕੁਝ ਵੀ ਲੈਣਾ ਤੇ ਖਾਣਾ ਖਤਰੇ ਤੋਂ ਖਾਲੀ ਨਹੀਂ ਸੀ ।  ਸਖ਼ਤੀ ਕਾਫੀ ਹੋਣ ਕਾਰਨ ਸਾਰੀ ਰਾਤ ਹੀ ਕੋਈ ਨਾ ਕੋਈ ਅਫ਼ਸਰ ਨਾਕਿਆਂ ਦੀ ਚੈਕਿੰਗ ਲਈ ਆਉਂਦਾ ਹੀ ਰਹਿੰਦਾ ਤੇ ਬਾਕੀ ਸਮਾਂ  ਸਰਕਾਰਾਂ ਦਾ ਵਫ਼ਾਦਾਰ ਮੱਛਰ  ਓਡੋਮੋਸ ਦੇ ਉੱਤੋਂ ਲੜਕੇ ਵੀ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਸੀ । ਇਹ ਸਿਲਸਿਲਾ ਕਾਫੀ ਸਮੇਂ ਤੱਕ ਚੱਲਿਆ ਪਰ ਮੈਨੂੰ ਅੱਜ ਵੀ ਉਹ ਰਾਤ ਨਹੀਂ ਭੁੱਲਦੀ।
ਰਾਤ ਅੱਠ ਵਜੇ ਤੋਂ ਸਵੇਰੇ ਅੱਠ ਵਜੇ ਤੱਕ ਦਾ ਨਾਕਾ ਹੋਣ ਕਰਕੇ ਮੈਂ ਕਰੀਬ ਸਵਾ ਸੱਤ ਵਜੇ ਵਰਦੀ ਪਾ ਕੇ ਤਿਆਰ ਹੋ ਗਿਆ ਸੀ । ਇੱਕ ਵੱਡੀ ਬੋਤਲ ਪਾਣੀ ਦੀ ਭਰ ਕੇ ਤੇ ਇੱਕ ਥਰਮਸ ਚਾਹ ਦੀ ਭਰ ਕੇ ਮੈਂ ਆਪਣੀ ਕਾਰ ਵਿੱਚ ਰੱਖ ਲਈ ਸੀ । ਗੱਡੀ ਵਿੱਚ ਪਹਿਲਾਂ ਤੋਂ ਹੀ ਓਡੋਮੋਸ ਰੱਖੀ ਹੋਈ ਸੀ । ਮੋਬਾਈਲ ਦੀ ਬੈਟਰੀ ਪੂਰੀ ਤਰ੍ਹਾਂ ਚਾਰਜ ਸੀ। ਮਾਸਕ ਬੰਨ੍ਹ ਕੇ ਕਰੀਬ 20 ਮਿੰਟ ਪਹਿਲਾਂ ਹੀ ਮੈਂ ਘਰੋਂ ਤੁਰ ਪਿਆ ਸੀ । ਰਸਤੇ ਵਿੱਚ ਜਾਂਦੇ ਹੋਏ ਲੋਕਾਂ ਨੂੰ ਆਪਣੇ ਘਰਾਂ ਵੱਲ ਮੁੜਦੇ ਵੇਖ ਕੇ ਰਾਤ ਦੀ ਡਿਊਟੀ ਕੁਝ ਔਖੀ ਜਿਹੀ ਜਾਪ ਰਹੀ ਸੀ । 8  ਵਜੇ ਤੋਂ ਕਰੀਬ ਪੰਜ ਮਿੰਟ ਪਹਿਲਾਂ  ਮੈਂ ਆਪਣੇ ਨਾਕੇ ਤੇ ਪਹੁੰਚ ਗਿਆ ਸੀ। ਦਿਨ ਦੀ ਡਿਉਟੀ ਵਾਲੇ ਮੁਲਾਜ਼ਮ ਹਾਲੇ ਵੀ ਉੱਥੇ ਖੜ੍ਹੇ ਸੀ ਜਿਨ੍ਹਾਂ ਤੋਂ ਮੈਂ ਸਾਰੇ ਦਿਨ ਦੀ ਸੁੱਖ ਸਾਂਦ ਪੁੱਛ ਕੇ ਉਨ੍ਹਾਂ ਨੂੰ ਘਰ ਜਾ ਕੇ ਆਰਾਮ ਕਰਨ ਲਈ ਕਿਹਾ । ਕੁਝ ਹੀ ਮਿੰਟਾਂ ਬਾਅਦ ਮੇਰੇ ਹੋਰ ਸਾਥੀ ਮੁਲਾਜ਼ਮ ਜਿਨ੍ਹਾਂ ਦੀ ਮੇਰੇ ਨਾਲ ਡਿਊਟੀ ਸੀ ਨਾਕੇ ‘ਤੇ ਉਹ ਵੀ ਪਹੁੰਚ ਗਏ ਸੀ । ਇੱਕ ਦੂਜੇ ਦਾ ਹਾਲ ਚਾਲ ਪੁੱਛ ਕੇ ਸਾਰੇ ਆਪਸ ਵਿੱਚ ਰਾਤ ਦੇ ਚੈਕਿੰਗ ਅਫਸਰ ਬਾਰੇ ਗੱਲਾਂ ਬਾਤਾਂ ਕਰ ਰਹੇ ਸੀ । ਕਰੀਬ ਨੌਂ ਵਜੇ ਮੇਰੇ ਕਰੀਬੀ ਦੋਸਤ ਸੰਜੀਵ ਜਿਸ ਦਾ ਘਰ  ਮੇਰੇ ਨਾਕੇ ਦੇ ਨੇੜੇ ਹੀ ਸੀ ,ਉਸ ਦਾ ਫੋਨ ਆਇਆ ਕਿ ਜੇਕਰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ  ਤਾਂ ਦੱਸ ਦਿਉ ,ਮੈਂ ਲਿਆ ਦਿੰਦਾ  ਹਾਂ।
ਮੈ ਕਿਹਾ ” ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਜੇਕਰ ਜਰੂਰਤ ਹੋਈ ਤਾਂ ਜ਼ਰੂਰ ਦੱਸਾਂਗਾ “। ਦਰਾਅਸਲ ਸੰਜੀਵ ਨੂੰ ਮੇਰੇ ਦੁਆਰਾ  ਫੋਨ ਤੇ ਅਪਲੋਡ ਕੀਤੇ ਸਟੇਟਸ ਜਰੀਏ ਹੀ ਮੇਰੇ ਨਾਕੇ ਬਾਰੇ ਪਤਾ ਲਗਿਆ ਸੀ।
ਰਾਤ ਗਹਿਰੀ ਹੁੰਦੀ ਜਾ ਰਹੀ ਤੇ ਸਾਧਨਾ ਦੀ ਆਵਾਜਾਈ ਵੀ ਘੱਟਦੀ ਜਾ ਰਹੀ ਸੀ । ਕਰੀਬ ਸਾਢੇ ਕੁ ਨੌਂ ਵਜੇ ਮੇਰੇ ਦੋਨੋਂ ਕਰੀਬੀ ਦੋਸਤ ਰਵਿੱਤ  ਅਤੇ ਸੰਜੀਵ  ਮੈਨੂੰ ਮਿਲਣ ਲਈ  ਨਾਕਾ ਪੁਆਇੰਟ  ਤੇ ਆ ਗਏ। ਸ਼ਾਇਦ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਮੈਂ ਨਾਕੇ ਤੇ ਵਿਹਲਾ ਬੈਠਾ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਹੋਵਾਂਗਾ।
ਪਰ ਸਖ਼ਤੀ ਨਾਲ ਚੱਲ ਰਹੀ ਚੈਕਿੰਗ ਦੌਰਾਨ ਉਹ ਪੰਜ ਸਤ  ਮਿੰਟ ਗੱਲਾਂ ਕਰਕੇ ਵਾਪਸ ਚਲੇ ਗਏ। 10 ਕੁ ਵਜੇ ਤੋਂ ਬਾਅਦ ਆਵਾਜਾਈ ਬਹੁਤ ਹੀ ਘੱਟ ਗਈ ਸੀ। ਸਾਢੇ ਕੁ ਦਸ ਵਜੇ ਮੈਨੂੰ ਮੇਰੇ ਘਰ ਦੇ ਨੰਬਰ ਤੋਂ ਫੋਨ ਆਇਆ । ਮੇਰਾ ਬੇਟਾ ਬਹੁਤ ਹੀ ਮਾਸੂਮ ਆਵਾਜ਼ ਵਿੱਚ ਬੋਲਿਆ  ਪਾਪਾ!  ਤੁਸੀਂ ਡਿਊਟੀ ਤੇ ਹੋ  ?
ਦਰਅਸਲ ਮੈ ਬੇਟੇ ਨੂੰ ਹੁਣੇ ਆਉਣ ਦਾ ਲਾਰਾ ਲਾ ਕੇ ਜਲਦੀ ਸੌਣ ਲਈ ਕਿਹਾ ਸੀ ਅਤੇ ਉਹ ਬਹੁਤ ਜਲਦੀ ਇੱਕ ਚੀਜ਼ੀ ਲੈ ਕੇ ਆਉਣ ਦਾ ਵਾਅਦਾ ਲੈ ਕੇ ਸੌਣ ਲਈ ਤਿਆਰ ਹੋ ਗਿਆ। ਅਜੇ ਮੈਂ ਫੋਨ ਤੇ ਗੱਲ ਕਰ ਹੀ ਰਿਹਾ ਸੀ ਕਿ ਮੈਨੂੰ ਪਿੱਛੋਂ ਹਲਕੇ ਜਿਹੇ ਰੌਲੇ ਦੀ ਆਵਾਜ਼ ਸੁਣਾਈ ਦਿੱਤੀ।
ਫੋਨ ਕੱਟ ਕੇ ਪਿੱਛੇ ਦੇਖਿਆ ਤਾਂ ਸੜਕ ਦੇ ਵਿਚਕਾਰ ਇੱਕ ਵਿਅਕਤੀ  ਸ਼ਾਇਦ ਉਸਨੇ ਸ਼ਰਾਬ ਪੀਤੀ ਹੋਈ ਸੀ  ਤੇ  ਉਸ ਦੇ ਕੱਪੜੇ ਫਟੇ ਹੋਏ ਸੀ। ਵੇਖਣ ਨੂੰ ਮੰਗਤਿਆਂ ਵਰਗਾ ਲੱਗ ਰਿਹਾ ਸੀ ‘ ਆ ਕੇ ਲੇਟ ਗਿਆ ਸੀ। ਮੇਰੇ ਸਾਥੀ ਮੁਲਾਜ਼ਮ ਸੜਕ ਉੱਤੇ ਡੰਡਾ ਮਾਰ ਕੇ ਡੰਡੇ ਖੜਾਕ ਨਾਲ  ਉਸ ਨੂੰ ਸੜਕ ਤੋਂ ਪਾਸੇ  ਕਰਨ ਦੀ ਕੋਸ਼ਿਸ਼ ਕਰ ਰਹੇ ਸੀ । ਜਦ ਮੈਂ ਨਜ਼ਦੀਕ ਗਿਆ ਤਾਂ ਮੈਂ ਵੀ ਇਹੀ ਕਰਨ ਦੀ ਕੋਸ਼ਿਸ਼ ਕੀਤੀ  ਪਰ ਉਹ ਸੜਕ ਤੋਂ ਪਾਸੇ ਨਾ ਹੋਇਆ । ਕਰੋਨਾ  ਕਰਕੇ ਉਸ ਨੂੰ ਹੱਥ ਨਾਲ ਫੜ ਕੇ ਪਾਸੇ ਕਰਨਾ ਖ਼ਤਰੇ ਦੀ ਘੰਟੀ ਜਾਪ ਰਿਹਾ ਸੀ । ਸਾਨੂੰ 15 ਮਿੰਟ ਹੋ ਚੁੱਕੇ ਸੀ। ਉਸ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕਰਦੇ  ਰਹੇ ਪਰ ਹਰ ਕੋਸ਼ਿਸ਼ ਨਾਕਾਮ ਜਾ ਰਹੀ ਸੀ । ਸੜਕ ਤੋਂ ਪਾਸੇ ਕਰਨਾ ਬਹੁਤ ਜ਼ਰੂਰੀ ਸੀ। ਕੋਈ ਵੀ ਸਾਧਨ  ਟੱਕਰ ਮਾਰ ਕੇ ਉਨੂ  ਨੁਕਸਾਨ ਪਹੁੰਚਾ ਸਕਦਾ ਸੀ ।  ਲੋਕ ਪੁਲਿਸ ਨੂੰ ਉਸ ਦੇ ਆਸੇ ਪਾਸੇ ਖੜ੍ਹਾ ਵੇਖ ਆਪਣੇ ਸਾਧਨ  ਦੂਜੇ ਪਾਸੇ ਤੋਂ ਘੁੰਮਾ ਕੇ ਲਿਜਾ ਰਹੇ ਸੀ। ਆਖਿਰ ਹੋਰ ਕੋਈ ਹੱਲ ਨਾ ਲੱਭਦਾ ਵੇਖ ਮੈਂ ਅਤੇ ਮੇਰੇ ਨਾਲ ਇੱਕ ਹੋਮਗਾਰਡ ਦੇ ਜਵਾਨ ਨੇ ਉਸ ਨੂੰ ਬਾਂਹ ਤੋਂ ਫੜ ਕੇ ਸੜਕ ਦੇ ਦੂਸਰੇ ਪਾਸੇ ਕਰ ਦਿੱਤਾ ਅਤੇ ਹੱਥ ਸਾਬਣ ਨਾਲ ਧੋ ਕੇ ਸੈਨੇਟਾਈਜ਼ਰ ਲਗਾ ਲਿਆ ।  ਏਨੇ ਨੂੰ ਇੱਕ ਲੰਘ ਰਹੇ ਰਿਕਸ਼ਾ ਵਾਲੇ ਨੇ ਸਾਨੂੰ ਦੱਸਿਆ ਕਿ ਇਹ ਮੰਗਤਾ ਨਹੀਂ ਸ਼ਹਿਰ ਦੇ ਇੱਕ ਚੰਗੇ ਰੱਜੇ ਪੁੱਜੇ  ਘਰਾਣੇ ਦਾ ਵਿਅਕਤੀ ਹੈ ਇਸ ਦੀ ਸ਼ਰਾਬ ਪੀਣ ਦੀ ਆਦਤ ਨੇ ਇਸ ਦਾ ਇਹ ਹਾਲ ਕਰ ਦਿੱਤਾ ਹੈ ਕਿ ਇਸ ਦਾ ਪਰਿਵਾਰ ਇਸ ਨੂੰ ਸੰਭਾਲ ਨਹੀਂ ਰਿਹਾ।ਮੈਂ ਸ਼ਹਿਰ ਦਾ ਜਾਣਕਾਰ ਹੋਣ ਕਰਕੇ ਉਸ ਏਰੀਏ ਦੇ ਐੱਮ. ਸੀ . ਨੂੰ ਫੋਨ ਕਰਕੇ ਸਾਰੀ ਗੱਲ ਦੱਸੀ। ਮੇਰੀ ਅਰਜੋਈ ਨੂੰ  ਮੰਨਦੇ ਹੋਏ ਕੁਝ ਹੀ ਦੇਰ ਵਿੱਚ ਉਸ ਦੇ ਭਰਾ ਨੂੰ ਨਾਲ ਲੈ ਕੇ ਉਹ ਨਾਕਾ ਪੁਆਇੰਟ ਤੇ ਆ ਗਿਆ ਅਤੇ ਉਸ ਮੰਗਤੇ ਜਿਹੇ ਦਿਖਣ ਵਾਲੇ  ਵਿਅਕਤੀ ਨੂੰ ਨਾਲ ਬਿਠਾ ਕੇ ਲੈ ਗਏ। 12 ਵੱਜਣ ਵਾਲੇ ਸੀ।ਸੜਕਾਂ ਸੁੰਨਸਾਨ ਹੋ ਚੁੱਕੀਆਂ ਸਨ ਪਰ ਵਾਢੀ ਦਾ ਮੌਸਮ ਹੋਣ ਕਰਕੇ ਥੋੜ੍ਹੀ ਥੋੜ੍ਹੀ ਦੇਰ ਬਾਅਦ ਕੰਬਾਈਨਾਂ ਅਤੇ ਟਰਾਲੀਆਂ ਸੜਕ ਤੋਂ ਲੰਘ ਰਹੀਆਂ ਸਨ । ਪਹਿਲੀ ਚੈਕਿੰਗ ਦਾ ਸਮਾਂ ਹੋਣ ਵਾਲਾ ਸੀ ਇਸ ਲਈ ਅਸੀਂ ਪੂਰੇ ਅਲਰਟ ਸੀ । ਥੋੜ੍ਹੀ ਦੇਰ ਬਾਅਦ ਡੀ.ਐੱਸ.ਪੀ. ਸਾਬ ਨੇ ਸਾਡਾ ਨਾਕਾ  ਚੈੱਕ ਕੀਤਾ ਅਤੇ ਜ਼ਰੂਰੀ ਹਦਾਇਤਾਂ ਦੇ ਕੇ ਚਲੇ ਗਏ । ਆਵਾਜਾਈ ਨਾ ਮਾਤਰ ਹੋਣ ਕਾਰਨ  ਅਸੀਂ ਸਾਰੇ ਸੜਕ ਦੇ ਸਾਰੇ ਕੋਨਿਆਂ ਵਿੱਚ ਕੁਰਸੀਆਂ ਡਾਹ ਕੇ ਦੂਰ ਦੂਰ ਬੈਠ ਗਏ ਸੀ । ਪਰ ਮੱਛਰਾਂ ਨੂੰ ਸਾਡਾ ਬੈਠਣਾ ਸ਼ਾਇਦ ਮਨਜ਼ੂਰ ਨਹੀਂ ਸੀ ਉਹ ਸਾਡੇ ਕੋਲ ਆਵਦਾ ਗੁਣ ਗਾਣ ਕਰਦੇ ਰਹੇ। ਥੋੜ੍ਹੀ ਦੇਰ ਬਾਅਦ  ਮੈਂ ਵੇਖਿਆ ਮੇਰਾ ਇੱਕ ਸਾਥੀ ਮੁਲਾਜ਼ਮ ਕੁਰਸੀ ਤੇ ਬੈਠਾ ਬੈਠਾ ਹੀ ਸੌਂ ਗਿਆ । ਮੈਂ ਹੈਰਾਨ ਸੀ ਕਿ “ਜਿੱਥੇ ਮੱਛਰ ਮੈਨੂੰ ਆਰਾਮ ਨਾਲ ਬੈਠਣ ਵੀ ਨਹੀਂ ਦੇ ਰਿਹਾ ਉੱਥੇ ਇਹ ਸੌਂ ਕਿਵੇਂ ਰਿਹਾ ਹੈ “। ਮੱਛਰਾਂ ਵੱਲੋਂ ਬੈਠਣ ਦੀ ਇਜਾਜ਼ਤ ਨਾ ਮਿਲਣ ਕਰਕੇ ਮੈਂ ਸਮਾਂ ਲੰਘਾਉਣ ਲਈ ਸੜਕ ਉੱਤੇ ਡੰਡਾ ਖੜਕਾਉਂਦਾ ਹੋਇਆ ਦੂਰ ਦੂਰ ਤੱਕ ਗੇੜੇ  ਕੱਢਣ ਲੱਗ ਪਿਆ ਤਾਂ ਮੈਂ ਵੇਖਿਆ ਕਿ ਸਾਹਮਣੇ ਤੋਂ ਇੱਕ ਬਜ਼ੁਰਗ ਵਿਅਕਤੀ  ਹੱਥ ਉਸਦੇ ਇਕ ਸੋਟੀ ਸੀ ਤੇ ਤੁਰਿਆ ਆ ਰਿਹਾ  ਸੀ  । ਜਦ ਮੈਂ ਘੜੀ ਵੱਲ ਦੇਖਿਆ ਤਾਂ  ਸਵੇਰ ਦੇ ਤਿੰਨ ਵੱਜਣ ਵਾਲੇ ਸੀ।   ਜਦ ਬਜ਼ੁਰਗ ਨੇੜੇ ਆਇਆ ਤਾਂ ਮੈਂ ਉਸ ਨੂੰ ਮਜ਼ਾਕ ਦੇ ਨਾਲ ਕਿਹਾ “ਬਾਬਾ ਜੀ ਇਹ ਕਿਹੜੇ ਵੇਲੇ ਦੀ ਸੈਰ ਤੇ ਨਿਕਲੇ ਹੋ ?”
ਉਸ ਨੇ ਬੜੇ ਹੀ ਪਿਆਰ ਨਾਲ ਕਿਹਾ ” ਸ਼ੇਰਾ ਇਸ ਉਮਰ ਵਿੱਚ ਜਦੋਂ ਜਾਗ ਖੁੱਲ੍ਹ ਜਾਵੇ ਸੈਰ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ।”
ਮੈਂ ਵੀ ਆਪਣਾ ਸਮਾਂ ਲੰਘਾਉਣ  ਲਈ ਥੋੜ੍ਹੀ ਦੇਰ ਬਜ਼ੁਰਗ ਕੋਲ  ਖੜ੍ਹ ਗਿਆ ਅਤੇ ਉਸ ਨਾਲ ਗੱਲਾਂ ਕਰਨ ਲੱਗ ਪਿਆ । ਗੱਲਾਂ ਤੋਂ ਮੈਨੂੰ ਪਤਾ ਲੱਗਾ ਕਿ ਉਸ ਬਜ਼ੁਰਗ ਦਾ  ਇਕਲੌਤਾ ਲੜਕਾ ਜੋ ਕੈਨੇਡਾ  ਵਿੱਚ ਰਹਿੰਦਾ ਹੈ , ਉਹ ਵੀ ਪਿਛਲੇ ਹੀ ਮਹੀਨੇ ਉਥੇ ਦਿਲ ਨਾ ਲੱਗਣ ਕਰਕੇ  ਛੇ ਮਹੀਨੇ ਬਾਅਦ ਕੈਨੇਡਾ ਤੋਂ ਵਾਪਸ ਪਰਤਿਆ ਸੀ । ਉਸ ਦੀਆਂ  ਗੱਲਾਂ ਤੋਂ ਲੱਗ ਰਿਹਾ ਸੀ ਕਿ ਉਹ ਕੈਨੇਡਾ ਵਿਚ ਰਹਿਣਾ ਨਹੀਂ ਚਾਹੁੰਦਾ ਸੀ ਤੇ ਆਪਣੇ ਇਕਲੌਤੇ ਲੜਕੇ  ਨੂੰ ਵਾਪਸ ਬੁਲਾ ਨਹੀਂ ਸਕਦਾ ਸੀ । ਮੈਨੂੰ ਲੱਗਾ ਸ਼ਾਇਦ ਇਹੀ ਕਾਰਨ ਹੋਵੇਗਾ ਜਿਸ ਨੇ ਉਸ ਦੀ ਜਾਗ ਇਸ ਸਮੇਂ ਖੋਲ੍ਹੀ ਹੋਵੇਗੀ ।  ਮੇਰੇ ਨਾਲ ਦਿਲ ਦੀਆਂ ਗੱਲਾਂ ਕਰਕੇ ਉਹ ਬਜ਼ੁਰਗ ਤਾਂ ਚਲਾ ਗਿਆ ਪਰ ਮੈਂ ਕਾਫੀ ਸਮਾਂ ਉਸ ਦੇ ਬਾਰੇ ਹੀ ਸੋਚਦਾ ਰਿਹਾ । 4 ਵੱਜਣ ਵਾਲੇ ਸੀ ਦੂਸਰੀ  ਚੈਕਿੰਗ ਦਾ ਸਮਾਂ ਵੀ ਤਕਰੀਬਨ ਹੋ ਹੀ ਗਿਆ ਸੀ । ਮੈਂ ਆਪਣੇ ਸਾਥੀ ਕਰਮਚਾਰੀਆਂ ਨੂੰ ਅਲਰਟ ਕੀਤਾ ਅਤੇ ਅਸੀਂ ਸਾਰੇ ਸੜਕਾਂ ਦੇ ਕੋਨੇ ਤੇ ਖੜ੍ਹੇ ਹੋ ਗਏ । ਥੋੜ੍ਹੀ ਦੇਰ ਬਾਅਦ ਐੱਸ. ਪੀ. ਸਾਬ ਆਏ ਤੇ ਉਹ ਵੀ ਆਪਣੀਆਂ ਹਦਾਇਤਾਂ ਦਿੰਦੇ ਹੋਏ ਚੈਕਿੰਗ ਕਰਕੇ ਚਲੇ ਗਏ ।  ਨੀਂਦ ਮੇਰੀਆਂ ਅੱਖਾਂ ਉਤੇ ਪੂਰਾ ਜ਼ੋਰ ਪਾ ਰਹੀ ਸੀ। ਮੈਂ ਘਰੋਂ  ਲਿਆਂਦੀ ਹੋਈ ਚਾਹ ਪੀ ਕੇ ਨੀਂਦ ਨੂੰ ਉਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ । ਹੌਲੀ ਹੌਲੀ ਸਵੇਰ ਦਾ ਚਾਨਣ ਹਨੇਰੇ ਨੂੰ ਚੀਰ ਕੇ ਚਾਰੇ ਪਾਸੇ ਫੈਲਦਾ ਜਾ ਰਿਹਾ ਸੀ। ਸੜਕ ਉੱਤੇ ਵੀ ਸਵੇਰ ਦੀ ਸੈਰ ਕਰਨ ਵਾਲੇ ਲੋਕਾਂ ਦੇ  ਰੌਣਕ ਆਉਣੀ ਸ਼ੁਰੂ ਹੋ ਗਈ ਸੀ। ਮੇਰਾ ਧਿਆਨ ਵਾਰ ਵਾਰ ਘੜੀ ਵੱਲ ਜਾ ਰਿਹਾ ਸੀ ਤੇ ਇੰਝ ਲੱਗ ਰਿਹਾ ਸੀ ਜਿਵੇਂ ਰੁੱਕ ਗਈ ਹੋਵੇ। 8 ਵੱਜਣ ਵਿੱਚ ਵੀ ਹਾਲੇ ਵੀ ਇੱਕ ਘੰਟੇ ਤੋਂ ਵੱਧ ਸਮਾਂ ਪਿਆ ਸੀ। ਮੈਨੂੰ ਸੜਕ ਤੇ ਇੱਕ 11-12 ਸਾਲ ਦੀ ਲੜਕੀ ਦਿਖਾਈ ਦਿੱਤੀ। ਉਸਨੇ  ਨੇ ਕਰੀਬ 7-8 ਗੁਬਾਰੇ ਡੰਡੇ ਨਾਲ  ਬੰਨ੍ਹ ਕੇ ਮੋਢੇ  ਉੱਤੇ ਟੰਗੇ ਹੋਏ ਸੀ।  ਸੜਕ ਦੇ ਕਿਨਾਰੇ ਉਹ ਤੇ ਤੁਰੀ ਜਾ ਰਹੀ ਸੀ। ਮੈਂ ਆਪਣੇ ਢਾਈ ਸਾਲ ਦੇ ਬੇਟੇ ਲਈ ਗੁਬਾਰੇ ਖ਼ਰੀਦਣ ਲਈ ਉਸ ਨੂੰ ਆਵਾਜ਼ ਮਾਰੀ । ਮੈਨੂੰ ਪਤਾ ਸੀ ਕਿ ਜਦ ਮੈਂ ਘਰ ਗਿਆ ਤਾਂ ਮੇਰਾ ਬੇਟਾ ਮੇਰੇ ਹੱਥ ਵਿੱਚ ਗੁਬਾਰੇ ਵੇਖ ਕੇ ਬਹੁਤ ਖੁਸ਼ ਹੋਵੇਗਾ । ਗੱਲਾਂ ਹੀ ਗੱਲਾਂ ਵਿੱਚ ਮੈਨੂੰ ਪਤਾ ਲੱਗਾ ਕਿ ਉਸ ਬੱਚੀ ਨੇ ਰਾਤ ਦੀ ਰੋਟੀ ਨਹੀਂ ਖਾਧੀ ਸੀ ਅਤੇ ਸਵੇਰ ਲਈ ਵੀ ਖਾਣ ਵਾਸਤੇ ਕੁਝ ਨਾ ਹੋਣ ਕਰਕੇ ਉਹ ਸੁਵੱਖਤੇ  ਹੀ ਗੁਬਾਰੇ ਫੁਲਾ ਕੇ ਵੇਚਣ ਲਈ ਤੁਰ ਪਈ ਸੀ । ਉਸ ਬੱਚੀ  ਦੀ ਗੱਲ ਸੁਣਨ ਤੋਂ ਪਹਿਲਾਂ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਸਾਰੀ ਰਾਤ ਜਾਗ ਕੇ ਬਹੁਤ ਹੀ ਸਖ਼ਤ ਡਿਊਟੀ ਕੀਤੀ ਹੋਵੇ । ਪਰ ਮੈਨੂੰ ਹੁਣ ਅਹਿਸਾਸ ਹੋਇਆ ਸੀ ਕਿ ਮੇਰੇ ਸਾਰੀ ਰਾਤ ਦਾ ਜਾਗਣਾ ਉਸ ਬੱਚੀ  ਦੇ ਭੁੱਖੇ ਸੌਣ ਨਾਲੋਂ ਕਾਫੀ ਸੌਖਾ ਸੀ । ਮੈਂ ਉਸ ਤੋਂ ਸਾਰੇ ਗੁਬਾਰੇ ਖ਼ਰੀਦ ਲਏ ਤਾਂ ਕਿ ਉਹ ਰੱਜਵਾਂ ਖਾਣਾ ਖਾ ਸਕੇ। 8 ਵੱਜ ਚੁੱਕੇ ਸਨ ਅਤੇ ਦਿਨ  ਦੇ ਨਾਕੇ ਵਾਲੇ ਕੁੱਝ ਮੁਲਾਜ਼ਮ ਵੀ ਆ ਗਏ ਸੀ। ਮੈਂ ਵਾਪਸੀ ਤੇ ਆਪਣੀ ਕਾਰ ਦੀ  ਪਿਛਲੀ ਸੀਟ ਤੇ ਪਏ ਗੁਬਾਰੇ ਵੇਖ ਕੇ ਇਹੀ  ਸੋਚ ਰਿਹਾ ਸੀ  ਕਿ “ਕੀ ਖਾਹਿਸ਼ਾਂ ਹੋਣਗੀਆਂ ਉਸ ਬੱਚੀ ਦੀਆਂ ਜੋ ਸਵੇਰ ਹੁੰਦਿਆਂ ਹੀ ਆਪਣੇ ਪਹਿਲੇ ਸਾਹ ਉਸ ਗੁਬਾਰੇ ਵਿੱਚ ਭਰ ਕੇ ਵੇਚਣ ਲਈ ਤੁਰ ਪਈ ਸੀ ।”
ਮੈਨੂੰ ਮੇਰੀ ਜ਼ਿੰਦਗੀ ਹੁਣ ਪਹਿਲਾਂ ਨਾਲੋਂ ਆਸਾਨ ਲੱਗ ਰਹੀ ਸੀ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin