Articles

‘ਕਿਸਾਨ ਰਤਨ’ ਬਣ ਕੇ ਉੱਭਰਿਆ ਰਾਕੇਸ਼ ਟਿਕੈਤ

ਲੇਖਕ: ਸੁਖਵੀਰ ਸਿੰਘ ਕੰਗ, ਕੋਟਲਾ ਸ਼ਮਸ਼ਪੁਰ, ਸਮਰਾਲਾ

26 ਜਨਵਰੀ ਲਾਲ ਕਿਲ੍ਹੇ ਦੀ ਘਟਨਾ ਤੋਂ ਭੈ ਭੀਤ ਸਾਰੀ ਕਿਸਾਨ ਲੀਡਰਸ਼ਿਪ ਜਦੋਂ ਅਪਸੀ ਪਰਦੇ ਅਤੇ ਗੰਦ ਫਰੋਲਣ ਵਿਚ ਰੁੱਝੀ ਹੋਈ ਸੀ ਤਾਂ ਗਾਜੀ ਪੁਰ ਮੋਰਚੇ ਉੱਪਰ ਪੁਲਿਸ ਦੀ ਕੀਤੀ ਚੜ੍ਹਾਈ ਦੌਰਾਨ, ਜੋ ਕਿਸਾਨ ਪ੍ਰੇਮ ਅਤੇ ਦਲੇਰੀ ਧਾਕੜ ਆਗੂ ਰਾਕੇਸ਼ ਟਿਕੈਤ ਨੇ ਦਿਖਾਈ ਉਸ ਨੇ ਡਾਵਾਂ ਡੋਲ ਹੋ ਰਹੇ ਕਿਸਾਨ ਅੰਦੋਲਨ ਨੂੰ ਮੁੜ ਪੈਰਾਂ ਸਿਰ ਕਰ ਦਿੱਤਾ । ਉਸ ਦੀ ਅੱਖ ਵਿੱਚੋਂ ਅੱਥਰੂ ਡਿੱਗਣਾ ਉਸ ਦੇ ਕਿਸਾਨ ਅੰਦੋਲਨ ਪ੍ਰਤੀ ਅੱਤ ਸੰਵੇਦਨਸ਼ੀਲ ਹੋਣ ਦਾ ਸਬੂਤ ਹੈ ਅਤੇ ਉਸ ਵੱਲੋਂ ਪਿੰਡੋਂ ਆਏ ਪਾਣੀ ਨੂੰ ਹੀ ਪੀਣ ਵਾਲੀ ਗੱਲ ਦੱਸਦੀ ਹੈ, ਕਿ ਉਹ ਆਪਣੇ ਲੋਕਾਂ ਨਾਲ ਕਿੰਨਾ ਜੁੜਿਆ ਹੋਇਆ ਹੈ । ਉਸ ਦੇ ਲੋਕਾਂ ਨੇ ਵੀ ਉਸ ਦੇ ਇਸ ਅੱਥਰੂ ਦਾ ਪੂਰਾ ਮੁੱਲ ਪਾਇਆ ਅਤੇ ਅੱਧੀ ਰਾਤ ਹੀ ਉਸ ਦੇ ਜੱਦੀ ਰਾਜ ਉੱਤਰ ਪ੍ਰਦੇਸ਼ ਦੇ ਵੱਖ ਵੱਖ ਪਿੰਡਾਂ ਤੋਂ ਗਾਜੀ ਪੁਰ ਲਈ ਚਾਲੇ ਪਾ ਦਿੱਤੇ ਜਿਸ ਦੇ ਨਤੀਜੇ ਵਜੋਂ ਇਸ ਮੋਰਚੇ ਨੂੰ ਚੁਕਵਾਉਣ ਆਏ ਸਰੱਖਿਆ ਬਲਾਂ, ਸਥਾਨਕ ਭਾਜਪਾ ਵਿਧਾਇਕ, ਪ੍ਰਸ਼ਾਸਨ ਅਤੇ ਭਾਜਪਾ ਦੇ ਗੁੰਡਿਆਂ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ । ਇਸ ਘਟਨਾ ਨੇ ਜਿੱਥੇ ਰਾਕੇਸ਼ ਟਿਕੈਤ ਦੇ ਜੱਦੀ ਅਗਵਾਈ ਅਤੇ ਸੂਰਮਗਤੀ ਦੇ ਗੁਣਾਂ ਨੂੰ ਉਜਾਗਰ ਕੀਤਾ ਉੱਤੇ ਇਹ ਸੱਚਾਈ ਵੀ ਸਾਹਮਣੇ ਆਈ ਕਿ ਲੋਕ ਸਾਫ਼ ਅਤੇ ਦਲੇਰ ਅਗਵਾਈ ਦੇ ਕਿੰਨੇ ਦੀਵਾਨੇ ਹਨ । ਰਾਜੇਸ਼ ਟਕੈਤ ਦੀ ਮਾਰੀ ਇੱਕ ਬੜ੍ਹਕ ਉੱਪਰ ਲੋਕਾਂ ਦੇ ਚੜ੍ਹਾਏ ਫੁੱਲਾਂ ਸਦਕਾ ਰਾਤੋ ਰਾਤ ਸਮੁੱਚੇ ਕਿਸਾਨ ਅੰਦੋਲਨ ਨੂੰ ਅਜਿਹਾ ਬਲ ਮਿਲਿਆ ਕਿ ਇਸ ਦੀ ਗੂੰਜ ਸਰਕਾਰ ਲਈ ਫਿਰ ਵੰਗਾਰ ਬਣ ਗਈ । ਜਦੋਂ ਆਗੂ ਆਪਣੇ ਲੋਕਾਂ ਦੀ ਸਹੀ ਤਰਜਮਾਨੀ ਕਰ ਰਹੇ ਹੋਣ ਤਾਂ ਲੋਕ ਵੀ ਸੁਥਰੇ ਅਤੇ ਟਿਕਾਊ ਆਗੂਆਂ ਲਈ ਕੁੱਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ ।
ਰਾਜੇਸ਼ ਟਿਕੈਤ ਵਲੋਂ ਸਰਦਾਰ ਲੋਕਾਂ ਪ੍ਰਤੀ ਦਿਖਾਈ ਪ੍ਰਤੀਬੱਧਤਾ ਨੂੰ ਵੀ ਸਾਨੂੰ ਹਮੇਸ਼ਾ ਯਾਦ ਰੱਖਿਆ ਜਾਣਾ ਚਾਹੀਦਾ ਹੈ, ਜਿਸ ਤਰਾਂ ਉਸਨੇ ਪੰਜਾਬ ਅਤੇ ਸਿੱਖਾਂ ਦੀ ਮੁੱਛ ਨੂੰ ਉੱਚਾ ਕੀਤਾ ਹੈ ਤਾਂ ਸਾਨੂੰ ਵੀ ਭਵਿੱਖ ਵਿੱਚ ਉਸ ਦੇ ਮੋਢੇ ਨਾਲ ਮੋਢਾ ਡਾਹ ਕੇ ਖੜ੍ਹਨਾ ਚਾਹੀਦਾ ਹੈ । ਉਸਦਾ ਇਹ ਜਜ਼ਬਾ ਅਤੇ ਸਰਦਾਰ ਪ੍ਰੇਮ ਉਸ ਦੇ ਗਾਜੀ ਪੁਰ ਮੋਰਚੇ ਉੱਪਰ ਲਗਾਈ ਕਿਸਾਨ ਏਕਤਾ ਮੋਰਚੇ ਦੀ ਸਟੇਜ ਦੇ ਮੁੱਖ ਉੱਪਰ ਲੱਗੀਆਂ ਸਰਵ ਸ਼੍ਰੀ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਸੁਭਾਸ਼ ਚੰਦਰ ਬੋਸ, ਸੁਖਦੇਵ ਅਤੇ ਰਾਜਗੁਰੂ ਦੀਆਂ ਤਸਵੀਰਾਂ ਵਿੱਚ ਸਾਫ਼ ਝਲਕਦਾ ਦੇਖਿਆ ਜਾ ਸਕਦਾ ਹੈ ।
ਪੰਜਾਬ ਦੀ ਲੀਡਰਸ਼ਿੱਪ ਦੀ ਇਹ ਕਮੀ ਰਹੀ ਹੈ ਕਿ ਇਹ ਮੁੱਦੇ ਉੱਪਰ ਕੇਂਦਰਤ ਰਹਿਣ ਦੀ ਥਾਂ ਚੁਣੌਤੀਆਂ ਖੜ੍ਹੀਆਂ ਹੋ ਜਾਣ ਤੇ ਇੱਕ ਦੂਸਰੇ ਦੇ ਪਰਦੇ ਅਤੇ ਗੰਦ ਫ਼ਰੋਲਣ ਉੱਪਰ ਜਿਆਦਾ ਧਿਆਨ ਦੇਣ ਲੱਗ ਪੈਂਦੀਆਂ ਹਨ । 26 ਜਨਵਰੀ ਦੇ ਟਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ ਉੱਪਰ ਜਾ ਕੇ ਝੰਡਾ ਲਹਿਰਾਉਣ ਨੂੰ ਲੈ ਕੇ ਵੀ ਅਜਿਹਾ ਹੀ ਵਰਤਾਰਾ ਦੇਖਣ ਨੂੰ ਮਿਲਿਆ । ਪੰਜਾਬ ਦੇ ਕਿਸਾਨ ਆਗੂ ਖੁਦ ਹੀ ਇਸ ਘਟਨਾ ਵਿੱਚ ਹੋਈ ਹਿੰਸਾ ਨੂੰ ਸਵੀਕਾਰ ਕਰਦੇ ਦੇਖੇ ਗਏ ਜਦਕਿ ਇਹ ਕੰਧ ਤੇ ਲਿਖੇ ਵਾਂਗ ਸਪੱਸ਼ਟ ਹੈ ਕਿ ਹਿੰਸਾ ਕਰਨ ਅਤੇ ਪਰੇਡ ਕਰ ਰਹੇ ਕਿਸਾਨਾਂ ਨੂੰ ਲਾਲ ਕਿਲ੍ਹੇ ਵੱਲ ਧੱਕਣਾ ਸਰਕਾਰੀ ਸਾਜਿਸ਼ ਸੀ । ਉਸ ਸਜਿਸ਼ ਨੂੰ ਭੰਡਣ ਦੀ ਥਾਂ ਕਿਸਾਨ ਆਗੂਆਂ ਨੇ ਬਿਨਾਂ ਕਿਸੇ ਠੋਸ ਸਬੂਤ ਦੇ ਆਪਣੇ ਹੀ ਬੰਦਿਆਂ ਨੂੰ ਭੰਡਣਾ ਸ਼ੁਰੂ ਕਰ ਦਿੱਤਾ ਜੋ ਉਹਨਾਂ ਦੇ ਡਰ ਅਤੇ ਭੈ ਭੀਤ ਹੋਣ ਨੂੰ ਉਜਾਗਰ ਕਰ ਗਿਆ ਅਤੇ ਇਸ ਨਾਲ ਸਰਕਾਰ ਨੂੰ ਮਜਬੂਤ ਹੋਣ ਦਾ ਮੌਕਾ ਮਿਲ ਗਿਆ । ਇਸੇ ਵਰਤਾਰੇ ਦਾ ਹੀ ਨਤੀਜਾ ਸੀ ਕਿ ਸਰਕਾਰ ਮੋਰਚੇ ਚੁਕਵਾਉਣ ਤੁਰ ਪਈ । ਜਦੌ ਕਿਸਾਨ ਆਗੂ ਸਮੁੱਚੇ ਕਿਸਾਨ ਅੰਦੋਲਨ ਤੇ ਵਰਤਦੀ ਅਲੌਕਿਕ ਕਲਾ ਨੂੰ ਸਵੀਕਾਰ ਕਰਦੇ ਹਨ ਤਾਂ ਸਰਕਾਰ ਦੇ ਲੰਬੇ ਸਮੇਂ ਤੋਂ ਅਪਣਾਏ ਜਾ ਰਹੇ ਅੜਬ ਵਤੀਰੇ ਤੋਂ ਦੁਖੀ ਕਿਸਾਨਾਂ ਦੇ ਭਟਕ ਕੇ ਲਾਲ ਕਿਲ੍ਹੇ ਉੱਪਰ ਜਾ ਕੇ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡੇ ਨੂੰ ਲਹਿਰਾ ਦੇਣ ਨੂੰ ਵੀ ਇਸੇ ਵਰਤਾਰੇ ਦਾ ਹਿੱਸਾ ਮੰਨ ਕੇ, ਇਸਨੂੰ ਅੰਦੋਲਨ ਦੀ ਤਾਕਤ ਬਣਾ ਸਕਦੇ ਸਨ । ਮਾਰਚ ਕਰਨ ਵਾਲੇ ਕਿਸਾਨ ਭਾਵੇਂ ਸਰਕਾਰ ਦੀ ਚਾਲ ਨਾਲ ਹੀ ਲਾਲ ਕਿਲ੍ਹੇ ਉੱਪਰ ਪਹੁੰਚੇ ਪਰ ਇੱਕ ਇਤਿਹਾਸ ਤਾਂ ਸਿਰਜਿਆ ਗਿਆ ਕਿ ਸਰਕਾਰਾਂ ਦੇ ਸਤਾਏ ਲੋਕ ਕੁੱਝ ਵੀ ਕਰ ਸਕਦੇ ਹਨ । ਇਸ ਵਰਤਾਰੇ ਵਿੱਚ ਸ਼ਾਮਿਲ ਲੋਕਾਂ ਨੂੰ ਭੰਡਣ ਨਾਲ ਅਤੇ ਕਿਨਾਰਾ ਕਰਕੇ ਕਿਹੜਾ ਕਿਸਾਨ ਆਗੂ ਸਰਕਾਰੀ ਦਮਨ ਅਤੇ ਕਾਰਵਾਈ ਤੋਂ ਬਚ ਗਏ । ਇਸ ਘਟਨਾ ਨੂੰ ਭੰਡਣ ਅਤੇ ਨਾਤਾ ਤੋੜਨ ਦੀ ਥਾਂ ਜੇਕਰ ਇਸਨੂੰ ਅਦੋਲਨ ਦੀ ਤਾਕਤ ਦਿਖਾ ਕੇ ਕੈਸ਼ ਕੀਤਾ ਹੁੰਦਾ ਤਾਂ ਸਰਕਾਰ ਦੀ ਵੀ ਅਗਲੀਆਂ ਕਾਰਵਾਈਆਂ ਕਰਨ ਦੀ ਹਿੰਮਤ ਨਾ ਪੈਂਦੀ । ਸਰਕਾਰ ਦੀ ਚਾਲ ਨੂੰ ਆਪਣੀ ਚਾਲ ਨਾਲ ਵੀ ਟੱਕਰਿਆ ਜਾ ਸਕਦਾ ਸੀ । ਜੇਕਰ ਇੱਕ ਦੂਸਰੇ ਦਾ ਗੰਦ ਅਤੇ ਪੋਤੜੇ ਫਰੋਲਣ ਦੇ ਰਾਹ ਤੁਰ ਪਏ ਤਾਂ ਜਿੱਥੇ ਬਹੁਤ ਸਾਰਿਆਂ ਲਈ ਮੁਸ਼ਕਿਲਾਂ ਖੜੀਆਂ ਹੋ ਜਾਣਗੀਆਂ ਉੱਥੇ ਅੰਦੋਲਨ ਨੂੰ ਵੀ ਢਾਹ ਲੱਗੇਗੀ । ਇਸ ਕਰਕੇ ਖਾਸ ਕਰ ਪੰਜਾਬ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਇੱਕ ਦੂਸਰੇ ਤੇ ਤੋਹਮਤਾਂ ਦਾ ਰਸਤਾ ਛੱਡ ਕੇ ਅੰਦੋਲਨ ਦੀ ਤਾਕਤ ਬਣਨ ਵਾਲੇ ਸਭ ਤੱਤਾਂ ਨੂੰ ਨਾਲ ਲੈ ਕੇ ਚੱਲਣ ਅਤੇ ਰਾਕੇਸ਼ ਟਿਕੈਤ ਵਾਂਗ ਲੋਕਾਂ ਵਿੱਚ ਆ ਕੇ ਬੈਠਣ ਉਹਨਾਂ ਦੀ ਅਵਾਜ ਅਤੇ ਰਾਏ ਸੁਣਨ ਤਾਂ ਕਿ ਲੋਕ ਉਹਨਾਂ ਨੂੰ ਆਪਣੀ ਭਾਵਨਾ ਖੁੱਲ੍ਹ ਕੇ ਦੱਸ ਸਕਣ । ਸਿਆਸੀ ਨੇਤਾਵਾਂ ਵਾਂਗ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਣ ਵਾਲਾ ਅਤੇ ਸੁਪਰੀਮ ਹੋਣ ਵਾਲਾ ਰਵੱਈਆ ਨਾ ਇਖਤਿਆਰ ਕਰਨ । ਲੱਖਾ ਸਿਧਾਣਾ, ਦੀਪ ਸਿੱਧੂ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਦੇ ਖਿਲਾਫ਼ ਬੋਲਣ ਨਾਲ ਪੰਜਾਬ ਦੇ ਆਗੂ ਪਰਚਿਆਂ ਤੋਂ ਬਚ ਨਹੀਂ ਸਕੇ ਅਤੇ ਨਾ ਹੀ ਸਰਕਾਰ ਦੀ ਨਰਮੀ ਹਾਸਿਲ ਕਰ ਸਕੇ ਬਲਕਿ ਇਸ ਨਾਲ ਅੰਦੋਲਨ ਦਾ ਕੱਦ ਨੀਵਾਂ ਹੀ ਹੋਇਆ । ਪੰਜਾਬ ਤੋਂ ਅਰੰਭੇ ਦਿੱਲੀ ਕੂਚ ਨੂੰ ਦਿੱਲੀ ਦੀਆਂ ਬਰੂਹਾਂ ਤੱਕ ਲਿਜਾਣ ਅਤੇ ਫਿਰ ਸਥਾਪਤ ਮੋਰਚੇ ਦੀ ਵਾਗਡੋਰ, ਸਮੁੱਚੀ ਤਾਕਤ ਅਤੇ ਸੰਚਾਲਨ, ਯੂਨੀਅਨ ਆਗੂਆਂ ਨੂੰ ਸੌਂਪ ਕੇ, ਇਸ ਇਤਿਹਾਸ ਸਿਰਜ ਦੇਣ ਵਾਲੇ ਅੰਦੋਲਨ ਦੇ ਹੀਰੋ ਬਣਾ ਦੇਣ ਵਾਲਿਆਂ ਨੂੰ ਇੱਕਦਮ ਨਕਾਰ ਦੇਣਾ ਅਤੇ ਵੱਖ ਕਰ ਦੇਣਾ ਅੰਦੋਲਨ ਨੂੰ ਕਮਜੋਰ ਹੀ ਕਰਦਾ ਨਜ਼ਰ ਆ ਰਿਹਾ ਹੈ । ਗਲ੍ਹਤੀਆਂ, ਕਮੀਆਂ, ਕਮਜੋਰੀਆਂ ਜਾਂ ਢੰਗ ਤਰੀਕਿਆਂ ਵਿੱਚ ਫ਼ਰਕ ਹੋ ਸਕਦਾ ਹੈ ਪਰ ਖੁਦ ਹੀ ਇਹਨਾਂ ਗੱਲਾਂ ਨੂੰ ਬਿਨਾਂ ਲੋੜ ਤੋਂ ਮੰਨ ਲੈਣਾ ਜਰੂਰੀ ਨਹੀਂ ਸੀ ।ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਜਦੋਂ ਪੰਜਾਬ ਦੇ ਕਿਸਾਨ ਆਗੂ ਸਰਕਾਰ ਦੀ ਸਖ਼ਤੀ ਤੋਂ ਤ੍ਰਭਕੇ ਹੋਏ ਸਨ ਅਤੇ ਬੀ ਟੀਮ ਬਣਾ ਕੇ ਹਥਿਆਰ ਸੁੱਟਣ ਦੀ ਕਗਾਰ ਤੇ ਸਨ ਤਾਂ ਰਾਕੇਸ਼ ਟਿਕੈਤ ਸਰਕਾਰ ਦੀ ਭੇਜੀ ਪੂਰੀ ਤਾਕਤ ਅੱਗੇ ਡਟਿਆ ਹੋਇਆ ਸੀ । ਹੁਣ ਸਮਾਂ ਸਟੇਜੀ ਬੜ੍ਹਕਾਂ ਦਾ ਨਹੀਂ ਬਲਕਿ ਜਮੀਨੀ ਬੜ੍ਹਕਾਂ ਦਾ ਹੈ । ਅੰਦੋਲਨ ਦੀ ਏਨੀ ਤਾਕਤ ਬਣ ਚੁੱਕੀ ਹੈ ਕਿ ਸਭ ਰਾਕੇਸ਼ ਟਿਕੈਤ ਵਾਲੀ ਬੜ੍ਹਕ ਮਾਰ ਸਕਦੇ ਹਨ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin