Articles Religion

ਨਨਕਾਣਾ ਸਾਹਿਬ ਵਿਖੇ ਪੀਰ ਬੁੱਧੂ ਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ !

ਪੀਰ ਬੁੱਧੂ ਸਾਹ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ “ਪੀਰ ਬੁੱਧੂ ਸ਼ਾਹ ਦੀ ਕੁਰਬਾਨੀ ਅਤੇ ਗੰਗੂ ਅਤੇ ਹੋਰਨਾਂ ਦੀ ਲੂਣਹਰਾਮੀ” ਵਿਸ਼ੇ ‘ਤੇ  ਸ੍ਰੀ ਨਨਕਾਣਾ ਵਿਖੇ ਸੈਮੀਨਾਰ ਰੱਖਿਆ ਗਿਆ। ਸੱਭ ਤੋਂ ਪਹਿਲਾਂ ਗਿਆਨੀ ਜਨਮ ਸਿੰਘ ਜੀ ਨੇ ਪੀਰ ਬੁੱਧੂ ਸ਼ਾਹ ਜੀ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਕੀਤੀ ਗਈ ਕੁਰਬਾਨੀ ਬਾਰੇ ਚਾਨਣ ਪਾਉਂਦੇ ਹੋਏ ਦੱਸਿਆ ਕਿ ਅੱਜ ਦਾ ਸ਼ਹੀਦੀ ਦਿਹਾੜਾ ਅਸੀਂ ਸਢੋਰੇ ਦੇ ਮਹਾਨ ਸੂਫੀ, ਸੰਤ ਦੀ ਸ਼ਹੀਦੀ ਯਾਦ ਨੂੰ ਤਾਜ਼ਾ ਕਰਨ ਲਈ ਮਨਾ ਰਹੇ ਹਾਂ ਜਿਨ੍ਹਾਂ ਨੇ ਸਮੇਂ ਦੀ ਹਕੂਮਤ ਦੀ ਪ੍ਰਵਾਹ ਨਾ ਕਰਦਿਆਂ ਕਲਗੀਆਂ ਵਾਲੇ ਪਾਤਸ਼ਾਹ ਦਾ ਦ੍ਰਿੜ੍ਹਤਾ ਅਤੇ ਸ਼ਰਧਾ ਨਾਲ ਸਾਥ ਦਿੱਤਾ। ਐਸੇ ਪੂਜਣ ਯੋਗ ਮਹਾਨ ਹਸਤੀ ਦਾ ਨਾਮ ਸੱਯਦ ਬਦਰੁਦੀਨ ਅਲਮਾਰੂਫ ਬੁੱਧੂ ਸ਼ਾਹ ਸੀ। ਅਤੇ ਉਨ੍ਹਾਂ ਦਾ ਜਨਮ 13 ਜੂਨ 1647 ਈ. ਨੂੰ ਸਢੋਰੇ ਨਗਰ ਵਿਚ ਸੱਯਦ ਗੁਲਾਮ ਸ਼ਾਹ ਜੀ ਦੇ ਗ੍ਰਹਿ ਵਿਖੇ ਹੋਇਆ। ਪੀਰ ਜੀ ਦਾ ਖਾਨਦਾਨ ਸੱਯਦ ਨਿਜ਼ਾਮੂਦੀਨ ਸ਼ਾਹ ਅੋਲੀਆ ਨਾਲ ਸੱਤਵੀ ਪੀੜੀ ਵਿਚ ਜੁੜਦਾ ਹੈ। ਪੀਰ ਜੀ ਦੀ ਸ਼ਾਦੀ ਅਠਾਰਾਂ ਸਾਲ ਦੀ ਉਮਰ ਵਿੱਚ ਔਰਗਜ਼ੇਬ ਬਾਦਸ਼ਾਹ ਦੇ ਸੈਨਾਪਤੀ ਸੈਦਖਾਨ ਦੀ ਭੈਣ ਨਾਲ ਹੋਈ।

ਗਿਆਨੀ ਜੀ ਦੱਸਿਆ ਕਿ ਅੱਜ ਅਸੀਂ ਪੀਰ ਬੁੱਧੂ ਸ਼ਾਹ ਜੀ ਦੀ ਕੁਰਬਾਨੀ ਨੂੰ ਵਿਸਾਰੀ ਬੈਠੈ ਹਾਂ। ਆਪ ਜੀ ਗੁਰੂ ਜੀ ਕੋਲ ਪਾਉਂਟਾ ਸਾਹਿਬ ਆਏ ਅਤੇ ਅਤੇ ਉਨ੍ਹਾਂ (ਗੁਰੂ ਜੀ) ਨੂੰ ਬੇਕਾਰ ਹੋਏ ਪਠਾਣ ਸਿਪਾਹੀਆਂ ਨੂੰ ਨੌਕਰੀ ਤੇ ਰੱਖਣ ਲਈ ਬੇਨਤੀ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਕੋਲ ਸਿਫ਼ਾਰਿਸ਼ ਕਰਕੇ 500 ਪਠਾਣ ਨੌਕਰ ਰਖਵਾਏ ਸਨ॥ ਗੁਰੂ ਸਾਹਿਬ ਪਾਉਂਟੇ ਦੀ ਧਰਤੀ ਤੇ ਸਿੱਖ ਸਿਪਾਹੀਆਂ ਨੂੰ ਯੁੱਧ ਸਿੱਖਿਆ ਦਿੰਦੇ ਜਿਹੜੀ ਕਿ ਅੱਜ ਹਰ ਅੰਮ੍ਰਿਤਧਾਰੀ ਸਿੱਖ ਨੂੰ ਅੰਮ੍ਰਿਤ ਸੰਚਾਰ ਤੋਂ ਬਾਅਦ ਦੇਣੀ ਚਾਹੀਦੀ ਹੈ। ਕਿਉਂਕਿ ਖਾਲਸਾ ਸੰਤ-ਸਿਪਾਹੀ ਹੈ। ਗੁਰੂ ਸਾਹਿਬ ਨੇ ਇਸ ਧਰਤੀ ਤੇ ਬਹੁਤ ਸਾਰਾ ਸਾਹਿਤ ਵੀ ਲਿਖਿਆ। ਪਰ ਹਿੰਦੂ ਪਹਾੜੀ ਰਾਜਿਆਂ ਪਾਸੋਂ ਇਹ ਬਰਦਾਸ਼ਤ ਨਹੀਂ ਹੁੰਦਾ ਸੀ। ਉਹ ਲਗਾਤਾਰ ਗੁਰੂ ਜੀ ਦੀ ਸ਼ਕਤੀ ਨੂੰ ਘੱਟ ਕਰਨ ਦੇ ਜਤਨਾਂ ਵਿੱਚ ਲੱਗੇ ਰਹਿੰਦੇ ਸੀ। ਜਿਸ ਤਰ੍ਹਾਂ ਅੱਜ ਵੀ ਉਹ ਸਿੱਖ ਕੌਮ ਨੂੰ ਵੱਖਰੀ ਕੌਮ ਮੰਨਣ ਨੂੰ ਤਿਆਰ ਨਹੀਂ ਹਨ। ਬਿਲਾਸਪੁਰ ਦੇ ਰਾਜੇ ਭੀਮ ਚੰਦ ਨੇ ਪਹਾੜੀ ਰਾਜਿਆਂ ਨੂੰ ਕਿਹਾ ਕਿ ਹੁਣ ਪਾਉਂਟੇ ਦੀ ਧਰਤੀ ਤੇ ਗੁਰੂ ਨੂੰ ਅਤੇ ਸਿੱਖਾਂ ਨੂੰ ਖਤਮ ਕਰਨਾ ਬਹੁਤ ਸੌਖਾ ਕੰਮ ਹੈ, ਕਿਉੁਂਕਿ ਉਹ ਮੁੱਠੀ ਭਰ ਹਨ। ਸਾਨੂੰ ਚਾਹੀਦਾ ਹੈ ਕਿ ਰਲ ਕੇ ਉਨ੍ਹਾਂ ਤੇ ਹਮਲਾ ਕਰੀਏ। ਭੰਗਾਣੀ ਦਾ ਯੁੱਧ ਜਦੋਂ ਸ਼ੁਰੂ ਹੋਇਆ ਤਾਂ ਸਰਦਾਰ ਕਾਲਾ ਖਾਂ ਨੂੰ ਛੱਡ ਕੇ ਬਾਕੀ ਤਿੰਨੇ ਨਿਬਾਯਤ ਖਾਂ, ਭੀਖਨ ਖਾਂ ਅਤੇ ਹਯਾਤ ਖਾਂ ਆਪਣੇ ਸਵਾਰਾਂ ਸਮੇਤ ਭੰਗਾਣੀ ਦੇ ਯੁੱਧ ਵਿਚ ਗੁਰੂ ਜੀ ਦਾ ਸਾਥ ਛੱਡ ਗਏ।

ਜਦੋਂ ਬੁੱਧੂ ਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਵੀ ਤੁਰੰਤ ਆਪਣੇ ਚਾਰ ਪੁੱਤਰ ਅਤੇ 700 ਮਰੀਦ ਲੈ ਕੇ ਦਸ਼ਮੇਸ਼ ਦੀ ਮਦਦ ਲਈ ਭੰਗਾਣੀ ਦੇ ਜੰਗ ਵਿੱਚ ਜਾ ਕੁੱਦੇ। ਇਸ ਜੰਗ ਵਿੱਚ ਗਿਆਨੀ ਜੀ ਨੇ ਦੱਸਿਆ ਕਿ ਪੀਰ ਜੀ ਦੇ ਪੁੱਤਰ ਸੱਯਦ ਸ਼ਾਹ ਹੁਸੈਨ, ਸੱਯਦ ਮੁਹੰਮਦ ਬਖਸ਼ ਜਿਸ ਨੇ ਗੁਰੂ ਜੀ ਖਾਤਰ ਆਪਣਾ ਖੂਨ ਦਿੱਤਾ। ਮੁਹੰਮਦ ਸ਼ਾਹ ਅਤੇ ਸਜ਼ਦ ਅਸ਼ਰਫ ਦੋਨੋਂ ਭੰਗਾਣੀ ਦੇ ਜੰਗ ਵਿਚ ਸ਼ਹੀਦ ਹੋਏ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਬੜੇ ਅਦਬ ਨਾਲ ਪਾਉਂਟਾ ਸਾਹਿਬ ਵਿਖੇ ਦਫਨਾਇਆ। ਹੋਰ ਬਹੁਤ ਸਾਰੇ ਮੁਰੀਦ ਸ਼ਹੀਦ ਹੋਏ ਅਤੇ ਜੰਗ ਦੀ ਸਮਾਪਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਦਸਤਾਰ ਕੰਘੇ ਸਹਿਤ ਜਿਸ ਵਿੱਚ ਵਾਹੇ ਹੋਏ ਕੇਸ ਵੀ ਲੱਗੇ ਹੋਏ ਸਨ ਅਤੇ ਛੋਟੀ ਕ੍ਰਿਪਾਨ ਪੀਰ ਬੁੱਧੂਸ਼ਾਹ ਨੂੰ, ਇੱਕ ਹੁਕਮਨਾਮੇ ਸਮੇਤ ਬਖਸ਼ੀ।

ਗਿਆਨੀ ਜੀ ਨੇ ਕਿਹਾ ਕਿ ਆਪਣੇ ਪੁੱਤਰਾਂ ਅਤੇ ਅਨੇਕਾਂ ਮੁਰੀਦ ਸ਼ਹੀਦ ਕਰਵਾਉਣ ਤੋਂ ਬਾਅਦ ਪੀਰ ਜੀ ਨੇ ਗੁਰੂ ਸਾਹਿਬ ਪਾਸੋਂ ਕੇਸਾਂ ਸਹਿਤ ਕੰਘਾ ਮੰਗਿਆ। ਲੇਕਿਨ ਅੱਜ ਸਾਨੂੰ ਆਪਣੇ ਘਰਾਂ ‘ਚ ਝਾਤੀ ਮਾਰਨ ਦੀ ਲੋੜ ਹੈ ਕੀ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਕੰਘਾ ਲਗਾਉਂਦੇ ਹਨ ? ਕੀ ਅੱਜ ਸਿੱਖ ਨੌਜਵਾਨ ਪੀੜ੍ਹੀ ਕੇਸਾਂ ਦੀ ਮਹਾਨਤਾ ਬਾਰੇ ਸੁਚੇਤ ਹੈ ?

ਅੱਜ ਦੇ ਹੀ ਦਿਨ 21 ਮਾਰਚ 1704 ਨੂੰ ਪੀਰ ਬੁੱਧੂ ਸ਼ਾਹ ਜੀ ਨੂੰ ਜੰਗ ਦੇ ਮੈਦਾਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕਰਨ ਦਾ ਦੋਸ਼ ਲਗਾ ਕੇ ਸਰਦਾਰ ਉਸਮਾਨ ਖਾਂ ਹਾਕਮ ਸਢੋਰਾ ਨੇ ਪੀਰ ਜੀ ਨੂੰ ਧੌਖੇ ਨਾਲ ਪਕੜ ਕੇ, ਸ਼ਹੀਦ ਕਰ ਦਿੱਤਾ।

ਇਸ ਸੈਮੀਨਾਰ ‘ਚ ਬੋਲਦਿਆਂ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਂਨ ਸਰਦਾਰ ਗੋਪਾਲ ਸਿੰਘ ਚਾਵਲਾ ਨੇ ਆਪਣੇ ਵੀਚਾਰ ਰੱਖਦੇ ਕਿਹਾ ਕਿ ਪਹਾੜੀ ਹਿੰਦੂ ਰਾਜਿਆਂ ਵੱਲੋਂ ਸਿੱਖੀ ਦੀ ਵੱਧਦੀ ਤਾਕਤ ਨੂੰ ਪਸੰਦ ਨਾ ਕਰਨ ਬਾਰੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਗੰਗੂ ਬ੍ਰਾਹਮਣੀ ਸੋਚ ਦੇ ਧਾਰਨੀ ਲੋਕਾਂ ਤੋਂ ਹਮੇਸ਼ਾਂ ਸੁਚੇਤ ਰਹਿਣਾ ਚਾਹੀਦਾ ਹੈ। ਚਾਹੇ ਉਹ ਆਰ.ਐਸ.ਐਸ ਹੋਵੇੇ ਜਾਂ ਸਿੱਖ ਪੰਥ ਵਿੱਚ ਘੂਸਪੈਠ ਕਰ ਚੁੱਕੇ ਉਹ ਲੋਕ ਜੋ ਸ਼ਕਲ-ਸੂਰਤ ਤੋਂ ਚਾਹੇ ਦਿੱਖਦੇ ਸਾਡੇ ਵਰਗੇ ਹੀ ਹਨ ਪਰ ਅੰਦਰੋ ਨਮਕ ਹਰਾਮ ਨੇ। ਸਾਨੂੰ ਹਮੇਸ਼ਾਂ ਗੁਰੂ ਘਰ ਲਈ ਕੁਰਬਾਨੀ ਕਰਨ ਵਾਲੇ ਭਾਈ ਮਰਦਾਨਾਂ ਜੀ, ਹਜ਼ਰਤ ਸਾਂਈ ਮੀਆਂ ਮੀਰ ਜੀ, ਪੀਰ ਬੁੱਧੂਸ਼ਾਹ ਜੀ ਅਤੇ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਆਦਿਕ ਗੁਰੂ ਘਰ ਨਾਲ ਪਿਆਰ ਅਤੇ ਕੁਰਬਾਨ ਹੋਣ ਵਾਲਿਆਂ ਦੇ ਦਿਨ ਧੂੰਮਧਾਮ ਨਾਲ ਮਨਾਣੇ ਚਾਹੀਦੇ ਹਨ।

ਇਸ ਸੈਮੀਨਾਰ ਦੇ ਅੰਤ ‘ਚ ਗੰਗੂ ਬ੍ਰਾਹਮਣ, ਝੂਠਾ ਨੰਦ ਅਤੇ ਨਮਕਹਲਾਲ ਤੇ ਨਮਕਹਰਾਮ ਬਾਰੇ ਗ੍ਰੰਥੀ ਬਲਵੰਤ ਸਿੰਘ ਨੇ ਸੰਗਤਾਂ ਨਾਲ ਵੀਚਾਰ ਸਾਂਝੇ ਕੀਤੇ ਅਤੇ ਨਬੀ ਖਾਂ ਗਨੀ ਖਾਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚ ਦਾ ਪੀਰ ਬਣਾ ਕੇ ਲੈ ਜਾਣ ਬਾਰੇ ਵੀ ਸਾਂਝ ਪਾਈ ਅਤੇ ਕਿਹਾ ਕਿ ਸਾਨੂੰ ਇਨ੍ਹਾਂ ਮਹਾਪੁਰਸ਼ਾਂ ਦੀ ਕੁਰਬਾਨੀ ਨੂੰ ਭੁੱਲਣਾ ਨਹੀਂ ਚਾਹੀਦਾ ਬਲਕਿ ਇਨ੍ਹਾਂ ਦੀ ਯਾਦ ਵਿਚ ਅਸਥਾਨ ਬਣਾਏ ਜਾਣੇ ਚਾਹੀਦੇ ਹਨ ਤਾਂ ਕਿ ਵਰਤਮਾਨ ਪੀੜ੍ਹੀ ਸੇਧ ਪ੍ਰਾਪਤ ਕਰ ਸਕੇ। ਉਨ੍ਹਾਂ ਨੇ ਸੰਗਤਾਂ ਦਾ ਇਸ ਸੈਮੀਨਾਰ ‘ਚ ਹਾਜ਼ਰੀ ਭਰਨ ਵਾਲੇ ਸਿੱਖ ਨੌਜਵਾਨਾਂ ਅਤੇ ਬੀਬੀਆਂ ਦਾ ਧੰਨਵਾਦ ਕੀਤਾ ਅਤੇ ਸਰਬੱਤ ਦੇ ਭਲਾ ਲਈ ਅਰਦਾਸ ਕੀਤੀ ਗਈ।

– ਰਿਪੋਰਟ: ਜਨਮ ਸਿੰਘ

ਸ੍ਰੀ ਨਨਕਾਣਾ ਸਾਹਿਬ, ਪਾਕਿਸਤਾਨ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin