Story

ਘਸਮੈਲੀ ਸ਼ਾਮ

ਲੇਖ਼ਕ: ਭਾਰਤ ਭੂਸ਼ਨ ਆਜ਼ਾਦ, ਕੋਟਕਪੂਰਾ

ਸੁਪਨੇ ਵੱਡੇ ਹੋਣ ਤਾਂ ਆਪੇ ਸਮੇਤ ਪਰਿਵਾਰ ਨੂੰ ਵੀ ਤਾਰ ਜਾਂਦੇ ਨੇ। ਪਰ ਜੇ ਸੁਪਨਿਆਂ ‘ਚ ਅੈਸ਼-ਪ੍ਰਸਤੀ ਹੀ ਹੋਵੇ ਤਾਂ ਕਈ ਵਾਰ ਜਿਉਂਦਿਆਂ ਨੂੰ ਹੀ ਮਾਰ ਜਾਂਦੇ ਨੇ, ਜ਼ਿੰਦਗੀ ਉਜਾੜ ਜਾਂਦੇ ਨੇ… ਇੱਕ ਘਸਮੈਲੀ ਜਿਹੀ ਸ਼ਾਮ ਨੂੰ ਸਰੀ ਦੀਆਂ ਸੜਕਾਂ ‘ਤੇ ਤੁਰੀ ਜਾਂਦੀ ਸੱਤੀ ਨਾਲ ਇਉਂ ਹੀ ਤਾਂ ਹੋਇਆ ਸੀ। ਅਸਲ ‘ਚ ਉਸ ਨਾਲ ਨਹੀਂ , ਉਸਦੇ ਪਰਿਵਾਰ ਨਾਲ ਇਉਂ ਹੋਇਆ ਸੀ, ਤੇ ਹੋਇਆ ਵੀ ਸਾਰਾ ਸੱਤੀ ਦੇ ਪੈਰੋਂ ਹੀ ਸੀ।
ਸੱਤੀ ਦਾ ਪਿਓ ਡੇਢ ਕੁ ਘੁਮਾਂ ਪੈਲੀ ਦਾ ਮਾਲਕ ਸੀ। ਇਸੇ ਨਾਲ ਹੀ ਉਹ ਆਪਣੇ ਤਿੰਨੋਂ ਬੱਚਿਆਂ ਦੀ ਪੜ੍ਹਾਈ ਤੇ ਘਰ ਦਾ ਤੋਰਾ ਤੋਰ੍ਰਿਹਾ ਸੀ। ਟੱਬਰ ‘ਚ ਸੱਤੀ ਦੀ ਛੋਟੀ ਭੈਣ ਨਿੰਮੀ, ਭਰਾ ਛਿੰਦਾ ਤੇ ਮਾਂ ਵੀ ਸਨ। ਸੱਤੀ ਦਾ ਬੀ.ਏ. ਦਾ ਇਹ ਆਖਰੀ ਸਾਲ ਸੀ । ਪੜ੍ਹਨ ‘ਚ ਉੱਝ ਤਾਂ ਉਹ ਕਾਫ਼ੀ ਹੁਸ਼ਿਆਰ ਸੀ ਪਰ ਸੀ ਉਡਾਰੂ ਸੁਪਨਿਆਂ ਦੀ ਮਾਲਕ । ਹਰ ਵੇਲੇ ਉੱਡੂੰ-ਉੱਡੂੰ ਕਰਦੀ ਰਹਿਣ ਵਾਲੀ ਸੱਤੀ ਖੰਭ ਲਾ ਕੇ ਕਿਧਰੇ ਦੂਰ ਅੰਬਰਾਂ ‘ਚ ਉੱਡ ਜਾਣਾ ਲੋਚਦੀ ਰਹਿੰਦੀ । ਨਿੰਮੀ ਨੇ ਕਈ ਵਾਰ ਉਸਨੂੰ ਸਮਝਾਇਆ ਵੀ ਸੀ ਕਿ ਸੁਪਨੇ ਉਹ ਵੇਖੋ ਜੋ ਸੱਚ ਤੇ ਮਿਆਰੀ ਹੋਣ, ਨਾ ਕਿ ਉਹ ਜੋ ਪਿਛਲਿਆਂ ‘ਤੇ ਵੀ ਭਾਰੀ ਹੋਣ। ਪਰ ਸੱਤੀ ਸਿਗਰਟ ਦੇ ਧੂੰਏਂ ਵਾਂਗੂੰ ਨਿੰਮੀਂ ਦੀ ਹਰ ਗੱਲ ਨੂੰ ਹਵਾ ‘ਚ ਉਡਾ ਦਿੰਦੀ।
ਛਿੰਦੇ ਅਜੇ ਬਾਰਵੀਂ ‘ਚ ਹੀ ਪੜ੍ਹਦਾ ਸੀ। ਪਰ ਘਰ ਦੀ ਹਾਲਤ ਵੇਖ ਪਿਓ ਨਾਲ ਹੀ ਵਾਹੀ ਕਰਵਾਉਣ ਲੱਗ ਪਿਆ ਸੀ।ਦੋਵੇਂ ਪਿਓ-ਪੁੱਤ ਮਿੱਟੀ ਨਾਲ ਮਿੱਟੀ ਹੁੰਦੇ, ਕਦੇ ਹੋਰਾਂ ਦੇ ਖੇਤਾਂ ‘ਚ ਵੀ ਦਿਹਾੜੀ ਲਾ ਆਉਂਦੇ । ਤਾਂ ਕਿਤੇ ਜਾ ਕੇ ਪੂਰੀ ਪੈਂਦੀ ।
ਇੱਕ ਦਿਨ ਸੱਤੀ ਨਿੰਮੀ ਨੂੰ ਨਾਲ ਲੈ ਕੇ ਸ਼ਹਿਰ ਕਿਸੇ ਕੰਮ ਗਈ। ਅਚਾਨਕ ਮੋਟਰਸਾਈਕਲਾਂ ਦੇ ਇੱਕ ਸ਼ੋਅ-ਰੂਮ ਕੋਲੋਂ ਲੰਘਦਿਆਂ ਸ਼ੋਅ-ਰੂਮ ਦੇ ਬਾਹਰ ਲੱਗੇ ਉਸ ਬੋਰਡ ‘ਤੇ ਪਈ ਜਿਸ ਤੇ ਲਿਖਿਆ ਸੀ ਕਿ ‘ਅਕਾਊਂਟੈੰਟ ਦੀ ਲੋੜ’ । ਨਿੰਮੀਂ ਦੇ ਰੋਕਣ ਦੇ ਬਾਵਜੂਦ ਵੀ ਸੱਤੀ ਉਸ ਸ਼ੋਅ-ਰੂਮ ਦੇ ਮਾਲਕ ਨੂੰ ਮਿਲਣ ਅੰਦਰ ਚਲੀ ਗਈ। ਅੰਦਰ ਜਾ ਕੇ ਉਸਨੇ ਆਪਣੀ ਪੜ੍ਹਾਈ ਤੇ ਪਰਿਵਾਰਕ ਸਥਿਤੀ ਬਾਰੇ ਦੱਸਦਿਆਂ ਮਾਲਕ ਨੂੰ ਨੌਕਰੀ ਦੇਣ ਦੀ ਅਰਜ਼ ਕੀਤੀ। ਮਾਲਕ ਭਲਾ ਇਨਸਾਨ ਸੀ। ਉਸਨੇ ਸਭ ਕੁਝ ਜਾਣ ਕੇ ਸੱਤੀ ਨੂੰ ਕੱਲ੍ਹ ਤੋਂ ਕੰਮ ‘ਤੇ ਆਉਣ ਲਈ ਕਹਿ ਦਿੱਤਾ । ਤਨਖਾਹ ਪੰਜ ਹਜ਼ਾਰ ਰੁਪਏ । ਸੱਤੀ ਖੁਸ਼ੀ ‘ਚ ਖੀਵੀ ਹੁੰਦੀ ਬਾਹਰ ਨਿੱਕਲੀ ਤੇ ਉਹ ਦੋਵੇਂ ਪਿੰਡ ਨੂੰ ਜਾਣ ਵਾਲੀ ਬੱਸ ‘ਚ ਬੈਠ ਗਈਆਂ ।
ਘਰ ਆ ਕੇ ਸੱਤੀ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਤੇ ਪਿਤਾ ਅਤੇ ਭਰਾ ਨੂੰ ਮਨਾਉਣ ਲਈ ਕਿਹਾ। ਮਾਂ ਦੇ ਸਮਝਾਉਣ ਤੇ ਪਿਤਾ ਨਛੱਤਰ ਸਿੰਘ ਸਾਰੀ ਗੱਲ ਸਮਝ ਗਿਆ ਤੇ ਸੱਤੀ ਨੂੰ ਨੌਕਰੀ ‘ਤੇ ਜਾਣ ਲਈ ਹਾਮੀ ਭਰ ਦਿੱਤੀ। ਸੱਤੀ ਹੁਣ ਕਾਲਜ ਮਗਰੋਂ ਰੋਜ਼ਾਨਾ ਸ਼ੋਅ ਰੂਮ ਆਉਣ ਲੱਗ ਪਈ । ਕੰਮ ਵੀ ਸਿੱਖ ਗਈ । ਪਰ ਉਹ ਏਨੇ ‘ਚ ਹੀ ਸੰਤੁਸ਼ਟ ਨਹੀਂ ਸੀ। ਉਹ ਤਾਂ ਕਿਸੇ ਬਾਹਰਲੇ ਮੁਲਕ ਦੇ ਅੰਬਰ ਵੀ ਛੂਹਣਾ ਚਾਹੁੰਦੀ ਸੀ। ਸ਼ੋਅ ਰੂਮ ਦੇ ਬਾਕੀ ਸਟਾਫ਼ ਨਾਲ ਉਹ ਅਕਸਰ ਇਹੋ ਗੱਲਾਂ ਕਰਦੀ ਰਹਿੰਦੀ । ਗੱਲ ਮਾਲਕ ਦੇ ਕੰਨਾਂ ਤੱਕ ਪਹੁੰਚ ਗਈ। ਇਕ ਦਿਨ ਮਾਲਕ ਨੇ ਸੱਤੀ ਨੂੰ ਬੁਲਾ ਕੇ ਪੁੱਛਿਆ … ਸੱਤੀ ਨੇ ਸਾਰਾ ਦਿਲ ਦਾ ਹਾਲ ਖੋਲ ਕੇ ਰੱਖ ਦਿੱਤਾ। ਮਾਲਕ ਨੇ ਦੱਸਿਆ ਕਿ ਉਸਦਾ ਇਕ ਦੋਸਤ ਬਾਹਰ ਭੇਜਣ ਦਾ ਕੰਮ ਕਰਦਾ ਹੈ । ਉਹ ਉਸ ਨੂੰ ਮਿਲਾ ਦੇਵੇਗਾ। ਕੁਝ ਦਿਨਾਂ ਮਗਰੋਂ ਉਸ ਨੇ ਸੱਤੀ ਨੂੰ ਆਪਣੇ ਦੋਸਤ ਨਾਲ ਮਿਲਾ ਦਿੱਤਾ। ਬਾਹਰ ਭੇਜਣ ਵਾਲੇ ਏਜੰਟ ਨੇ ਸੱਤੀ ਨੂੰ ਕਿਹਾ ਕਿ ਤੂੰ 4 ਲੱਖ ਰੁਪਏ ਦਾ ਇੰਤਜ਼ਾਮ ਕਰ ਲੈ, ਮੈਂ ਤੇਰੇ ਸੁਪਨੇ ਪੂਰਾ ਕਰ ਦਿਆਂਗਾ।
ਜਦੋਂ ਪੈਸਿਆਂ ਦਾ ਇੰਤਜ਼ਾਮ ਕਰਨ ਬਾਰੇ ਸੱਤੀ ਨੇ ਘਰ ਆ ਕੇ ਦੱਸਿਆ ਤਾਂ ਨਛੱਤਰ ਸਿੰਘ ਗੱਲ ਸੁਣ ਕੇ ਭੜਕ ਪਿਆ, ਕਿਉਂਕਿ ਪੈਸਿਆਂ ਦਾ ਇੰਤਜ਼ਾਮ ਕਰਨ ਲਈ ਉਸ ਕੋਲ ਆਪਣੀ ਜਮੀਨ ਦੇ ਇਲਾਵਾ ਹੋਰ ਕੋਈ ਸਾਧਨ ਨਹੀਂ ਸੀ। ਉਹ ਜਮੀਨ ਜੋ ਉਸਦੀ ਮਾਂ ਸੀ ਤੇ ਪੂਰੇ ਪਰਿਵਾਰ ਦਾ ਪੇਟ ਪਾਲ ਰਹੀ ਸੀ। ਸੱਤੀ ਨੇ ਫੇਰ ਆਪਣੀ ਮਾਂਆੱਗੇ ਤਰਲਾ ਕੀਤਾ ਕਿ ਉਹ ਉਸਦੇ ਪਿਉ ਨੂੰ ਮਨਾਵੇ। ਮਾਂ ਨੇ ਉਸਦੇ ਪਿਤਾ ਨੂੰ ਸਮਝਾਇਆ ਕਿ ਆਪਣੇ ਧੀਆਂ-ਪੁੱਤਾਂ ਦਾ ਆਪਾਂ ਨੂੰ ਹੀ ਕਰਨਾ ਪੈਣਾ। ਜੇ ਧੀ-ਪੁੱਤ ਜ਼ਿੰਦਗੀ ‘ਚ ਸੈੱਟ ਹੋ ਗਏ ਤਾਂ ਆਪਣੇ ਸਾਰੇ ਧੋਣੇ ਧੋਤੇ ਜਾਣਗੇ’। ਗੱਲ ਸੁਣ ਕੇ ਨਛੱਤਰ ਸਿੰਘ ਦਾ ਕੁਝ  ਠੰਡਾ ਹੋਇਆ ਤੇ ਉਸਨੇ ਆਪਣੀ ਘਰਵਾਲੀ ਦੀ ਗੱਲ ਮੰਨ ਲਈ। ਕੁੜੀ ਨੂੰ ਵਿਦੇਸ਼ ਭੇਜਣ ਲਈ ਜਮੀਨ ਗਹਿਣੇ ਕਰਕੇ 4 ਲੱਖ ਰੁਪਏ ਕਰਜ਼ਾ ਲੈ ਲਿਆ।
ਪਾਸਪੋਰਟ, ਵੀਜ਼ਾ ਤੇ ਹੋਰ ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਹੋਣ ਮਗਰੋਂ ਉਹ ਦਿਨ ਆ ਹੀ ਗਿਆ ਜਦੋਂ ਉਸ ਨੇ ਜਹਾਨ ਚੜ੍ਹਨਾ ਸੀ… ਪੂਰਾ ਪਰਿਵਾਰ ਧੀ ਨੂੰ ਹਵਾਈ ਅੱਡੇ ਛੱਡਣ ਗਿਆ।
ਵਿਦੇਸ਼ ਦੀ ਧਰਤੀ ਪਹੁੰਚ ਕੇ ਪਹਿਲਾਂ-ਪਹਿਲਾਂ ਸੱਤੀ ਨੇ ਮਾਪਿਆਂ ਨੂੰ ਰੋਜ਼ ਫ਼ੋਨ ਕਰਨਾ, ਫ਼ੇਰ ਹਫ਼ਤੇ ਮਗਰੋਂ ਫ਼ੋਨ ਕਰਕੇ ਸੁੱਖ ਸਾਂਦ ਪੁੱਛਣੀ ਤੇ ਆਖ਼ਿਰ ਫੇਰ ਉਹੀ ਹੋਇਆ ਜੋ ਸੱਤੀ ਨੇ ਸੋਚਿਆ ਸੀ। ਫੋਨ ਆਉਣਾ ਬੰਦ ਹੋ ਗਿਆ । ਜੋ ਸੁਪਨੇ ਸੱਤੀ ਨੇ ਇਧਰ ਰਹਿੰਦਿਆਂ ਵੇਖੇ ਸਨ, ਹੁਣ ਉਨ੍ਹਾਂ ਸੁਪਨਿਆਂ ਨੂੰ ਬੇਝਿਜਕ ਪੂਰਾ ਕਰ ਰਹੀ ਸੀ ਤੇ ਬਾਪੂ ਦੇ ਪੈਸਿਆਂ ਨੂੰ ਪਾਣੀ ਵਾਂਗ ਵਹਾਅ ਰਹੀ ਸੀ। ਪਰ ਬਾਪੂ ਦੀਆਂ ਕਮਾਈਆਂ ‘ਤੇ ਕਦੇ ਬਹੁਤੀ ਦੇਰ ਐਸ਼ ਨਹੀਂ ਹੁੰਦੀ ।
ਕਈ ਮਹੀਨੇ ਬੀਤ ਜਾਣ ਮਗਰੋਂ ਇੱਕ ਦਿਨ ਸੱਤੀ ਦਾ ਫ਼ੋਨ ਘਰ ਆਇਆ । ਉਸਨੇ ਰੋਂਂਦਿਆਂ ਆਪਣੀ ਮਾਂ ਨੂੰ ਦੱਸਿਆ ਕਿ ”ਮੰਮੀ, ਮੈਂ ਇਥੇ ਬਹੁਤ ਔਖੀ ਹਾਂ, ਮੇਰੇ ਕੋਲ ਰਹਿਣ ਕੋਈ ਛੱਤ ਨਹੀਂ ਤੇ ਖਾਣ ਨੂੰ ਦਾਣੇ ਨੀਂ.. ਤੁਸੀਂ ਮੈਨੂੰ 5 ਲੱਖ ਰੁਪਏ ਭੇਜ ਦਿਓ…।” ਸ਼ਾਮੀਂ ਘਰ ਆਏ ਨਛੱਤਰ ਸਿੰਘ ਨੂੰ ਜਦੋਂ ਸੱਤੀ ਦੇ ਹਾਲਾਤ ਬਾਰੇ ਪਤਾ ਚੱਲਿਆ ਤਾਂ ਪਹਿਲਾਂ ਤੋਂ ਹੀ ਕਰਜ਼ੇ ਦੇ ਬੋਝ ਹੇਠ ਦੱਬਿਆ ਉਹ ਹੋਰ ਜ਼ਿਆਦਾ ਪ੍ਰੇਸ਼ਾਨ ਹੋ ਗਿਆ । ਮਰਦਾ ਕੀ ਨਾ ਕਰਦਾ । ਆਡ਼੍ਹਤੀਏ ਕੋਲ ਗਹਿਣੇ ਰੱਖੀ ਜ਼ਮੀਨ ਵੇਚ ਕੇ ਉਸਨੇ ਪੰਜ ਲੱਖ ਰੁਪਏ ਦਾ ਹੋਰ ਇੰਤਜ਼ਾਮ ਕੀਤਾ ਤੇ ਪੈਸੇ ਸੱਤੀ ਨੂੰ ਭੇਜ ਦਿੱਤੇ । ਪੈਸੇ ਮਿਲਦਿਆਂ ਹੀ ਸੱਤੀ ਨੇ ਫੇਰ ਅਯਾਸ਼ੀ ਕਰਨੀ ਸ਼ੁਰੂ ਕਰ ਦਿੱਤੀ । ਵਾਰ-ਵਾਰ ਘਰਦਿਆਂ ਵੱਲੋਂ ਫੋਨ ਕਰਨ ‘ਤੇ ਵੀ ਉਹ ਹੁਣ ਕਿਸੇ ਦਾ ਫੋਨ ਨਾ ਚੁੱਕਦੀ ।  ਸੱਤੀ ਤੋਂ ਲੱਖਾਂ ਉਮੀਦਾਂ ਲਾਈ ਬੈਠਾ ਪਰਿਵਾਰ ਹੁਣ ਏਨੀ ਮੰਦਹਾਲੀ ਦੇ ਦੌਰ ਵਿਚ ਆ ਗਿਆ ਕਿ ਦੋ ਵਕਤ ਦੀ ਚੰਗੀ ਰੋਟੀ ਖਾਣੀ ਵੀ ਨਸੀਬ ਨਹੀਂ ਸੀ ਹੋ ਰਹੀ । ਇਕ ਦਿਨ ਨਛੱਤਰ ਸਿੰਘ ਤੇ ਛਿੰਦਾ ਦੋਵੇਂ ਖੇਤ ਕੰਮ ਕਰ ਰਹੇ ਸਨ। ਸ਼ਾਹੂਕਾਰ ਕਰਜ਼ਾ ਲੈਣ ਲਈ ਖੇਤ ਹੀ ਆ ਪਹੁੰਚਿਆ ਤੇ ਉਨ੍ਹਾਂ ਦੋਵਾਂ ਦੀ ਬੇਇੱਜ਼ਤੀ ਕਰਨ ਲੱਗਾ। ਗੁੱਸੇ ‘ਚ ਆ ਕੇ ਛਿੰਦੇ ਨੇ ਸ਼ਾਹੂਕਾਰ ਦੇ ਐਸੀ ਕਹੀ ਮਾਰੀ ਕਿ ਉਹ ਥਾਏਂ ਹੀ ਢੇਰ ਹੋ ਗਿਆ । ਪੁਲੀਸ ਨੇ ਛਿੰਦੇ ਨੂੰ ਫੜ ਕੇ ਜੇਲ੍ਹ ਡੱਕ ਦਿੱਤਾ ਤੇ ਨਛੱਤਰ ਸਿਹੁੰ ਜ਼ਲਾਲਤ ਭਰੀ ਜ਼ਿੰਦਗੀ ਤੋਂ ਹਾਰ ਕੇ ਟਾਹਲੀ ਨਾਲ ਰੱਸਾ ਪਾ ਕੇ ਫਾਹਾ ਲੈ ਲਿਆ ।
ਪਰਿਵਾਰ ‘ਤੇ ਹੁਣ ਅੰਤਾਂ ਦਾ ਕਹਿਰ ਟੁੱਟ ਗਿਆ। ਪਿੱਛੇ ਸੱਤੀ ਦੀ ਬਿਰਧ ਮਾਂ ਤੇ ਉਸ ਦੀ ਛੋਟੀ ਭੈਣ ਹੀ ਇਕੱਲੀਆਂ ਰਹਿ ਗਈਆਂ। ਛੋਟੀ ਕੁੜੀ ਨੇ ਸ਼ਹਿਰ ਵਿਚ ਇਕ ਛੋਟੀ ਦੁਕਾਨ ‘ਤੇ ਲੱਗ ਕੇ ਘਰ ਦਾ ਗੁਜ਼ਾਰਾ ਚਲਾਉਣਾ ਸ਼ੁਰੂ ਕਰ ਦਿੱਤਾ। ਛਿੰਦੇ ਨੂੰ ਸੱਤ ਸਾਲ ਦੀ ਕੈਦ ਹੋ ਗਈ। ਪਰ ਸੱਤੀ ਇਸ ਸਭ ਕਾਸੇ ਤੋਂ ਬੇਖ਼ਬਰ ਆਪਣੀ ਐਸ਼-ਪ੍ਰਸਤੀ ਵਿਚ ਮਸਤ ਸੀ । ਘਰਦਿਆਂ ਵੱਲੋਂ ਵਾਰ ਵਾਰ ਫੋਨ ਕਰਨ ਤੇ ਵੀ ਉਸ ਨੇ ਕਦੇ ਫੋਨ ਨਹੀਂ ਚੁੱਕਿਆ । ਪਰ ਇਹ ਐਸ਼ਪ੍ਰਸਤੀ ਆਖਿਰ ਕਿੰਨਾ ਕੁ ਚਿਰ ਚੱਲਦੀ? ਅੱਜ ਪੰਜ ਸਾਲਾਂ ਬਾਅਦ ਫਾਕੇ ਕੱਟਦੀ ਸੱਤੀ ਨੇ ਘਰਦਿਆਂ ਨੂੰ ਫੇਰ ਪੈਸਿਆਂ ਲਈ ਫੋਨ ਕੀਤਾ । ਨਿੰਮੀ ਨੇ ਜਦੋਂ ਪਿਛਲੇ ਪੰਜਾਂ ਸਾਲਾਂ ਵਿੱਚ ਪਰਿਵਾਰ ਨਾਲ ਹੋਈਆਂ ਅਣਹੋਣੀਆਂ ਸੱਤੀ ਨੂੰ ਸੁਣਾਈਆਂ ਤਾਂ ਉਸ ਦੇ ਹੱਥ ਪੈਰ ਸੁੰਨ ਹੋ ਗਏ । ਉਹ ਪੈਰਾਂ ‘ਤੇ ਖੜ੍ਹੀ ਨਾ ਹੋ ਸਕੀ । ਸਰੀ ਦੀਆਂ ਸੜਕਾਂ ‘ਤੇ ਤੁਰੀ ਜਾਂਦੀ ਸੱਤੀ ਦੀਆਂ ਅਵਾਜ਼ਾਂ ਵਾਰ ਵਾਰ ਪਿੱਛਾ ਕਰ ਰਹੀਆਂ ਸਨ_ ਸੱਤੀਏ ! ਤੂੰ ਆਪਣੇ ਭਰਾ ਦੀ ਗੁਨਾਹਗਾਰ ਹੈਂ … ਤੂੰ ਆਪਣੇ ਪਿਉ ਦੀ ਕਾਤਲ ਹੈਂ … ਤੈਨੂੰ ਤਾਂ ਨਰਕਾਂ ਵਿਚ ਵੀ ਢੋਈ ਨਹੀਂ ਮਿਲਣੀ । ਉਸ ਨੇ ਆਪਣੇ ਘਰਦਿਆਂ ਦੇ ਸੁਪਨੇ ਪੈਰਾਂ ‘ਚ ਮਸਲ ਦਿੱਤੇ ਸਨ ਤੇ ਉਸ ਦੇ ਆਪਣੇ ਸੁਪਨਿਆਂ ਨੇ ਉਸ ਨੂੰ ਕਿਸੇ ਪਾਸੇ ਜੋਗੀ ਨਹੀਂ ਸੀ ਰਹਿਣ ਦਿੱਤਾ। ਤਾਂ ਹੀ ਇਹ ਘਸਮੈਲੀ ਜਿਹੀ ਸ਼ਾਮ ਉਸ ਨੂੰ ਹੋਰ ਘਸਮੈਲੀ ਲੱਗ ਰਹੀ ਸੀ। ਸੂਰਜ ਆਪਣਾ ਪੰਧ ਮੁਕਾ ਕੇ ਡੁੱਬ ਰਿਹਾ ਸੀ ਤੇ ਪਛਤਾਵੇ ਦੀ ਅੱਗ ਵਿੱਚ ਸੜਦੀ ਸੱਤੀ ਕਿਸੇ ਗਹਿਰੇ ਹਨੇਰੇ ਵੱਲ ਤੁਰਦੀ ਜਾ ਰਹੀ ਸੀ…..!

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin