Articles

2021 ਸ਼ੁਭਆਮਦੀਦ, ਵਧਾਈ ਤੇ ਹਾਰਦਿਕ ਸ਼ੁਭਕਾਮਨਾਵਾਂ

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਲਿਸੀਪਸ ਨਾਮਕ ਯੂਨਾਨੀ ਬੁੱਤ-ਘਾੜੇ ਨੇ ਚੌਥੀ ਸਦੀ ਬੀ ਸੀ ਚ ਸਮੇਂ ਦੀ ਨਿਰੰਤਰ ਗਤੀਸ਼ੀਲਤਾ ਨੂੰ ਦਰਸਾਉਣ ਵਾਸਤੇ ਇਕ ਅਜਿਹੇ ਬੁੱਤ ਦੀ ਸਿਰਜਣਾ ਕੀਤੀ, ਜਿਸ ਦੇ ਮੱਥੇ ਉੱਤੇ ਲਮਕਦੇ ਲੰਮੇ ਵਾਲਾਂ ਦੀ ਲਿਟ ਬਣਾਕੇ ਸਿਰ ਦਾ ਪਿਛਲਾ ਪਾਸਾ ਬਿਲਕੁਲ ਗੰਜਾ ਦਿਖਾਇਆ ਗਿਆ ਸੀ । ਉਹ ਮੂਰਤੀ ਪੂਰੇ ਸੰਸਾਰ ਵਿਚ ਬਹੁਤ ਹਰਮਨ ਪਿਆਰੀ ਹੋਈ । ਉਸ ਦੀ ਹਰਮਨ ਪਿਆਰਤਾ ਨੂੰ ਦੇਖਦੇ ਹੋਏ ਯੂਨਾਨ ਦੇ ਹੀ ਇਕ ਹੋਰ ਮੂਰਤੀਕਾਰ ਲਿਊਦ ਲਿਮੀਅਮ ਨੇ ਉਸ ਮੂਰਤੀ ਵਿੱਚ ਸੋਧ ਕਰਦਿਆਂ ਉਸ ਦੇ ਪੈਰਾਂ ਚ ਯੂਨਾਨ ਦੇ ਸੁਪਰਸਿੱਧ ਕਵੀ ਕੈਲੀਟਰਾਟਸ ਦੀ ਇਕ ਕਵਿਤਾ ਉਕਰ ਦਿੱਤੀ, ਜਿਸ ਦੇ ਪੰਜਾਬੀ ਅਨੁਵਾਦਕ ਬੋਲ ਕੁਝ ਹੇਠ ਲਿਖੀ ਪ੍ਰਕਾਰ ਹਨ :
ਤੂੰ ਕੌਣ ਏਂ ?
ਸਮਾਂ ! ਮੈਂ ਸਮਾਂ ਹਾਂ !! ਹਰੇਕ ਨੂੰ ਆਪਣੇ ਕਾਬੂੂ ਚ ਰੱਖਣ ਵਾਲਾ ।
ਤੂੰ ਪੱਬਾਂ ਭਾਰ ਕਿਓਂ ਖੜ੍ਹਾ ਏਂ ?
ਮੈਂ ਹਮੇਸ਼ਾਂ ਗਤੀਸ਼ੀਲ ਹਾਂ ਤੇ ਮੇਰਾ ਪੱਬ ਕਦੇ ਵੀ ਧਰਤੀ ‘ਤੇ ਨਹੀ ਲਗਦਾ ।
ਤੇਰੇ ਪੈਰਾਂ ਚ ਖੰਭ ਕਿਓਂ ਨੇ ?
ਕਿਉਂਕਿ ਮੈਂ ਹਮੇਸ਼ਾਂ ਉਡਦਾ ਰਹਿੰਦਾ ਹਾਂ ।
ਤੇਰੇ ਹੱਥਾਂ ਚ ਉਸਤਰਾ ਕਿਓਂ ਹੈ ?
ਦੁਨੀਆਂ ਨੂੰ ਇਹ ਦੱਸਣ ਵਾਸਤੇ ਕਿ ਮੈਂ ਕਿਸੇ ਵੀ ਧਾਰ ਨਾਲੋਂ ਤਿੱਖਾ ਹਾਂ।
ਜੋ ਮੇਰੀ ਮਾਰ ਹੇਠ ਆਉਂਦਾ ਹੈ, ਕਦੇ ਵੀ ਬਚ ਨਹੀਂ ਸਕਦਾ ।
ਤੇਰੇ ਵਾਲ ਅੱਖਾਂ ਦੇ ਅੱਗੇ ਕਿਓਂ ਹਨ ?
ਇਸ ਵਾਸਤੇ ਕਿ ਜੋ ਵੀ ਮੈਨੂੰ ਫੜਨਾ ਚਾਹਵੇ,ਉਹ ਮੈਨੂੰ ਸਿਰਫ ਅੱਗਿਓਂ ਹੋ ਕੇ ਹੀ ਫੜ ਸਕੇ ।
ਤੇਰੇ ਸਿਰ ਦਾ ਪਿਛਲਾ ਪਾਸਾ ਗੰਜਾ ਕਿਓਂ ਹੈ ?
ਜਦ ਮੈਂ ਉਡਦਾ ਹਾਂ, ਸਿਰ ਦੇ ਪਿੱਛੇ ਵਾਲਾਂ ਦੀ ਅਣਹੋਂਦ ‘ਚ ਮੈਨੂੰ ਪਿਛਿਓਂ ਕੋਈ ਵੀ ਨਹੀ ਫੜ ਸਕਦਾ ਤੇ ਜਦ ਮੈਂ ਅੱਗੇ ਨਿਕਲ ਜਾਂਦਾ ਹਾਂ, ਫੇਰ ਮੈਨੂੰ ਕੋਈ ਵਾਪਸ ਨਹੀਂ ਬੁਲਾ ਸਕਦਾ ਤੇ ਨਾ ਹੀ ਰੋਕ ਸਕਦਾ ਹੈ ।
ਤੈਨੂੰ ਇਹ ਕਲਾਤਮਕ ਰੂਪ ਕਿਓਂ ਦਿੱਤਾ ਗਿਆ ਹੈ ?
ਤੁਹਾਨੂੰ ਸੰਦੇਸ਼ ਦੇਣ ਵਾਸਤੇ ਕਿ ਮੈਂ ਨਿਰੰਤਰ ਹਾਂ ਤੇ ਅਰੁਕ ਵੀ ।
ਦੋਸਤੋ ! ਸਮਾਂ ਚਲਾਇਮਾਨ ਹੈ । 2020 ਤੋਂ ਪਹਿਲਾਂ ਸਦੀਆਂ ਦੀਆ ਸਦੀਆੰ ਬੀਤ ਗਈਆਂ । ਸਮੇਂ ਦਾ ਇਹ ਅੱਥਰਾ ਘੋੜਾ ਅਥੱਕ ਤੇ ਬੇਰੋਕ ਆਪਣੀ ਰਫ਼ਤਾਰੇ ਸਰਪਟ ਦੌੜਦਾ ਜਾ ਰਿਹਾ ਹੈ ।
ਆਪਾਂ ਸਭ 21ਵੀ ਸਦੀ ਦੇ ਤੀਜੇ ਦਹਾਕੇ ਦੇ ਪਹਿਲੇ ਸਾਲ 2021 ਦੀ ਦਹਿਲੀਜ਼ ‘ਤੇ ਉਸ ਦਾ ਸਵਾਗਤ ਕਰਨ ਲਈ ਖੜ੍ਹੇ ਹਾਂ ।
ਇਹ ਉਹ ਵਰ੍ਹਾ ਹੈ ਜਿਸ ਵਿਚ ਗੁਰੂ ਬਾਬੇ ਨਾਨਕ ਦਾ 551ਵਾਂ ਪ੍ਰਕਾਸ਼ ਉਤਸ਼ਵ ਮਨਾਇਆ ਜਾਵੇਗਾ, ਸੋ ਅਸੀਂ ਇਸ ਸ਼ੁੱਭ ਮੌਕੇ ‘ਤੇ ਗੁਰੂ ਨਾਨਕ ਦੇਵ ਜੀ ਦੀਆ ਸਿੱਖਿਆਵਾਂ ਅਤੇ ਜੀਵਨ ਜਾਂਚ ਵਾਸਤੇ ਸਿਖਾਏ ਦਰਸਾਏ ਗਏ ਜੀਵਨ ਮਾਰਗ ਮੁਤਾਬਿਕ ਜੀਊਣ ਦੀ ਰਾਹ ‘ਤੇ ਚੱਲਣ ਦਾ ਪ੍ਰਣ ਕਰਨਾ ਹੈ ।
ਬੀਤ ਰਿਹਾ ਵਰ੍ਹਾ 2020 ਸਾਨੂੰ ਬਹੁਤ ਵੱਡੀਆਂ ਨਸੀਹਤਾਂ ਦੇ ਕੇ ਵਿਦਾ ਹੋ ਰਿਹਾ ਹੈ । ਇਸ ਵਿਦਾ ਹੋ ਰਹੇ ਵਰ੍ਹੇ ਦੀਆ ਕੌੜੀਆ ਮਿੱਠੀਆਂ ਯਾਦਾਂ ਸਾਡੇ ਸਭਨਾ ਦੀ ਜ਼ਿੰਦਗੀ ਦਾ ਅਭੁੱਲ ਹਿੱਸਾ ਬਣ ਜਾਣਗੀਆਂ ।
2021 ਆਪਣੇ ਸਭਨਾ ਵਾਸਤੇ ਮੰਗਲਮਈ ਹੋਵੇ ਇਸ ਵਾਸਤੇ ਇਸ ਸ਼ੁਭ ਮੌਕੇ ‘ਤੇ ਆਪਾਂ ਸਭਨਾ ਨੇ ਜਿੱਥੇ ਆਤਮ ਮੰਥਨ ਕਰਨਾ ਹੈ, ਕੀਤੀਆਂ ਭੁੱਲਾਂ ਨੂੰ ਭਵਿੱਖ ਚ ਸੁਧਾਰਨ ਦਾ ਪ੍ਰਣ ਕਰਨਾ ਹੈ, ਰੁਸਿਆ ਨੂੰ ਮਨਾ ਕੇ ਗਲੇ ਲਗਾਉਣਾ ਹੈ, ਦੂਸਰਿਆਂ ਦੁਆਰਾ ਕੀਤੀਆਂ ਮੁਆਫ ਕਰਨਯੋਗ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਗਲੇ ਲਗਾ ਕੇ 2021 ਦੇ ਨਵੇਂ ਸਵੇਰੇ ਨਾਲ ਆਪਣੇ ਜੀਵਨ ਪੰਧ ਦੀ ਨਵੀਂ ਸ਼ੁਰੂਆਤ ਕਰਨੀ ਹੈ, ਉੱਥੇ ਇਸ ਦੇ ਨਾਲ ਹੀ ਪੂਰੀ ਮਨੁੱਖਤਾ ਦੇ ਭਲੇ ਤੇ ਸੰਸਾਰ ਚ ਅਮਨ ਸ਼ਾਂਤੀ ਦੀ ਦੁਆ ਵੀ ਕਰਨੀ ਹੈ ।
ਆਪਾਂ ਜਾਣਦੇ ਹਾਂ ਸਾਡੇ ਕਿਰਤੀ ਕਿਸਾਨ ਸਰਕਾਰ ਦੀਆ ਗਲਤ ਨੀਤੀਆ ਤੇ ਨਾਲਾਇਕੀ ਕਾਰਨ ਪੋਹ ਦੀ ਸਰਦੀਤੇ ਠੱਕਰ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੜਕਾਂ ‘ਤੇ ਰਾਤਾਂ ਕੱਟਣ ਵਾਸਤੇ ਮਜਬੂਰ ਹਨ । ਉਹਨਾਂ ਦਾ ਡਟਕੇ ਸਾਥ ਦੇਣਾ ਹੈ ਤੇ ਕਿਸਾਨ ਮੋਰਚੇ ਦੀ ਜਿੱਤ ਵਾਸਤੇ ਤਹਿ ਹਿਰਦੇ ਤੋਂ ਅਰਦਾਸ ਕਰਨੀ ਹੈ ।
ਇਸ ਦੇ ਨਾਲ ਹੀ ਸਮੇਂ ਦੀ ਕਦਰ ਕਰਦਿਆਂ ਸਮੇਂ ਦੀ ਰਫ਼ਤਾਰ ਦੇ ਨਾਲ ਆਪਣੇ ਕਦਮਾਂ ਨੂੰ ਮੇਚ ਕੇ ਚੱਲਣ ਦੀ ਆਦਤ ਵੀ ਪਾਉਣੀ ਹੈ ਤੇ ਪ੍ਰਣ ਲੈਣਾ ਹੈ ਕਿ ਵਾਹ ਲਗਦੀ ਨੂੰ ਸਭ ਨੂੰ ਖੁਸ਼ੀਆਂ ਹੀ ਵੰਡੀਏ, ਪਰ ਫੇਰ ਵੀ ਆਪਣੇ ਜੀਵਨ ਚ ਕਿਸੇ ਕਾਰਨ ਜੇਕਰ ਕਿਸੇ ਨੂੰ ਖੁਸ਼ੀ ਨਹੀ ਦੇ ਸਕਦੇ, ਕਿਸੇ ਦਾ ਦਰਦ ਨਹੀ ਵੰਡਾ ਸਕਦੇ ਤਾਂ ਉਸਦੀ ਗਮੀ ਜਾ ਦੁੱਖ ਚ ਵਾਧੇ ਦਾ ਕਾਰਨ ਵੀ ਨਾ ਬਣੀਏ ।
ਹਰੇਕ ਦਾ ਸਤਿਕਾਰ ਕਰੀਏ ਤੇ ਹਰੇਕ ਤੋ ਸਤਿਕਾਰ ਪਾਈਏ। ਚੁਗਲੀ, ਚੋਰੀ ਤੇ ਝੂਠ ਤੋ ਮੁਕਤ ਹੋ ਕੇ ਨਿਰਛਲ ਜੀਵਨ ਜੀਵੀਏ, ਇਸ ਤਰਾ ਦਾ ਕੋਈ ਰੈਜੂਲੇਸ਼ਨ ਪਾ ਕੇ ਆਪਣੇ ਜੀਵਨ ਦੀ ਦਿਸ਼ਾ ਬਦਲੀਏ ਤਾਂ ਮੇਰੀ ਜਾਚੇ ਜੀਊਣ ਦਾ ਮਜਾ ਹੀ ਅਲੱਗ ਹੋਵੇਗਾ ।
ਹਮੇਸ਼ਾ ਯਾਦ ਰਹੇ ਕਿ ਹਰ ਨਵਾਂ ਸਵੇਰਾ ਇਕ ਨਵੀਂ ਸ਼ੁਰੂਆਤ ਦਾ ਸੁਨੇਹਾ ਲੈ ਕੇ ਆਉਂਦਾ ਹੈ । ਇਸ ਨਜ਼ਰੀਏ ਤੋ ਦੇਖਿਆ ਕੱਲ੍ਹ ਨਵੇਂ ਸਾਲ ਦੀ ਸ਼ੁਰੂਆਤ ਵਾਲਾ ਸਵੇਰਾ ਵੀ ਬੇਸ਼ੱਕ ਜ਼ਿੰਦਗੀ ਦੇ ਪਿਛਲੇ ਆਮ ਸਵੇਰਿਆਂ ਵਾਂਗ ਹੀ ਸਾਡੇ ਵਾਸਤੇ ਸੁਨੇਹਾ ਲੈ ਕੇ ਆਵੇਗਾ, ਪਰ ਜੇਕਰ ਅਸੀਂ ਆਪਣੀ ਸੋਚ ਵਿੱਚ ਕੁੱਜ ਨਵੇਂਪਨ ਦਾ ਸੰਚਾਰ ਕਰ ਲਈਏ ਤਾਂ ਨਿਸ਼ਚੇ ਹੀ ਭਵਿੱਖੀ ਜੀਵਨ ਚ ਨਵੇਪਨ ਦਾ ਵੱਡਾ ਬਦਲਾਵ ਦੇਖ ਸਕਦੇ ਹਾਂ ।
ਆਖਿਰ ਚ ਸਾਲ 2020 ਨੂੰ ਵਿਦਾ ਕਹਿੰਦਾ ਹੋਇਆ 2021 ਦੀ ਸਰਦਲ ‘ਤੇ ਖੜ੍ਹਕੇ ਆਪ ਸਭ ਦੋਸਤਾਂ, ਰਿਸ਼ਤੇਦਾਰਾਂ ਤੇ ਸੁਨੇਹੀਆਂ ਨੂੰ ਨਵੇਂ ਸਾਲ 2021 ਦੀਆਂ ਹਾਰਦਿਕ ਮੁਬਾਰਕਾਂ ਪੇਸ਼ ਕਰਦਾ ਹਾਂ ।
ਇਹ ਮੇਰੀ ਦਿਲੀ ਦੁਆ ਹੈ ਕਿ ਆਪ ਸਭਨਾ ਵਾਸਤੇ ਨਵਾ ਵਰ੍ਹਾ ਖੁਸ਼ੀ, ਖੇੜੇ, ਤੰਦਰੁਸਤੀ ਤੇ ਸਫਲਤਾਵਾਂ ਨਾਲ ਭਰਪੂਰ ਹੋਵੇ । 2021 ਚ ਆਪ ਦੀਆ ਸਭ ਇਛਾਨਾਂ ਪੂਰੀਆ ਹੋਣ । ਸੰਸਾਰ ਵਿਚ ਅਮਨ ਤੇ ਭਾਈਚਾਰੇ ਦੀ ਭਾਵਨਾ ਪੌਦਾ ਹੋਵੇ ।
ਨਵੇਂ ਸਾਲ 2021 ਵਾਸਤੇ ਇਕ ਵਾਰ ਫੇਰ ਹਾਰਦਿਕ ਸ਼ੁਭਕਾਮਨਾਵਾ ਸਾਹਿਤ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin