Articles

ਰਾਜੇ ਅਤੇ ਰਾਣੇ ਦਾ ਸ਼ਾਹੀ ਭੋਜ: ਕਪਤਾਨ ਸਾਹਿਬ ਇੱਧਰ ਵੀ ਘੁਮਾਇਓ ਜਰਾ ਕੜਛੀ !

ਫੋਟੋ: ਏ ਐਨ ਆਈ।
ਲੇਖਕ: ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਜੀ. ਐਚ. ਜੀ ਖਾਲਸਾ ਕਾਲਜ, ਗੁਰੂਸਰ ਸੁਧਾਰ

ਸੁਣਿਐ… ਪੰਜਾਬ ਦੇ ਕਪਤਾਨ ਮਹਾਰਾਜ ਅਮਰਿੰਦਰ ਸਿੰਘ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਪੰਜਾਬ ਦੇ ਓਲਿੰਪਿਕ ਖਿਡਾਰੀਆਂ ਨੂੰ ਆਪਣੇ ਸਿਸਵਾਂ ਸਥਿਤ ਫਾਰਮ ਹਾਊਸ ਵਿਖ਼ੇ ਬੁਲਾ ਸ਼ਾਹੀ ਭੋਜ ਕਰਵਾਇਆ ਗਿਆ ਹੈ। ਜਿਸ ਵਿੱਚ ਗੁਆਂਢੀ ਰਾਜ ਹਰਿਆਣੇ ਤੋਂ ਉੱਚੇਚੇ ਤੌਰ ਤੇ ਜੈਵਲੀਨ ਥਰੋ ਦੇ ਸੋਨ ਤਮਗਾ ਜੇਤੂ, ਗੋਲਡਨ ਬੁਆਏ ਨੀਰਜ ਚੋਪੜਾ ਨੂੰ ਵੀ ਸੱਦਾ ਦਿੱਤਾ ਗਿਆ ਸੀ। ਨੀਰਜ ਦੇ ਨਾਲ ਪੰਜਾਬ ਦੇ ਹਾਕੀ ਖਿਡਾਰੀਆਂ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ, ਰੁਪਿੰਦਰਪਾਲ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਵਰੁਣ ਕੁਮਾਰ ਅਤੇ ਸਿਮਰਨਜੀਤ ਸਿੰਘ ਨੂੰ ਵੀ ਇਸ ਸ਼ਾਹੀ ਦਾਵਤ ਦਾ ਸੁਨੇਹਾ ਭੇਜਿਆ ਗਿਆ ਸੀ, ਜੋ 41 ਸਾਲਾਂ ਬਾਅਦ ਟੋਕੀਓ 2020 ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦਾ ਹਿੱਸਾ ਸਨ। ਇਹਨਾਂ ਤੋਂ ਇਲਾਵਾ ਟੋਕੀਓ ਵਿੱਚ ਚੌਥੇ ਸਥਾਨ ‘ਤੇ ਰਹੀ ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਗੁਰਜੀਤ ਕੌਰ ਅਤੇ ਰੀਨਾ ਖੋਖਰ ਨੂੰ ਵੀ ਬੁਲਾਇਆ ਗਿਆ ਸੀ। ਇਸ ਸ਼ਾਹੀ ਦਾਵਤ ਵਿੱਚ ਉਲੰਪਿਕ ਦੇ ਡਿਸਕਸ ਥਰੋ ਮੁਕਾਬਲੇ ਵਿੱਚ 6ਵੇਂ ਨੰਬਰ ਤੇ ਰਹੀ ਭਾਰਤੀ ਨੈਸ਼ਨਲ ਰਿਕਾਰਡ ਹੋਲਡਰ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਵੀ ਮੌਜੂਦ ਸਨ।

ਸ਼ਿਵਾਲਿਕ ਦੀਆਂ ਮਨਮੋਹਕ ਪਹਾੜੀਆਂ ਵਿਖ਼ੇ ਸਥਿਤ ਇਸ ਫਾਰਮ ਹਾਉਸ ਦੇ ਬਾਵਰਚੀ ਖਾਨੇ ਅੰਦਰ ਬਣੇ ਲਜ਼ੀਜ ਪਕਵਾਨਾ ਵਿੱਚ ਮੁੱਖ ਰੂਪ ਨਾਲ ਮਟਨ ਖਾਰਾ ਪਿਸ਼ੋਰੀ, ਲੌਂਗ ਇਲੈਚੀ ਚਿਕਨ, ਆਲੂ ਕੋਰਮਾ, ਸ਼ਾਹੀ ਦਾਲ ਮਸੁਰ ਤੜਕਾ, ਮੁਰਗ ਕੋਰਮਾ, ਦੁਗਨੀ ਬਿਰਯਾਨੀ ਅਤੇ ਮਿੱਠੇ ਵਿੱਚ ਮੁਗ਼ਲਈ ਤਰੀਕੇ ਨਾਲ ਤਿਆਰ ਕੀਤਾ ਜ਼ਰਦਾ ਚਾਵਲ ਸ਼ਾਮਿਲ ਸਨ। ਜਿਨ੍ਹਾਂ ਦੀ ਰਸਭਿੰਨੀ ਖੁਸ਼ਬੂ ਨੇ ਆਹਂਦੇ ਚੰਡੀਗੜ੍ਹ ਤੱਕ ਮਹਿਕਾ ਖਿਲਾਰ ਦਿੱਤੀਆਂ ਸੀ। ਮੀਡੀਆ ਤੇ ਆਈਆਂ ਖ਼ਬਰਾਂ ਅਤੇ ਫੋਟੋਆਂ ਦੀ ਜੇ ਮੰਨੀਏ ਤਾਂ ਉਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਸਾਰਾ ਖਾਣਾ ਮਹਾਰਾਜਾ ਸਾਹਿਬ ਨੇ ਆਪਣੇ ਹੱਥੀਂ ਤਿਆਰ ਕੀਤਾ ਸੀ। ਇਹ ਵੀ ਕਿਹਾ ਗਿਆ ਕਿ ਮਹਾਰਾਜਾ ਸਾਹਿਬ ਨੇ ਖ਼ੁਦ ਦਸਤਰਖਾਨ ਤੇ ਸਜੇ ਇਸ ਖਾਣੇ ਨੂੰ ਖਿਡਾਰੀਆਂ ਨੂੰ ਪਰੋਸਿਆ।

ਸੱਚ ਜਾਣਿਓ ਖੇਡਾਂ ਨਾਲ ਧੁਰ ਅੰਦਰੋ ਜੁੜੇ ਹੋਣ ਕਰਕੇ ਕੱਲ ਟੀ.ਵੀ ਅਤੇ ਸੋਸ਼ਲ ਮੀਡੀਆ ਤੇ ਇਹ ਨਜ਼ਾਰਾ ਦੇਖ ਮੇਰਾ ਮਨ ਅਸ਼-ਅਸ਼ ਕਰ ਉੱਠਿਆ। ਖੇਡਾਂ ਨਾਲ ਜੁੜੇ ਜਿਸ ਵੀ ਇਨਸਾਨ ਨੇ ਇਹ ਖ਼ਬਰ ਦੇਖੀ ਹੋਵੇਗੀ ਉਸਨੇ ਪੰਜਾਬ ਦੇ ਕਪਤਾਨ ਦੀ ਦਰਿਆਦਿਲੀ ਵੇਖ਼ ਕੇ ਇਸ ਵਾਰ ਉਹਨਾਂ ਨੂੰ ਮੁੱਢ ਤੋਂ ਪੰਜਾਬ ਦੀ ਵਾਗਡੋਰ ਸੌਂਪਣ ਦਾ ਮਨ ਬਣਾ ਲਿਆ ਹੋਵੇਗਾ।

ਪਰ ਇੱਕ ਸੰਜੀਦਾ ਸ਼ਰੀਰਕ ਸਿੱਖਿਆ ਅਧਿਆਪਕ ਹੋਣ ਦੇ ਨਾਤੇ ਜਦ ਮੇਰੀ ਸੁਰਤ ਨੇ ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਪੜ ਰਹੇ ਖਿਡਾਰੀਆਂ ਵੱਲ ਨਜ਼ਰ ਦੌੜਾਈ ਤਾਂ ਮੈਨੂੰ ਉਹਨਾਂ ਦੇ ਹੱਥਾਂ ਵਿੱਚ ਖਾਲੀ ਠੂਠਾ ਨਜ਼ਰ ਆਇਆ। ਜਿਹੜੇ ਖੇਡ ਮੰਤਰੀ ਰਾਜਾ ਸਾਹਿਬ ਨੂੰ ਉਲੰਪਿਕ ਖਿਡਾਰੀਆਂ ਦੀ ਖਿਦਮਤ ਵਿੱਚ ਮੁਰਗਮੁਸਲਮ ਪਰੋਸਣ ਲਈ ਪਲੇਟਾਂ ਫੜਾ ਰਹੇ ਸਨ, ਸ਼ਾਇਦ ਉਹਨਾਂ ਦੇ ਜਹਿਨ ਵਿੱਚ ਵੀ ਨਹੀਂ ਹੋਵੇਗਾ ਕੇ ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਦੇ ਪ੍ਰਤਿਭਾਵਾਨ ਉਭਰਦੇ ਖ਼ਿਡਾਰੀ ਆਪਣੇ ਢਿੱਡ ਦੀ ਅੱਗ ਸ਼ਾਂਤ ਕਰਨ ਲਈ ਪਿੱਛਲੇ ਦੋ ਸਾਲ ਤੋਂ ਉਹਨਾਂ ਦਾਇਰੇ ਵਿੱਚ ਆਉਂਦੇ ਪੰਜਾਬ ਖੇਡ ਵਿਭਾਗ ਵਿਭਾਗ ਵੱਲ ਲਲਚਈਆਂ ਨਜਰਾਂ ਨਾਲ ਦੇਖ ਰਹੇ ਹਨ। ਟੀ.ਵੀ ਤੇ ਇਸ ਸ਼ਾਹੀ ਰਾਜਭੋਜ ਦੀ ਖ਼ਬਰ ਵੇਹਂਦਿਆਂ ਇਹਨਾਂ ਵਿਚੋਂ ਕਈ ਹੋਣਹਾਰ ਖ਼ਿਡਾਰੀ ਇਹ ਸੋਚ ਰਹੇ ਹੋਣੇ ਕਿ ਸ਼ਾਇਦ ਇੱਕ ਅੱਧਾ ਮੁਰਗਾ ਉਡਕੇ, ਉਹਨਾਂ ਦੇ ਦੋ ਸਾਲ ਤੋਂ ਖਾਲੀ ਪਏ ਠੂਠੇ ਵਿੱਚ ਆ ਡਿੱਗੇ। ਕਈ ਮੇਰੇ ਵਰਗੇ ਮਾਤੜ ਤਾਂ ਇਥੋਂ ਤੱਕ ਸੋਚ ਰਹੇ ਹੋਣੇ ਬਈ ਚੱਲੋ…ਮੁਰਗਾ, ਬੱਕਰਾ ਤਾਂ

ਫੋਟੋ: ਏ ਐਨ ਆਈ।

ਛੱਡੋ ਮੂੰਗੀ ਦੀ ਦਾਲ ਨਾਲ ਅਨਚੋਪੜੀ ਰੋਟੀ ਹੀ ਸ਼ਾਇਦ ਇਹਨਾਂ ਦੇ ਨਸੀਬ ਨੂੰ ਜੁੜ ਜਾਏ, ਜਿਸ ਦੀ ਇਸ ਵੇਲੇ ਉਹਨਾਂ ਨੂੰ ਸਭ ਤੋਂ ਵੱਧ ਲੋੜ ਹੈ।

ਗੌਰਤਲਬ ਹੈ ਪੰਜਾਬ ਸਰਕਾਰ ਨੇ ਪਿੱਛਲੇ ਦੋ ਸਾਲਾਂ ਤੋਂ ਸਕੂਲਾਂ ਅਤੇ ਕਾਲਜਾਂ ਵਿੱਚ ਸਪੋਰਟਸ ਵਿੰਗ ਦੀਆਂ ਸੀਟਾਂ ਅਲਾਟ ਨਹੀਂ ਕੀਤੀਆਂ ਜਿਸ ਕਾਰਨ ਪੰਜਾਬ ਖੇਡ ਵਿਭਾਗ ਵੱਲੋਂ ਚਲਾਏ ਜਾ ਰਹੇ ਅਨੇਕਾਂ ਟ੍ਰੇਨਿੰਗ ਸੈਂਟਰਾਂ ਦੇ ਬੱਚੇ ਪ੍ਰਭਾਵਿਤ ਹੋਏ ਹਨ। ਸੰਨ 2020-2021 ਓਹ ਮੁਕੱਦਸ ਵਰ੍ਹੇ ਸਨ ਜਿਨ੍ਹਾਂ ਵਿੱਚ ਓਲਿੰਪਿਕ ਖੇਡਾਂ ਕੋਵਿਡ-19 ਵਰਗੀ ਆਲਮੀ ਵਬਾ ਨਾਲ ਲੜਦਿਆਂ ਸੰਪਨ ਹੋਈ ਹੈ। ਇਹਨਾਂ ਖੇਡਾਂ ਵਿੱਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਹੀ ਮਹਾਰਾਜਾ ਸਾਹਿਬ ਨੇ ਸ਼ਾਹੀ ਦਾਵਤ ਦਿੱਤੀ ਹੈ। ਪਰ ਇਹਨਾਂ ਦੋਹਾਂ ਸਾਲਾਂ ਵਿੱਚ ਪੰਜਾਬ ਸਰਕਾਰ ਦੇ ਖੇਡ ਵਿਭਾਗ ਨੇ ਉਭਰਦੇ ਖਿਡਾਰੀਆਂ ਨੂੰ ਜਿਨ੍ਹਾਂ ਵਿੱਚ ਆਉਣ ਵਾਲੇ ਓਲੰਪਿਅਨ ਵੀ ਸ਼ਾਮਿਲ ਹਨ ਉਹਨਾਂ ਨੂੰ ਮੁੱਢਲੀ ਖ਼ੁਰਾਕ ਤੋਂ ਵੀ ਵਾਂਝਿੰਆ ਰੱਖਿਆ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਪੰਜਾਬ ਖੇਡ ਵਿਭਾਗ ਦੇ ਅਧਿਕਾਰੀ ਕਰੋਨਾ ਲੌਕਡਾਊਨ ਦਾ ਬਹਾਨਾ ਬਣਾ ਸਾਰੇ ਘਟਨਾਕ੍ਰਮ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਹਨਾਂ ਦੀ ਜਾਣਕਾਰੀ ਲਈ ਦੱਸ ਦਈਏ ਪਿਛਲੇ ਸਾਲ 2020 ਵਿੱਚ ਸਪਰੋਟਸ ਟ੍ਰੇਨਿੰਗ ਸੈਂਟਰ ਕੇਵਲ 16 ਮਾਰਚ ਤੋਂ 16 ਮਈ ਤੱਕ ਕੇਵਲ ਦੋ ਮਹੀਨਿਆਂ ਲਈ ਹੀ ਬੰਦ ਕੀਤੇ ਗਏ ਸਨ। ਇਸ ਚਾਲੂ ਵਰ੍ਹੇ 2021 ਵਿੱਚ ਵੀ ਖੇਡ ਟ੍ਰੇਨਿੰਗ ਸੈਂਟਰਾਂ ਨੂੰ 20 ਅਪ੍ਰੈਲ ਤੋਂ 16 ਜੂਨ ਤੱਕ ਹੀ ਬੰਦ ਰੱਖਿਆ ਗਿਆ ਹੈ, ਬਾਕੀ ਸਾਰਾ ਸਾਲ ਤਾਂ ਖੇਡ ਸੈਂਟਰਾਂ ਤੇ ਟ੍ਰੇਨਿੰਗ ਬਿਨ੍ਹਾਂ ਨਾਗਾ ਚੱਲੀ ਹੈ।ਇਸ ਕਰਕੇ ਕੋਰੋਨਾ ਦੀ ਆੜ ਵਿੱਚ ਸਪੋਰਟਸ ਫੰਡ ਦੀ ਰੋਕ ਦਾ ਇਹ ਬਹਾਨਾ ਸਿਰੇ ਤੋਂ ਖ਼ਾਰਜ ਹੁੰਦਾ ਜਾਪਦਾ ਹੈ।

ਪੰਜਾਬ ਸਰਕਾਰ ਦੇ ਖੇਡ ਵਿਭਾਗ ਨੇ ਫ਼ਰਵਰੀ 2021 ਵਿੱਚ ਸਕੂਲਾਂ ਦੀਆਂ ਸਪੋਰਟਸ ਵਿੰਗ ਦੀਆਂ ਸੀਟਾਂ ਦੇ ਟ੍ਰਾਇਲ ਕਰਵਾਏ ਸਨ ਪਰ ਕਿਸੇ ਵੀ ਸਕੂਲ ਦੇ ਟ੍ਰੇਨਿੰਗ ਸੈਂਟਰ ਨੂੰ ਸਪੋਰਟਸ ਵਿੰਗ ਦੀਆਂ ਸੀਟਾਂ ਨਹੀਂ ਮਿਲੀਆਂ। ਏਸੇ ਤਰ੍ਹਾਂ ਯੂਨੀਵਰਸਿਟੀਆਂ ਅਤੇ ਐਫੀਲੀਏਟਿਡ ਕਾਲਜਾਂ ਨੂੰ ਸਪੋਰਟਸ ਵਿੰਗ ਦੀਆਂ ਸੀਟਾਂ ਅਲਾਟ ਕਰਨ ਵਿੱਚ ਇੱਕ ਵਾਰ ਫਿਰ ਦੇਰੀ ਕੀਤੀ ਗਈ ਹੈ। ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਲਈ ਸਪੋਰਟਸ ਵਿੰਗ ਦੇ ਟ੍ਰਾਇਲ ਮਈ ਜਾਂ ਜੂਨ ਵਿੱਚ ਕਰਵਾ ਲਏ ਜਾਂਦੇ ਸਨ ਪਰ ਇਸ ਵਾਰ ਹਾਲੇ ਤੱਕ ਇਹਨਾਂ ਟ੍ਰਾਇਲਾਂ ਦੀ ਕੋਈ ਬਾਹੋ ਤਾਹੀ ਨਹੀਂ ਹੈ। ਇਹ ਮੁਅੱਤਲੀ ਅਜਿਹੇ ਸਮੇਂ ਆਈ ਹੈ ਜਦੋਂ ਦਾਖਲਾ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਜਲਦ ਹੀ ਮੁਕੰਮਲ ਵੀ ਹੋਣ ਵਾਲੀ ਹੈ।

ਸ਼ਾਇਦ ਮਹਾਰਾਜਾ ਸਾਹਿਬ ਦੇ ਕੰਨੀ ਕਿਸੇ ਖੇਡ ਅਫ਼ਸਰ ਜਾਂ ਖੇਡ ਮਾਹਿਰ ਨੇ ਇਹ ਗੱਲ ਨੀ ਪਾਈ ਬਈ ਖ਼ੁਰਾਕ ਦੀ ਲੋੜ ਲੋੜਵੰਡ ਉਭਰਦੇ ਖਿਡਾਰੀਆਂ ਨੂੰ ਜ਼ਿਆਦਾ ਹੁੰਦੀ ਹੈ, ਜੋ ਤੰਗੀਆਂ ਤੁਰਸ਼ੀਆ ਦੇ ਮਾਹੌਲ ਨਾਲ ਘੁਲਦੇ ਹੋਏ ਖੇਡ ਮੈਦਾਨਾ ਵਿੱਚ ਆਪਣਾ ਪਸੀਨਾ ਡੋਲਦੇ ਹਨ। ਕਿਉਂਕਿ ਇਸ ਉਮਰੇ ਨਾ ਤਾਂ ਇਹਨਾਂ ਖਿਡਾਰੀਆਂ ਦੇ ਮਾਪਿਆਂ ਕੋਲ ਐਨੀ ਆਰਥਿਕ ਸਮਰੱਥਾ ਹੁੰਦੀ ਅਤੇ ਨਾ ਹੀ ਇਹਨਾਂ ਖਿਡਾਰੀਆਂ ਕੋਲ ਯੋਗ ਨੌਕਰੀ ਹੁੰਦੀ ਹੈ, ਜਿਸ ਨਾਲ ਓਹ ਆਪਣੀ ਰੋਜ਼ਾਨਾ ਦੀ ਪੌਸ਼ਟਿਕ ਖ਼ੁਰਾਕ ਨੂੰ ਪੂਰਾ ਕਰ ਸਕਣ।

ਚਲੋ ਖੇਡ ਅਫ਼ਸਰ ਜਾਂ ਮਾਹਿਰ ਵੀ ਇਹ ਸੋਚਦੇ ਹੋਣੇ ਆ ਬਈ ਆਪਾਂ ਕੀ ਲੈਣਾ, ਆਪਾਂ ਤਾਂ ਇਹ ਦੇਖੋ 2.59 ਨਾਲ ਗੁਣਾ ਕਰਕੇ ਆਪਣੀ ਤਨਖਾਹ ਵਿੱਚ ਕਿੰਨਾ ਵਾਧਾ ਹੋ ਰਿਹਾ ਹੈ। ਢੱਠੇ ਖ਼ੂਹ ‘ਚ ਜਾਏ ਪੰਜਾਬ ਅਤੇ ਪੰਜਾਬ ਦੀ ਜਵਾਨੀ। ਹੁਣ ਤਾਂ ਸਾਰੇ ਵੈਸੇ ਵੀ ਆਈਲੈਟਸ ਕਰ ਬਾਹਰ ਨੂੰ ਭੱਜ ਰਹੇ ਹਨ।

ਨਾਲੇ … ਬਈ ਬਿੱਲੇ ਦੇ ਗਲ਼….ਮੁਆਫ਼ ਕਰਨਾ ਬਿੱਲੀ ਦੇ ਗਲ਼ ਘੰਟੀ ਕੌਣ ਬੰਨੇ।

… ਵੈਸੇ ਇਹ ਸੁਨੇਹਾ ਮਹਾਰਾਜਾ ਸਾਹਿਬ ਦੇ ਚੋਣ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਤੱਕ ਤਾਂ ਪਹੁੰਚਾਇਆ ਜਾ ਸਕਦਾ ਸੀ… ਜੋ ਮਹਾਰਾਜਾ ਸਾਹਿਬ ਨੂੰ ਆਖੇ ਜੇ ਐਤਕੀਂ ਖੇਡਾਂ ਆਲਿਆਂ ਤੋਂ ਵੋਟਾਂ ਲੈਣੀਆਂ ਤਾਂ ਇਹਨਾਂ ਮਾਣਮੱਤੇ ਓਲੰਪਿਅਨਾ ਦੇ ਨਾਲ ਪੂਰੇ ਪੰਜਾਬ ਦੇ ਟ੍ਰੇਨਿੰਗ ਸੈਂਟਰਾਂ ਦੇ ਖਿਡਾਰੀਆਂ ਲਈ ਵੀ ਕੜਛੀ ਘੁੰਮਾ ਦੇਵੋ !

ਸਪੋਰਟਸ ਵਿੰਗਾ ਦੀ ਆਸ ਵਿੱਚ…!

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin