Articles

ਸਿੱਧੂ ਮੂਸੇਵਾਲਾ ਮਨ ਦਾ ਸੱਚਾ ਤੇ ਸਭ ਨੂੰ ਆਪਣਾ ਹੀ ਸਮਝਦਾ ਧੋਖੇ ‘ਚ ਆ ਗਿਆ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਸਿੱਧੂ ਮੂਸੇਵਾਲੇ ਦਾ ਕਤਲ: ਸਾਵਧਾਨੀ ਹਟੀ ਦੁਰਘਟਨਾ ਘਟੀ । ਇਹ ਚੇਤਾਵਨੀ ਅਕਸਰ ਹੀ ਵੱਡੀਆ ਸੜਕਾਂ ਉੱਤੇ ਦੇਖੀ ਪੜ੍ਹੀ ਜਾਂਦੀ ਹੈ, ਜਿਸ ਨੂੰ ਅਸੀਂ ਬਹੁਤੀ ਵਾਰ ਨਹੀਂ ਬਲਕਿ ਆਮ ਤੌਰ ‘ਤੇ ਸੜਕਾਂ ‘ਤੇ ਗੱਡੀਆਂ ਮੋਟਰਾਂ ਚਲਾ ਰਹੇ ਡਰਾਇਵਰਾਂ ਦੇ ਸੰਦਰਭ ਵਿੱਚ ਹੀ ਦੇਖਦੇ ਸਮਝਦੇ ਹਾਂ ਜਦ ਕਿ ਅਸਲ ਰੂਪ ਵਿੱਚ ਇਹ ਚੇਤਾਵਨੀ ਸਾਡੀ ਸਭਨਾ ਦੀ ਜ਼ਿੰਦਗੀ ਦੇ ਹਰ ਸ਼੍ਹੋਬੇ ਨਾਲ ਸੰਬੰਧਿਤ ਹੈ । ਜ਼ਿੰਦਗੀ ਵਿੱਚ ਖਤਰਾ ਪੈਰ ਪੈਰ ‘ਤੇ ਹੈ ਤੇ ਹਰ ਕਦਮ ਸਾਵਧਾਨੀ ਨਾਲ ਵਿਚਰਨਾ ਦੀ ਜ਼ਰੂਰਤ ਹੁੰਦੀ ਹੈ । ਬਹੁਤੀਵਾਰ ਅਜਿਹਾ ਹੁੰਦਾ ਹੈ ਕਿ ਜਦੋ ਵੀ ਅਸੀਂ ਸਾਵਧਾਨੀ ਤੋ ਅਵੇਸਲੇ ਹੋ ਜਾਂਦੇ ਹਾਂ, ਤਾਂ ਕੋਈ ਨਾ ਕੋਈ ਨਾ ਖੁਸ਼ਗਵਾਰ ਘਟਨਾ ਵਾਪਰ ਜਾਂਦੀ ਹੈ ।
ਜੇਕਰ ਸਿੱਧੂ ਮੂਸੇਵਾਲੇ ਦੀ ਹੱਤਿਆ ਨੂੰ ਨੀਝ ਨਾਲ ਦੇਖਿਆ ਜਾਵੇ ਤਾਂ ਇਸ ਦੇ ਪਿਛੋਕੜ ਵਿੱਚ ਸ਼ਾਜਿਸ ਬੇਸ਼ੱਕ ਕੋਈ ਵੀ ਹੋਵੇ, ਉਸ ਦੀ ਹੱਤਿਆ ਪਿੱਛੇ ਸਿਆਸੀ ਕਾਰਨ ਹੋਣ ਜਾਂ ਸਮਾਜ ਵਿਰੋਧੀ ਅਨਸਰ ਗੈਂਗਸਟਰਬਾਜੀ, ਪਰ ਇਕ ਗੱਲ ਸਾਫ ਤੌਰ ‘ਤੇ ਨਿਖੜਕੇ ਸਾਹਮਣੇ ਆਉਂਦੀ ਹੈ ਕਿ ਸਿੱਧੂ ਨੂੰ ਕੁਦਰਤ ਨੇ ਪੈਰ ਪੈਰ ‘ਤੇ ਸਾਵਧਾਨੀ ਵਰਤਣ ਵਾਸਤੇ ਚੇਤਾਵਨੀ ਦਿੱਤੀ, ਜਿਸ ਨੂੰ ਉਹ ਨੌਜਵਾਨ ਸਮਝਣ ਵਿੱਚ ਅਸਮਰਥ ਰਿਹਾ । ਹੁਣ ਇਸ ਨੂੰ ਉਸ ਦੀ ਆ ਲੱਗੀ ਕਹਿ ਲਓ, ਰੱਬ ਦਾ ਭਾਣਾ ਜਾਂ ਕੁੱਜ ਹੋਰ, ਇਹ ਗੱਲਾਂ ਤਾਂ ਮਨ ਨੂੰ ਸਮਝਾਉਣ ਦਾ ਇਕ ਵਸੀਲਾ ਹਨ, ਗੱਲ ਬਹੁਤ ਕੌੜੀ ਹੈ, ਪਰ ਹੈ ਚਿੱਟੇ ਦਿਨ ਵਰਗਾ ਸੱਚ, ਉਹ ਇਹ ਕਿ ਅਸਲ ਰੂਪ ਚ ਉਸ ਦਾ ਕਤਲ ਉਸ ਨੌਜਵਾਨ ਦੀ ਆਪਣੀ ਬੇਪਰਵਾਹੀ ਦਾ ਵੀ ਵੱਡਾ ਨਤੀਜਾ ਮੰਨਿਆ ਜਾ ਸਕਦਾ ਹੈ ।
ਸਿੱਧੂ ਦੇ ਕਤਲ ਦੀ ਸ਼ਾਜਿਸ ਪਿੱਛੇ ਅਸਲ ਸੂਤਰਧਾਰ ਕੌਣ ਰਿਹਾ, ਸੁਰੱਖਿਆ ਏਜੰਸੀਆਂ ਪੁਣਛਾਣ ਕਰ ਰਹੀਆਂ ਹਨ ਤੇ ਇਸ ਕਤਲ ਦਾ ਖੁਲਾਸਾ ਆਉਣ ਵਾਲੇ ਦਿਨਾਂ ਚ ਦੇਰ ਸਵੇਰ ਹੋ ਹੀ ਜਾਵੇਗਾ, ਪਰ ਜੋ ਸਵਾਲ ਸਾਡੇ ਹਰ ਇਕ ਦੇ ਮਨ ਵਿਚ ਵਾਰ ਵਾਰ ਉਠਦਾ ਹੈ, ਉਹ ਇਹ ਕਿ ਸਿੱਧੂ ਮੂਸੇਵਾਲੇ ਨੂੰ ਇਹ ਪਤਾ ਹੋਣ ਦੇ ਬਾਵਜੂਦ ਵੀ ਕਿ ਉਸ ਦੇ ਪਿੱਛੇ ਗੁੰਡਾ ਅਨਸਰ ਲੱਗੇ ਹੋਏ ਹਨ, ਜੋ ਕਦੇ ਉਸ ਨੂੰ ਤੇ ਕਦੇ ਉਸ ਦੇ ਪਿਤਾ ਨੂੰ ਫੋਨ ‘ਤੇ ਸਿੱਧੀਆਂ ਧਮਕੀਆ ਦੇ ਰਹੇ ਹਨ ਤੇ ਉਹ ਵੀ ਜਾਨੋ ਮਾਰਨ ਦੀਆਂ, ਉਸ ਨੇ ਉਹਨਾ ਧਮਕੀਆ ਨੂੰ ਸੰਜੀਦਗੀ ਨਾਲ ਕਿਓ ਨਹੀਂ ਲਿਆ ?
ਉਸ ਦੇ ਕਤਲ ਵਾਲੇ ਦਿਨ ਵਾਪਰੀਆ ਘਟਨਾਵਾ ਨੂੰ ਜੇਕਰ ਲੜੀਬੱਧ ਕੀਤਾ ਜਾਵੇ ਤਾਂ ਕਈ ਵਾਰ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਸ ਨੇ ਕੁਦਰਤ ਦੁਆਰਾ ਦਿੱਤੀ ਗਈ ਖਤਰੇ ਦੀ ਹਰ ਚੇਤਾਵਨੀ ਨੂੰ ਦਰਕਿਨਾਰ ਕਰ ਦਿੱਤਾ ਹੋਵੇ । ਉਸ ਦਿਨ ਕਿਧਰੇ ਵੀ ਜਾਣ ਦਾ ਕੋਈ ਪਰੋਗਰਾਮ ਨਹੀਂ ਸੀ, ਪਰ ਅਚਾਨਕ ਘਰ ਨੇੜੇ ਜੂਸ ਦੀ ਦੁਕਾਨ ਤੋਂ ਜੂਸ ਪੀਣ ਦਾ ਪਰੋਗਰਾਮ ਬਣਕੇ, ਫਿਰ ਤੋਂ ਬਦਲਕੇ ਮਾਸੀ ਨੂੰ ਮਿਲਣ ਦਾ ਬਣ ਗਿਆ ਤੇ ਜੂਸ ਵਾਲੇ ਨੂੰ ਇਹ ਕਹਿਕੇ ਮੂਸੇਵਾਲਾ ਅੱਗੇ ਨਿਕਲ ਗਿਆ ਕਿ ਜੂਸ ਤਿਆਰ ਰੱਖੇ ਥੋਹੜੀ ਦੇਰ ਬਾਅਦ ਵਾਪਸ ਆ ਕੇ ਪੀਵੇਗਾ ।
ਘਰੋ ਨਿਕਲਣ ਵੇਲੇ ਬੁਲਟ ਪਰੂਫ ਕਾਰ ਪੈਂਚਰ ਹੋਣ ਦੀ ਚੇਤਾਵਨੀ ਨੂੰ ਅਣਦੇਖਿਆ ਕਰਕੇ ਥਾਰ ਜੀਪ ਦੀ ਵਰਤੋਂ ਕਰਨੀ, ਜਾਨ ਨੂੰ ਖਤਰਾ ਹੋਣ ਦੇ ਬਾਵਜੂਦ ਵੀ ਪੁਲਿਸ ਕਮਾਂਡੋ ਘਰੇ ਛੱਡ ਜਾਣੇ, ਰਸਤੇ ਵਿਚ ਪਿੱਛਾ ਕਰ ਰਹੀ ਸ਼ੱਕੀ ਕਾਰ ਨੂੰ ਫੈਨਾਂ ਦੀ ਕਾਰ ਸਮਝਕੇ ਅਣਗੌਲਿਆਂ ਕਰਨਾ, ਫਿਰ ਸ਼ੱਕ ਪੈਣ ਤੇ ਨਾਲ ਸਵਾਰ ਰਿਸ਼ਤੇਦਾਰਾਂ ਨੂੰ ਕਹਿਣਾ ਕਿ ਬੇਫਿਕਰ ਰਹਿਣ, ਸਿਆਣੇ ਕਹਿੰਦੇ ਹਨ ਕਿ ਜੇਕਰ ਖਤਰਾ ਹੋਵੇ ਜਾਂ ਅਜਿਹਾ ਇਸ ਦਾ ਖਦਸ਼ਾ ਹੋਵੇ ਤਾਂ ਰਸਤਾ ਛੱਡ ਦਿਓ ਜਾਂ ਬਦਲ ਲਓ, ਪਰ ਸਿੱਧੂ ਕਤਲ ਮਾਮਲੇ ਚ ਵਾਰ ਵਾਰ ਸ਼ੱਕ ਪੈਦਾ ਹੋਣ ਦੇ ਬਾਵਜੂਦ ਵੀ ਉਹ ਰਸਤਾ ਬਦਲ ਲੈਣ ਦੀ ਸਾਵਧਾਨੀ ਵਰਤਣ ਵੱਲ ਧਿਆਨ ਨਹੀਂ ਦਿੰਦਾ, ਪੁਲਿਸ ਕਮਾਂਡੋ ਘਰ ਛੱਡਣ ਤੇ ਆਪਣਾ ਹਿਫਾਜਤੀ ਰਿਵਾਲਵਰ ਖਾਲੀ ਨਾਲ ਲਿਜਾਣ ਦੀ ਗਲਤੀ, ਹਰ ਇਕ ਨੂੰ ਆਪਣਾ ਫੈਨ ਸਮਝ ਲੈਣ ਦਾ ਭਰੋਸਾ ਕਰ ਲੈਣਾ ਆਦਿ ਉਹ ਅਸਾਵਧਾਨੀਆ ਹਨ, ਜਿਹਨਾਂ ਵੱਲ ਸਮੇਂ ਦੀ ਨਜਾਕਤ ਤੇ ਹਾਲਾਤਾਂ ਮੁਤਾਬਿਕ ਧਿਆਨ ਦਿੱਤਾ ਜਾਣਾ ਬਣਦਾ ਸੀ, ਪਰ ਨਹੀਂ ਦਿੱਤਾ ਗਿਆ ਤੇ ਦਰਦਨਾਕ ਭਾਣਾ ਵਰਤ ਗਿਆ । ਇਸ ਤੋ ਵੀ ਹੋਰ ਅੱਗੇ, ਜਦ ਨਾਲ ਬੈਠੇ ਸਾਥੀਆਂ ਦੇ ਵਾਰ ਵਾਰ ਕਹਿਣ ‘ਤੇ ਕਿ ਕੋਈ ਕਾਰ ਉਹਨਾਂ ਦਾ ਪਿਛਾ ਕਰਦੀ ਹੋਈ ਟੇਲਗੇਟ ਕਰ ਰਹੀ , ਸ਼ੱਕ ਪੱਕਾ ਹੋ ਗਿਆ ਸੀ ਤਾਂ ਅਜਿਹੇ ਵਿਚ ਸਿੱਧੂ ਮੂਸੇਵਾਲੇ ਨੂੰ ਆਪਣੀ ਕਾਰ ਬਿਨਾ ਵਕਤ ਗੁਆਏ ਪਿੰਡ ਜਵਾਹਰਕੇ ਦੇ ਕਿਸੇ ਵੀ ਗਲੀ ਮੁਹੱਲੇ ਵੱਲ ਮੋੜ ਲੈਣੀ ਚਾਹੀਦੀ ਸੀ, ਪਰ ਦੁੱਖ ਦੀ ਗੱਲ ਹੈ ਕਿ ਤਾਂ ਅਜਿਹਾ ਕਰਨਾ ਆਹੁੜਿਆ ਹੀ ਨਹੀਂ ਜਾਂ ਫਿਰ ਕੀਤਾ ਨਹੀਂ ਜਾ ਸਕਿਆ ਤੇ ਦੁਖਾਂਤ ਵਾਪਰ ਗਿਆ ।
ਇਸ ਵਿਚ ਕੋਈ ਦੂਜੀ ਰਾਇ ਨਹੀਂ ਕਿ ਸਿੱਧੂ ਮੂਸੇਵਾਲਾ ਨੇ ਚਾਰ ਪੰਜ ਕੁ ਸਾਲ ਵਿਚ ਹੀ ਪਰਸਿੱਧੀ ਦੀਆਂ ਬੁਲੰਦੀਆ ਸਰ ਕੀਤੀਆਂ, ਉਹ ਨੌਜਵਾਨਾ ਦਾ ਚਹੇਤਾ ਗਾਇਕ ਬਣਿਆ, ਉਸ ਨੇ ਆਪਣੇ ਫੈਨਾਂ ਨੂੰ ਬਹੁਤ ਪਿਆਰ ਵੀ ਵੰਡਿਆ, ਦਸਿਆ ਜਾਂਦਾ ਹੈ ਕਿ ਉਹ ਕਿਧਰੇ ਵੀ ਰਸਤੇ ਚ ਜਾਂਦਿਆ ਕਾਰ ਰੋਕ ਕੇ ਸੈਲਫੀਆ ਤੇ ਆਟੋਗਰਾਫ ਦੇ ਦਿੰਦਾ ਸੀ, ਇਕ ਉਚੇ ਮੁਕਾਮ ‘ਤੇ ਪਹੁੰਚੇ ਸੈਲੀਬਰੇਟੀ ਵਲੋਂ ਇਸ ਤਰਾਂ ਕਰਨਾ ਨਾ ਹੀ ਕਦੇ ਸਹੀ ਹੁੰਦ ਤੇ ਨਾ ਹੀ ਸਹੀ ਠਹਿਰਾਇਆ ਜਾ ਸਕਦਾ ਹੈ, ਪਰ ਸਿੱਧੂ ਨੇ ਅਜਿਹਾ ਕੀਤਾ ਤੇ ਆਖਿਰ ਉਸ ਦੀ ਇਹ ਭੁੱਲ ਜਾਂ ਕਮਜ਼ੋਰੀ ਹੀ ਉਸ ਦੀ ਜਾਨ ਦਾ ਖੌਅ ਬਣੀ ।
ਮੂਸੇਵਾਲੇ ਦੇ ਕਤਲ ਦੀ ਸ਼ਾਜਿਸ਼ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਸੀ । ਇਥੋਂ ਤੱਕ ਕਿ ਉਸ ਦੇ ਕਤਲ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਸਾਰੀਆਂ ਕੈਮਰਾ ਲੋਕੇਸ਼ਨਾ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਸੀ । ਜੇਕਰ ਘਟਨਾ ਸਥਾਨ ‘ਤੇ ਕਿਸੇ ਨੇ ਆਪਣੇ ਫੋਨ ਨਾਲ ਰਿਕਾਰਡਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲ ਵੀ ਗੋਲੀਆ ਦੇ ਬਰੱਸਟ ਮਾਰੇ ਗਏ, ਇਹ ਗੱਲ ਵੱਖਰੀ ਹੈ ਕਿ ਹਤਿਆਰਿਆ ਦੇ ਇੰਜ ਕਰਨ ਨਾਲ ਕਿਸੇ ਹੋਰ ਦੀ ਜਾਨ ਨਹੀਂ ਗਈ । ਇਕ ਗੱਲ ਹੋਰ ਜੋ ਕਾਤਲਾ ਨੂੰ ਫੜਨ ਵਿਚ ਬੜੀ ਸਹਾਈ ਹੋ ਸਕਦੀ ਸੀ, ਉਹ ਇਹ ਕਿ ਜੇਕਰ ਮੂਸੇਵਾਲੇ ਦੀ ਕਾਰ ਵਿਚ ਇਨਸੀਡੈਂਟ ਰਿਕਾਰਡਿੰਗ ਕੈਮਰਾ (ਜੋ ਕਿ ਆਮ ਤੌਰ ‘ਤੇ ਸੜਕ ਹਾਦਸਿਆ ਦੀ ਜਾਂਚ ਪੜਤਾਲ ਵਾਸਤੇ ਕਾਰਾਂ ਵਿਚ ਲਗਾਏ ਜਾਂਦੇ ਹਨ) ਲੱਗਾ ਹੁੰਦਾ ।
ਮੁਕਦੀ ਗੱਲ ਇਹ ਕਿ ਕਾਤਲ ਤਾਂ ਸਿੱਧੂ ਮੂਸੇਵਾਲੇ ਦੇ ਪਿਛੇ ਲੰਮੇ ਸਮੇ ਤੋਂ ਲੱਗੇ ਹੋਏ ਸਨ, ਉਹ ਤਾਂ ਮੌਕੇ ਦੀ ਤਲਾਸ਼ ਵਿਚ ਸਨ, ਰੇਕੀ ਵੀ ਬਹੁਤ ਲੰਮੇ ਤੋ ਹੋ ਰਹੀ ਸੀ , ਪਰ ਉਹ ਨੌਜਵਾਨ ਮਨ ਦਾ ਸੱਚਾ ਸੀ, ਸਭ ਨੂੰ ਆਪਣਾ ਹੀ ਸਮਝਦਾ ਰਿਹਾ ਤੇ ਧੋਖੇ ਚ ਆ ਗਿਆ । ਇਕ ਛੋਟੀ ਜਿਹੀ ਗਲਤੀ ਦਾ ਨਤੀਜਾ ਬਹੁਤ ਵੱਡਾ ਹੋ ਸਕਦਾ ਹੈ, ਇਕ ਨਿੱਕੀ ਜਿਹੀ ਭੁੱਲ ਕਾਰਨ ਸੈਂਕੜਾਂ ਕੋਹਾਂ ਦੀ ਪੈਂਡਾ ਕੱਛਣਾ ਪੈ ਸਕਦਾ, ਪਰ ਉਸ ਭਲੇ ਤੇ ਮਨ ਦੇ ਸੱਚੇ, ਕਿਸੇ ਵੀ ਵੈਰ ਕਪਟ ਤੋਂ ਦੂਰ, ਸਭ ਨੂੰ ਰੂਹ ਨਾਲ ਮੁਹੱਬਤ ਕਰਨ ਵਾਲੇ ਨੌਜਵਾਨ ਨੁੰ ਅਜਿਹਾ ਕਰਨ ਦਾ ਸਿਲਾ ਮੌਤ ਮਿਲਿਆ, ਜਿਸ ਦਾ ਉਸ ਦੇ ਫੈਨਾ ਤੇ ਸਮੂਹ ਪੰਜਾਬੀਆਂ ਨੂੰ ਹਮੇਸ਼ਾ ਦੁੱਖ ਰਹੇਗਾ । ਉਸ ਦੇ ਕਤਲ ਕਾਰਨ ਅੱਜ ਹਰ ਅੱਖ ਨਮ ਹੈ , ਸਿੱਧੂ ਮੂਸੇਵਾਲਾ ਹਮੇਸ਼ਾ ਜਿੰਦਾ ਹੈ, ਸਰੀਰਕ ਜਾਮੇ ਤੋਂ ਪਾਰ ਜਾ ਕੇ ਉਹ ਹੁਣ ਰੂਹਾਂ ਚ ਵਸੇਗਾ, ਯਾਦਾਂ ਚ ਵਸੇਗਾ, ਆਪਣੇ ਗੀਤਾਂ ਰਾਹੀਂ ਅਮਰ ਰਹੇਗਾ । ਉਸ ਦਾ ਵਿਛੋੜਾ ਉਸ ਦੇ ਮਾਪਿਆ ਵਾਸਤੇ ਹੀ ਨਹੀਂ ਬਲਕਿ ਸਭ ਪੰਜਾਬੀਆ ਵਾਸਤੇ ਅਸਹਿ ਹੈ, ਇਸ ਦੇ ਨਾਲ ਹੀ ਇਕ ਵੱਡੀ ਸਿਖਿਆ ਵੀ ਮਿਲਦੀ ਹੈ ਕਿ ਜਿੰਦਗੀ ਚ ਪਲ ਪਲ ਖਤਰਾ ਹੈ, ਇਹ ਵੀ ਸੱਚ ਹੈ ਕਿ ਜੋ ਹੋਣਾ ਹੈ, ਉਹ ਹੋ ਕੇ ਹੀ ਰਹੇਗਾ, ਹੋਣੀ ਅਨਹੋਣੀ ਤੇ ਅਨਹੋਣੀ, ਹੋਣੀ ਚ ਕਦੇ ਵੀ ਬਦਲ ਸਕਦੀ ਹੈ, ਦੋਹਾਂ ਦਾ ਮਤਲਬ ਇਕ ਹੈ, ਸਿਰਫ ਸ਼ਬਦੀ ਹੇਰ ਫੇਰ ਹੈ, ਪਰ ਜਿੰਦਹੀ ਵਿਚ ਇਕ ਗੱਲ ਲੜ ਬੰਨਣੀ ਪਵੇਗੀ ਕਿ ਜਿੰਦਗੀ ਚ ਪਲ ਪਲ ਆਪਣੀ ਸੁਰੱਖਿਆ ਵਾਸਤੇ ਸਾਵਧਾਨੀ ਵਰਤਣੀ ਜਰੂਰੀ ਹੈ, ਇਸ ਪੱਖੋਂ ਕਦੇ ਵੀ ਕੋਈ ਸਮਝੌਤਾ ਨਾ ਹੀ ਕੀਤਾ ਜਾਣਾ ਚਾਹੀਦਾ ਹੈ ਤੇ ਨਾ ਹੀ ਅਜਿਹਾ ਕਰਨ ਦੀ ਕੋਈ ਗੁੰਜਾਇਸ਼ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin