Articles Culture

ਬਲਦਾਂ ਦੀਆਂ ਜੋੜੀਆਂ ਰਹਿ ਗਈਆਂ ਥੋੜ੍ਹੀਆਂ !

ਲੇਖਕ: ਮਾਸਟਰ ਸੰਜੀਵ ਧਰਮਾਣੀ,
ਸ੍ਰੀ ਅਨੰਦਪੁਰ ਸਾਹਿਬ

ਲਗਭੱਗ ਤਿੰਨ – ਚਾਰ ਦਹਾਕੇ ਪਹਿਲਾਂ ਸਾਡੇ ਘਰਾਂ ਵਿੱਚ ਖ਼ਾਸ ਤੌਰ ‘ਤੇ ਪਿੰਡਾਂ ਦੇ ਘਰਾਂ ਵਿੱਚ ਬਲ੍ਹਦਾਂ /ਬੈਲਾਂ ਦੀਆਂ ਜੋੜੀਆਂ ਘਰ ਦਾ ਸ਼ਿੰਗਾਰ ਹੁੰਦੀਆਂ ਸਨ। ਲੋਕ ਘਰ – ਪਰਿਵਾਰ ਦੇ ਮੈਂਬਰਾਂ ਵਾਂਗ ਬੈਲਾਂ ਨੂੰ ਵੀ ਅਥਾਹ ਪਿਆਰ ਕਰਦੇ ਹੁੰਦੇ ਸਨ ਅਤੇ ਉਨ੍ਹਾਂ ਦੇ ਰੱਖ – ਰਖਾਓ , ਖਾਣ – ਪੀਣ , ਸਿਹਤ – ਸੰਭਾਲ਼ ਆਦਿ ਦਾ ਪੂਰਾ ਧਿਆਨ ਰੱਖਦੇ ਸਨ।  ਗੱਲ ਵੀ ਸੱਚੀ ਸੀ ; ਕਿਉਂਕਿ ਬਲਦ ਕਿਸਾਨ ਅਤੇ ਘਰ ਦੀ ਆਰਥਿਕ ਸਥਿਤੀ ਦਾ ਧੁਰਾ ਜੋ ਸਨ। ਸਾਰੀ ਖੇਤੀ ਕਰਨੀ , ਬਹਾਈ ਕਰਨੀ , ਸੁਹਾਗਾ ਫੇਰਨਾ , ਬਿਜਾਈ ਕਰਨੀ , ਖੂਹਾਂ ਤੋਂ ਹਲਟ ਰਾਹੀਂ ਪਾਣੀ ਕੱਢਣਾ , ਗਹਾਈਆਂ ਕਰਨਾ , ਖੂਹ ਚਲਾਉਣ , ਘੁਲ੍ਹਾੜੀ ਚਲਾਉਣ , ਕੋਹਲੂ ਚਲਾਉਣ , ਫ਼ਲ਼ੇ ਚਲਾਉਣ , ਗੱਡਾ ਚਲਾਉਣ , ਰੱਥ ਚਲਾਉਣ ਅਤੇ ਹੋਰ ਖੇਤੀ ਦੇ ਸਾਰੇ ਕੰਮ ਕਰਨ , ਭਾੜੇ ‘ਤੇ ਦੂਸਰੇ ਕਿਸਾਨਾਂ ਦੇ ਖੇਤਾਂ ਵਿੱਚ   ਵਹਾਈ ਜਾਂ ਬਿਜਾਈ ਦਾ ਸਾਰਾ ਕੰਮ ਬਲਦਾਂ ਦੇ ਸਿਰ ‘ਤੇ ਹੀ ਸੀ। ਪਹਿਲੇ ਸਮਿਆਂ ਵਿੱਚ ਨਵੀਂ ਵਿਆਹੀ ਵਹੁਟੀ ਨੂੰ ਉਸ ਦਾ ਪਤੀ ਰੱਥ/ਬੈਲਗੱਡੀ ਵਿੱਚ ਹੀ ਲੈ ਕੇ ਜਾਂਦਾ ਹੁੰਦਾ ਸੀ। ਲੋਕ ਬੱਗੇ ਤੇ ਲਾਖੇ ਬੈਲ ਰੱਖਣ ਦੇ ਸ਼ੌਕੀਨ ਸਨ। ਬਲ਼ਦਾਂ ਨੂੰ  ਹੋਰ ਖੁਰਾਕ ਦੇ ਨਾਲ਼ – ਨਾਲ਼ ਦੇਸੀ ਘਿਉ ਵੀ ਦਿੱਤਾ ਜਾਂਦਾ ਸੀ। ਉਨ੍ਹਾਂ ਦੇ ਸਿੰਗਾਂ ਨੂੰ ਦੇਸੀ ਤੇਲ ( ਸਰੋਂ ਦੇ ਤੇਲ ) ਨਾਲ਼  ਚੰਗੀ ਤਰ੍ਹਾਂ ਲਿਸ਼ਕਾਇਆ ਜਾਂਦਾ ਸੀ ਅਤੇ ਗਲ਼ ਵਿੱਚ ਹਾਰ ਪਾ ਕੇ ਉਹਨਾਂ ਨੂੰ ਸਜਾਇਆ ਜਾਂਦਾ ਸੀ। ਬਲਦਾਂ ਦੇ ਗਲਾਂ ਵਿੱਚ ਘੰਟੀ – ਘੁੰਗਰੂ ਆਦਿ ਵੀ ਨਵੇਂ – ਨਰੋਏ ਸ਼ੌਂਕ ਨਾਲ ਬੰਨ੍ਹੇ ਜਾਂਦੇ ਸਨ ਅਤੇ ਬਿਜਾਈ ਜਾਂ ਵਹਾਈ ਸਮੇਂ ਪੱਕਾ , ਮਜ਼ਬੂਤ ਤੇ ਸਜਿਆ – ਧਜਿਆ ਸ਼ਿਕਲ਼ਾ ਬੰਨ੍ਹਿਆ ਜਾਂਦਾ ਸੀ , ਤਾਂ ਜੋ ਕੰਮ ਸਮੇਂ ਬਾਲਦ ਇੱਧਰ – ਉੱਧਰ ਘਾਹ – ਕੱਖ ਨੂੰ ਮੂੰਹ ਨਾ ਮਾਰਨ ਲੱਗ ਪੈਣ। ਬਲਦਾਂ ਦੇ ਪੰਜਾਲੀ ਪਾ ਕੇ ਹਲ ਜੋੜ ਕੇ ਖੇਤ ਵਾਹ/ ਜੋਤ ਲੈ ਜਾਂਦੇ ਸਨ ਅਤੇ ਬਿਜਾਈ ਤੋਂ ਬਾਅਦ ਪੰਜਾਲੀ ਨਾਲ ਰੱਸਾ /ਰੱਸੇ ਦਾ ਆਸਰਾ ਜੋੜ ਕੇ ਸੁਹਾਗਾ ਬੰਨ੍ਹ ਦਿੱਤਾ ਜਾਂਦਾ ਹੁੰਦਾ ਸੀ। ਬੱਚੇ ਵੀ ਬਲਦਾਂ ਦੇ ਸੁਹਾਗੇ ਆਰਾਮ ਨਾਲ ਝੂਟ ਕੇ ਅਨੰਦ ਮਹਿਸੂਸ ਕਰਦੇ ਹੁੰਦੇ ਸਨ ਅਤੇ ਇਹ ਹੁੰਦਾ ਵੀ ਸੁਰੱਖਿਅਤ ਸੀ। ਪਿਤਾ , ਚਾਚਾ , ਤਾਇਆ ਜਾਂ ਖਾਸ ਤੌਰ ‘ਤੇ ਮਾਮੇ ਨਾਲ ਖੇਤ ਵਿੱਚ ਸੁਹਾਗਾ ਝੂਟਣ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਸੀ। ਪਹਿਲੇ ਸਮੇਂ ਵਿੱਚ ਲੋਕ ਬਲਦਾਂ ਦਾ ਵਪਾਰ ਵੀ ਕਰਦੇ ਸਨ। ਮੰਡੀਆਂ ਵਿੱਚੋਂ ਚੰਗੇ ਬਲਦ ਖ਼ਰੀਦ ਲਿਆਉਂਦੇ ਸਨ। ਫਿਰ ਹੌਲੀ – ਹੌਲੀ ਨਫ਼ੇ ‘ਤੇ ਵੇਚ ਕੇ ਚੰਗੀ ਕਮਾਈ ਕਰਦੇ ਸਨ। ਬਲਦਾਂ ਨੂੰ ਵੇਚਣ ਜਾਂ ਖਰੀਦਣ ਲਈ ਪੰਜਾਹ – ਸੱਠ ਕਿਲੋਮੀਟਰ ਦੂਰ – ਦੁਰਾਡੇ ਬੈਲਾਂ ਦੀਆਂ ਮੰਡੀਆਂ ਲੱਗਦੀਆਂ ਹੁੰਦੀਆਂ ਸਨ , ਜਿਥੇ ਵੱਖ – ਵੱਖ ਰਾਜਾਂ ਤੋਂ ਆਏ ਵੱਖ – ਵੱਖ ਰੰਗ ਤੇ ਨਸਲ ਦੇ ਬਲ਼ਦ ਲੈਣ ਜਾਂ ਦੇਣ ਲਈ ਕਿਸਾਨ ਦੂਰੋਂ – ਦੂਰੋਂ ਪੈਦਲ ਚੱਲ ਕੇ ਜਾਂ ਕਦੇ – ਕਦਾਈਂ ਟਰੱਕਾਂ ਆਦਿ ਵਿੱਚ ਜੁਗਾੜ ਬਣਾ ਕੇ ਬੈਲ – ਮੰਡੀਆਂ ਤੱਕ ਪਹੁੰਚਦੇ ਹੁੰਦੇ ਸਨ ਅਤੇ ਚਾਈਂ – ਚਾਈਂ ਮੂਲ – ਭਾਵ ਕਰਕੇ ਵਧੀਆ ਬੈਲ ਖਰੀਦਦੇ ਹੁੰਦੇ ਸਨ। ਕਿਸਾਨ ਖੇਤਾਂ ਅਤੇ ਘਰ ਦੇ ਕੰਮ ਲਈ ਬੈਲਗੱਡੀਆਂ ਦੀ ਵਰਤੋਂ ਆਮ ਹੀ ਕਰ ਲੈਂਦੇ ਸਨ। ਬੈਲਗੱਡੀਆਂ ਢੋਆ – ਢੁਆਈ , ਆਵਾਜਾਈ ਅਤੇ ਖੇਤੀਬਾਡ਼ੀ ਦਾ ਸਸਤਾ , ਪ੍ਰਦੂਸ਼ਣ ਮੁਕਤ ਅਤੇ ਸਭ ਤੋਂ ਵਧੀਆ ਤੇ ਸ਼ਾਂਤ ਸਾਧਨ ਹੋਇਆ ਕਰਦੀਆਂ ਸਨ। ਕਈ ਥਾਵਾਂ ‘ਤੇ ਬੈਲਗੱਡੀਆਂ ਦੀਆਂ ਦੌੜਾਂ ਵੀ ਬੜੇ ਉਤਸ਼ਾਹ ਨਾਲ ਆਯੋਜਿਤ ਕੀਤੀਆਂ ਜਾਂਦੀਆਂ ਹੁੰਦੀਆਂ ਸਨ। ਕਿਲ੍ਹਾ ਰਾਏਪੁਰ ਦੀਆਂ ਬੈਲਗੱਡੀਆਂ ਦੀਆਂ ਦੌੜਾਂ ਸੰਸਾਰ ਭਰ ਵਿੱਚ ਮਸ਼ਹੂਰ ਹੋਈਆਂ ਹਨ। ਇਸ ਤਰ੍ਹਾਂ ਬੈਲ ਅਤੇ ਬਲਦਾਂ ਦੀਆਂ ਜੋੜੀਆਂ ਕਿਸਾਨ , ਕਿਸਾਨੀ , ਖੇਤੀ , ਪੰਜਾਬ ਦੇ ਪੇਂਡੂ ਖਿੱਤੇ ਅਤੇ ਸਾਡੇ ਅਮੀਰ ਤੇ ਨਰੋਏ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਹੇ ਹਨ। ਭਾਵੇਂ ਅੱਜ ਤਰੱਕੀ ਦੇ ਅਤੇ ਤੇਜ਼ੀ ਦੇ ਦੌਰ ਵਿੱਚ ਟਰੈਕਟਰਾਂ ਨੇ ਬੈਲਾਂ ਦੀ ਥਾਂ ਲੈ ਲਈ ਹੈ , ਹੁਣ ਸਾਰੀ ਖੇਤੀ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ , ਬਲਦਾਂ ਨਾਲ ਖੇਤੀ ਕਰਨਾ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ ਅਤੇ ਬਲਦ ਹੁਣ ਸਾਡੀ ਖੇਤੀ ਵਿੱਚੋਂ ਅਲੋਪ ਹੋ ਰਹੇ ਹਨ ; ਪਰ  ਬੈਲ ਅਤੇ ਬੈਲਾਂ ਦੀਆਂ ਜੋੜੀਆਂ ਦੀ ਕੋਈ ਰੀਸ ਨਹੀਂ ਅਤੇ ਇਨ੍ਹਾਂ ਤੋਂ ਬਿਨਾਂ ਸਾਡਾ ਸੱਭਿਆਚਾਰ ਤੇ ਵਿਰਸਾ ਹੀ ਅਧੂਰਾ ਹੈ। ਕਈ ਵਾਰ ਅੱਡ/ਵੱਖ ਹੋਣ ‘ਤੇ ਜੇਕਰ ਕਿਸੇ ਲੜਕੇ ਦੇ ਹਿੱਸੇ ਵਿੱਚ ਬਲਦ ਨਹੀਂ ਆਉਂਦੇ ਸਨ , ਤਾਂ ਉਸ ਦੀ ਵਹੁਟੀ ਬੈਲਾਂ ਦੀ ਜੋੜੀ ਦੀ ਮੰਗ ਆਪਣੇ ਬਾਬਲ ਤੋਂ ਕਰ ਲੈਂਦੀ ਸੀ , ਜਿਵੇਂ :

ਮੈਨੂੰ ਲੈ ਦੇ ਬਲਦਾਂ ਦੀ ਜੋੜੀ
ਬਾਪੂ ਵੇ ਮੈਂ ਅੱਡ ਹੁੰਦੀ ਆਂ ।
ਬਸ ! ਅੱਜ ਬੈਲਾਂ ਦੀਆਂ ਜੋੜੀਆਂ ਯਾਦਾਂ ਦੇ ਸਿਰਨਾਵੇਂ ਬਣ ਕੇ ਰਹਿ ਗਈਆਂ ਹਨ ਤੇ ਉਹ ਸਮੇਂ ਬਹੁਤ ਯਾਦ ਆਉਂਦੇ ਹਨ , ਜਦੋਂ ਨਾਨਕੇ – ਘਰ ਬੈਲਾਂ ਨਾਲ਼ ਹਲ਼ ਵਾਹੁੰਦੇ ਸਮੇਂ ਨਾਨਾ ਜੀ ਤੇ ਮਾਮਾ ਜੀ ਨਾਲ਼ ਸੁਹਾਗੇ ਝੂਟਣ ਦਾ ਲੁਤਫ਼ ਮਾਣਦੇ ਹੁੰਦੇ ਸੀ। ਕਾਸ਼ ! ਉਹ ਵੇਲੇ ਅੱਜ ਵਾਪਸ ਆ ਜਾਂਦੇ….।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin