Punjab

ਨਵਜੋਤ ਸਿੱਧੂ ਨੇ ਔਰਤਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਤੇ 8 ਸਿਲੰਡਰ ਮੁਫ਼ਤ ਦੇਣ ਸਮੇਤ ਕੁੜੀਆਂ ਲਈ ਕੀਤੇ ਇਹ ਵੱਡੇ ਐਲਾਨ

ਬਰਨਾਲਾ – ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੀ ਸ਼ਹਿਣਾ ਵਿਖੇ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੜ੍ਹਣ ਵਾਲੀਆਂ ਕੁੜੀਆਂ ਲਈ ਜਿੱਥੇ ਵਿਸ਼ੇਸ਼ ਪੈਕੇਜ ਐਲਾਨ ਕੀਤੇ, ਉੱਥੇ ਹੀ ਘਰੇਲੂ ਔਰਤਾਂ ਨੂੰ ਆਮ ਆਦਮੀ ਪਾਰਟੀ ਦੇ ਕੀਤੇ ਐਲਾਨ ਨਾਲੋਂ ਦੁਗਣਾ ਕਰਦਿਆਂ ਨਾਲ ਗੈਸ ਸਿਲੰਡਰ ਮੁਫ਼ਤ ਦੇਣ ਦਾ ਵੀ ਐਲਾਨ ਕੀਤਾ। ਮਜ਼ਦੂਰਾਂ ਲਈ ਵੀ ਉਨ੍ਹਾਂ ਜਿੱਥੇ 300 ਰੁਪਏ ਤੋਂ ਵੱਧ ਦਿਹਾੜੀ ਦੇਣ ਦਾ ਐਲਾਨ ਕੀਤਾ, ਉੱਥੇ ਹੀ ਜਮੀਨ ਜਾਇਦਾਦ ਔਰਤਾਂ ਦੇ ਨਾਂ ਕਰਵਾਉਣ ਲਈ ਕੋਈ ਰਜਿਸਟਰੀ ਖਰਚ ਨਹੀ ਲਿਆ ਜਾਵੇਗਾ, ਦੇ ਐਲਾਨ ਨੇ ਪੰਜਾਬ ਦੀਆਂ ਔਰਤਾਂ ਪ੍ਰਤੀ ਵੱਡੀ ਰਾਹਤ ਤੇ ਸਤਿਕਾਰ ਦਿੱਤਾ ਹੈ। ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ’ਚ ਕ੍ਰਾਂਤੀਕਾਰੀ ਤਬਦੀਲੀਆਂ ਹੋਣਗੀਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੋਜਨਾ ਅਤੇ ਏਜੰਡੇ ਤੋਂ ਬਿਨਾਂ ਪੈਸੇ ਦੀ ਵੰਡ, ਰਾਜ ਤੇ ਇਸਦੇ ਲੋਕਾਂ ਦੇ ਵਿਕਾਸ ’ਚ ਯੋਗਦਾਨ ਨਹੀਂ ਪਾ ਸਕਦੀ। ਸਹੀ ਮਕਸਦ ਲਈ ਲੜ੍ਹਾਈ ਲੜ੍ਹਨਾ ਤੇ ਆਪਣੇ ਹੱਕਾਂ ਨੂੰ ਜਾਇਜ਼ ਤਰੀਕਿਆਂ ਦੁਆਰਾ ਪ੍ਰਾਪਤ ਕਰਨਾ ਮਹੱਤਵਪੂਰਨ ਹੈ। ‘ਆਪ’ ਦੇ ਉਲਟ, ‘ਪੰਜਾਬ ਮਾਡਲ’ ਬਹੁਪੱਖੀ ਵਿਕਾਸ ਲਈ ਕੰਮ ਕਰਨ ਦਾ ਦ੍ਰਿੜ ਇਰਾਦਾ ਰੱਖਦਾ ਹੈ, ਨਾ ਕਿ ‘ਆਪ’ ਵਾਂਗ ਆਪਣੇ ਮਤਲਬ ਦੇ ਟੁੱਟੇ-ਭੱਜੇ ਏਜੰਡੇ ਲਈ।ਮਹਿਲਾ ਸਸ਼ਕਤੀਕਰਨ ਆਧੁਨਿਕ ਭਾਰਤ ਦੇ ਬਿਰਤਾਂਤ ਦਾ ਧੁਰਾ ਹੈ ਅਤੇ ਇਹ ਮਹੱਤਵਪੂਰਨ ਹੈ ਕਿ ਅਸੀਂ ਪੰਜਾਬ ਦੀਆਂ ਔਰਤਾਂ ਨੂੰ ਮੌਕਾ, ਪ੍ਰਤੀਨਿਧਤਾ ਅਤੇ ਸ਼ਕਤੀ ਦੇ ਕੇ ਉਨ੍ਹਾਂ ਦੀ ਪੂਰੀ ਸਮਰੱਥਾ ਨੂੰ ਉਜਾਗਰ ਕਰਨ ਅਤੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੀਏ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ‘ਆਪ’ ਵਰਗੀਆਂ ਮੁਫ਼ਤ ਸਹੂਲਤਾਂ ਦੇਣ ਨਾਲ ਇਸ ਸਮਾਜ ਵਿੱਚ ਉਨ੍ਹਾਂ ਦਾ ਸਸ਼ਕਤੀਕਰਨ ਨਹੀਂ ਹੋਵੇਗਾ। ਇਸ ਲਈ, ਅਸੀਂ ਉਨ੍ਹਾਂ ਨੂੰ ਸ਼ਹਿਰੀ ਸਥਾਨਕ ਸੰਸਥਾਵਾਂ (ULBs) ਅਤੇ ਪੰਚਾਇਤਾਂ ਵਿੱਚ 50% ਰਾਖਵੀਆਂ ਸੀਟਾਂ ਦਿੱਤੀਆਂ ਹਨ, ਕਿਉਂਕਿ ਜ਼ਮੀਨੀ ਹਕੀਕਤ ਨੂੰ ਔਰਤਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ ਜਿਨ੍ਹਾਂ ਨੇ ਸਾਰੇ ਨੇਤਾਵਾਂ ਨੂੰ ਜਨਮ ਦਿੱਤਾ ਹੈ। ਇਸ ਤੋਂ ਇਲਾਵਾ, ਮੌਜੂਦਾ ਪੰਜਾਬ ਸਰਕਾਰ ਪਹਿਲਾਂ ਹੀ ਨੌਕਰੀਆਂ ਵਿੱਚ ਔਰਤਾਂ ਲਈ 33% ਰਾਖਵਾਂਕਰਨ ਦੇ ਰਹੀ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਉਨ੍ਹਾਂ ਨੂੰ ਆਪਣੇ ਹੱਕੀ ਰਾਖਵੇਂਕਰਨ ਦਾ ਲਾਹਾ ਉਠਾਉਣ ਦੇ ਯੋਗ ਬਣਾਈਏ।ਉਨ੍ਹਾਂ ਅੱਗੇ ਕਿਹਾ ਕਿ ਅੱਜ ਅਸੀਂ ਪੰਜਾਬ ਦੀਆਂ ਔਰਤਾਂ ਦੀ ਸਮਰੱਥਾ ਨੂੰ ਸਿਜਦਾ ਕਰਨਾ ਚਾਹੁੰਦੇ ਹਾਂ। ਹਰ ਔਰਤ ਮਾਂ, ਭੈਣ, ਪਤਨੀ, ਧੀ ਦੇ ਰੂਪ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਹ ਹਰ ਕਿਸੇ ਵਾਂਗ ਬਰਾਬਰੀ ਅਤੇ ਸਤਿਕਾਰ ਦੀ ਹੱਕਦਾਰ ਹੈ। ਔਰਤਾਂ ਦੇ ਸਮਾਜਿਕ ਰੁਤਬੇ ਦੀ ਗੱਲ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਦੀਆਂ ਘਰੇਲੂ ਔਰਤਾਂ ਨੂੰ 2,000/- ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ, ਕਿਉਂਕਿ ਇਹ ਜ਼ਰੂਰੀ ਹੈ ਕਿ ਉਨ੍ਹਾਂ ਦੀ ਮਿਹਨਤ ਨੂੰ ਮਾਨਤਾ ਮਿਲੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਘਰ, ਰਸੋਈ ਆਧਾਰਿਤ ਕਾਰੋਬਾਰ ਦੇ ਮੌਕੇ ਅਤੇ ਉਨ੍ਹਾਂ ਨੂੰ ਚਲਾਉਣ ਲਈ ਵਿਆਜ ਮੁਕਤ ਕਰਜ਼ੇ ਵੀ ਮੁਹੱਈਆ ਕਰਵਾਏ ਜਾਣਗੇ, ਨਾਲ ਹੀ ਉਨ੍ਹਾਂ ਨੂੰ ਹਰ ਹਾਲਤ ਵਿੱਚ ਆਪਣੀ ਰਸੋਈ ਨੂੰ ਚਾਲੂ ਰੱਖਣ ਲਈ ਸਾਲ ਵਿੱਚ 8 ਗੈਸ ਸਿਲੰਡਰ ਮੁਹੱਈਆ ਕਰਵਾਏ ਜਾਣਗੇ।

ਆਪਣੇ ਭਾਸ਼ਣ ਵਿਚ ਔਰਤਾਂ ਲਈ ਸਹੂਲਤਾਂ ਦੇ ਐਲਾਨ ਕਰਦਿਆਂ ਉਨ੍ਹਾਂ ਵਚਨ ਦਿੱਤਾ ਕਿ ਲੜਕੀਆਂ ਦੀ ਸਕੂਲ ਛੱਡਣ ਦੀ ਉੱਚ ਦਰ ਨੂੰ ਘਟਾਉਣ ਲਈ ਵਿਦਿਆਰਥਣਾਂ ਨੂੰ ਪੰਜਵੀਂ ਜਮਾਤ ਦੀ ਸਮਾਪਤੀ ’ਤੇ 5,000/- ਰੁਪਏ ਅਤੇ ਅੱਠਵੀਂ ਜਮਾਤ ਪੂਰੀ ਕਰਨ ’ਤੇ 10,000/- ਰੁਪਏ ਵੱਜੋਂ ਦਿੱਤੇ ਜਾਣਗੇ। ਦਸਵੀਂ ਜਮਾਤ ਦੀ ਸਮਾਪਤੀ ’ਤੇ 15000/- ਰੁਪਏ ਦੇ ਨਾਲ-ਨਾਲ ਡਿਜੀਟਲ ਅਤੇ ਆਨਲਾਇਨ ਪੜ੍ਹਾਈ ਲਈ ਵਿਦਿਆਰਥਣਾਂ ਨੂੰ ਡਿਜੀਟਲ ਟੈਬਲੈੱਟ ਪ੍ਰਦਾਨ ਕੀਤੇ ਜਾਣਗੇ ਅਤੇ 12ਵੀਂ ਜਮਾਤ ਦੀ ਪਾਸ ਕਰਨ ਵਾਲੀ ਹਰ ਵਿਦਿਆਰਥਣ ਨੂੰ 20,000/- ਰੁਪਏ ਦਿੱਤੇ ਜਾਣਗੇ। ਹਾਲਾਂਕਿ, ਲੜਕੀਆਂ ਨੂੰ ਵਿਦਿਆ ਪ੍ਰਾਪਤੀ ਵੱਲ ਪ੍ਰੇਰਿਤ ਰੱਖਣ ਅਤੇ ਉਨ੍ਹਾਂ ਦੀ ਸਿੱਖਿਆ ਨੂੰ ਜਾਰੀ ਰੱਖਣ ਲਈ, ਇਲੈਕਟਰਿਕ ਸਕੂਟੀ ਸਬਸਿਡੀਆਂ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਜੋ ਔਰਤਾਂ ਸੁਰੱਖਿਅਤ ਅਤੇ ਸੁਤੰਤਰ ਤੌਰ ’ਤੇ ਜ਼ਿਲ੍ਹਿਆਂ ਅਤੇ ਪਿੰਡਾਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਤੱਕ ਲੰਬੀ ਦੂਰੀ ਦਾ ਸਫ਼ਰ ਵੀ ਆਸਾਨੀ ਨਾਲ ਕਰ ਸਕਣ। ਇਸ ਤੋਂ ਵੀ ਅੱਗੇ ਜਾਂਦਿਆਂ ਉਨ੍ਹਾਂ ਕਿਹਾ ਕਿ ਔਰਤਾਂ ਲਈ ਉਨ੍ਹਾਂ ਦੀ ਪੀਐਚ.ਡੀ. ਦੇ ਪੜਾਅ ਤੱਕ ਲਈ ਸਿੱਖਿਆ ਕਰਜ਼ਿਆਂ ਲਈ ਵਿਸ਼ੇਸ਼ ਵਿਵਸਥਾ ਹੋਵੇਗੀ ਜੋ ਉਹ ਈ-ਗਵਰਨੈਂਸ ਦੇ ਸਿੰਗਲ ਵਿੰਡੋ ਕਲੀਅਰੈਂਸ ਮਾਡਲ ਰਾਹੀਂ ਸਰਕਾਰ ਤੋਂ ਪ੍ਰਾਪਤ ਕਰ ਸਕਣਗੀਆਂ।ਔਰਤਾਂ ਦੀ ਸਮਾਜਿਕ ਸੁਰੱਖਿਆ ਵੱਲ ਧਿਆਨ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ਆਖਿਰਕਾਰ ਔਰਤਾਂ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਅਤੇ ਭਵਿੱਖ ਹਨ। ਔਰਤਾਂ ਕਿਸੇ ਗੱਲੋਂ ਵੀ ਯੋਧਿਆਂ ਤੋਂ ਘੱਟ ਨਹੀਂ ਹਨ। ‘ਪੰਜਾਬ ਮਾਡਲ’ ਵਿਚ ਔਰਤਾਂ ਨੂੰ ਸਸ਼ਕਤ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਇੱਕ ਮਹਿਲਾ ਕਮਾਂਡੋ ਬਟਾਲੀਅਨ ਬਣਾਉਣ ਦੀ ਕਲਪਨਾ ਕੀਤੀ ਗਈ ਹੈ। ਹਰ ਜ਼ਿਲ੍ਹੇ ਵਿੱਚ ਔਰਤਾਂ ਦੇ ਇੱਕ ਚੁਣੇ ਹੋਏ ਸਮੂਹ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਇਸਨੂੰ ਪੰਜਾਬ ਪੁਲਿਸ ਨਾਲ ਜੋੜਿਆ ਜਾਵੇਗਾ। ਔਰਤਾਂ ਨੂੰ ਆਪਣੇ ਜੀਵਨ ਦੀ ਜ਼ਿੰਮੇਵਾਰੀ ਸੰਭਾਲਣ ਅਤੇ ਹੋਰ ਔਰਤਾਂ ਦੀ ਨੁਮਾਇੰਦਗੀ ਕਰਨ ਲਈ ਸ਼ਕਤੀ ਦਿੱਤੀ ਜਾਵੇਗੀ।ਆਪਣੀ ਤਕਰੀਰ ਦੇ ਅਖੀਰ ਵਿਚ ‘ਪੰਜਾਬ ਮਾਡਲ’ ਦੀ ਮੂਲ ਖਾਸੀਅਤ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਔਰਤਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣਾ ਭਾਵੇਂ ਉਹ ਸਿੱਖਿਆ, ਜਾਇਦਾਦ, ਵਣਜ-ਵਪਾਰ ਅਤੇ ਸੁਰੱਖਿਆ ਦੇ ਖੇਤਰ ਜਾਂ ਹੋਰ ਕਿਸੇ ਵੀ ਖੇਤਰ ਵਿਚ ਹੋਣ ‘ਪੰਜਾਬ ਮਾਡਲ’ ਦੇ ਕੇਂਦਰ ਵਿਚ ਹੈ ਅਤੇ ਆਸ ਹੈ ਕਿ ‘ਪੰਜਾਬ ਮਾਡਲ’ ਲੋਕਾਂ ਦੇ ਪਿਆਰ ਅਤੇ ਸਮਰਥਨ ਨਾਲ ਇਸ ਮਕਸਦ ਨੂੰ ਪ੍ਰਾਪਤ ਕਰਕੇ ਰਹੇਗਾ।

Related posts

ਭਾਜਪਾ ਤੋਂ ਨਾ ਸਿਰਫ਼ ਸੰਵਿਧਾਨ ਬਲਕਿ ਦੇਸ਼ ਦੀਆਂ ਔਰਤਾਂ ਨੂੰ ਵੀ ਖ਼ਤਰਾ: ‘ਆਪ’

editor

ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਹੀ ਗ੍ਰੇਟਰ ਮੋਹਾਲੀ ਇਲਾਕੇ ਦਾ ਵਿਕਾਸ ਕਰਵਾਇਆ: ਸੁਖਬੀਰ ਸਿੰਘ ਬਾਦਲ

editor

4 ਕਿਲੋ ਆਈ.ਸੀ.ਈ. ਡਰੱਗ, 1 ਕਿਲੋ ਹੈਰੋਇਨ ਇੱਕ ਗ੍ਰਿਫ਼ਤਾਰ

editor