Articles

ਵਖਤੁ ਵੀਚਾਰੇ ਸੁ ਬੰਦਾ ਹੋਇ

ਲੇਖਕ: ਗੁਰਜੀਤ ਕੌਰ “ਮੋਗਾ”

ਜ਼ਿੰਦਗੀ ਬਹੁਤ ਖੂਬਸੂਰਤ ਹੈ। ਇਸ ਵਿਚਲੇ ਮਿਲੇ ਸਮੇਂ ਨੂੰ ਵੀ ਸਾਂਭਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿਉਂਕਿ  ਲੰਘਿਆ  ਹੋਇਆ ਸਮਾਂ ਕਦੇ ਵਾਪਸ ਨਹੀਂ ਆਉਂਦਾ, ਇਸ ਨੂੰ ਵਿਹਲਿਆਂ ਰਹਿ ਕੇ ਬਰਬਾਦ ਨਾ ਕਰੀਏ।ਸਮੇਂ ਦੀ ਕੀਮਤ ਨੂੰ ਜਾਣੀਏ। ਮਿਹਨਤੀ ਲੋਕ ਸਮਾਂ ਅਜਾਈਂ ਨਹੀਂ ਗਵਾਉਂਦੇ। ਉਨ੍ਹਾਂ ਦਾ ਟੀਚਾ ਆਪਣੀ ਮੰਜ਼ਿਲ ਤੱਕ ਪਹੁੰਚਣ ਦਾ ਹੁੰਦਾ ਹੈ। ਆਪਣੇ ਉਦੇਸ਼ਾਂ ਦੀ ਪੂਰਤੀ ਲਈ ਦੁੱਖ, ਦਲਿਦਰਾਂ ਨੂੰ ਤਿਆਗ ਕੇ ਅੱਗੇ ਵਧਣਾ ਹੀ ਵਖਤ ਨੂੰ ਸਾਂਭਣਾ ਹੈ। ਵਕਤ ਦੀ ਕਦਰ ਕਰਨ ਵਾਲੇ ਦੀ ਜ਼ਿੰਦਗੀ ਅਨੁਸ਼ਾਸਨ ਵਿੱਚ ਬੱਝ ਜਾਂਦੀ ਹੈ। ਉਹ ਰੋਜ਼ਾਨਾ ਜਿੰਦਗੀ ‘ਚ ਆਪਣੇ ਕੰਮਾਂ ਨੂੰ ਵਕਤ ਨਾਲ ਤਕਸੀਮ ਕਰਕੇ ਚਲਦਾ ਹੈ ।

ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਤੇ ਕੁਝ ਬਣ ਕੇ ਵਿਖਾਉਣ ਦੇ ਸਲੀਕੇ ਨਾਲ ਜ਼ਿੰਦਗੀ ਜਿਊਣ ਵਾਲੇ ਜ਼ਿੰਦਗੀ ਦੇ ਪਲ- ਪਲ ਦਾ ਆਨੰਦ ਮਾਣਦੇ ਹਨ।ਉਹ ਦੂਜਿਆਂ ਤੋਂ ਵਧੇਰੇ ਤਰੱਕੀ ਕਰਦੇ ਤੇ ਕਾਮਯਾਬੀਆਂ ਹਾਸਲ ਕਰਦੇ ਹਨ। ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵਾਲਾ ਮਨੁੱਖ  ਦਿਨ ਰਾਤ ਨਹੀਂ ਦੇਖਦਾ।ਉਹ ਸਮੇਂ ਦੀ ਮਹੱਤਤਾ ਨੂੰ ਤਰਜੀਹ ਦਿੰਦਾ ਹੋਇਆ ਸਖ਼ਤ ਮਿਹਨਤ ਦੇ ਜ਼ਰੀਏ ਅੱਗੇ ਵਧਦਾ ਹੈ ਤੇ ਆਪਣੇ ਮਨੋਰਥ ਨੂੰ ਪੂਰਾ ਕਰਦਾ ਹੈ।ਸਮੇਂ  ਦੀ ਅਹਿਮੀਅਤ ਨੂੰ ਪਹਿਚਾਨਣ ਵਾਲੇ ਮਨੁੱਖ ਮਿਹਨਤ ਤੇ ਲਗਨ ਸਦਕਾ ਆਪਣੀਆਂ ਕਲਪਨਾਵਾਂ ਨੂੰ ਹਕੀਕਤ ਵਿੱਚ ਬਦਲਣ ਦੇ ਯੋਗ ਹੁੰਦੇ ਹਨ। ਉਹ ਸਮਾਜ ਵਿੱਚ ਜੇਤੂ ਬਣ ਕੇ ਉਭਰਦੇ ਹਨ। ਉਹੀ ਸਮਾਜ ਵਿੱਚ ਮਾਣ- ਸਨਮਾਨ ਦੇ ਹੱਕਦਾਰ ਹੁੰਦੇ ਹਨ।
ਖ਼ੁਸ਼ਹਾਲ ਜੀਵਨ ਲਈ ਸਮੇਂ ਦੀ ਮਹੱਤਤਾ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਜ਼ਿੰਦਗੀ ਦੇ ਕੁਝ ਅਸੂਲ ਹਨ ਸਿਧਾਂਤ ਹਨ ਜਿਨ੍ਹਾਂ ਦੇ ਧਾਰਨੀ ਹੋ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ।ਦੀਵਾਰ ਤੇ ਟੰਗੀ ਘੜੀ ਦੀਆਂ ਸੂਈਆਂ ਵੀ ਪ੍ਰੇਰਨਾਦਾਇਕ ਹਨ। ਉਨ੍ਹਾਂ ਦਾ ਅੱਗੇ ਵਧਣਾ ਹੀ ਦੀਵਾਰ ਦਾ ਸ਼ਿੰਗਾਰ ਹੈ ਨਹੀਂ ਤਾਂ ਰੁਕੀ ਹੋਈ ਘੜੀ ਵੀ ਕਬਾੜ ਬਣ ਜਾਂਦੀ ਹੈ।ਇਤਨੀ ਕੁ ਪਹਿਚਾਣ ਬਣਾਉਣ ਦੇ ਕਾਬਿਲ ਬਣ ਜਾਈਏ ਕਿ ਜੇ ਅਸੀਂ ਰੁਕ ਵੀ ਗਏ ਤਾਂ ਸਾਡੇ ਕੀਤੇ ਕੰਮਾਂ ਦੀ ਮਹਿਕ ਹਮੇਸ਼ਾ ਆਉਂਦੀ ਰਹੇ।ਖੜੀ ਹੋਈ ਘੜੀ ਦੀਆਂ ਸੂਈਆਂ ਵੀ ਦਿਨ ‘ਚ ਦੋ ਵਾਰ ਸਮਾਂ ਸਹੀ ਦੱਸਦੀਆਂ ਹਨ। ਕਾਮਯਾਬੀਆਂ ਲਈ ਸਮੇਂ ਦਾ ਸਦ ਉਪਯੋਗ ਬਹੁਤ  ਜ਼ਰੂਰੀ ਹੈ। ਆਪਣੇ ਉਦੇਸ਼ਾਂ ਦੀ ਪੂਰਤੀ ਲਈ ਵਕਤ ਨੂੰ ਸਾਂਭਣਾ ਸਿੱਖੀਏ । ਹਿੰਮਤ ਤੇ ਉਦਮੀ ਬੰਦੇ ਦੀ ਹੀ ਸਮਾਜ ਵਿੱਚ ਸਹੀ ਸੇਧ ਦੇ ਸਕਦੇ ਹਨ।ਅਜਿਹੇ ਮਨੁੱਖ ਪਰਿਵਾਰ ਦੇ ਨਾਲ ਨਾਲ ਸਮਾਜ ਦੀ ਵੀ ਯੋਗ ਅਗਵਾਈ ਕਰਦੇ ਹਨ।
ਨਸ਼ਟ ਹੋਏ ਸਮੇਂ  ਦਾ ਦੁੱਖ ਵੀ ਉਨ੍ਹਾਂ ਨੂੰ ਹੀ ਹੁੰਦਾ ਹੈ ਜਿਹੜੇ ਸਮੇਂ ਦੀ ਕੀਮਤ ਜਾਣਦੇ ਹਨ। ਵਕਤ ਸੰਭਾਲੇ ਬਿਨਾਂ ਜ਼ਿੰਦਗੀ ਬਿਹਤਰ ਨਹੀਂ ਹੋ ਸਕਦੀ।
ਸਮੇਂ ਨੂੰ  ਗਵਾਉਣ ਵਾਲਾ ਮਨੁੱਖ  ਵਿਹਲੜ ,ਕੰਮਚੋਰ ਤੇ  ਦੂਸਰਿਆਂ ‘ਤੇ ਬੋਝ ਬਣਦਾ ਹੈ।ਵਿਹਲੜਪੁਣਾ  ਮਾਨਸਿਕ ਉਲਝਣਾਂ ਪੈਦਾ ਕਰਦਾ ਹੈ।ਉਦੇਸ਼ਹੀਣ ਜੀਵਨ ਵਿੱਚ ਮਿਹਨਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਉਹਨਾਂ ਲਈ ਗਰੀਬੀ ਤੇ ਨਾਕਾਮਯਾਬੀ ਤੰਗ ਸੋਚ ਦਾ ਨਜ਼ਰੀਆ ਹੈ ।ਜ਼ਿੰਦਗੀ ਵਿੱਚ ਕੁਝ ਵੀ ਕਰਨ ਤੋਂ ਭਗੌੜਾ ਇਨਸਾਨ ਆਪਣੀਆਂ ਇੱਛਾਵਾਂ ਦਾ ਗਲਾ ਆਪ ਘੁੱਟ ਦਿੰਦਾਂ ਹੈ ਤੇ ਕੀਮਤੀ ਸਮਾਂ ਮੁੱਠੀ ‘ਚੋਂ ਰੇਤ ਦੀ ਤਰ੍ਹਾਂ ਕਿਰਦਾ ਚਲਾ ਜਾਂਦਾ ਹੈ।ਅਜਾਈਂ ਗੁਆਏ ਵਕਤ ਦੀ ਪੂਰਤੀ ਇਨਸਾਨ ਸਾਰੀ ਉਮਰ ਨਹੀਂ ਕਰ ਸਕਦਾ।ਅਸਲ ਵਿੱਚ ਸਮਾਂ ਪੈਸੇ ਨਾਲੋਂ ਵਧੇਰੇ ਕੀਮਤੀ ਹੁੰਦਾ ਹੈ।ਪੈਸਾ ਮੁੜ ਕਮਾਇਆ ਜਾ ਸਕਦਾ ਹੈ ਪਰ ਲੰਘ ਰਹੇ  ਸਮੇਂ ਨੂੰ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ।ਬਰਬਾਦ  ਕੀਤੇ ਵਕਤ ਦਾ ਨਤੀਜਾ ਵੀ ਵਿਹਲੜ,ਆਲਸੀ ਹੀ ਭੁਗਤੇ ਹਨ।ਵਕਤ ਨੂੰ ਰੋਲਣ ਵਾਲਾ ਤੇ ਮਿਹਨਤ ਤੋਂ ਮੁਨਕਰ ਹੋਇਆ ਮਨੁੱਖ  ਬਾਹਰੀ ਸਹਾਰਾ ਭਾਲਦਾ।ਆਪਣੇ ਮਨੋਬਲ ਨੂੰ ਢਹਿ ਢੇਰੀ ਕਰਦੇ ਸਮਾਂ ਕੱਟਦਾ ਹੈ। ਹੱਥ ਤੇ ਹੱਥ ਧਰ ਕੇ ਬੈਠਣ ਵਾਲਾ ਮਨੁੱਖ ਕਦੇ ਕਾਮਯਾਬ ਨਹੀਂ ਹੁੰਦਾ।
ਵਿਹਲੜ ਮਨੁੱਖਾਂ ਨੂੰ  ਨਿਰਾਸ਼ਾ ਦੇ ਆਲਮ ਚੋਂ ਨਿਕਲ ਕੇ ਕੋਈ ਵੀ ਕਿੱਤਾ ਅਪਣਾ ਕੇ ਆਸ਼ਾਵਾਦੀ ਬਣਨਾ ਚਾਹੀਦਾ ਹੈ। ਆਪਣੇ ਇਰਾਦੇ ਪਕੇਰੇ ਕਰਕੇ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।ਆਪਣੇ ਉਦੇਸ਼ਾਂ ਦੀ ਪੂਰਤੀ ਲਈ ਵਕਤ ਨੂੰ  ਸਾਂਭਦੇ ਹੋਏ ਡੱਟ ਕੇ ਮਿਹਨਤ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਿ ਸਮਾਂ ਅੱਗੇ ਨਿਕਲ ਜਾਵੇ ਹੁਣ ਤੋਂ ਹੀ ਕੋਈ ਕਾਰਜ ਸ਼ੁਰੂ ਕਰਨਾ ਚਾਹੀਦਾ ਹੈ।ਵਕਤ ਬਲਵਾਨ ਬਣ ਕੇ ਤੁਹਾਡਾ ਸਾਥ ਦੇਵੇਗਾ ਤੇ ਬੇਰੰਗ ਜ਼ਿੰਦਗੀ ਮੁੜ ਤੋਂ ਉਮੰਗ ਭਰਪੂਰ ਬਣ ਜਾਵੇਗੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin