Articles Culture

ਕੱਢਣਾ ਰੁਮਾਲ ਦੇ ਗਇਓਂ . . .

ਲੇਖਕ: ਡਾ. ਪ੍ਰਿਤਪਾਲ ਸਿੰਘ, ਮਹਿਰੋਕ

ਪੰਜਾਬੀ ਸੱਭਿਆਚਾਰ ਤੇ ਪੰਜਾਬ ਦੀਆਂ ਲੋਕ ਕਲਾਵਾਂ ਵਿੱਚ ਕਢਾਈ ਅਤੇ ਬੁਣਾਈ ਦੀ ਕਲਾ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਪੰਜਾਬ ਦੇ ਪਿੰਡਾਂ ਵਿੱਚ ਸੁਆਣੀਆਂ ਰੁਮਾਲ, ਚਾਦਰਾਂ, ਸਿਰਹਾਣੇ, ਮੇਜ਼ਪੋਸ਼, ਅੰਗੀਠੀਪੋਸ਼, ਪਲੰਘਪੋਸ਼, ਗੱਦੀਆਂ ਦੇ ਕਵਰ,ਬੈਕ ਕਵਰ, ਝੋਲੇ, ਫੁਲਕਾਰੀਆਂ, ਪੱਖੀਆਂ,ਦਸੂਤੀ ਆਦਿ ਦੀ ਕਢਾਈ ਕਰਨ ਵਿੱਚ ਵਿਸ਼ੇਸ਼ ਦਿਲਚਸਪੀ ਲੈਂਦੀਆਂ ਰਹੀਆਂ ਹਨ। ਕਢਾਈ ਦੇ ਇਹ ਕੰਮ ਕਈ ਕਈ ਮਹੀਨਿਆਂ ਤੇ ਸਾਲਾਂ ਬੱਧੀ ਚਲਦੇ ਰਹਿੰਦੇ ਸਨ।ਇਸ ਕਲਾ ਉਪਰ ਵਧੇਰੇ ਕਰਕੇ ਰੱਜੇ-ਪੁੱਜੇ ਘਰਾਂ ਦੀਆਂ ਸੁਆਣੀਆਂ ਆਪਣੀ ਕਲਾਕਾਰੀ ਦਾ ਕਮਾਲ ਵਿਖਾਉਂਦੀਆਂ ਸਨ। ਬਾਰੀਕੀ ਵਾਲੀ ਇਸ ਕਲਾ ਦਾ ਸ਼ੌਕ ਪੂਰਾ ਕਰਨ ਲਈ ਪੈਸੇ ਦੇ ਨਾਲ ਖੁੱਲ੍ਹੇ ਸਮੇਂ ਦੀ ਵੀ ਲੋੜ ਹੁੰਦੀ ਸੀ। ਲੋੜੀਂਦੇ ਸਾਧਨਾਂ ਦਾ ਹੋਣਾ ਵੀ ਜ਼ਰੂਰੀ ਹੁੰਦਾ ਸੀ। ਇਸ ਗੁਣ ਨੂੰ ਅਭਿਆਸ ਵਿੱਚ ਲਿਆਉਣਾ ਕੁੜੀਆਂ ਦਾ ਮਾਨਸਿਕ ਰੁਝੇਵਾਂ ਵੀ ਹੁੰਦਾ ਸੀ ਤੇ ਉਨ੍ਹਾਂ ਅੰਦਰ ਪਨਪਦੇ ਕਲਾ/ਸੁਹਜ ਦੇ ਕਲਾਤਮਿਕ ਗੁਣਾਂ ਦਾ ਪ੍ਰਮਾਣ ਵੀ ਹੁੰਦਾ ਸੀ। ਕਿਸੇ ਆਪਣੇ ਲਈ ਰੁਮਾਲ ਕੱਢ ਕੇ ਬੈਠੀ, ਉਸਦੀ ਉਡੀਕ ਕਰ ਰਹੀ ਕੋਈ ਸੁਆਣੀ ਅਜਿਹਾ ਕੁਝ ਕਹਿੰਦੀ-ਸੁਣੀ ਜਾਂਦੀ ਰਹੀ ਹੈ :
* ਕੱਢਣਾ ਰੁਮਾਲ ਦੇ ਗਇਓਂ
ਆਪ ਜਾ ਕੇ ਵਲੈਤ ਵਿਚ ਬਹਿ ਗਇਓਂ
* ਆਪ ਜਾ ਕੇ ਵਲੈਤ ਵਿਚ ਬਹਿ ਗਇਓਂ
ਰੁਮਾਲ ਤੇਰਾ ਕੱਢਿਆ ਪਇਆ ਈ ਓ…
* ਕੱਢਣਾ ਰੁਮਾਲ ਦੇ ਗਇਓਂ
ਚਿੱੱਤ ਲੱਗੇ ਨਾ ਵਿਜੋਗਣ ਹੋਈ…

ਇਨ੍ਹਾਂ ਤੁਕਾਂ ਵਿਚ ਕਿਸੇ ਬਿਰਹਣ ਦੀ ਰੀਝ, ਮਿਲਣ ਦੀ ਉਤਸੁਕਤਾ ਤੇ ਵੇਦਨਾ ਛੁਪੀ ਨਜ਼ਰ ਆਉਂਦੀ ਹੈ ।

ਸਿਲਾਈ, ਬੁਣਾਈ ਤੇ ਕਢਾਈ ਦੀ ਕਲਾ ਵਿੱੱਚ ਮੁਹਾਰਤ ਰੱਖਣ ਵਾਲੀਆਂ ਸੁਘੜ-ਸੁਆਣੀਆਂ ਦਾ ਘਰ,ਪਰਿਵਾਰ ਤੇ ਸਮਾਜ ਵਿੱਚ ਚੰਗਾ-ਚੋਖਾ ਮਾਣ-ਸਨਮਾਨ ਵੀ ਹੁੰਦਾ ਆਇਆ ਹੈ। ਰੁਮਾਲ ਦੀ ਕਢਾਈ ਦੇ ਮਹੱਤਵ ਨੂੰ ਪਛਾਣਿਆ ਜਾਂਦਾ ਰਿਹਾ ਹੈ ਤੇ ਇਸਦੀ ਕਦਰ ਕੀਤੀ ਜਾਂਦੀ ਰਹੀ ਹੈ। ਰੁਮਾਲ ਦੇ ਵਿਭਿੰਨ ਆਕਾਰ ਹੁੰਦੇ ਹਨ। ਸਮਝਿਆ ਜਾਂਦਾ ਹੈ ਕਿ ਵੱਡੇ ਤੋਂ ਵੱਡੇ ਰੁਮਾਲ ਦਾ ਆਕਾਰ ਵੀ ਕਢਾਈ ਕਰਨ ਵਾਲੇ ਛੋਟੇ ਤੋਂ ਛੋਟੇ ਕੱਪੜੇ ਦੇ ਆਕਾਰ ਨਾਲੋਂ ਵੀ ਛੋਟਾ ਹੁੰਦਾ ਹੋਵੇਗਾ। ਆਮ ਹਾਲਤਾਂ ਵਿੱਚ ਪੁਰਸ਼ਾਂ ਲਈ18″×18″ ਅਤੇ ਔਰਤਾਂ ਲਈ ਰੁਮਾਲ ਦਾ ਆਕਾਰ12″×12″ ਦੇ ਕਰੀਬ ਰੱਖਿਆ ਜਾਂਦਾ ਸੀ। ਆਪਣੀ ਲੋੜ,ਚੋਣ ਤੇ ਪਸੰਦ ਅਨੁਸਾਰ ਇਸ ਵਿੱਚ ਵਾਧ-ਘਾਟ ਵੀ ਕਰ ਲਈ ਜਾਂਦੀ ਸੀ। ਰੁਮਾਲ ਕੱਢਣ ਲਈ ਸੁਆਣੀਆਂ ਅਕਸਰ ਰੇਸ਼ਮ, ਟਸਰ ਜਾਂ ਕਿਸੇ ਹੋਰ ਸੁਹਣੇ ਲੱਗਣ ਵਾਲੇ ਮਨਪਸੰਦ ਕੱਪੜੇ ਦਾ ਪ੍ਰਯੋਗ ਕਰਦੀਆਂ ਸਨ। ਬਹੁਤੀਆਂ ਹਾਲਤਾਂ ਵਿੱਚ ਰੁਮਾਲ ਬਣਾਉਣ ਲਈ ਚਿੱਟੇ, ਮਲਾਈ ਰੰਗੇ, ਭੜਕੀਲੇ ਰੰਗ ਦੇ ਪਰ ਮਨ-ਲੁਭਾਉਣੇ ਰੰਗਾਂ ਦੀ ਚੋਣ ਕੀਤੀ ਜਾਂਦੀ ਸੀ। ਹਲਕੇ ਰੰਗਾਂ ਦਾ ਵੀ ਵਿਸ਼ੇਸ਼ ਮਹੱਤਵ ਸਮਝਿਆ ਜਾਂਦਾ ਸੀ। ਰੁਮਾਲ ਦੀ ਕਢਾਈ ਵਾਸਤੇ ਕੱਪੜੇ ਦੇ ਰੰਗ ਨਾਲ ਮੇਲ ਖਾਂਦੇ ਜਾਂ ਵਿਪਰੀਤ ਗੂੜ੍ਹੇ/ਸ਼ੋਖ ਰੰਗਾਂ ਦੇ ਰੇਸ਼ਮੀ ਧਾਗੇ ਵੀ ਵਰਤੋਂ ਕੀਤੀ ਜਾਂਦੀ ਸੀ। ਰੁਮਾਲ ਕਿਸੇ ਨੂੰ ਪਿਆਰ ਵਜੋਂ ਭੇਂਟ ਕਰਨ ਲਈ ਜਾਂ ਆਪਣੀ ਵਰਤੋਂ ਲਈ ਕੱਢੇ ਜਾਂਦੇ ਸਨ । ਸ਼ੌਕੀਨ ਲੋਕ ਹੱਥ ਵਿੱਚ ਰੇਸ਼ਮੀ ਰੁਮਾਲ ਫੜ੍ਹਨ ਵਿੱਚ ਮਾਣ ਮਹਿਸੂਸ ਕਰਦੇ ਸਨ :
* ਹੱਥ ‘ਚ ਰੁਮਾਲ ਰੇਸ਼ਮੀ
ਮੇਰੇ ਪੈਰਾਂ ‘ਚ ਪੰਜੇਬਾਂ ਪਾਈਆਂ।
* ਮਾਰੀ ਸ਼ੌਕ ਦੀ, ਹੱਥ ‘ਚ ਰੁਮਾਲ ਰੱਖਦੀ
ਮਾਰੀ ਸ਼ੌਕ ਦੀ…

ਖੁਸ਼ੀ ਦੇ ਮੌਕਿਆਂ ‘ਤੇ ਕਈ ਸ਼ੌਕੀਨ ਗੱਭਰੂ ਨੱਚਣ ਵੇਲੇ ਆਪਣੇ ਗੁੱਟ ‘ਤੇ, ਉਂਗਲੀ ਨਾਲ, ਕੜੇ ਨਾਲ ਜਾਂ ਮੁੰਦਰੀ ਨਾਲ ਰੇਸ਼ਮੀ ਰੁਮਾਲ ਬੰਨ੍ਹ ਲੈਂਦੇ ਸਨ ਤੇ ਨੱਚਦਿਆਂ ਹੋਇਆਂ ਉਸਨੂੰ ਹਵਾ ਵਿੱਚ ਲਹਿਰਾਉਂਦੇ ਸਨ। ਕੁਝ ਸਮੇਂ ਲਈ ਘਰੋਂ ਦੂਰ ਜਾ ਰਹੇ ਆਪਣੇ ਸੱਜਣ ਨੂੰ ਪਿਆਰ ਨਿਸ਼ਾਨੀ ਵਜੋਂ ਰੁਮਾਲ ਭੇਂਟ ਕਰਨ ਵਿੱਚ ਵੀ ਖੁਸ਼ੀ ਅਨੁਭਵ ਕੀਤੀ ਜਾਂਦੀ ਸੀ:
* ਹੱਥ ਜੋੜ ਕੇ ਰੁਮਾਲ ਫੜਾਵਾਂ
ਜਾਂਦੇ ਸੱਜਣਾਂਂ ਨੂੰ।
* ਦੁੱਧ ਬਣ ਜਾਨੀਂ ਆਂ, ਮਲਾਈ ਬਣ ਜਾਨੀਂ ਆਂ
ਜੇਬ ਵਿਚ ਪਾ ਲੈ ਵੇ, ਰੁਮਾਲ ਬਣ ਜਾਨੀਂ ਆਂ।

ਰੁਮਾਲ ਦੇ ਕਿਨਾਰਿਆਂ ਨੂੰ ਖਿੱਚ ਪਾਉਣ ਲਈ ਫੱਬਵੀਂ ਕਢਾਈ ਕੀਤੀ ਜਾਂਦੀ ਸੀ। ਜਿਸ ਆਪਣੇ ਨੂੰ ਰੁਮਾਲ ਭੇਂਟ ਕਰਨਾ ਹੁੰਦਾ ਸੀ ,ਉਸਦੇ ਨਾਮ ਵਾਲੇ ਅੱਖਰਾਂ ਨੂੰ ਸੁੰਦਰ ਦਿੱਖ/ਜੜਤ ਪ੍ਰਦਾਨ ਕਰਕੇ ਉਸ ਅੱਖਰ ਦੀ ਖੂਬਸੂਰਤ ਕਢਾਈ ਕੀਤੀ ਜਾਂਦੀ ਸੀ। ਕਈ ਵਾਰ ਨਾਮ ਦੇ ਪਹਿਲੇ ਅੱਖਰ ਦੀ ਕਢਾਈ ਕਰਕੇ ਉਸ ਅੱਖਰ ਨੂੰ ਤਰ੍ਹਾਂ ਤਰ੍ਹਾਂ ਦੇ ਬੂਟਿਆਂ,ਪੱਤੀਆਂ,ਫੁੱਲਾਂ,ਪੰਖੇਰੂਆਂ,ਚੰਦ,ਸੂਰਜ,ਤਾਰਿਆਂ ਆਦਿ ਦੇ ਚਿੱਤਰਾਂ ਨਾਲ ਸ਼ਿੰਗਾਰਿਆ ਜਾਂਦਾ ਸੀ। ਰੁਮਾਲ ਉਪਰ ਕਈ ਵਾਰ ਕਈ ਮਿਥਿਹਾਸਕ ਵਿਅਕਤੀਆਂ, ਘਟਨਾਵਾਂ, ਸਥਾਨਾਂ,ਦ੍ਰਿਸ਼ਾਂ ਆਦਿ ਨਾਲ ਸਬੰਧਤ ਦਿਲਕਸ਼ ਚਿੱੱਤਰਾਂ ਦੀ ਅਜਿਹੀ ਖੂਬਸੂਰਤ ਕਢਾਈ ਕੀਤੀ ਜਾਂਦੀ ਸੀ ਕਿ ਉਹ ਕਿਸੇ ਹੁਨਰਮੰਦ ਕਲਾਕਾਰ ਦੀ ਬਣਾਈ ਕਲਾ ਕਿਰਤੀ ਦੇ ਦਰਜੇ ਬਰਾਬਰ ਸਮਝੀ ਜਾਂਦੀ ਸੀ। ਰੁਮਾਲ ਦੀ ਕਢਾਈ ਰਾਹੀਂ ਸੁਆਣੀਆਂ ਸਮਾਜਿਕ-ਆਰਥਿਕ ਜੀਵਨ ਦੇ ਕਿਸੇ ਆਹਰ-ਪਾਹਰ ਦੇ ਦ੍ਰਿਸ਼ ਨੂੰ ਵੀ ਪੇਸ਼ ਕਰ ਦਿੰਦੀਆਂ ਸਨ। ਰੁਮਾਲ ਉਪਰ ਕੱਢੇ ਗਏ ਕਿਸੇ ਫੁੱਲ-ਪੱਤੀ ਦੀ ਕੀਮਤ ਨੂੰ ਪੈਸਿਆਂ ਵਿੱਚ ਨਹੀਂ ਸੀ ਆਂਕਿਆ ਜਾ ਸਕਦਾ,ਕਲਾ ਦੀਆਂ ਪਾਰਖੂ ਅੱਖਾਂ ਹੀ ਉਸਦਾ ਮੁੱਲ ਪਾ ਸਕਦੀਆਂ ਸਨ। ਖੁਸ਼ੀ ਦੇ ਮੌਕਿਆਂ ਉਪਰ ਕਈ ਵਾਰ ਹੱਥ ਨਾਲ ਕੱਢੇ ਰੁਮਾਲਾਂ ਨੂੰ ਸੌਗਾਤ ਵਜੋਂ ਭੇਂਟ ਕੀਤਾ ਜਾਂਦਾ ਸੀ। ਵਿਆਹ ਦੀ ਕਿਸੇ ਰਸਮ ਦੌਰਾਨ ਕੁੜੀ ਮੁੰਡੇ ਦੇ ਰਿਸ਼ਤੇਦਾਰ ਇਕ ਦੂਜੇ ਨੂੰ ਕਢਾਈ ਵਾਲੇ ਰੁਮਾਲ ਯਾਦਗਾਰੀ ਤੋਹਫੇ ਵਜੋਂ ਭੇਂਟ ਕਰਦੇ ਸਨ। ਕਢਾਈ ਵਾਲੇ ਰੁਮਾਲ ਨੂੰ ਲੜਕੀ ਦੇ ਦਾਜ ਦੀ ਇਕ ਮਹੱਤਵਪੂਰਨ ਵੰਨਗੀ ਸਮਝ ਕੇ ਦਾਜ ਵਿੱਚ ਸ਼ਾਮਲ ਕੀਤਾ ਜਾਂਦਾ ਸੀ। ਰਸਮਾਂ ਦੌਰਾਨ ਦੇਣ ਲੈਣ ਵਾਲੀ ਸਮੱਗਰੀ ਜਾਂ ਪੈਸਿਆਂ ਨੂੰ ਰੁਮਾਲ ਵਿੱਚ ਬੰਨ੍ਹ ਕੇ ਦਿੱਤਾ ਲਿਆ ਜਾਂਦਾ ਸੀ।

ਰੁਮਾਲ ‘ਤੇ ਕਢਾਈ ਕਰਨੀ ਬੜੀ ਬਾਰੀਕ ਕਲਾਕਾਰੀ ਵਾਲਾ ਕੰਮ ਸਮਝਿਆ ਜਾਂਦਾ ਰਿਹਾ ਹੈ। ਰੁਮਾਲ ‘ਤੇ ਭਾਂਤ-ਸੁਭਾਂਤੀ ਕਢਾਈ ਕਰਨ ਦੇ ਨਾਲ-ਨਾਲ ਰੁਮਾਲ ਦੇ ਸਿਰਿਆਂ ‘ਤੇ ਕੱਪੜੇ ਦੇ ਰੰਗ ਵਾਲੇ ਜਾਂ ਵਿਪਰੀਤ ਰੰਗ ਦੇ ਧਾਗੇ ਨਾਲ ਲੇੜ੍ਹੀ ਕਰਨ ਨੂੰ ਵੀ ਜ਼ਰੂਰੀ ਸਮਝਿਆ ਜਾਂਦਾ ਸੀ। ਕਰੋਸ਼ੀਏ ਨਾਲ ਬਣਾਏ ਚੌਰਸ ਜਾਂ ਗੋਲਾਕਾਰ ਰੁਮਾਲ ਨੂੰ ਵੀ ਖਾਸ ਮਿਹਨਤ, ਵਿਸ਼ੇਸ਼ ਜੁਗਤ ਤੇ ਅਨੂਠੀ ਕਾਰੀਗਰੀ ਨਾਲ ਬੁਣਿਆ ਜਾਂਦਾ ਸੀ। ਇਸ ਰੁਮਾਲ ਨੂੰ ਕਿਸੇ ਥਾਲੀ, ਥਾਲ, ਪਰਾਤ, ਕਿਸੇ ਹੋਰ ਵੱਡੇ ਬਰਤਨ ਜਾਂ ਟੋਕਰੇ ਨੂੰ ਢੱਕਣ ਲਈ ਵਰਤਿਆ ਜਾਂਦਾ ਸੀ।

ਕਢਾਈ ਵਾਲੇ ਰੁਮਾਲ ਦਾ ਸਬੰਧ ਕਈ ਸਾਂਝਾਂ, ਉਮਾਹਾਂ,ਜਜ਼ਬਿਆਂ, ਉਦਗਾਰਾਂ ਅਤੇ ਰਿਸ਼ਤਿਆਂ ਨਾਲ ਵੀ ਜੁੜਦਾ ਹੈ। ਕਹਿੰਦੇ ਹਨ ਕੁਝ ਰਿਸ਼ਤੇ ਤੇ ਉਨ੍ਹਾਂ ਰਿਸ਼ਤਿਆਂ ਦੇ ਨਾਂ ਅਜਿਹੇ ਆਪਣਿਆਂ ਵਿੱਚ ਸ਼ਾਮਲ ਹੁੰਦੇ ਹਨ ਜਿਹੜੇ ਰੁਮਾਲ ਉਪਰ ਕਢਾਈ ਕਰਕੇ ਲਿਖੇ ਨਾਵਾਂ ਵਰਗੇ ਹੁੰਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਕੁਝ ਰਿਸ਼ਤੇ ਜੇਬ੍ਹ ਵਿੱਚ ਪਏ ਰੁਮਾਲ ਦੀ ਨਿਆਈਂ ਹੁੰਦੇ ਹਨ। ਉਨ੍ਹਾਂ ਪ੍ਰਤੀ ਆਪਣੇਪਨ ਦਾ ਅਹਿਸਾਸ ਏਨਾ ਪ੍ਰਬਲ ਹੁੰਦਾ ਹੈ ਕਿ ਉਨ੍ਹਾਂ ਨੂੰ ਜਦੋਂ/ਜਿਥੇ ਮਰਜ਼ੀ ਵਰਤ ਲਿਆ ਜਾ ਸਕਦਾ ਹੈ। ਕਢਾਈ ਵਾਲਾ ਰੁਮਾਲ ਮਹਿਜ਼ ਕੱਪੜੇ ਦਾ ਇਕ ਟੁਕੜਾ ਨਹੀਂ ਹੁੰਦਾ ,ਉਸ ਵਿੱਚ ਕਿਸੇ ਦੀਆਂ ਰੀਝਾਂ ਸੰਜੋਈਆਂ ਹੁੰਦੀਆਂ ਹਨ, ਜਿਨ੍ਹਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਰੁਮਾਲ ਕੱਢਣ ਵਾਲੀ ਸੁਆਣੀ ਤੇ ਰੁਮਾਲ ਵਿਚਲਾ ਸਬੰਧ ਗੁਲਾਬ ਦੇ ਫੁੱਲ ਤੇ ਉਸ ਵਿਚਲੀ ਖੁਸ਼ਬੂ ਵਰਗਾ ਹੰਦਾ ਹੈ। ਜਦੋਂ ਉਹ ਆਪਣੇ ਹੱਥੀਂ ਕੱਢੇ ਰੁਮਾਲ ਨੂੰ ਕਿਸੇ ‘ਆਪਣੇ’ ਨੂੰ ਭੇਂਟ ਕਰਦੀ ਸੀ ਤਾਂ ਨਾਲ ਹੀ ਉਸ ਨਾਲ ਸਬੰਧ ਦੇ ਲੰਮ ਚਿਰੇ ਹੋਣ ਲਈ ਦੁਆਵਾਂ ਵੀ ਕਰ ਰਹੀ ਹੁੰਦੀ ਸੀ :
* ਸਾਂਭ ਕੇ ਨਿਸ਼ਾਨੀ ਰੱਖ ਲਈ
ਦਿਲ ਦਿੱਤਾ ਸੀ ਰੁਮਾਲ ਵਿਚ ਬੰਨ੍ਹ ਕੇ…
* ਲੋਕਾਂ ਤੋਂ ਲੁਕਾ ਕੇ ਰੱਖਦੀ
ਤੇਰਾ ਕੱਢਿਆ ਰੁਮਾਲ ਉੱਤੇ ਨਾਂ ਵੇ…
* ਘਰ ਘਰ ਹੁੰਦੀ ਚਰਚਾ
ਗੁੱਝੀ ਰਹੀ ਨਾ ਰੁਮਾਲ ਦੀ ਕਹਾਣੀ।

ਰੁਮਾਲ ਕਿਧਰੇ ਗਵਾਚ ਜਾਣ ਜਾਂ ਖਿਆਲਾਂ (ਸੁਫਨੇ) ਵਿੱਚ ਗੁੰਮ ਹੋ ਜਾਣ ਦੇ ਦਰਦ ਤੇ ਬੇਚੈਨੀ ਨੂੰ ਵੀ ਲੋਕ ਗੀਤ ਬਾਖੂਬੀ ਬਿਆਨਦੇ ਹਨ :
* ਸੁਫ਼ਨੇ ‘ਚ ਗੁੰਮ ਹੋ ਗਿਆ
ਰਹੀ ਭਾਲਦੀ ਰੁਮਾਲ ਰਾਤੀਂ ਤੇਰਾ…
* ਘੁੰਡ ਵਿਚ ਰੋਣ ਅੱਖੀਆਂ
ਰੁਮਾਲ ਡਿੱਗਿਆ ਗੱਡੀ ਵਿਚੋਂ ਤੇਰਾ…

ਰੁਮਾਲ ਕੱਢਦੀਆਂ ਸੁਆਣੀਆਂ ਕਿਸੇ ਆਪਣੇ ਦੀ ਯਾਦ ਵਿੱਚ ਆਪਣਾ ਧਿਆਨ ਜੋੜੀ ਰੱਖਦੀਆਂ ਸਨ ਤੇ ਮਨ ਨੂੰ ਆਹਰੇ ਲਗਾਈ ਰੱਖਦੀਆਂ ਸਨ। ਉਨ੍ਹਾਂ ਵਾਸਤੇ ਰੁਮਾਲ ਦੀ ਕਢਾਈ ਕੱਢਣ ਵਾਲੇ ਦਿਨ/ਮਹੀਨੇ ਮਨ ਨੂੰ ਕਿਸੇ ਆਪਣੇ ਦੀ ਯਾਦ ਵਿੱਚ ਟਿਕਾਈ ਰੱਖਣ ਦਾ ਬਹੁਤ ਕਾਰਗਰ ਮਨੋ-ਰੁਝੇਵਾਂ ਹੁੰਦੇ ਸਨ। ਰੁਮਾਲ ਦੀ ਕਢਾਈ ਦੇ ਕੰਮ ਦਾ ਲੋਕਧਾਰਾਈ ਮਹੱਤਵ ਆਪਣੀ ਵਿਸ਼ੇਸ਼ ਪਛਾਣ ਰੱਖਦਾ ਹੈ :
* ਹੱਥ ਛਤਰੀ ਰੁਮਾਲ ਪੱਲੇ ਸੇਵੀਆਂ
ਭੈਣ ਕੋਲ ਵੀਰ ਚੱਲਿਆ…
*  ਥਾਲ ਉੱਤੇ ਰੁਮਾਲ, ਵੇ ਅੜਿਆ
ਥਾਲ ਉੱਤੇ ਰੁਮਾਲ ਚੀਰੇ ਵਾਲਿਆ
ਵਿਚ ਚੰਬੇ ਦੀਆਂ ਵੇ ਡਾਲੀਆਂ
ਇਹ ਖਿੜਿਆ ਗੁਲਜ਼ਾਰ ਵੇ ਅੜਿਆ…
* ਜੇ ਮੁੰਡਿਆ ਵੇ ਮੈਨੂੰ ਨਾਲ ਲਿਜਾਣਾ
ਮਾਂ ਦਾ ਦਰ ਤੂੰ ਚੱਕ ਮੁੰਡਿਆ
ਮੈਨੂੰ ਰੇਸ਼ਮੀ ਰੁਮਾਲ ਵਾਂਗੂੰ ਰੱਖ ਮੁੰਡਿਆ
ਵੇ ਮੈਨੂੰ ਰੇਸ਼ਮੀ ਰੁਮਾਲ ਵਾਂਗੂੰ…
* ਨੀ ਉਧਰੋਂ ਰੁਮਾਲ ਹਿੱਲਿਆ
ਮੇਰੀ ਇਧਰੋਂ ਹਿੱਲੀ ਫੁਲਕਾਰੀ…

ਲੋਕ ਜੀਵਨ ਵਿੱਚ ਪ੍ਰਸਿੱਧ ਰਹੇ ਕਈ ਜਾਣੇ-ਪਛਾਣੇ ਪਾਤਰਾਂ ਦਾ ਜ਼ਿਕਰ ਵੀ ਰੁਮਾਲ ਨਾਲ ਜੋੜ ਕੇ ਕੀਤਾ ਗਿਆ ਮਿਲਦਾ ਹੈ :
* ਤੂੰ ਮੋਹ ਲਿਆ ਮੁੰਡਾ ਪਟਵਾਰੀ
ਰੇਸ਼ਮੀ ਰੁਮਾਲ ਸੁੱਟ ਕੇ।
* ਪੱਚੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ
ਨਿੱਤ ਆਉਣਾ ਜਾਣਾ ਉਹਦਾ ਕੰਮ ਸਰਕਾਰੀ
ਮੇਰਾ ਤਾਂ ਮੰਦੜਾ ਹਾਲ ਮਾਏ ਮੇਰੀਏ
ਦੱਸ ਕੀਹਦਾ ਕੱਢਾਂ ਰੁਮਾਲ ਮਾਏ ਮੇਰੀਏ ?

ਰੁਮਾਲ ਨਾਲ ਸਬੰਧਤ ਪੰਜਾਬੀ ਲੋਕ ਗੀਤਾਂ ਦੀਆਂ ਕਈ ਤੁਕਾਂ ਵਿੱਚ ਹਲਕੀ ਜਿਹੀ ਨੋਕ-ਝੋਕ ਹੁੰਦੀ ਵੀ ਵੇਖੀ/ਸੁਣੀ ਜਾ ਸਕਦੀ ਹੈ :
* ਬੱਲੀਏ ਰੁਮਾਲ ਭੁੱਲ ਗਈ
ਹਾਕਾਂ ਮਾਰਦੇ ਬੱਕਰੀਆਂ ਵਾਲੇ
* ਮੇਰਾ ਡਿੱਗਿਆ ਰੁਮਾਲ ਫੜਾਈਂ
ਰਾਹੇ ਰਾਹੇ ਜਾਣ ਵਾਲਿਆ…

ਪਰ ਰਾਹੇ ਰਾਹੇ ਜਾਣ ਵਾਲਾ ਅੱਗਿਓਂ ਕਿਹੜਾ ਘੱਟ ਹੈ, ਕੋਰਾ ਜੁਆਬ ਦੇਣ ਵਿੱਚ ਜ਼ਰਾ ਢਿੱੱਲ ਨਹੀਂ ਲਗਾਉਂਦਾ ਤੇ ਝਟ-ਪਟ ਦੋ ਟੁਕ ਕਹਿ ਸੁਣਾਉਂਦਾ ਹੈ :
ਕਿਹੜੀ ਏਂ ਤੂੰ ਲਾਟ ਦੀ ਬੱਚੀ ?
ਤੇਰਾ ਡਿੱਗਿਆ ਰੁਮਾਲ ਫੜਾਵਾਂ।

ਕਾਂਗੜਾ ਘਰਾਣਾ ਕਢਾਈ ਦੇ ਖੇਤਰ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਕਾਂਗੜੇ ਦੇ ਕਢਾਈ ਵਾਲੇ ਰੁਮਾਲ ਦੀ ਦੂਰ ਨੇੜੇ ਤੱਕ ਨਿਵੇਕਲੀ ਪਛਾਣ ਬਣੀ ਰਹੀ ਹੈ। ਕਾਂਗੜੇ ਦੇ ਰੁਮਾਲ ਦਾ ਰੰਗ ਵਧੇਰੇ ਕਰਕੇ ਚਿੱਟਾ ਜਾਂ ਮਲਾਈ ਰੰਗਾ ਹੁੰਦਾ ਸੀ। ਕਢਾਈ ਵਾਲੇ ਧਾਗੇ ਦੇ ਰੰਗ ਬਹੁਤ ਭੜਕੀਲੇ, ਗੂੜ੍ਹੇ ਤੇ ਪ੍ਰਭਾਵਸ਼ਾਲੀ ਹੁੰਦੇ ਸਨ। ਰੁਮਾਲ ਦੀ ਕਢਾਈ ਦੀ ਕਲਾ ਦਾ ਪ੍ਰਭਾਵ ਬਹੁਤ ਅਦਭੁੱਤ ਹੁੰਦਾ ਸੀ। ਉਸਨੂੰ ਕਲਾ ਦੇ ਬਿਹਤਰੀਨ ਨਮੂਨੇ ਵਜੋਂ ਜਾਣਿਆ ਜਾਂਦਾ ਸੀ ਉਸਦਾ ਜ਼ਿਕਰ ਹਸਤ ਕਲਾ ਦੇ ਇਤਿਹਾਸ ਦਾ ਸ਼ਿੰਗਾਰ ਬਣਦਾ ਹੈ। ਚੰਬਾ ਦੇ ਕਢਾਈ ਵਾਲੇ ਰੁਮਾਲ ਦੀ ਕਲਾ 16ਵੀਂ ਤੇ 17ਵੀਂ ਸਦੀ ਵਿੱਚ ਪ੍ਰਾਰੰਭ ਹੋਈ ਸੀ, ਜਿਸਦਾ ਜ਼ਿਕਰ ਹਸਤ ਕਲਾ ਦੇ ਇਤਿਹਾਸ ਵਿੱਚ ਵੀ ਆਉਂਦਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਹਿਮਾਚਲ ਹੈਂਡੀਕਰਾਫਟ ਤੇ ਹੈਂਡਲੂਮ ਕਾਰਪੋਰੇਸ਼ਨ ਵੱਲੋਂ ਚੰਬੇ ਦੇ ਕਢਾਈ ਵਾਲੇ ਰੁਮਾਲ,ਧਾਤੂ ਕਲਾ ਕਿਰਤਾਂ, ਚਮੜੇ ਤੋਂ ਤਿਆਰ ਕੀਤੀਆਂ ਜਾਂਦੀਆਂ ਵਸਤੂਆਂ, ਚੰਬੇ ਦੀ ਚੱਪਲ ਆਦਿ ਬਣਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਰਾਜ ਸਰਕਾਰ ਨੇ ਚੰਬਾ ਰੁਮਾਲ ਨੂੰ  ਜਿਓਗ੍ਰਾਫੀਕਲ ਇੰਡੀਕੇਸ਼ਨਜ਼ ਆਫ ਗੁੱਡਸ ਐਕਟ,1999 ਤਹਿਤ ਰਜਿਸਟਰ ਕਰਵਾਇਆ ਹੈ। ਭਾਰਤ ਵਿੱਚ ਦੂਰ ਦੂਰ ਤੱਕ ਚੰਬੇ ਦੇ ਰੁਮਾਲ ਦੀ ਧਾਂਕ ਬਣੀ ਰਹੀ ਹੈ।

ਕਢਾਈ ਵਾਲਾ ਰੁਮਾਲ ਹੁਣ ਬੀਤੇ ਦੀ ਕਹਾਣੀ ਬਣ ਕੇ ਰਹਿ ਗਿਆ ਹੈ। ਅਜੋਕੇ ਕਾਹਲੀ ਵਾਲੇ ਤੇ ਅਮੁੱਕ ਰੁਝੇਵਿਆਂ ਨਾਲ ਭਰੇ ਮਕੈਨੀਕਲ ਯੁੱਗ ਵਿੱਚ ਹੁਣ ਲੋਕ ਰਵਾਇਤੀ ਰੁਮਾਲ ਦੀ ਥਾਂ ਬਰਾਂਡਿਡ ਰੁਮਾਲ ਨੂੰ ਵਰਤਣਾ ਪਸੰਦ ਕਰਦੇ ਹਨ। ਹੋਰ ਅਗਾਂਹ ਵਧਦਿਆਂ ਲੋਕ ਹੁਣ ਕਾਗਜ਼ੀ ਰੁਮਾਲ (ਟੀਸ਼ੂ ਪੇਪਰ) ਜਾਂ ਨੈਪਕਿਨ ਵਰਤਣ ਨੂੰ ਤਰਜੀਹ ਦੇਣ ਲੱਗ ਪਏ ਹਨ। ਇਹ ਇਕ ਤਰ੍ਹਾਂ ਨਾਲ ਫੈਸ਼ਨ ਹੀ ਬਣ ਗਿਆ ਹੈ।ਗਿੱਲੇ ਹੱਥ ਪੂੰਝਣ ਲਈ ਜਾਂ ਹੱਥ ਸਾਫ਼ ਕਰਨ ਲਈ ਹੁਣ ਛੋਟੇ ਤੌਲੀਏ ਦਾ ਇਸਤੇਮਾਲ ਕੀਤਾ ਜਾਣ ਲੱਗ ਪਿਆ ਹੈ। ਸਮੇਂ ਦੇ ਨਾਲ ਅਜਿਹੇ ਪਰਿਵਰਤਨ ਵਾਪਰਨ ਦੇ ਬਾਵਜੂਦ ਵੀ ਲੋਕ ਜੀਵਨ ਵਿੱਚ ਕਢਾਈ ਵਾਲੇ ਰੁਮਾਲ ਦੇ ਮਹੱਤਵ, ਵਿਸ਼ੇਸ਼ਤਾ, ਸਥਾਨ ਤੇ ਪਛਾਣ ਨੂੰ ਭੁਲਾਇਆ ਨਹੀਂ ਜਾ ਸਕਦਾ। ਇਹ ਰੁਮਾਲ ਮਹਿਜ਼ ਕੱਪੜੇ ਦਾ ਇਕ ਟੁਕੜਾ ਨਹੀਂ ਸੀ ਹੁੰਦਾ, ਸਗੋਂ ਮੋਹ-ਮੁਹੱਬਤ ਦੇ ਗੂੜ੍ਹੇ ਰੰਗਾਂ ਵਿੱਚ ਰੰਗਿਆ ਹੁੰਦਾ ਸੀ। ਪਹਿਲੇ ਸਮਿਆਂ ਵਿੱਚ ਇਸ ਰੁਮਾਲ ਨੂੰ ਇਕ ਬਹੁ-ਮੁੱਲੀ ਤੇ ਸਾਂਭਣਯੋਗ ਨਿਸ਼ਾਨੀ ਸਮਝਿਆ ਜਾਂਦਾ ਸੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin