Punjab

ਸੁਨੀਲ ਜਾਖੜ ਨੇ ਕਾਂਗਰਸ ਛੱਡੀ

ਚੰਡੀਗੜ੍ਹ – ਕਾਂਗਰਸ ਛੱਡਣ ਦੇ ਆਪਣੇ ਫੈਸਲੇ ਦਾ ਐਲਾਨ ਕਰਦੇ ਹੋਏ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸ਼ਨੀਵਾਰ ਨੂੰ ਕਿਹਾ, ‘ਸ਼ੁਭਕਾਮਨਾਵਾਂ ਅਤੇ ਕਾਂਗਰਸ ਨੂੰ ਅਲਵਿਦਾ’। ਕਾਂਗਰਸ ਨੇ ਪਿਛਲੇ ਮਹੀਨੇ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਉਨ੍ਹਾਂ ਨੂੰ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਸੀ। ਜਾਖੜ ਨੇ ਇਹ ਫੈਸਲਾ ਅਜਿਹੇ ਸਮੇਂ ’ਚ ਲਿਆ ਹੈ ਜਦੋਂ ਉਦੈਪੁਰ ’ਚ ਕਾਂਗਰਸ ਦਾ ਤਿੰਨ ਰੋਜ਼ਾ ‘ਚਿੰਤਨ ਸ਼ਿਵਿਰ’ ਚੱਲ ਰਿਹਾ ਹੈ। ਨਾਰਾਜ਼ ਨੇਤਾ ਨੇ ਆਪਣੇ ਫੇਸਬੁੱਕ ਪੇਜ ’ਤੇ ਲਾਈਵ ਹੋ ਕੇ ਕਾਂਗਰਸ ਛੱਡਣ ਦਾ ਐਲਾਨ ਕੀਤਾ। ਜਾਖੜ ਨੇ ਕਿਹਾ, ਇਹ (ਮੇਰੀ ਵਿਦਾਈ) ਪਾਰਟੀ ਲਈ ਤੋਹਫਾ ਹੈ। ਭਵਿੱਖ ਲਈ ਸ਼ੁਭਕਾਮਨਾਵਾਂ ਅਤੇ ਕਾਂਗਰਸ ਨੂੰ ਅਲਵਿਦਾ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਜਾਖੜ 11 ਅਪ੍ਰੈਲ ਨੂੰ ਮਿਲੇ ‘ਕਾਰਨ ਦੱਸੋ’ ਨੋਟਿਸ ਤੋਂ ਪਾਰਟੀ ਤੋਂ ਨਾਰਾਜ਼ ਹਨ। ਉਨ੍ਹਾਂ ਕਾਂਗਰਸ ਅਨੁਸ਼ਾਸਨੀ ਕਮੇਟੀ ਦੇ ਨੋਟਿਸ ਦਾ ਜਵਾਬ ਨਹੀਂ ਦਿੱਤਾ। ਸਾਬਕਾ ਸੰਸਦ ਮੈਂਬਰ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਤੋਂ ਕਾਂਗਰਸ ਦੀ ਹਾਰ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਲੋਚਨਾ ਕੀਤੀ ਸੀ ਅਤੇ ਉਨ੍ਹਾਂ ਨੂੰ ਪਾਰਟੀ ਲਈ ‘ਬੋਝ’ ਕਿਹਾ ਸੀ। ਪਿਛਲੇ ਸਾਲ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਜਾਖੜ ਇਸ ਅਹੁਦੇ ਲਈ ਦਾਅਵੇਦਾਰਾਂ ਦੀ ਅਗਵਾਈ ਕਰ ਰਹੇ ਸਨ, ਪਰ ਪਾਰਟੀ ਆਗੂ ਅੰਬਿਕਾ ਸੋਨੀ ਨੇ ਕਿਹਾ ਸੀ ਕਿ ਪਾਰਟੀ ਨੂੰ ਕਿਸੇ ਸਿੱਖ ਨੂੰ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਅੰਬਿਕਾ ਸੋਨੀ ’ਤੇ ਹਮਲਾ ਬੋਲਿਆ। ਅੰਬਿਕਾ ਸੋਨੀ ਨੇ ਇਹ ਕਹਿ ਕੇ ਪੰਜਾਬ ਦਾ ਅਪਮਾਨ ਕੀਤਾ ਕਿ ਜੇਕਰ ਸੂਬੇ ’ਚ ਹਿੰਦੂ ਨੇਤਾ ਨੂੰ ਮੁੱਖ ਮੰਤਰੀ ਬਣਾਇਆ ਗਿਆ ਤਾਂ ਪੰਜਾਬ ਨੂੰ ਅੱਗ ਲਗਾ
ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੰਬਿਕਾ ਸੋਨੀ ਵਰਗੇ ਆਗੂਆਂ ਦਾ ਇੱਕ ਟੋਲਾ ਕਾਂਗਰਸ ਵਿੱਚ ਕੰਮ ਕਰ ਰਿਹਾ ਹੈ। ਸੋਨੀਆ ਗਾਂਧੀ ਨੂੰ ਇਨ੍ਹਾਂ ਤੋਂ ਮੁਕਤੀ ਲੈਣੀ ਹੋਵੇਗੀ। ਹਾਲਾਂਕਿ ਰਾਹੁਲ ਗਾਂਧੀ ਦੀ ਤਾਰੀਫ ਕਰਦੇ ਹੋਏ ਜਾਖੜ ਨੇ ਉਨ੍ਹਾਂ ਨੂੰ ਚੰਗਾ ਵਿਅਕਤੀ ਦੱਸਿਆ ਅਤੇ ਪਾਰਟੀ ਦੀ ਵਾਗਡੋਰ ਆਪਣੇ ਹੱਥਾਂ ’ਚ ਲੈਣ ਲਈ ਕਿਹਾ। ਸੁਨੀਲ ਜਾਖੜ ਨੇ ਰਾਹੁਲ ਗਾਂਧੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਸ਼ਰਾਰਤੀ ਅਨਸਰਾਂ ਤੋਂ ਦੂਰੀ ਬਣਾ ਲੈਣ। ਉਨ੍ਹਾਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਪਣੀ ਗੱਲ ਖ਼ਤਮ ਕੀਤੀ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ’ਚ ਕਰੀਬ 290 ਸੀਟਾਂ ’ਤੇ ਕਾਂਗਰਸੀ ਉਮੀਦਵਾਰਾਂ ਨੂੰ ਦੋ ਹਜ਼ਾਰ ਤੋਂ ਘੱਟ ਵੋਟਾਂ ਮਿਲਣ ’ਤੇ ਇਕ ਕਮੇਟੀ ਬਣਾਈ ਜਾਵੇਗੀ । ਪੰਚਾਇਤੀ ਚੋਣਾਂ ਵਿੱਚ ਇੰਨੀਆਂ ਵੋਟਾਂ ਮਿਲ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਬੈਠੇ ਕਾਂਗਰਸੀ ਆਗੂਆਂ ਨੇ ਪੰਜਾਬ ਵਿੱਚ ਪਾਰਟੀ ਨੂੰ ਬਰਬਾਦ ਕਰ ਦਿੱਤਾ ਹੈ। ਭਾਵੁਕ ਹੁੰਦਿਆਂ ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਕਿਹਾ ਕਿ ਤੁਸੀਂ ਆਪਣੀ ਵਿਚਾਰਧਾਰਾ ਤੋਂ ਭਟਕ ਨਾ ਜਾਇਓ। ਜਾਖੜ ਨੇ ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਹਰੀਸ਼ ਰਾਵਤ ’ਤੇ ਵੀ ਹਮਲਾ ਬੋਲਿਆ ਅਤੇ ਪਾਰਟੀ ’ਚ ਵਿਵਾਦ ਦੌਰਾਨ ਉਨ੍ਹਾਂ ਦੀ ਭੂਮਿਕਾ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ, ”ਕਾਂਗਰਸ ਅਨੁਸ਼ਾਸਨੀ ਕਮੇਟੀ ਵੱਲੋਂ ਖੁਦ ਮੈਨੂੰ ਨੋਟਿਸ ਦੇਣਾ ਬਹੁਤ ਦੁਖਦਾਈ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਨੁਸ਼ਾਸਨੀ ਕਮੇਟੀ ਦੀ ਰਿਪੋਰਟ ’ਤੇ ਮੈਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾਉਣ ਲਈ ਪੱਤਰ ਜਾਰੀ ਕੀਤਾ ਹੈ। ਇਹ ਇੱਕ ਮਜ਼ਾਕ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਸੋਨੀਆ ਗਾਂਧੀ ਦੱਸਣ ਕਿ ਮੈਂ ਕਿਸ ਅਹੁਦੇ ’ਤੇ ਸੀ ਜਿਸ ਤੋਂ ਮੈਨੂੰ ਹਟਾਇਆ ਗਿਆ। ਅਸਲੀਅਤ ਇਹ ਹੈ ਕਿ ਮੈਂ ਪਾਰਟੀ ਵਿੱਚ ਕੋਈ ਅਹੁਦਾ ਨਹੀਂ ਸੰਭਾਲਿਆ ਸੀ।

 

Related posts

ਜ਼ਮੀਨ ਦੇ ਇੰਤਕਾਲ ਬਦਲੇ 3 ਹਜ਼ਾਰ ਰਿਸ਼ਵਤ ਲੈਂਦਾ ਪਟਵਾਰੀ ਦਾ ਕਰਿੰਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

editor

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ

editor

ਪੰਜਾਬ ‘ਚ ਲੋਕ ਸਭਾ ਦੀ ਦੌੜ ‘ਚ ‘ਆਪ’ ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ ‘ਚ ਕਈ ਵੱਡੇ ਆਗੂ ਪਾਰਟੀ ‘ਚ ਹੋਏ ਸ਼ਾਮਲ

editor