Articles Culture

ਕੰਨਾਂ ਦੇ ਵਿੱਚ ਪਿੱਪਲ ਪੱਤੀਆਂ, ਬਾਹੀਂ ਚੂੜਾ ਛਣਕੇ ….

ਲੇਖਕ: ਪ੍ਰਿੰਸੀਪਲ ਪ੍ਰੇਮਲਤਾ, ਸਰਦਾਰ ਪਟੇਲ ਗਰੀਨ ਵੁੱਡ ਪਬਲਿਕ ਸੀ.ਸੈਕੰ.ਸਕੂਲ ਧੂਰੀ

ਭਰਤ ਮੁਨੀ ਅਨੁਸਾਰ ਸੰਸਾਰ ਵਿੱਚ ਜੋ ਕੁਝ ਵੀ ਉਜਵਲ ਤੇ ਪਵਿੱਤਰ ਹੈ, ਉਹ ਸ਼ਿੰਗਾਰ ਰਸ ਵਿੱਚ ਸ਼ਾਮਿਲ ਹੈ। ਸ਼ਿੰਗਾਰ ਰਸ ਨੂੰ ਨਿਰਜੀਵ ਅਤੇ ਸੰਜੀਵ ਦੋਹਾਂ ਸ਼ੈਆਂ ਵਿੱਚ ਦੇਖਿਆ ਜਾ ਸਕਦਾ ਹੈ। ਮੋਰਾਂ ਦੀਆਂ ਪੈਲਾਂ, ਤਿੱਤਲੀ ਦੇ ਖੰਭਾਂ ਦੇ ਰੰਗ, ਆਸਮਾਨ ਵਿੱਚ ਪੰਛੀਆਂ ਅਤੇ ਜੰਗਲਾਂ ਵਿੱਚ ਹਿਰਨਾਂ ਦੀਆਂ ਡਾਰਾਂ, ਖਿੜੇ ਹੋਏ ਫੁੱਲ, ਪੇੜ-ਪੌਦਿਆਂ ਦੀ ਹਰਿਆਵਲ, ਸਤਰੰਗੇ ਪਹਾੜ ਅਤੇ ਗਿਰਦੇ-ਵਹਿੰਦੇ ਝਰਨੇ ਆਦਿ ਵਿੱਚ ਕੁਦਰਤ ਦਾ ਸ਼ਿੰਗਾਰ ਰਸ ਡੁੱਲ੍ਹ-ਡੁੱਲ੍ਹ ਪੈਂਦਾ ਹੈ, ਜਿਸਦੀ ਅਨੁਭੁਤਿ ਨਾਲ਼ ਮਨੁੱਖ ਰੂਹ ਦਾ ਆਨੰਦ ਮਾਣਦਾ ਹੈ।

ਇਹੋ ਨਹੀਂ, ਕਿ ਇਕੱਲਾ ਮਨੁੱਖ ਹੀ ਸ਼ਿੰਗਾਰ ਰਸ ਦਾ ਆਨੰਦ ਮਾਣਦਾ ਹੈ, ਮੋਰ ਨੂੰ ਦੇਖੋ, ਜਦੋਂ ਮੋਰਨੀ ਨੂੰ ਆਕਰਸ਼ਿਤ ਕਰਨਾ ਲੋਚਦਾ ਹੈ ਤਾਂ ਉਹ ਆਪਣਾ ਸ਼ਿੰਗਾਰ ਪੈਲ ਪਾ ਕੇ ਕਰਦਾ ਹੈ। ਇਸੇ ਤਰਾਂ ਫੁੱਲ ਆਪਣੇ ਚਾਅ ਪੂਰੇ ਕਰਨ ਲਈ, ਪੌਦੇ ਵਿੱਚ ਸਭ ਤੋਂ ਸੋਹਣੇ ਅੰਗ ਦਾ ਰੂਪ ਧਾਰਨ ਕਰ ਲੈਂਦਾ ਹੈ, ਤਾਂ ਕਿ ਭੰਵਰੇ ਖਿੱਚੇ ਉੱਡੇ ਆਉਣ, ਭੰਵਰਿਆਂ ਦੇ ਸਹਾਰੇ ਨਾਲ਼ ਉਹ ਪਰਾਗਣ ਦੀ ਕਿਰਿਆ ਪੂਰੀ ਕਰਦਾ ਹੈ।

ਸ਼ਿੰਗਾਰ ਰਸ ਨੂੰ ਅਸੀਂ ਪਦਾਰਥੀ ਲੋੜ ਦੀ ਸ਼੍ਰੇਣੀ ਵਿੱਚ ਰੱਖ ਸਕਦੇ ਹਾਂ। ਕੋਈ ਵਸਤੂ ਜਿਵੇਂ ਵਸਤਰ, ਗਹਿਣੇ, ਪ੍ਰਾਕ੍ਰਿਤੀ ਦਾ ਦ੍ਰਿਸ਼, ਚਿੱਤਰਕਲਾ, ਗੀਤ, ਕਵਿਤਾ ਜਾਂ ਸਾਹਿਤ ਦੀ ਹੋਰ ਵਿਧਾ ਸੁੰਦਰਤਾ ਦੀ ਸਰੋਤ ਬਣ ਸਕਦੀ ਹੈ, ਇਹ ਸੁੰਦਰਤਾ ਹੀ ਸ਼ਿੰਗਾਰ ਰਸ ਦੀ ਬੁਨਿਆਦ ਬਣਦੀ ਹੈ।ਪੰਜਾਬੀ ਸੱਭਿਆਚਾਰ ਦੀ ਬੁਨਿਆਦ, ਪਦਾਰਥ ਦੀ ਸੁੱਚਜੀ ਪ੍ਰੀਤ ਭਰੀ ਵਰਤੋਂ ਵਿੱਚੋਂ ਉਪਜਿਆ ਮਾਨਸਿਕ ਜਾਂ ਰੂਹ ਦਾ ਆਨੰਦ ਹੀ ਤਾਂ ਹੈ। ਮਰਦਾਂ ਦੇ ਮੁਕਾਬਲੇ ਔਰਤ ਵਿੱਚ ਸ਼ਿੰਗਾਰ ਰਸ ਨੂੰ ਪ੍ਰਾਪਤ ਕਰਨ ਦੀ ਵਧੇਰੇ ਪ੍ਰਬਲਤਾ ਪਾਈ ਜਾਂਦੀ ਹੈ। ਔਰਤ ਦੀ ਇਹੋ ਪ੍ਰਬਲਤਾ ਇੱਕ ਅਮੀਰ ਸੱਭਿਆਚਾਰ ਨੂੰ ਜਨਮ ਦਿੰਦੀ ਹੈ।

ਹਰ ਇੱਕ ਸੱਭਿਆਚਾਰ ਵਿੱਚ, ਗਹਿਣੇ ਔਰਤ ਦੇ ਸ਼ਿੰਗਾਰ ਵਿੱਚ ਸਭ ਤੋਂ ਮਹੱਤਵਪੂਰਨ ਥਾਂ ਰੱਖਦੇ ਹਨ। ਆਦਿਕਾਲ ਤੋਂ ਗਹਿਣੇ ਔਰਤ ਲਈ ਸ਼ਿੰਗਾਰ ਰਸ ਦੇ ਸਰੋਤ ਰਹੇ ਹਨ। ਭਾਰਤ ਵਿੱਚ ਪ੍ਰਾਚੀਨ ਕਾਲ ਦੀਆਂ ਪੱਥਰ ਉੱਪਰ ਤਰਾਸ਼ੀਆਂ ਮੂਰਤੀਆਂ, ਗਹਿਣਿਆਂ ਨਾਲ਼ ਸਜੀਆਂ ਮਿਲਦੀਆਂ ਹਨ। ਪੰਜਾਬ ਦੀ ਔਰਤ ਆਰਥਿਕ ਹਿੱਤ ਪੱਖੋਂ ਵੀ ਬਹੁਤ ਸਿਆਣੀ ਹੈ, ਗਹਿਣਿਆਂ ਤੇ ਖਰਚ ਕੀਤਾ ਧਨ ਉਸਦੀ ਪੂੰਜੀ ਬਣ ਜਾਂਦਾ ਹੈ, ਜਿਸਦਾ ਮੁੱਲ ਆਪਣੇ ਆਪ ਵਧਦਾ ਜਾਂਦਾ ਹੈ। ਪੰਜਾਬੀ ਗਹਿਣਿਆਂ ਦਾ ਇੱਕ ਹੋਰ ਮਹੱਤਵਪੂਰਨ ਗੁਣ ਇਹ ਹੈ ਕਿ ਇਹ ਔਰਤ ਲਈ ਕਿਤੇ ਵੀ ਕੰਮ ਵਿੱਚ ਰੁਕਾਵਟ ਨਹੀਂ ਬਣਦੇ, ਨਾ ਹੀ ਇਹ ਸਿਹਤ ਪੱਖੋਂ, ਸ਼ਰੀਰ ਦੇ ਕਿਸੇ ਅੰਗ ਤੇ ਕੋਈ ਉਲਟ ਪ੍ਰਭਾਵ ਪਾਉਂਦੇ ਹਨ, ਸਗੋਂ ਔਰਤ ਦੀ ਮਾਨਸਿਕ ਖੁਸ਼ੀ ਵਿੱਚ ਚੋਖਾ ਵਾਧਾ ਕਰਦੇ ਹਨ। ਗਹਿਣਿਆਂ ਦੀ ਬਣਤਰ ਅਤੇ ਵੰਡ ਸ਼ਰੀਰ ਦੇ ਅੰਗਾਂ ਮੁਤਾਬਿਕ ਹੁੰਦੀ ਹੈ।

ਸਿਰ ਦੇ ਗਹਿਣੇ

ਕਲਿਪ: ਕਲਿੱਪ ਸਿਰ ਦੇ ਪਿਛਲੇ ਹਿੱਸੇ ਚ ਖੱਬੇ ਅਤੇ ਸੱਜੇ ਪਾਸੇ ਲਗਾਏ ਜਾਂਦੇ ਹਨ। ਇਹ ਆਪਸ ਵਿੱਚ ਡੋਰੀ ਨਾਲ਼ ਜੁੜੇ ਹੁਦੇ ਹਨ।

ਝੂਮਰ ਸੂਈ: ਇਹ ਸਿਰ ਦੇ ਖੱਬੇ ਪਾਸੇ ਲਗਾਈ ਜਾਂਦੀ ਹੈ।

ਸੱਗੀਫੁੱਲ: ਸੱਗਫੁੱਲ ਨੂੰ ਗਹਿਣਿਆਂ ਦਾ ਸਰਤਾਜ਼ ਸਮਝਿਆ ਜਾਂਦਾ ਸੀ, ਪਰ ਅੱਜਕੱਲ ਸੱਗੀਫੁੱਲ ਲਗਾਉਣ ਦਾ ਰਿਵਾਜ਼ ਨੱਚਣ ਗਾਉਣ ਵੇਲੇ ਤੱਕ ਹੀ ਸੀਮਤ ਰਹਿ ਗਿਆ ਹੈ। ਸੱਗੀਫੁੱਲ ਦਾ ਗਹਿਣਾ ਔਰਤ ਲਈ ਤਾਜ ਦੇ ਬਰਾਬਰ ਹੁੰਦਾ ਸੀ, ਇਸਨੂੰ ਪਹਿਣ ਕੇ ਉਹ ਘਰ ਅਤੇ ਖੇੜਿਆਂ ਵਿੱਚ ਰਾਣੀ ਦੀ ਪਦਵੀ ਰੱਖਦੀ ਸੀ। ਇਹ ਔਰਤ ਦੇ ਵਾਲਾਂ ਚ ਗੁੰਦੇ ਜਾਣ ਵਾਲੇ ਗਹਿਣੇ ਹਨ। ਇਹ ਗਹਿਣਾ ਤਿੱਕੜੀ ਦੇ ਰੂਪ ਵਿੱਚ ਸੰਪੂਰਨ ਹੁੰਦਾ ਹੈ। ਸਿਰ ਦੇ ਮੂਹਰਲੇ ਪਾਸੇ ਮੱਥੇ ਦੇ ਕੋਲ ਸੱਗੀ ਲਗਾਈ ਜਾਂਦੀ ਹੈ, ਜਿਸਦਾ ਆਕਾਰ ਵੱਡਾ ਹੁੰਦਾ ਹੈ ਅਤੇ ਇਸਦੇ ਖੱਬੇ ਅਤੇ ਸੱਜੇ ਪਾਸੇ ਦੋ ਫੁੱਲ ਲਗਾਏ ਜਾਂਦੇ ਹਨ, ਜੋ ਸੱਗੀ ਤੋਂ ਅਕਾਰ ਵਿੱਚ ਛੋਟੇ ਹੁੰਦੇ ਹਨ।

ਸੱਗੀਫੁੱਲ ਦੀ ਮਹੱਤਤਾ ਪੰਜਾਬੀ ਬੋਲੀਆਂ ਵਿੱਚ ਅਕਸਰ ਝਲਕਦੀ ਹੈ:-

ਸੁਣ ਨੀ ਭਾਬੀ ਸਾਕ ਲ੍ਹਿਆਦੇ, ਮਾਰ ਨਾ ਜਾਂਵੀ ਠੱਗੀ,

ਨੀ ਸੌ ਘੌੜਿਆਂ ਤੇ ਬਰਾਤ ਆਉਗੀ, ਤੇਰੀ ਖਾਤਰ ਬੱਘੀ,

ਵੀਰ ਮੇਰੇ ਲਈ ਸੋਨੇ ਦਾ ਕੈਂਠਾ, ਤੇਰੇ ਲਈ ਫੁੱਲ ਸੱਗੀ,

ਮਿੰਨਤਾ ਕਰਦੇ ਦੀ, ਦਾੜ੍ਹੀ ਹੋ ਗਈ ਬੱਗੀ।

ਜਦੋਂ ਮੁੰਡੇ ਨੇ ਫ਼ਸਲ ਦੀ ਵੱਟਤ ਵਿੱਚੋਂ ਆਪਣੇ ਲਈ ਕੈਂਠਾ ਬਣਵਾ ਲਿਆ ਅਤੇ ਉਸਦੀ ਬੰਨੋ ਇੰਝ ਕਹਿੰਦੀ ਹੈ:-

ਆਪ ਤਾਂ ਮੁੰਡੇ ਨੇ ਕੈਂਠਾ ਘੜਵਾ ਲਿਆ,

ਮੈਨੂੰ ਤਾਂ ਘੜਾਈ ਸੱਗੀ ਮੁੰਡਿਆ,

ਵੇ ਤੂੰ ਦਿਲ ਵਿੱਚ ਰਖਦੈਂ, ਠੱਗੀ ਮੁੰਡਿਆ।

ਸੱਗੀ ਤੇ ਇੱਕ ਹੋਰ ਖੂਬਸੂਰਤ ਬੋਲੀ ਇੰਝ ਹੈ:

ਸਿਰਾਂ ਉੱਤੇ ਸੱਗੀ ਫੁੱਲ, ਘੱਗਰੇ ਫੁਲਕਾਰੀਆਂ,

ਹੱਥਾਂ ਵਿੱਚ ਪੱਖੀਆਂ ਸ਼ੂਕਦੀਆਂ,  ਜਿਵੇਂ ਬਾਗੀਂ ਕੋਇਲਾਂ ਕੂਕਦੀਆਂ।

ਜਿੱਥੇ ਗਹਿਣਿਆਂ ਨੇ ਔਰਤ ਨੂੰ ਅਮੀਰ ਬਣਾਇਆ ਹੈ, ਉੱਥੇ ਇਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਵੀ ਅਮੀਰੀ ਬਖਸ਼ੀ ਹੈ, ਇਸ ਅਮੀਰੀ ਦੀ ਝਲਕ ਇਸ ਵਿੱਚ ਡੁੱਲ੍ਹ-ਡੁੱਲ੍ਹ ਪੈਂਦੀ ਹੈ:-

ਥੜਿਆਂ ਬਾਝ ਨਾ ਪਿੱਪਲ ਸੋਂਹਦੇ, ਫੁੱਲਾਂ ਬਾਝ ਫਲਾਹੀਆਂ,

ਸੱਗੀ ਫੁੱਲ ਸਿਰਾਂ ਤੇ ਸੋਂਹਦੇ, ਪੈਰੀਂ ਝਾਂਜਰਾਂ ਪਾਈਆਂ,

ਸੂਬੇਦਾਰਨੀਆਂ ਨੱਚਣ ਗਿੱਧੇ ਵਿੱਚ ਆਈਆਂ।

ਮੱਥੇ ਦੇ ਗਹਿਣੇ

 

 

 

 

 

ਟਿੱਕਾ: ਇਹ ਟਿੱਕੇ ਵਾਂਗ ਗੋਲ ਅਤੇ ਵੱਡਾ ਹੁੰਦਾ ਹੈ, ਇਹ ਜੰਜ਼ੀਰੀ ਨਾਲ਼ ਜੁੜਿਆ ਹੁੰਦਾ ਹੈ, ਜੰਜੀਰੀ ਦਾ ਇੱਕ ਸਿਰਾ, ਸਿਰ ਦੇ ਵਿਚਾਲੇ ਵਾਲਾਂ ਚ ਗੁੰਦਿਆਂ ਹੁੰਦਾ ਹੈ ਅਤੇ ਟਿੱਕਾ ਮੱਥੇ ਦੇ ਉੱਪਰ ਲਮਕਦਾ ਅਤੀ ਸੁੰਦਰ ਲੱਗਦਾ ਹੈ।

ਸ਼ਿੰਗਾਰ ਪੱਟੀ: ਸ਼ਿੰਗਾਰ ਪੱਟੀ ਮੱਥੇ ਤੋਂ ਦੋਵਾਂ ਕੰਨਾਂ ਵੱਲ ਨੂੰ ਲਟਕਦੀ ਦਿਖਾਈ ਦਿੰਦੀ ਹੈ।

ਗਰਦਨ ਦੇ ਗਹਿਣੇ

ਗਰਦਨ ਵਿੱਚ ਪਹਿਨੇ ਜਾਣ ਵਾਲੇ ਗਹਿਣਿਆਂ ਵਿੱਚ ਰਾਣੀ ਹਾਰ, ਚੰਦਰ ਸੈਨੀ ਹਾਰ, ਟਿਉਂਟਾ, ਗਾਨੀ (ਮਾਲਾ), ਕੈਂਠੀ, ਗੁਲੂਬੰਦ, ਹੰਸ, ਤੰਦੀਰਾ, ਕੰਢੀ, ਮਟਰ ਮਾਲਾ, ਸਿੰਗ ਤਵੀਤ, ਤਵੀਤ ਚੰਪਾਕਲੀ, ਬੁਘਤੀਆਂ, ਜੰਜੀਰੀ, ਢੋਲਣੇ, ਚੌਂਕੀ, ਤੱਗਾ, ਹਮੇਲ, ਲਾਕਟ, ਸੌਕਣ ਮੋਹਰਾ, ਮੱਖੀ, ਹੌਲਦਿਲੀ, ਚੁਟਾਲਾ, ਜੁਗਨੀ, ਮੋਹਰਾਂ, ਨੌਂ ਰਤਨਾ ਸੈੱਟ, ਪੈਂਡਲ ਅਤੇ ਮੰਗਲ ਸੂਤਰ। ਪੈਂਡਲ ਨੂੰ ਜੰਜੀਰੀ ਵਿੱਚ ਪਰੋਕੇ ਪਾਇਆ ਜਾਂਦਾ ਹੈ। ਭਾਰਤੀ ਸਮਾਜ ਵਿੱਚ ਮੰਗਲ ਸੂਤਰ ਸੁਹਾਗ ਦਾ ਸੂਚਕ ਹੈ। ਪੰਜਾਬੀ ਲੋਕ ਗੀਤਾਂ ਵਿੱਚ ਇਨ੍ਹਾਂ ਗਹਿਣਿਆਂ ਦੀ ਪੂਰੀ ਸਰਦਾਰੀ ਹੈ। ਮੁਟਿਆਰ ਤਾਹਨਾ ਦੇਂਦੀ ਕਹਿੰਦੀ ਹੈ :

ਸਾਰੇ ਤਾਂ ਗਹਿਣੇ ਮੇਰੇ ਮਾਪਿਆਂ ਨੇ ਪਾਏ,

ਇੱਕੋ ਤਵੀਤ ਇਹਦੇ ਘਰ ਦਾ ਨੀ,

ਜਦੋਂ ਲੜਦਾ ਤੇ ਲਾਹਦੇ-ਲਾਹਦੇ ਕਰਦਾ ਨੀ।

ਕੰਨਾਂ ਦੇ ਗਹਿਣੇ

ਕੰਨਾਂ ਦੇ ਗਹਿਣੇ ਪਾਉਣ ਲਈ, ਕੰਨ ਨੂੰ ਬਿਨ੍ਹੰਣਾ (ਕੰਨ ਦੀ ਪੇਪੜੀ ਵਿੱਚ ਮੋਰੀ ਕਰਨਾ) ਪਹਿਲੀ ਪੌੜੀ ਹੈ। ਜਦੋਂ ਕੁੜੀ ਅੱਠ ਕੁ ਸਾਲ ਦੀ ਹੋ ਜਾਂਦੀ ਹੈ, ਤਾਂ ਮਾਂ ਉਸਦੇ ਕੰਨ ਬਿਨ੍ਹੰਵਾ ਦਿੰਦੀ ਹੈ। ਕੰਨ੍ਹਾਂ ਦੇ ਮੁੱਖ ਗਹਿਣੇ ਹਨ : ਝੁਮਕੇ, ਕਾਂਟੇ, ਵਾਲੀਆਂ, ਵਾਲੇ, ਤੰਗਲ, ਬੁਜਲੀਆਂ, ਕੋਕਰੂ, ਢੇਡੂ, ਰੇਲਾਂ ਅਤੇ ਬਹਾਦਰਨੀਆਂ ਆਦਿ।

ਦੋਵੇਂ ਕੰਨਾਂ ਵਿੱਚ ਪਿੱਪਲ ਪੱਤੀਆਂ ਅਤੇ ਕਾਂਟੇ ਪਹਿਨਣਾ, ਔਰਤਾਂ ਉੱਚੀ ਸ਼ਾਨ ਸਮਝਦੀਆਂ ਹਨ। ਪਿੱਪਲ ਪੱਤੀਆਂ ਗਹਿਣੇ ਨਾਲ਼ ਪਿੱਪਲ ਦੇ ਪੱਤਿਆਂ ਵਾਂਗ ਸੋਨੇ ਦੇ ਦੋ-ਤਿੰਨ ਪੱਤੇ ਜਿਹੇ ਲੱਗੇ ਹੁੰਦੇ ਹਨ। ਇਸ ਗਹਿਣੇ ਦੀ ਸੁੰਦਰਤਾ ਬਾਰੇ ਪੰਜਾਬੀ ਲੋਕ ਗੀਤਾਂ ਵਿੱਚ ਖੂਬ ਵਖਿਆਣ ਕੀਤਾ ਗਿਆ ਹੈ:-

ਆਹ ਲੈ ਨੱਤੀਆਂ, ਕਰਾ ਲੈ ਪਿੱਪਲ ਪੱਤੀਆਂ,

ਕਿਸੇ ਨਾਲ਼ ਗੱਲ ਨਾਂ ਕਰੀਂ।

ਣ-ਠਣ ਕੇ ਮੁਟਿਆਰਾਂ ਆਈਆਂ, ਆਈਆਂ ਪਟ੍ਹੋਲਾ ਬਣਕੇ,

ਕੰਨਾਂ ਦੇ ਵਿੱਚ ਪਿੱਪਲ ਪੱਤੀਆਂ, ਬਾਹੀਂ ਚੂੜਾ ਛਣਕੇ,

ਗਿੱਧਾ ਜੱਟੀਆਂ ਦਾ, ਦੇਖ ਸ਼ਕੀਨਾ ਖੜ੍ਹਕੇ।

ਨੱਕ ਦੇ ਗਹਿਣੇ

ਤੀਲ੍ਹੀ, ਪੰਜਾਬੀ ਮੁਟਿਆਰਾਂ ਨੱਕ ਵਿੱਚ ਤੀਲ੍ਹੀ ਬਹੁਤ ਹੀ ਚਾਅ ਨਾਲ਼ ਪਾਉਂਦੀਆਂ ਹਨ। ਤੀਲ੍ਹੀ ਅਸਲ ਵਿੱਚ ਇੱਕ ਬਰੀਕ ਮੇਖਨੁਮਾ ਗਹਿਣਾ ਹੁੰਦਾ ਹੈ, ਜਿਸ ਉੱਪਰ ਇੱਕ ਛੋਟਾ ਜਿਹਾ ਨਗ ਲੱਗਾ ਹੁੰਦਾ ਹੈ। ਤੀਲ੍ਹੀ ਦੀ ਸ਼ਾਨ ਵਿੱਚ ਇੱਕ ਲੋਕ ਬੋਲੀ ਇੰਜ ਹੈ:-

ਸਾਂਵੀ ਚੁੰਨੀ ਵਾਲੀਏ ਕੁੜੀਏ, ਆਈਐਂ ਗਿੱਧੇ ਵਿੱਚ ਬਣਕੇ,

ਨੀ ਕੰਨੀ ਤੇਰੇ ਝੁਮਕੇ ਸੋਂਹਦੇ, ਗਲ ਕੈਂਠੀ ਦੇ ਮਨਕੇ,

ਨੀ ਤੀਲ੍ਹੀ ਤੇਰੀ ਨੇ ਮੁਲਕ ਮੋਹ ਲਿਆ, ਬਾਹੀਂ ਚੂੜਾ ਛਣਕੇ,

ਫੇਰ ਕਦ ਨੱਚੇਗੀਂ ਨੱਚ ਲੈ ਪਟ੍ਹੋਲਾ ਬਣਕੇ।

ਲੌਂਗ: ਤੀਲ੍ਹੀ ਉੱਪਰ ਇੱਕ ਛੋਟਾ ਨਗ ਲੱਗਿਆ ਹੁੰਦਾ ਹੈ, ਜਦੋਂ ਕਿ ਲੌਂਗ ਉੱਪਰ ਕਈ ਨਗ ਲੱਗੇ ਹੁੰਦੇ ਹਨ। ਲੌਂਗ ਉੱਪਰ ਇੱਕ ਬਹੁਤ ਹੀ ਸੁੰਦਰ ਲੋਕ ਗੀਤ ਹੈ, ਜਿਸ ਦੀ ਇੱਕ ਸਤਰ ਹੈ:

ਚੀਰੇ ਵਾਲਿਆ ਦੇਖਦਾ ਆਈਂ ਵੇ, ਮੇਰਾ ਲੌਂਗ ਗੁਆਚਾ

ਮੱਛਲੀ: ਮੱਛਲੀ ਨੱਕ ਦੇ ਵਿਚਕਾਰ ਪਹਿਨੀ ਜਾਂਦੀ ਹੈ।

ਨੱਥ: ਇਹ ਵਿੰਨ੍ਹੇ ਹੋਏ ਨੱਕ ਦੀ ਗਲੀ ਤੋਂ ਸ਼ੁਰੂ ਹੋ ਕੇ ਇੱਕ ਗੁਲਾਈ ਦੀ ਤਰਾਂ ਖੱਬੇ ਪਾਸੇ ਵਾਲਾਂ ਨਾਲ਼ ਜੁੜ ਜਾਂਦੀ ਹੈ।

ਵੀਣ੍ਹੀ ਵਿੱਚ ਪਹਿਨੇ ਜਾਣ ਵਾਲੇ ਗਹਿਣੇ

ਪਰੀਬੰਦ, ਇਹ ਬਾਹਾਂ ਦਾ ਇੱਕ ਬਹੁਤ ਹੀ ਮਸ਼ਹੂਰ ਗਹਿਣਾ ਹੈ। ਇਸਨੂੰ ਛੋਟੇ-ਛੋਟੇ ਘੁੰਗਰੂਆਂ ਨਾਲ਼ ਸਜਾਇਆ ਜਾਂਦਾ ਹੈ।

ਵੰਗਾਂ (ਚੂੜੀਆਂ): ਵੰਗਾਂ, ਕੱਚ ਅਤੇ ਸੋਨੇ ਦੋਵਾਂ ਦੀਆਂ ਹੀ ਪਹਿਨੀਆਂ ਜਾਂਦੀਆਂ ਹਨ।ਔਰਤਾਂ ਲਈ ਵੰਗਾਂ ਸੁਹਾਗ ਦੀ ਨਿਸ਼ਾਨੀ ਹਨ। ਕੱਚ ਦੀਆਂ ਚੂੜੀਆਂ ਨਾਲ਼ ਵੰਜਾਰੇ ਦੀ ਭੂਮਿਕਾ ਸ਼ੁਰੂ ਹੋ ਜਾਂਦੀ ਹੈ। ਜਿਸਨੂੰ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਹੀ ਸਨਮਾਨ ਦੀ ਦ੍ਰਿਸ਼ਟੀ ਨਾਲ਼ ਦੇਖਿਆ ਜਾਂਦਾ ਹੈ।

ਪੰਜਾਬੀ ਦੇ ਸਿਰਮੌਰ ਕਵੀ ਨੰਦ ਲਾਲ ਨੂਰਪੁਰੀ ਨੇ ਹੀਰ ਰਾਂਝੇ ਦੇ ਪਿਆਰ ਨੂੰ ਚਿਤਰਦਿਆਂ ਰਾਂਝੇ ਨੂੰ ਵਣਜਾਰੇ ਦੇ ਰੂਪ ਵਿੱਚ ਅਤੇ ਵੰਗਾਂ ਚੜਵਾਉਣ ਵਾਲੀ ਮੁਟਿਆਰ ਨੂੰ ਹੀਰ ਦੇ ਰੂਪ ਵਿੱਚ ਚਿੱਤਰਿਆ ਹੈ।

ਇੱਕ ਵੰਗਾਂ ਵਾਲਾ ਆਇਆ ਨੀ, ਮੈਂ ਮਿੰਨਤਾਂ ਨਾਲ਼ ਬੁਲਾਇਆ ਨੀ,

ਇੱਕ ਵੰਗਾਂ ਕੋਲ ਸੁਨਹਿਰੀ ਨੀ, ਦੂਜੇ ਵਿਸ਼ੀਅਰ ਨੈਣ ਨੇ ਜਹਿਰੀ ਨੀ,

ਮੈਂ ਮਰ ਗਈ ਡੰਗ ਚਲਾਇਆ ਨੀ, ਇੱਕ ਵੰਗਾਂ ਵਾਲਾ ਆਇਆ ਨੀ,

ਪਾ ਵੰਗਾਂ ਲਾਹ ਲਲੀਰੇ ਨੀ, ਤੂੰ ਨੂਰਪੁਰੀ ਦੀਏ ਹੀਰੇ ਨੀ,

ਤੈਨੂੰ ਰੱਬ ਨੇ ਭਾਗ ਹੈ ਲਾਇਆ ਨੀ, ਇੱਕ ਵੰਗਾਂ ਵਾਲਾ ਆਇਆ ਨੀ…….

ਗਜਰੇ: ਇਹ ਚੂੜੀਆਂ ਦੀ ਤਰਾਂ, ਬਾਹਾਂ ਦੇ ਗਹਿਣੇ ਹਨ। ਇਹ ਚੂੜੀ ਨਾਲੋਂ ਖੁੱਲ੍ਹੇ ਅਤੇ ਚੌੜੇ ਡਿਜ਼ਾਇਨਦਾਰ ਬਣੇ ਹੁੰਦੇ ਹਨ। ਇਨ੍ਹਾਂ ਨੂੰ ਬੰਦ ਕਰਨ ਲਈ ਚਾਬੀ ਲੱਗੀ ਹੁੰਦੀ ਹੈ। ਰਾਜਸਥਾਨ ਦੇ ਗਜਰੇ ਲਾਖ ਦੇ ਬਣੇ ਹੁੰਦੇ ਹਨ, ਉੱਪਰ ਸ਼ੀਸ਼ੇ ਜੜੇ ਹੁੰਦੇ ਹਨ।

ਵੀਣ੍ਹੀ ਦੇ ਇਨ੍ਹਾਂ ਗਹਿਣਿਆਂ ਤੋਂ ਇਲਾਵਾ ਬਾਜੂ ਬੰਦ, ਗੋਖੜ, ਕੰਗਣ, ਅਤੇ ਕਲੀਰੇ ਆਦਿ ਪ੍ਰਮੁੱਖ ਗਹਿਣੇ ਹਨ ਜੋ ਔਰਤਾਂ ਦੀਆਂ ਵੀਣ੍ਹੀਆਂ ਦੇ ਸ਼ਿੰਗਾਰ ਬਣਦੇ ਹਨ।

ਉਂਗਲਾਂ ਚ ਪਹਿਨੇ ਜਾਣ ਵਾਲੇ ਗਹਿਣੇ

ਉੱਗਲਾਂ ਵਿੱਚ ਮੁੰਦਰੀ, ਛਾਂਪ, ਕਲੀਚੜੀ ਆਦਿ ਗਹਿਣੇ ਪਹਿਨੇ ਜਾਂਦੇ ਹਨ।

ਪੈਰਾਂ ਵਿੱਚ ਪਹਿਨੇ ਜਾਣ ਵਾਲੇ ਗਹਿਣੇ

ਪੈਰਾਂ ਦਾ ਸਭ ਤੋਂ ਮਹੱਤਵਪੂਰਨ ਗਹਿਣਾ ਪੰਜੇਬਾਂ ਜਾਂ ਝਾਂਜਰਾਂ ਹਨ। ਇਸਤੋਂ ਇਲਾਵਾ ਪੈਰਾਂ ਦੀਆਂ ਉੱਗਲਾਂ ਵਿੱਚ ਪੰਜ ਅੰਗਲਾਂ, ਪਟੜੀਆਂ, ਬਾਂਕਾ ਅਤੇ ਬਿਛੁਏ ਆਦਿ ਪਹਿਨੇ ਜਾਂਦੇ ਹਨ।

ਜਿੱਥੇ ਸੋਨੇ ਚਾਂਦੀ ਦੇ ਗਹਿਣੇ fਔਰਤਾਂ ਲਈ ਸ਼ਿੰਗਾਰ ਦੇ ਸਰੋਤ ਹਨ, ਉੱਥੇ ਇਹ ਪੰਜਾਬੀ ਸੱਭਿਆਚਾਰ ਨੂੰ ਵੀ ਚਾਰ ਚੰਨ ਲਾਉਂਦੇ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin