Articles Culture

ਲੋਕ ਮਨਾਂ ਵਿੱਚੋਂ ਵਿਸਰਿਆ ਖੂਹ !

ਲੇਖਕ: ਮਾਸਟਰ ਸੰਜੀਵ ਧਰਮਾਣੀ,
ਸ੍ਰੀ ਅਨੰਦਪੁਰ ਸਾਹਿਬ

1990 ਦੇ ਦਹਾਕੇ ਤੱਕ ਖੂਹ ਪੇਂਡੂ ਖੇਤਰਾਂ ਵਿੱਚ ਪਾਣੀ ਦਾ ਮੁੱਖ ਜ਼ਰੀਆ ( ਸਾਧਨ ) ਹੁੰਦੇ ਸਨ। ਲੋਕ ਸਵੇਰੇ – ਸ਼ਾਮ ਖੂਹਾਂ ‘ਤੇ ਬਾਲਟੀ ਤੇ ਲੱਜ ( ਰੱਸਾ ) ਲੈ ਕੇ ਖੂਹਾਂ ਤੋਂ ਪਾਣੀ ਭਰਦੇ ਹੁੰਦੇ ਸਨ ਅਤੇ ਆਪਣੀ – ਆਪਣੀ ਵਾਰੀ ਦੀ ਉਡੀਕ ਕਰਦੇ ਹੁੰਦੇ ਸਨ। ਖੂਹਾਂ ਦੇ ਮਿੱਠੇ ਤੇ ਸੁਆਦਲੇ ਪਾਣੀ ਵਰਗਾ ਅਨੰਦ ਕਿਤੇ ਨਹੀਂ ਸੀ ਮਿਲਦਾ। ਖੂਹਾਂ ਨੂੰ ਮਜ਼ਦੂਰ ਹੱਥਾਂ ਨਾਲ ਹੀ ਕਈ – ਕਈ ਦਿਨ ਲਗਾ ਕੇ ਪੁੱਟਦੇ ਹੁੰਦੇ ਸਨ। ਅੱਜ ਵਾਂਗ ਮਸ਼ੀਨੀ ਯੁੱਗ ਦੀ ਏਨੀ ਮਜ਼ਬੂਤ ਪਕੜ ਨਹੀਂ ਸੀ। ਪਿੰਡਾਂ ਦੀਆਂ ਧੀਆਂ – ਭੈਣਾਂ ਵੀ ਇਕੱਠੀਆਂ ਹੋ ਕੇ ਬਾਲਟੀਆਂ ਤੇ ਲੱਜਾਂ ਲੈ ਕੇ ਖੂਹਾਂ ਤੋਂ ਪੀਣ ਲਈ , ਨਹਾਉਣ ਲਈ , ਘਰ ਵਿੱਚ ਵਰਤੋਂ ਕਰਨ ਲਈ ਅਤੇ ਡੰਗਰ – ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਪਾਣੀ ਭਰਦੀਆਂ ਹੁੰਦੀਆਂ ਸਨ। ਇਸ ਤਰ੍ਹਾਂ ਸੁੱਤੇ – ਸਿੱਧ ਹੀ ਲੋਕਾਂ ਦੇ ਸਰੀਰ ਦੀ ਕਸਰਤ ਵੀ ਹੋ ਜਾਂਦੀ ਸੀ। ਉਸ ਸਮੇਂ ਲੋਕਾਂ ਨੂੰ ਆਰ. ਓ. ਜਾਂ ਫਿਲਟਰ ਆਦਿ ਦੀ ਵਰਤੋਂ ਕਰਨ ਦੀ ਲੋੜ ਹੀ ਨਹੀਂ ਸੀ ਪੈਂਦੀ ; ਕਿਉਂਕਿ ਖੂਹਾਂ ਦਾ ਪਾਣੀ ਹੁੰਦਾ ਹੈ ਇਨ੍ਹਾਂ ਸਾਫ਼ ਤੇ ਮਿੱਠਾ ਸੀ। ਹਾਂ , ਕਦੇ – ਕਦਾਈਂ ਲਾਲ ਦਵਾਈ ਜ਼ਰੂਰ ਖੂਹਾਂ ਵਿੱਚ ਪਾਈ ਜਾਂਦੀ ਸੀ ਅਤੇ ਖੂਹਾਂ ਵਿੱਚ ਮੱਛੀਆਂ ਵੀ ਛੱਡੀਆਂ ਜਾਂਦੀਆਂ ਹੁੰਦੀਆਂ ਸਨ ਤਾਂ ਜੋ ਪਾਣੀ ਸ਼ੁੱਧ ਰਹਿ ਸਕੇ। ਖੂਹ ਖਾਸ ਤੌਰ ‘ਤੇ ਸਾਡੇ ਪੇਂਡੂ ਖਿੱਤੇ ਦਾ ਇੱਕ ਅਨਿੱਖੜਵਾਂ ਅੰਗ ਅਤੇ ਸਾਡੇ ਵਿਰਸੇ ਦੀ ਮਹਾਨ ਪਛਾਣ ਹੈ। ਪੰਜਾਬ ‘ਚ ਖੂਹਾਂ ਨਾਲ ਸੰਬੰਧਿਤ ਕਈ ਅਖਾਣ ਅਤੇ ਬੁਝਾਰਤਾਂ ਵੀ ਪ੍ਰਸਿੱਧ ਹਨ , ਜਿਵੇਂ :-  ” ਇੱਕ ਇੱਟ ਸੌ ਖੂਹ , ਖੂਹ ਦੀ ਮਿੱਟੀ ਖੂਹ ਨੂੰ ਲੱਗੇ ਅਤੇ ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲਮ – ਟੱਲੀਆਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਹਾਉਣ ਚੱਲੀਆਂ। ”  ਖੂਹ ਮਖੌਲ ਆਦਿ ਕਰਨ ਦਾ ਅਤੇ ਦੁੱਖ – ਸੁੱਖ ਸਾਂਝੇ ਕਰਨ ਦਾ ਵਧੀਆ ਧੁਰਾ ਵੀ ਹੁੰਦਾ ਸੀ। ਲੋਕ ਵਿਹਲੇ ਸਮੇਂ ਅਤੇ ਪਾਣੀ ਲੈਣ ਆਉਣ ਸਮੇਂ ਆਪਸੀ ਮਿਲਵਰਤਣ ਰਾਹੀਂ ਸਮਾਜਿਕ ਤੰਦਾਂ ਸਾਂਝੀਆਂ ਕਰ ਲੈਂਦੇ ਹੁੰਦੇ ਸਨ। ਕਈ ਲੋਕ ਚੰਗੇ ਕਾਰ – ਵਿਹਾਰ ਸਮੇਂ ਪੰਜ ਖੂਹਾਂ ਦਾ ਪਾਣੀ ਇਕੱਠਾ ਕਰਕੇ ਵੀ ਵਰਤੋਂ ਵਿੱਚ ਲਿਆਉਂਦੇ ਹੁੰਦੇ ਸਨ। ਪੁਰਾਣੇ ਸਮਿਆਂ ਵਿੱਚ ਹਰ ਖੁਸ਼ੀ , ਪ੍ਰਾਪਤੀ , ਜਿੱਤ ਅਤੇ ਚੰਗੇ ਪਲਾਂ ਦੇ ਮੌਕਿਆਂ ‘ਤੇ ਰਾਜੇ –  ਮਹਾਰਾਜੇ ਅਤੇ ਵੱਡੇ ਤੇ ਅਮੀਰ ਘਰਾਣਿਆਂ ਦੇ ਲੋਕ ਖੂਹ – ਟੋਭੇ ਕਢਵਾਉਂਦੇ ਹੁੰਦੇ ਸਨ ਤਾਂ ਜੋ ਮਾਨਵਤਾ ਲਈ ਪਾਣੀ ਮੁਹੱਈਆ ਹੁੰਦਾ ਰਹੇ ਅਤੇ ਟੋਭਿਆਂ – ਛੱਪੜਾਂ ਰਾਹੀਂ ਵਰਖਾ ਦਾ ਪਾਣੀ ਧਰਤੀ ਵਿੱਚ ਜਜ਼ਬ (ਸਮਾਉਣਾ) ਹੋ ਸਕੇ। ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਠੀਕ ਰਹਿੰਦਾ ਹੁੰਦਾ ਸੀ। ਹੁਣ ਖੂਹ – ਟੋਭੇ ਘੱਟ ਗਏ ਜਾਂ ਵਿਸਰ ਗਏ ਹਨ ਤਾਂ ਸ਼ੁੱਧ ਪਾਣੀ ਦੀ ਵੀ ਘਾਟ ਰੜਕਣ ਲੱਗ ਪਈ ਹੈ ਅਤੇ ਧਰਤੀ ਹੇਠਲਾ ਪਾਣੀ ਵੀ ਘੱਟਦਾ ਤੇ ਡੂੰਘਾ ਹੁੰਦਾ ਜਾ ਰਿਹਾ ਹੈ। ਹੁਣ ਸਮੇਂ ਦੇ ਕਰਵਟ ਬਦਲਦੇ ਹੀ ਘਰ – ਘਰ ਨਲਕੇ ਅਤੇ ਟੂਟੀਆਂ ਲੱਗ ਗਈਆਂ ਹਨ ਅਤੇ ਖੂਹਾਂ ਬਾਰੇ ਤਾਂ ਸ਼ਾਇਦ ਨਵੀਂ ਪੀੜ੍ਹੀ ਨੂੰ ਪਤਾ ਵੀ ਨਾ ਹੋਵੇ ਕਿ ਖੂਹ ਕਿਸ ਕੰਮ ਆਉਂਦੇ ਹੁੰਦੇ ਸਨ , ਪਰ ਜਿਸ ਨੇ ਖੂਹਾਂ ਦੀ ਵਰਤੋਂ ਦੇ ਸਮਿਆਂ ‘ਚ ਆਪਣਾ ਬਚਪਨ ਅਤੇ ਜਵਾਨੀ ਬਤੀਤ ਕੀਤੀ ਹੋਵੇ , ਉਹ ਭਲਾ ਖੂਹਾਂ ਦੀ ਮਹੱਤਤਾ ਅਤੇ ਖੂਹਾਂ ਦੇ ਦੌਰ ਨੂੰ ਦਿਲੋਂ ਕਿਵੇਂ ਵਿਸਾਰ ਸਕਦਾ ਹੈ !

” ਪਿੰਡਾਂ ਦੇ ਖੂਹ, ਸਰੀਰ ਦੀ ਹੋਵੇ ਕਸਰਤ, ਤਾਜ਼ੀ ਹੋਵੇ ਰੂਹ। “

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin